-ਸੰਜੇ ਗੁਪਤ

ਤਾਮਿਲਨਾਡੂ ਦੇ ਮਾਮੱਲਪੁਰਮ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਗ਼ੈਰ-ਰਸਮੀ ਵਾਰਤਾ ਦੇ ਦੂਜੇ ਦੌਰ ਨੇ ਇਹੋ ਦੱਸਿਆ ਕਿ ਦੋਵੇਂ ਦੇਸ਼ ਫ਼ਿਲਹਾਲ ਮਤਭੇਦ ਵਾਲੇ ਮਸਲੇ ਛੱਡ ਕੇ ਅੱਗੇ ਵਧਣ ਲਈ ਤਿਆਰ ਹਨ।

ਮੌਜੂਦਾ ਹਾਲਾਤ ਵਿਚ ਇਹੀ ਸਹੀ ਹੈ ਪਰ ਅਜਿਹੇ ਮਸਲਿਆਂ ਨੂੰ ਸੁਲਝਾਏ ਬਿਨਾਂ ਭਰੋਸੇ ਨਾਲ ਅੱਗੇ ਵੱਧਦੇ ਰਹਿਣਾ ਸੰਭਵ ਨਹੀਂ। ਸੱਚ ਤਾਂ ਇਹ ਹੈ ਕਿ ਇਨ੍ਹਾਂ ਮਸਲਿਆਂ ਨੂੰ ਸੁਲਝਾ ਕੇ ਹੀ ਆਪਸੀ ਭਰੋਸੇ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਵੁਹਾਨ ਦੇ ਬਾਅਦ ਮਾਮੱਲਪੁਰਮ ਵਿਚ ਹੋਈ ਗ਼ੈਰ-ਰਸਮੀ ਬੈਠਕ ਦੀ ਖ਼ਾਸ ਗੱਲ ਇਹ ਰਹੀ ਕਿ ਉਸ ਵਿਚ ਕਸ਼ਮੀਰ ਦਾ ਮੁੱਦਾ ਨਹੀਂ ਉੱਠਿਆ। ਇਸ ਦਾ ਮਹੱਤਵ ਇਸ ਲਈ ਹੈ ਕਿਉਂਕਿ ਜੰਮੂ-ਕਸ਼ਮੀਰ ਵਿਚ ਧਾਰਾ 370 ਖ਼ਤਮ ਕਰਨ ਦੇ ਭਾਰਤ ਦੇ ਫ਼ੈਸਲੇ 'ਤੇ ਚੀਨ ਨੇ ਨਾ ਸਿਰਫ਼ ਇਤਰਾਜ਼ ਜ਼ਾਹਰ ਕੀਤਾ ਸੀ ਸਗੋਂ ਇਸ ਮਸਲੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਵੀ ਲੈ ਗਿਆ ਸੀ। ਇਹੀ ਨਹੀਂ, ਬੀਤੇ ਦਿਨੀਂ ਜਦ ਪਾਕਿਸਤਾਨੀ ਪੀਐੱਮ ਇਮਰਾਨ ਖ਼ਾਨ ਫ਼ੌਜ ਮੁਖੀ ਬਾਜਵਾ ਨਾਲ ਬੀਜਿੰਗ ਪੁੱਜੇ ਤਾਂ ਚੀਨ ਨੇ ਕਸ਼ਮੀਰ 'ਤੇ ਨਜ਼ਰ ਰੱਖਣ ਦੀ ਗੱਲ ਕਹਿੰਦੇ ਹੋਏ ਉਸ ਦਾ ਹੱਲ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਅਨੁਰੂਪ ਕਰਨ ਦੀ ਗੱਲ ਕਹੀ। ਇਸ ਦੇ ਇਕ ਦਿਨ ਪਹਿਲਾਂ ਹੀ ਉਸ ਨੇ ਕਿਹਾ ਸੀ ਕਿ ਭਾਰਤ-ਪਾਕਿ ਨੂੰ ਕਸ਼ਮੀਰ ਮਸਲੇ ਦਾ ਹੱਲ ਮਿਲ ਕੇ ਕੱਢਣਾ ਚਾਹੀਦਾ ਹੈ।

ਇਸ ਮਾਹੌਲ ਵਿਚ ਇਸ ਦਾ ਅੰਦੇਸ਼ਾ ਸੀ ਕਿ ਚੀਨ ਮਾਮੱਲਾਪੁਰਮ ਵਿਚ ਕਸ਼ਮੀਰ ਦਾ ਰਾਗ ਛੇੜ ਸਕਦਾ ਹੈ ਪਰ ਅਜਿਹਾ ਨਹੀਂ ਹੋਇਆ ਤਾਂ ਇਸ ਦਾ ਮਤਲਬ ਇਹੀ ਹੈ ਕਿ ਚੀਨ ਜਾਣਦਾ ਸੀ ਕਿ ਭਾਰਤ ਕੀ ਚਾਹੁੰਦਾ ਹੈ? ਉਸ ਨੂੰ ਇਹ ਵੀ ਅਹਿਸਾਸ ਹੋਵੇਗਾ ਕਿ ਕਸ਼ਮੀਰ ਮਸਲਾ ਚੁੱਕਣ ਦੇ ਕੀ ਨਤੀਜੇ ਹੋ ਸਕਦੇ ਹਨ? ਮਾਮੱਲਾਪੁਰਮ ਵਿਚ ਦੋਵੇਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਵੱਖ-ਵੱਖ ਮਸਲਿਆਂ 'ਤੇ ਲਗਪਗ ਛੇ ਘੰਟੇ ਗੱਲ ਹੋਈ। ਦਰਅਸਲ ਗ਼ੈਰ-ਰਸਮੀ ਵਾਰਤਾ ਵਿਚ ਨੇਤਾ ਕਿਸੇ ਵੀ ਵਿਸ਼ੇ 'ਤੇ ਗੱਲ ਕਰਨ ਲਈ ਸੁਤੰਤਰ ਹੁੰਦੇ ਹਨ। ਉਨ੍ਹਾਂ ਕੋਲ ਅਜਿਹਾ ਕੋਈ ਏਜੰਡਾ ਨਹੀਂ ਹੁੰਦਾ ਜਿਸ ਦੇ ਹਿਸਾਬ ਨਾਲ ਗੱਲ ਕਰਨੀ ਜ਼ਰੂਰੀ ਹੋਵੇ। ਦੋਵਾਂ ਦੇਸ਼ਾਂ ਵਿਚਾਲੇ ਵੁਹਾਨ ਵਿਚ ਜਦ ਗ਼ੈਰ-ਰਸਮੀ ਵਾਰਤਾ ਹੋਈ ਸੀ, ਉਸ ਸਮੇਂ ਭਾਰਤ-ਚੀਨ ਡੋਕਲਾਮ ਵਿਵਾਦ ਤੋਂ ਉੱਭਰੇ ਹੀ ਸਨ। ਉਦੋਂ ਕਿਆਸ ਲਗਾਏ ਗਏ ਸਨ ਕਿ ਵੁਹਾਨ ਵਿਚ ਡੋਕਲਾਮ ਦਾ ਪਰਛਾਵਾਂ ਡੂੰਘਾ ਹੋਵੇਗਾ ਪਰ ਅਜਿਹਾ ਨਹੀਂ ਹੋਇਆ ਅਤੇ ਦੋਵਾਂ ਨੇਤਾਵਾਂ ਨੇ ਆਪਸੀ ਮਸਲਿਆਂ 'ਤੇ ਖੁੱਲ੍ਹ ਕੇ ਵਾਰਤਾ ਕੀਤੀ। ਮਾਮੱਲਾਪੁਰਮ ਵਿਚ ਵੀ ਅਜਿਹਾ ਹੀ ਹੋਇਆ।

ਇੱਥੇ ਦੋਵਾਂ ਨੇਤਾਵਾਂ ਨੇ ਨਿੱਜੀ ਸਬੰਧਾਂ ਨੂੰ ਨਵੀਂ ਉੱਚਾਈ ਦੇਣ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਅੱਤਵਾਦ, ਕੱਟੜਤਾ, ਵਪਾਰ, ਨਿਵੇਸ਼ ਆਦਿ ਮਸਲਿਆਂ 'ਤੇ ਗੱਲ ਕੀਤੀ। ਇਸ ਦੇ ਇਲਾਵਾ ਦੋਵਾਂ ਦੇਸ਼ਾਂ ਦੇ ਲੋਕਾਂ ਵਿਚ ਸੰਪਰਕ-ਸੰਵਾਦ ਵਧਾਉਣ ਦੀ ਜ਼ਰੂਰਤ ਜ਼ਾਹਰ ਕੀਤੀ ਗਈ। ਇਸ ਦੇ ਬਾਵਜੂਦ ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਭਾਰਤ ਵਿਚ ਚੀਨ ਦੇ ਰੌਂਅ ਨੂੰ ਲੈ ਕੇ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਦੇ ਪਿੱਛੇ ਕੁਝ ਠੋਸ ਕਾਰਨ ਹਨ। ਸੰਨ 1962 ਵਿਚ ਉਸ ਨਾਲ ਹੋਈ ਜੰਗ ਦੀਆਂ ਕੌੜੀਆਂ ਯਾਦਾਂ ਹਾਲੇ ਭੁਲਾਈਆਂ ਨਹੀਂ ਜਾ ਸਕੀਆਂ ਹਨ। ਇਸ ਦੀ ਵਜ੍ਹਾ ਇਹ ਵੀ ਹੈ ਕਿ ਚੀਨ ਆਪਣੇ ਵਿਸਥਾਰਵਾਦੀ ਰਵੱਈਏ ਦਾ ਪ੍ਰਦਰਸ਼ਨ ਕਰਦਾ ਰਹਿੰਦਾ ਹੈ। ਉਹ ਆਰਥਿਕ ਮਹਾ-ਸ਼ਕਤੀ ਬਣਨ ਮਗਰੋਂ ਖ਼ੁਦ ਨੂੰ ਇਕ ਫ਼ੌਜੀ ਮਹਾ-ਸ਼ਕਤੀ ਦੇ ਤੌਰ 'ਤੇ ਸਥਾਪਤ ਕਰਨ ਵਿਚ ਰੁੱਝਾ ਹੋਇਆ ਹੈ।

ਉਹ ਭਾਰਤ ਦੀ ਘੇਰਾਬੰਦੀ ਕਰਨ ਦੇ ਨਾਲ-ਨਾਲ ਪਾਕਿਸਤਾਨ ਨੂੰ ਭਾਰਤੀ ਹਿੱਤਾਂ ਦੇ ਵਿਰੁੱਧ ਇਸਤੇਮਾਲ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਮਾਮੱਲਾਪੁਰਮ ਵਿਚ ਗੱਲਬਾਤ ਤਸੱਲੀਬਖ਼ਸ਼ ਰਹਿਣ ਮਗਰੋਂ ਵੀ ਇਹ ਕਹਿਣਾ ਔਖਾ ਹੈ ਕਿ ਚੀਨ ਪਾਕਿਸਤਾਨ ਦਾ ਭਾਰਤ ਖ਼ਿਲਾਫ਼ ਇਸਤੇਮਾਲ ਕਰਨਾ ਛੱਡ ਦੇਵੇਗਾ। ਚੀਨ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਵਿਚ ਜੋ ਆਰਥਿਕ ਗਲਿਆਰਾ ਬਣਾ ਰਿਹਾ ਹੈ, ਉਹ ਭਾਰਤ ਦੀ ਪ੍ਰਭੂਸੱਤਾ ਦੀ ਖੁੱਲ੍ਹੀ ਉਲੰਘਣਾ ਹੈ।

ਚੀਨ ਅਰਬ ਸਾਗਰ ਤਕ ਆਪਣੀ ਪਹੁੰਚ ਆਸਾਨ ਬਣਾਉਣ ਲਈ ਇਸ ਗਲਿਆਰੇ ਦਾ ਨਿਰਮਾਣ ਕਰ ਰਿਹਾ ਹੈ ਪਰ ਇਸ ਦੀ ਅਣਦੇਖੀ ਕਰ ਰਿਹਾ ਹੈ ਕਿ ਪਾਕਿਸਤਾਨ ਦੇ ਕਬਜ਼ੇ ਹੇਠਲਾ ਕਸ਼ਮੀਰ ਭਾਰਤ ਦਾ ਹਿੱਸਾ ਹੈ। ਚੀਨ ਇਹ ਜਾਣਦੇ ਹੋਏ ਵੀ ਪਾਕਿਸਤਾਨ ਨਾਲ ਖੜ੍ਹਾ ਰਹਿਣ ਨੂੰ ਤਿਆਰ ਹੈ ਕਿ ਉਹ ਭਾਰਤ ਵਿਚ ਅੱਤਵਾਦ ਫੈਲਾਉਣ ਵਿਚ ਰੁੱਝਿਆ ਹੋਇਆ ਹੈ।

ਚੀਨ ਕਸ਼ਮੀਰ 'ਤੇ ਪਾਕਿਸਤਾਨ-ਪ੍ਰਸਤੀ ਦਿਖਾਉਣ ਦੇ ਨਾਲ-ਨਾਲ ਸਮੇਂ-ਸਮੇਂ ਅਰੁਣਾਚਲ ਪ੍ਰਦੇਸ਼ 'ਤੇ ਆਪਣਾ ਦਾਅਵਾ ਕਰਦਾ ਰਹਿੰਦਾ ਹੈ। ਇਸੇ ਤਰ੍ਹਾਂ ਦਾ ਦਾਅਵਾ ਉਹ ਲੱਦਾਖ 'ਤੇ ਵੀ ਕਰਦਾ ਹੈ ਪਰ ਉਹ ਅਕਸਾਈ ਚਿਨ 'ਤੇ ਭਾਰਤ ਦੇ ਦਾਅਵੇ ਨੂੰ ਅਤੇ ਨਾਲ ਹੀ ਮਕਮੋਹਨ ਸਰਹੱਦੀ ਰੇਖਾ ਨੂੰ ਮਹੱਤਵ ਦੇਣ ਨੂੰ ਤਿਆਰ ਨਹੀਂ। ਉਹ ਸਰਹੱਦੀ ਵਿਵਾਦ ਸੁਲਝਾਉਣ ਦਾ ਵੀ ਚਾਹਵਾਨ ਨਹੀਂ ਦਿਸਦਾ। ਇਹ ਚੰਗੀ ਗੱਲ ਹੈ ਕਿ ਸਰਹੱਦੀ ਵਿਵਾਦ ਤੋਂ ਬਾਅਦ ਵੀ ਬੀਤੇ 40 ਸਾਲਾਂ ਤੋਂ ਸਰਹੱਦ 'ਤੇ ਕੋਈ ਗੋਲ਼ੀ ਨਹੀਂ ਚੱਲੀ। ਮਾਮੱਲਾਪੁਰਮ ਵਿਚ ਦੋਵਾਂ ਦੇਸ਼ਾਂ ਵਿਚਾਲੇ ਸਰਹੱਦ 'ਤੇ ਹੋਣ ਵਾਲੇ ਤਣਾਅ ਨੂੰ ਟਾਲਣ 'ਤੇ ਸਹਿਮਤੀ ਬਣੀ ਪਰ ਗੱਲ ਉਦੋਂ ਬਣੇਗੀ ਜਦ ਇਸ ਦੇ ਮਾਫ਼ਕ ਨਤੀਜੇ ਵੀ ਸਾਹਮਣੇ ਆਉਣਗੇ।

ਚੀਨ ਨਾਲ ਕਾਰੋਬਾਰੀ ਰਿਸ਼ਤਿਆਂ 'ਤੇ ਗੱਲ ਹੋਣੀ ਜ਼ਰੂਰੀ ਸੀ ਕਿਉਂਕਿ ਆਪਸੀ ਵਪਾਰ ਦਾ ਪਲੜਾ ਚੀਨ ਦੇ ਪੱਖ ਵਿਚ ਵੱਧ ਝੁਕਿਆ ਹੋਇਆ ਹੈ। ਚੀਨ ਦੇ ਨਾਲ ਭਾਰਤ ਦਾ ਵਪਾਰ ਘਾਟਾ 55 ਅਰਬ ਡਾਲਰ ਹੈ। ਮਾਮੱਲਾਪੁਰਮ ਵਿਚ ਦੋਵੇਂ ਦੇਸ਼ ਵਪਾਰ ਅਤੇ ਨਿਵੇਸ਼ 'ਤੇ ਚਰਚਾ ਲਈ ਇਕ ਨਵੇਂ ਤੰਤਰ ਦੀ ਸਥਾਪਨਾ ਕਰਨ ਅਤੇ ਉਨ੍ਹਾਂ ਸੈਕਟਰਾਂ ਦੀ ਪਛਾਣ ਕਰਨ ਨੂੰ ਤਿਆਰ ਹੋਏ ਹਨ ਜਿੱਥੇ ਨਿਵੇਸ਼ ਕੀਤਾ ਜਾ ਸਕਦਾ ਹੈ। ਚੀਨ ਨੇ ਭਾਰਤੀ ਕਾਰੋਬਾਰੀਆਂ ਨੂੰ ਨਿਵੇਸ਼ ਦਾ ਸੱਦਾ ਵੀ ਦਿੱਤਾ।

ਦਰਅਸਲ, ਅਮਰੀਕਾ ਨਾਲ ਖਿੱਚੋਤਾਣ ਕਾਰਨ ਅਮਰੀਕੀ ਕੰਪਨੀਆਂ ਉੱਥੋਂ ਆਪਣਾ ਕਾਰੋਬਾਰ ਸਮੇਟਣ ਲਈ ਤਿਆਰ ਹਨ। ਇਹ ਚੀਨ ਲਈ ਖ਼ਤਰੇ ਦੀ ਘੰਟੀ ਹੈ ਕਿਉਂਕਿ ਉਸ ਦੀ ਵਿਕਾਸ ਦਰ ਵੀ ਘਟ ਰਹੀ ਹੈ। ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਚੀਨੀ ਅਰਥਚਾਰਾ ਅਗਲੇ ਕੁਝ ਸਾਲਾਂ ਵਿਚ ਡਗਮਗਾ ਸਕਦਾ ਹੈ। ਅਜਿਹੇ ਵਿਚ ਚੀਨ ਦਾ ਭਾਰਤ ਵੱਲ ਦੇਖਣਾ ਸੁਭਾਵਿਕ ਹੈ।

ਚੀਨ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਭਾਰਤ ਨਾਲ ਕਾਰੋਬਾਰੀ ਅਤੇ ਸਮਾਜਿਕ-ਸੱਭਿਆਚਾਰਕ ਰਿਸ਼ਤਿਆਂ ਨੂੰ ਨਵੀਂ ਦਿਸ਼ਾ ਦੇਣਾ ਉਸ ਦੇ ਆਪਣੇ ਹਿੱਤ ਵਿਚ ਹੈ। ਭਾਰਤ ਅਤੇ ਚੀਨ ਨਾ ਸਿਰਫ਼ ਖੇਤਰ ਅਤੇ ਆਬਾਦੀ ਦੇ ਲਿਹਾਜ਼ ਨਾਲ ਵੱਡੇ ਦੇਸ਼ ਹਨ ਬਲਕਿ ਦੋਵੇਂ ਵਿਆਪਕ ਵੰਨ-ਸੁਵੰਨਤਾ ਅਤੇ ਪ੍ਰਾਚੀਨ ਸੰਸਕ੍ਰਿਤੀ ਵਾਲੇ ਦੇਸ਼ ਵੀ ਹਨ। ਭਾਰਤੀ ਪ੍ਰਧਾਨ ਮੰਤਰੀ ਨੇ ਇਹ ਸਹੀ ਕਿਹਾ ਕਿ ਬੀਤੇ ਦੋ ਹਜ਼ਾਰ ਸਾਲ ਵਿਚ ਜ਼ਿਆਦਾਤਰ ਸਮਾਂ ਭਾਰਤ-ਚੀਨ ਆਰਥਿਕ ਮਹਾ-ਸ਼ਕਤੀ ਰਹੇ ਹਨ ਅਤੇ ਵਰਤਮਾਨ ਸਦੀ ਵਿਚ ਵੀ ਦੋਵੇਂ ਦੇਸ਼ ਇਸ ਸਥਿਤੀ ਨੂੰ ਪ੍ਰਾਪਤ ਕਰ ਸਕਦੇ ਹਨ।

ਮਾਮੱਲਾਪੁਰਮ ਵਿਚ ਅੱਤਵਾਦ ਦੇ ਵੱਧਦੇ ਖ਼ਤਰੇ 'ਤੇ ਗੱਲ ਹੋਣੀ ਪਾਕਿਸਤਾਨ ਲਈ ਨਸੀਹਤ ਹੈ ਪਰ ਆਖ਼ਰ ਚੀਨ ਇਸ ਦੀ ਅਣਦੇਖੀ ਕਿੱਦਾਂ ਕਰ ਸਕਦਾ ਹੈ ਕਿ ਉੱਥੇ ਦੀ ਰਾਜਨੀਤੀ ਤਾਂ ਅੱਤਵਾਦ ਅਤੇ ਕੱਟੜਵਾਦ ਦੀ ਧੁਰੀ 'ਤੇ ਹੀ ਘੁੰਮਦੀ ਹੈ। ਚੀਨ ਆਪਣੇ ਉਈਗਰ ਮੁਸਲਮਾਨਾਂ 'ਤੇ ਇਸੇ ਬਹਾਨੇ ਸਖ਼ਤੀ ਕਰ ਰਿਹਾ ਹੈ ਕਿ ਉਹ ਅੱਤਵਾਦ ਦੇ ਰਸਤੇ 'ਤੇ ਨਾ ਜਾ ਸਕਣ।

ਕਸ਼ਮੀਰ 'ਤੇ ਨਜ਼ਰ ਰੱਖਣ ਦੀ ਗੱਲ ਕਰਨ ਵਾਲੇ ਚੀਨ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਹਾਂਗਕਾਂਗ ਅਤੇ ਤਿੱਬਤ ਦੇ ਮਸਲੇ ਉਸ ਦੀਆਂ ਕਮਜ਼ੋਰ ਕੜੀਆਂ ਹਨ। ਉਸ ਨੂੰ ਕਸ਼ਮੀਰ 'ਤੇ ਕੁਝ ਕਹਿਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟੀ ਫੇਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਉਸ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਉਸ ਤਰ੍ਹਾਂ ਦਾ ਦੇਸ਼ ਨਹੀਂ ਹੈ ਜਿਸ ਨੂੰ ਹਦਾਇਤਾਂ ਦਿੱਤੀਆਂ ਜਾ ਸਕਣ। ਅਸਲ ਵਿਚ ਇਹ ਚੀਨ ਦੀ ਜ਼ਿੰਮੇਵਾਰੀ ਹੈ ਕਿ ਉਹ ਭਾਰਤ ਦੀਆਂ ਚਿੰਤਾਵਾਂ ਨੂੰ ਸਮਝੇ।

ਇਸ ਨਾਲ ਹੀ ਦੋਵਾਂ ਦੇਸ਼ਾਂ ਦੇ ਰਿਸ਼ਤੇ ਮਜ਼ਬੂਤ ਹੋ ਸਕਦੇ ਹਨ। ਦੇਖਣਾ ਇਹ ਹੈ ਕਿ ਚੀਨ ਭਾਰਤ ਦੀਆਂ ਚਿੰਤਾਵਾਂ ਦਾ ਹੱਲ ਕਰਨ ਲਈ ਅੱਗੇ ਆਉਂਦਾ ਹੈ ਜਾਂ ਨਹੀਂ? ਚੀਨ ਨੂੰ ਇਸ 'ਤੇ ਆਤਮ-ਚਿੰਤਨ ਕਰਨਾ ਹੋਵੇਗਾ ਕਿ ਆਖ਼ਰ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਭਾਰਤੀ ਹਿੱਤਾਂ ਦੇ ਵਿਰੁੱਧ ਆਪਣੀ ਵੀਟੋ ਪਾਵਰ ਦਾ ਇਸਤੇਮਾਲ ਕਿਉਂ ਕਰਦਾ ਰਿਹਾ ਅਤੇ ਇਸ ਕਾਰਨ ਉਸ ਨੂੰ ਬਦਨਾਮੀ ਦੇ ਸਿਵਾਏ ਹੋਰ ਕੀ ਮਿਲਿਆ? ਅੱਜ ਜਦ 21ਵੀਂ ਸਦੀ ਏਸ਼ੀਆ ਦੀ ਸਦੀ ਮੰਨੀ ਜਾ ਰਹੀ ਹੈ, ਉਦੋਂ ਸਹੀ ਇਹੋ ਹੈ ਕਿ ਭਾਰਤ-ਚੀਨ ਮਿਲ ਕੇ ਕੰਮ ਕਰਨ। ਅਜਿਹਾ ਕਰ ਕੇ ਉਹ ਆਪਣੇ ਹਿੱਤਾਂ ਦੀ ਰੱਖਿਆ ਕਰਨ ਦੇ ਨਾਲ ਹੀ ਵਿਸ਼ਵ ਨੂੰ ਵੀ ਦਿਸ਼ਾ ਦਿਖਾ ਸਕਦੇ ਹਨ।

-(ਲੇਖਕ 'ਦੈਨਿਕ ਜਾਗਰਣ' ਅਖ਼ਬਾਰ ਦੇ ਮੁੱਖ ਸੰਪਾਦਕ ਹਨ)।

Posted By: Jagjit Singh