-ਸੁਧੇਂਦਰ ਕੁਲਕਰਨੀ

ਮਾਮੱਲਪੁਰਮ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਤੋਂ ਪਹਿਲਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ, ਫ਼ੌਜ ਮੁਖੀ ਤੇ ਆਈਐੱਸਆਈ ਮੁਖੀ ਦੇ ਨਾਲ ਸ਼ੀ ਜਿਨਪਿੰਗ ਦੀ ਗਲਵੱਕੜੀ ਨੇ ਅਜਿਹੇ ਭਾਰਤੀ ਵਿਸ਼ਲੇਸ਼ਕਾਂ ਦੇ ਮੱਥੇ 'ਤੇ ਹੋਰ ਤਿਉੜੀਆਂ ਚੜ੍ਹਾ ਦਿੱਤੀਆਂ, ਜਿਨ੍ਹਾਂ ਨੂੰ ਚੀਨ ਇਕ ਅੱਖ ਨਹੀਂ ਭਾਉਂਦਾ। ਉਨ੍ਹਾਂ ਨੇ ਮਾਮੱਲਪੁਰਮ 'ਚ ਗੱਲਬਾਤ ਤੋਂ ਪਹਿਲਾਂ ਹੀ ਉਸ ਦਾ ਮਰਸੀਆ ਪੜ੍ਹਨਾ ਸ਼ੁਰੂ ਕਰ ਦਿੱਤਾ ਕਿ ਬੁਹਾਨ ਵਾਲੀ ਭਾਵਨਾ ਹਵਾ ਹੋ ਗਈ ਤੇ ਗ਼ੈਰ ਰਸਮੀ ਗੱਲਬਾਤ ਦੇ ਦੌਰ ਦੀ ਇਹ ਦੂਜੀ ਕੜੀ ਕਿਤੇ ਦਮ ਤੋੜ ਦੇਵੇਗੀ, ਫਿਰ ਵੀ ਮੋਦੀ ਨੇ ਇਸ ਨੂੰ ਸਫ਼ਲ ਬਣਾਇਆ। ਉਨ੍ਹਾਂ ਕਿਹਾ ਕਿ 'ਚੇਨੱਈ ਕਨੈਕਟ' ਜ਼ਰੀਏ ਆਪਸੀ ਭਰੋਸੇ ਦੀ ਅਜਿਹੀ ਭਾਵਨਾ ਵਿਕਸਤ ਹੋਈ, ਜਿਸ ਨਾਲ ਭਾਰਤ-ਚੀਨ ਸਹਿਯੋਗ 'ਚ ਇਕ ਨਵੇਂ ਦੌਰ ਦੀ ਸ਼ੁਰੂਆਤ ਹੋਵੇਗੀ।

ਆਖ਼ਰ ਪਾਸਾ ਕਿਸ ਨੇ ਪਲਟਿਆ? ਇਹ ਸ਼ਖ਼ਸ ਕੋਈ ਹੋਰ ਨਹੀਂ ਸਗੋਂ ਮਾਓ ਤੁੰਗ ਤੋਂ ਬਾਅਦ ਚੀਨ ਦੇ ਸਭ ਤੋਂ ਸ਼ਕਤੀਸ਼ਾਲੀ ਨੇਤਾ ਸ਼ੀ ਜਿਨਪਿੰਗ ਹਨ। ਉਨ੍ਹਾਂ ਨੇ ਪਾਕਿਸਤਾਨ ਤੇ ਭਾਰਤ ਨੂੰ ਇਕੱਠਿਆਂ ਸਾਧ ਕੇ ਬੇਹੱਦ ਮੁਸ਼ਕਲ ਨਜ਼ਰ ਆਉਣ ਵਾਲੀ ਕੂਟਨੀਤਕ ਬਾਜ਼ੀ ਆਪਣੇ ਨਾਂ ਕੀਤੀ। ਚੀਨੀ ਰਾਸ਼ਟਰਪਤੀ ਅੱਗੇ ਸਭ ਤੋਂ ਵੱਡੀ ਕੂਟਨੀਤਕ ਚੁਣੌਤੀ ਇਹੋ ਹੈ ਕਿ ਭਾਰਤ ਨਾਲ ਰਿਸ਼ਤੇ ਕਿਵੇਂ ਬਿਹਤਰ ਬਣਾਏ ਜਾਣ, ਜਿਨ੍ਹਾਂ 'ਚ ਆਪਸੀ ਵਿਸ਼ਵਾਸ ਦੀ ਕਮੀ ਹੈ। ਉਨ੍ਹਾਂ ਦੀ ਇਹ ਚੁਣੌਤੀ ਉਦੋਂ ਹੋਰ ਗੁੰਝਲਦਾਰ ਹੋ ਜਾਂਦੀ ਹੈ, ਜਦੋਂ ਉਨ੍ਹਾਂ ਨੂੰ ਇਹ ਕੰਮ ਪਾਕਿਸਤਾਨ ਨਾਲ ਚੀਨ ਦੇ ਰਵਾਇਤੀ ਰਿਸ਼ਤਿਆਂ ਨੂੰ ਕਮਜ਼ੋਰ ਕੀਤੇ ਬਿਨਾਂ ਕਰਨਾ ਹੋਵੇ।

ਤਮਾਮ ਭਾਰਤੀ ਮੰਨਦੇ ਹਨ ਕਿ ਪਾਕਿਸਤਾਨ ਦੇ ਨਜ਼ਦੀਕੀ ਕਿਸੇ ਦੇਸ਼ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਤਮਾਮ ਪਾਕਿਸਤਾਨੀਆਂ ਨੂੰ ਵੀ ਇਹ ਗੱਲ ਰੜਕਦੀ ਹੈ ਕਿ ਉਨ੍ਹਾਂ ਦਾ ਸਦਾਬਹਾਰ ਦੋਸਤ ਉਨ੍ਹਾਂ ਦੇ 'ਦੁਸ਼ਮਣ' ਭਾਰਤ ਨਾਲ ਮੇਲਜੋਲ ਵਧਾ ਰਿਹਾ ਹੈ। ਅਜਿਹੇ ਮਾਹੌਲ 'ਚ ਪਹਿਲਾਂ ਇਮਰਾਨ ਤੇ ਫਿਰ ਮੋਦੀ ਨਾਲ ਮੁਲਾਕਾਤ 'ਚ ਸ਼ੀ ਜਿਨਪਿੰਗ ਨੇ ਦੋਵਾਂ ਨੂੰ ਦੋਸਤੀ ਦਾ ਭਰੋਸਾ ਦਿਵਾਇਆ। ਉਨ੍ਹਾਂ ਦੇ ਹਾਵ-ਭਾਵ 'ਤੇ ਗੌਰ ਕਰਨ ਵਾਲਿਆਂ ਨੇ ਸੁਭਾਵਿਕ ਤੌਰ 'ਤੇ ਦੇਖਿਆ ਹੋਵੇਗਾ ਕਿ ਪਾਕਿਸਤਾਨੀ ਸਿਆਸੀ-ਸੈਨਿਕ ਅਗਵਾਈ ਨਾਲ ਰਸਮੀ ਗੱਲਬਾਤ ਦੇ ਉਲਟ ਮੋਦੀ ਨਾਲ ਗ਼ੈਰ ਰਸਮੀ ਗੱਲਬਾਤ 'ਚ ਚੀਨੀ ਰਾਸ਼ਟਰਪਤੀ ਕਿਤੇ ਜ਼ਿਆਦਾ ਸਹਿਜ ਤੇ ਦੋਸਤਾਨਾ ਨਜ਼ਰ ਆਏ। ਇਸ ਸੂਰਤ 'ਚ 'ਚੇਨੱਈ ਕਨੈਕਟ' ਮਹਿਜ਼ ਇਕ ਕੂਟਨੀਤਕ ਜੁਮਲੇ ਤੋਂ ਕਿਤੇ ਜ਼ਿਆਦਾ ਮੋਦੀ ਤੇ ਸ਼ੀ 'ਚ ਉੱਭਰਦੇ ਨਵੇਂ ਰਿਸ਼ਤਿਆਂ ਦਾ ਪ੍ਰਗਟਾਵਾ ਕਰਦਾ ਹੈ।

ਸਭ ਤੋਂ ਵੱਡੇ ਗੁਆਂਢੀ ਨਾਲ ਰਿਸ਼ਤੇ ਸੁਧਾਰਣ 'ਚ ਮੋਦੀ ਨੇ ਗਜ਼ਬ ਦੀ ਪ੍ਰਪੱਕਤਾ ਤੇ ਚਤੁਰਤਾ ਦਾ ਸਬੂਤ ਦਿੱਤਾ ਹੈ ਤੇ ਇਸ 'ਚ ਉਹ ਹੌਲੀ-ਹੌਲੀ ਹੀ ਸਹੀ ਪਰ ਰਣਨੀਤਕ ਕੜੀਆਂ ਵੀ ਜੋੜ ਰਹੇ ਹਨ। ਇਸ ਮੁਸ਼ਕਲ ਕਵਾਇਦ 'ਚ ਮੋਦੀ ਅੱਗੇ ਚੁਣੌਤੀਆਂ ਸਪੱਸ਼ਟ ਹਨ। ਬਤੌਰ ਪ੍ਰਧਾਨ ਮੰਤਰੀ ਆਪਣੇ ਸਾਢੇ ਪੰਜ ਸਾਲਾਂ ਦੇ ਕਾਰਜਕਾਲ 'ਚ ਉਨ੍ਹਾਂ ਨੇ ਪਾਕਿਸਤਾਨ ਨਾਲ ਨਿਰੰਤਰਤਾ ਵਾਲੀ ਕੋਈ ਨੀਤੀ ਨਹੀਂ ਅਪਣਾਈ। ਨਾ ਹੀ ਪਾਕਿਸਤਾਨ ਦੀ ਸੱਤਾ ਧਿਰ ਨੇ ਮੋਦੀ ਦੇ ਭਰੋਸਾ ਵਧਾਉਣ ਵਾਲੇ ਹਾਂ-ਪੱਖੀ ਕਦਮਾਂ 'ਤੇ ਉੱਚਿਤ ਪ੍ਰਤੀਕਿਰਿਆ ਦਿੱਤੀ।

ਮੋਦੀ ਦੇ ਹਮਾਇਤੀ ਵੀ ਪਾਕਿਸਤਾਨ ਪ੍ਰਤੀ ਬਹੁਤ ਕੱਟੜ ਹਨ। ਅਸਲ 'ਚ ਸੱਤਾ 'ਚ ਉਨ੍ਹਾਂ ਦੀ ਦੁਬਾਰਾ ਵਾਪਸੀ ਕਰਵਾਉਣ 'ਚ ਇਸ ਪਹਿਲੂ ਦੀ ਅਹਿਮ ਭੂਮਿਕਾ ਰਹੀ। ਇਸ ਸੂਰਤ 'ਚ ਉਨ੍ਹਾਂ ਲਈ ਚੀਨ ਨਾਲ ਗਲਵੱਕੜੀਆਂ ਪਾਉਣਾ ਆਸਾਨ ਨਹੀਂ ਹੋਵੇਗਾ, ਖ਼ਾਸ ਤੌਰ 'ਤੇ ਅਜਿਹੇ ਦੇਸ਼ ਨਾਲ ਜੋ ਪਾਕਿਸਤਾਨ ਜਿਹੇ ਪੁਰਾਣੇ ਸਹਿਯੋਗੀ ਦਾ ਸਾਥ ਨਾ ਛੱਡਣ ਜਾ ਰਿਹਾ। ਇਸ ਦੇ ਬਾਵਜੂਦ ਮੋਦੀ ਨੇ ਚੇਨੱਈ ਬੈਠਕ ਨੂੰ ਲੈ ਕੇ ਪ੍ਰਗਟਾਈਆਂ ਜਾ ਰਹੀਆਂ ਉਨ੍ਹਾਂ ਸੰਭਾਵਨਾਵਾਂ ਨੂੰ ਨਿਰਆਧਾਰ ਸਾਬਤ ਕਰ ਦਿੱਤਾ, ਜੋ ਭਾਰਤ-ਚੀਨ-ਪਾਕਿਸਤਾਨ 'ਚ ਨਾਕਾਮੀ ਦਾ ਖਦਸ਼ਾ ਪ੍ਰਗਟਾ ਰਹੇ ਸਨ।

ਇਸ ਦੀ ਵੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਹਾਲ ਦੇ ਦੌਰ 'ਚ ਕਿਸੇ ਵਿਦੇਸ਼ੀ ਆਗੂ ਦੇ ਭਾਰਤੀ ਦੌਰੇ ਨੂੰ ਲੈ ਕੇ ਜਨਤਾ 'ਚ ਏਨੀ ਉਤਸੁਕਤਾ ਨਹੀਂ ਰਹੀ, ਜਿੰਨੀ ਮਾਮੱਲਪੁਰਮ 'ਚ ਸ਼ੀ ਜਿਨਪਿੰਗ ਦੀ ਆਮਦ ਨੂੰ ਲੈ ਕੇ ਰਹੀ। ਬੀਜਿੰਗ 'ਚ ਇਮਰਾਨ ਨਾਲ ਜਿਨਪਿੰਗ ਦੀ ਮੁਲਾਕਾਤ 'ਚ ਦੋਵੇਂ ਨੇਤਾਵਾਂ 'ਚ ਕੋਈ ਤਾਲਮੇਲ ਨਹੀਂ ਦਿਸਿਆ ਜਦਕਿ ਚੀਨੀ ਰਾਸ਼ਟਰਪਤੀ ਨਾਲ ਮੋਦੀ ਦੀ ਮੁਲਾਕਾਤ 'ਚ ਦੇਖਣ ਨੂੰ ਮਿਲਿਆ ਕਿ ਉਹ ਸ਼ੀ ਜਿਨਪਿੰਗ ਨਾਲ ਦੋਸਤੀ ਵਧਾ ਰਹੇ ਹਨ ਤੇ ਇਹ ਬਰਾਬਰੀ ਦੇ ਪੱਧਰ 'ਤੇ ਹੋ ਰਿਹਾ ਹੈ।

ਚੇਨੱਈ 'ਚ ਮੋਦੀ ਤੇ ਜਿਨਪਿੰਗ ਦੀ ਬੈਠਕ ਦੇ ਇਸ ਪਹਿਲੂ ਨੇ ਵੀ ਭਾਰਤੀ ਜਨਤਾ ਦਾ ਧਿਆਨ ਖਿੱਚਿਆ ਕਿ ਦੋਵਾਂ ਦੀ ਗੱਲਬਾਤ 'ਚ ਕਸ਼ਮੀਰ ਮੁੱਦੇ ਦਾ ਜ਼ਿਕਰ ਨਹੀਂ ਹੋਇਆ। ਜ਼ਿਕਰ ਹੋਇਆ ਭਾਰਤ, ਚੀਨ ਤੇ ਬਾਕੀ ਦੁਨੀਆ ਸਾਹਮਣੇ ਅੱਤਵਾਦ ਤੇ ਧਰਮ ਦੇ ਨਾਂ 'ਤੇ ਭੜਕਾਹਟ ਦੇ ਖ਼ਤਰੇ ਦਾ। ਮੰਨਿਆ ਜਾਂਦਾ ਹੈ ਕਿ ਬੀਜਿੰਗ 'ਚ ਇਮਰਾਨ, ਜਨਰਲ ਬਾਜਵਾ ਤੇ ਆਈਐੱਸਆਈ ਮੁਖੀ ਨਾਲ ਗੱਲਬਾਤ 'ਚ ਸ਼ੀ ਜਿਨਪਿੰਗ ਨੇ ਇਸੇ ਮਸਲੇ 'ਤੇ ਚਰਚਾ ਕੀਤੀ ਹੋਵੇਗੀ। ਇਹ ਵੀ ਸੰਭਵ ਹੈ ਕਿ ਸ਼ੀ ਜਿਨਪਿੰਗ ਨੇ ਮੋਦੀ ਨੂੰ ਇਸ ਬਾਰੇ ਸੂਚਿਤ ਕੀਤਾ ਹੋਵੇਗਾ। ਇਹ ਸੋਚਣਾ ਉੱਚਿਤ ਨਹੀਂ ਹੋਵੇਗਾ ਕਿ ਚੀਨ ਅੱਤਵਾਦ ਜਾਂ ਇਸਲਾਮਿਕ ਵੱਖਵਾਦ ਪ੍ਰਤੀ ਕੋਈ ਨਰਮੀ ਰੱਖਦਾ ਹੋਵੇਗਾ ਕਿਉਂਕਿ ਆਪਣੀ ਮੁਸਲਿਮ ਬਹੁਆਬਾਦੀ ਵਾਲੇ ਸੂਬੇ ਝਿਨਜਿਆਂਗ 'ਚ ਉਹ ਖ਼ੁਦ ਇਸ ਖ਼ਤਰੇ ਨੂੰ ਝੱਲ ਰਿਹਾ ਹੈ। ਪਾਕਿਸਤਾਨ ਵੀ ਧਰਮ ਦੇ ਨਾਂ 'ਤੇ ਭੜਕਾਉਣ ਵਾਲਿਆਂ ਤੋਂ ਪੀੜਤ ਹੈ। ਇਸ ਸੂਰਤ 'ਚ ਇਹ ਸਹੀ ਸਮਾਂ ਹੈ ਕਿ ਭਾਰਤ-ਚੀਨ ਤੇ ਪਾਕਿਸਤਾਨ ਇਸ ਸਾਂਝੇ ਖ਼ਤਰੇ ਨਾਲ ਨਜਿੱਠਣ ਲਈ ਸਾਰਥਿਕ ਸੰਵਾਦ ਸ਼ੁਰੂ ਕਰਨ। ਭਾਰਤੀ, ਚੀਨੀ ਤੇ ਪਾਕਿਸਤਾਨੀ ਨੇਤਾਵਾਂ ਨਾਲ ਆਪਣੀ ਹਰ ਗੱਲਬਾਤ 'ਚ ਮੈਂ ਤਿੰਨੋਂ ਦੇਸ਼ਾਂ 'ਚ ਰੈਗੂਲਰ ਤੌਰ 'ਤੇ ਟ੍ਰੈਕ-ਟੂ ਕੂਟਨੀਤੀ ਨੂੰ ਸਿਰੇ ਚੜ੍ਹਾਉਣ ਦੀ ਵਕਾਲਤ ਕੀਤੀ ਹੈ। ਇਸ ਨਾਲ ਤਿੰਨੋਂ ਦੇਸ਼ਾਂ ਦੇ ਮੋਹਰੀ ਨੇਤਾਵਾਂ 'ਚ ਸਿਖ਼ਰ ਵਾਰਤਾ ਦੀ ਬੁਨਿਆਦ ਤਿਆਰ ਹੋਵੇਗੀ।

ਪੁਰਾਣੇ ਮੰਦਰਾਂ ਵਾਲੇ ਸਮੁੰਦਰੀ ਸ਼ਹਿਰ ਮਾਮੱਲਪੁਰਮ 'ਚ ਸ਼ੀ ਜਿਨਪਿੰਗ ਨਾਲ ਸੰਵਾਦ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਹੋਰ ਮਹੱਤਵਪੂਰਨ ਪਹਿਲੂ ਜੋੜਿਆ। ਇੱਥੇ ਹਿੰਦੂ ਮੰਦਰਾਂ, ਬਿਰਤਾਂਤ ਤੇ ਸਭਿਆਚਾਰ ਦੇ ਮਨਮੋਹਕ ਦ੍ਰਿਸ਼ ਦਿਖਾਈ ਦਿੱਤੇ। ਇਹ ਪੁਰਾਤਨ ਕਾਲ 'ਚ ਭਾਰਤ ਤੇ ਚੀਨ 'ਚ ਸਭਿਆਚਾਰਕ ਤੇ ਅਧਿਆਤਮਿਕ ਕੜੀਆਂ ਨੂੰ ਪ੍ਰਦਰਸ਼ਿਤ ਕਰਦਾ ਹੈ, ਜਿਸ ਤੋਂ ਸ਼ੀ ਜਿਨਪਿੰਗ ਭਲੀਭਾਂਤੀ ਜਾਣੂ ਹੋਣਗੇ। ਸ਼ੀ ਜਿਨਪਿੰਗ ਨੇ ਆਪਣੀ ਜ਼ਿੰਦਗੀ ਦੇ 18 ਸਾਲ ਚੀਨ ਦੇ ਦੱਖਣ ਪੂਰਬੀ ਫੁਜੀਅਨ ਸੂਬੇ 'ਚ ਕਮਿਊਨਿਸਟ ਪਾਰਟੀ ਦੇ ਜੂਨੀਅਰ ਅਧਿਕਾਰੀ ਵਜੋਂ ਗੁਜ਼ਾਰੇ ਹਨ। ਫੁਜੀਅਨ 'ਚ ਅਜਿਹੀਆਂ ਥਾਂਵਾਂ ਹਨ, ਜਿਨ੍ਹਾਂ ਦੇ ਤਾਰ ਭਾਰਤ ਖ਼ਾਸ ਕਰਕੇ ਤਾਮਿਲਨਾਡੂ ਨਾਲ ਜੁੜੇ ਹਨ। ਕੁਝ ਸਾਲ ਪਹਿਲਾਂ ਮੈਂ ਗੁਆਂਗਝੂ ਗਿਆ ਸੀ, ਜਿੱਥੇ ਮੈਂ 1300 ਸਾਲ ਪੁਰਾਣਾ ਇਕ ਕਾਈਯੂਆਨ ਮੰਦਰ ਦੇਖਿਆ, ਜਿਸ 'ਚ ਸ਼ਿਵ, ਕ੍ਰਿਸ਼ਨ ਤੇ ਨਰਸਿੰਘ ਭਗਵਾਨ ਦੀਆਂ ਮੂਰਤੀਆਂ ਸਨ। ਮਾਮੱਲਪੁਰਮ 'ਚ ਮੋਦੀ ਜਦੋਂ ਸ਼ੀ ਜਿਨਪਿੰਗ ਨੂੰ ਮੰਦਰ ਦਿਖਾ ਰਹੇ ਸਨ ਤਾਂ ਸ਼ੀ ਜਿਨਪਿੰਗ ਨੇ ਗੁਆਂਗਝੂ ਦਾ ਜ਼ਿਕਰ ਕੀਤਾ।

ਗੁਆਂਗਝੂ ਦੇ ਅਜਾਇਬਘਰ 'ਚ ਮੱਧਕਾਲੀ ਇਤਿਹਾਸ ਦੌਰਾਨ ਭਾਰਤ ਤੇ ਚੀਨ ਦਰਮਿਆਨ ਤਮਾਮ ਇਸਲਾਮਿਕ ਕੜੀਆਂ ਦੇ ਨਮੂਨੇ ਰੱਖੇ ਹਨ। ਇਹ ਸੁਖਦਾਈ ਪਹਿਲੂ ਹੈ ਕਿ ਭਾਰਤ-ਚੀਨ ਰਿਸ਼ਤਿਆਂ ਦੀ 70ਵੀਂ ਵਰ੍ਹੇਗੰਢ ਦੇ ਸਬੰਧ 'ਚ ਮੋਦੀ ਤੇ ਜਿਨਪਿੰਗ ਨੇ ਇਕ ਬੇੜੇ 'ਤੇ ਕਾਨਫਰੰਸ ਕਰਨ ਦਾ ਐਲਾਨ ਕੀਤਾ, ਜਿਸ 'ਚ ਸੰਸਾਰ ਦੀਆਂ ਦੋ ਪੁਰਾਤਨ ਸੱਭਿਅਤਾਵਾਂ ਦਰਮਿਆਨ ਇਤਿਹਾਸਕ ਜੁੜਾਅ ਦੀਆਂ ਕੜੀਆਂ ਜੋੜੀਆਂ ਜਾਣਗੀਆਂ। ਇਤਿਹਾਸ ਦੇ ਇਸ ਕਦੇ ਨਾ ਭੁੱਲਣ ਵਾਲੇ ਅਧਿਆਇ ਦਾ ਮੁੜ ਮੁਲਾਂਕਣ ਚੇਨੱਈ ਕੁਨੈਕਟ ਦੀ ਵੱਡੀ ਗੱਲ ਰਹੀ।

ਚੇਨੱਈ ਸੰਮੇਲਨ ਦਾ ਸਭ ਤੋਂ ਖ਼ਾਸ ਪਹਿਲੂ ਇਹੋ ਹੈ ਕਿ ਸ਼ੀ ਜਿਨਪਿੰਗ ਨੇ ਚੀਨ-ਭਾਰਤ ਸਬੰਧਾਂ ਨੂੰ ਸੁਧਾਰਨ ਲਈ ਸੌ ਸਾਲਾ ਏਜੰਡਾ ਪੇਸ਼ ਕੀਤਾ। ਇਹ ਸੱਚ ਹੈ ਕਿ ਦੋਵਾਂ ਦੇਸ਼ਾਂ 'ਚ ਵਪਾਰ ਘਾਟੇ ਤੋਂ ਲੈ ਕੇ ਸਰਹੱਦ ਵਿਵਾਦ ਤਕ ਤਮਾਮ ਤਰ੍ਹਾਂ ਦੇ ਮਤਭੇਦ ਹਨ ਪਰ ਜੇ ਅਸੀਂ ਆਪਣੀ ਸੱਭਿਅਕ ਬੁੱਧੀਮਤਾ ਤੋਂ ਮਾਰਗਦਰਸ਼ਨ ਲਈਏ ਤੇ ਮਿੱਤਰਤਾ ਨੂੰ ਲੈ ਕੇ ਕੋਈ ਅਗਾਊਂ ਉਮੀਦ ਨਾ ਰੱਖੀਏ ਤਾਂ ਅਸੀਂ ਪਾਕਿਸਤਾਨ ਸਮੇਤ ਸਾਰੇ ਦੇਸ਼ਾਂ ਨਾਲ ਆਪਣੇ ਮਸਲੇ ਇਸ ਤਰ੍ਹਾਂ ਸੁਲਝਾ ਸਕਦੇ ਹਾਂ, ਜਿਸ 'ਚ ਕਿਸੇ ਵੀ ਧਿਰ ਨੂੰ ਕੋਈ ਨੁਕਸਾਨ ਨਾ ਹੋਵੇ। ਅਸਲ 'ਚ ਭਾਰਤ ਤੇ ਚੀਨ ਮਿਲ ਕੇ ਇਸ ਦੁਨੀਆ ਨੂੰ ਇਕ ਬਿਹਤਰ ਜਗ੍ਹਾ ਬਣਾ ਸਕਦੇ ਹਨ।

(ਲੇਖਕ ਫੋਰਮ ਫਾਰ ਨਿਊ ਸਾਊਥ ਏਸ਼ੀਆ ਦੇ ਸੰਸਥਾਪਕ ਹਨ।)

Posted By: Susheel Khanna