-ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ


ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬਾਹਰ ਨਿਕਲ ਕੇ ਪੰਜਾਬ ਜਾਣ ਵਾਸਤੇ ਅਗਾਊਂ ਹੀ ਆਨਲਾਈਨ ਬੁੱਕ ਕੀਤੀ ਇੰਡੋ ਕੈਨੇਡੀਅਨ ਬੱਸ ਦੀ ਸਵਾਰੀ ਕਰ ਕੇ ਪੰਜਾਬ ਵੱਲ ਚਾਲੇ ਪਾ ਦਿੱਤੇ। ਕੁਝ ਦੇਰ ਬਾਅਦ ਕੰਡਕਟਰ ਕੋਲ ਆਇਆ ਤੇ ਟਿਕਟ ਦਿਖਾਉਣ ਵਾਸਤੇ ਕਿਹਾ। ਮੈਂ ਆਨਲਾਈਨ ਬੁੱਕ ਕੀਤੀ ਟਿਕਟ ਉਸ ਦੇ ਹੱਥ ਫੜਾ ਦਿੱਤੀ ਜਿਸ ਨੂੰ ਹੱਥ ’ਚ ਫੜਦਿਆਂ ਹੀ ਉਸ ਨੇ ਕਿਹਾ ਕਿ ਇਹ ਟਿਕਟ ਇਸ ਬੱਸ ਦੀ ਨਹੀਂ, ਇਸ ਵਾਸਤੇ ਤੁਹਾਨੂੰ ਇਕ ਹਜ਼ਾਰ ਰੁਪਿਆ ਹੋਰ ਦੇਣਾ ਪਵੇਗਾ। ਕਾਰਨ ਪੁੱਛਣ ’ਤੇ ਕੰਡਕਟਰ ਨੇ ਦੱਸਿਆ ਕਿ ਜਿਸ ਬੱਸ ਦੀ ਟਿਕਟ ਤੁਸੀਂ ਬੁੱਕ ਕੀਤੀ ਹੋਈ ਹੈ, ਉਹ ਏਅਰ-ਕੰਡੀਸ਼ਨਡ ਤਾਂ ਹੈ ਪਰ ਏਨੀਆਂ ਸਹੂਲਤਾਂ ਵਾਲੀ ਨਹੀਂ ਜਿੰਨੀਆਂ ਇਸ ਬੱਸ ਵਿਚ ਮੁਹੱਈਆ ਕੀਤੀਆਂ ਜਾਂਦੀਆਂ ਨੇ। ਉਸ ਨੇ ਇਹ ਵੀ ਦੱਸਿਆ ਕਿ ਉਹ ਬੱਸ ਕਿਸੇ ਕਾਰਨ ਪੰਜਾਬ ਤੋਂ ਅੱਜ ਆਈ ਹੀ ਨਹੀਂ।

ਮੈਂ ਥੱਕਿਆ ਹੋਣ ਕਰਕੇ ਕੰਡਕਟਰ ਨਾਲ ਬਹਿਸ ਕਰਨੀ ਉੱਚਿਤ ਨਾ ਸਮਝੀ ਅਤੇ ਉਸ ਨੂੰ ਹਜ਼ਾਰ ਰੁਪਏ ਦੇ ਕੇ ਸਨਦ ਲੈ ਲਈ। ਬਵੰਜਾ ਸੀਟਾਂ ਵਾਲੀ ਉਸ ਬੱਸ ਵਿਚ ਕੁੱਲ ਅੱਠ ਐੱਨਆਰਆਈ ਸਵਾਰੀਆਂ ਸਨ। ਮੈਂ ਸੋਚ ਰਿਹਾ ਸਾਂ ਕਿ ਇਸ ਬੱਸ ਵਾਲੇ ਆਪਣੇ ਖ਼ਰਚੇ ਕਿਵੇਂ ਪੂਰੇ ਕਰਦੇ ਹੋਣਗੇ ਅਤੇ ਇਸ ਦੇ ਨਾਲ ਹੀ ਅੱਠਾਂ ਸਵਾਰੀਆਂ ਵੱਲੋਂ ਸਤਾਈ ਸੌ ਰੁਪਿਆ ਫੀ ਸਵਾਰੀ ਵਸੂਲੇ ਗਏ ਭਾੜੇ ਦਾ ਕੁੱਲ ਜੋੜ ਲਗਾ ਰਿਹਾ ਸਾਂ ਜੋ 21,600 ਰੁਪਏ ਬਣਦਾ ਸੀ। ਮੈਂ ਸੋਚ ਰਿਹਾ ਸਾਂ ਕਿ ਜੇਕਰ ਇਸ ਬੱਸ ਵਿਚ ਬਵੰਜਾ ਸਵਾਰੀਆਂ ਹੋਣ ਤਾਂ ਕਿੱਡੀ ਵੱਡੀ ਰਕਮ ਇਕ ਗੇੜੇ ਦੇ ਇਕ ਪਾਸੇ ਦੀ ਬਣੇਗੀ। ਇੰਨੇ ਨੂੰ ਕੰਡਕਟਰ ਮੇਰੇ ਕੋਲ ਆ ਬੈਠਾ ਅਤੇ ਏਧਰ-ਓਧਰ ਦੀਆਂ ਗੱਲਾਂ ਮਾਰ ਕੇ ਮੇਰੇ ਨਾਲ ਜਾਣ-ਪਛਾਣ ਬਣਾਉਣ ਲੱਗਾ। ਮੈਂ ਵੀ ਉਸ ਦੀ ਹਰ ਗੱਲ ਦਾ ਨਾ ਚਾਹੁੰਦਿਆਂ ਹੋਇਆਂ ਵੀ ਹੁੰਗਾਰਾ ਭਰਦਾ ਰਿਹਾ। ਸਫ਼ਰ ਕੱਟਦਾ ਰਿਹਾ ਤੇ ਪਤਾ ਹੀ ਨਾ ਲੱਗਾ ਕਿ ਕਿਹੜੇ ਵੇਲੇ ਰਾਜਪੁਰਾ ਆ ਗਿਆ। ਕੰਡਕਟਰ ਸਵਾਰੀ ਉਤਾਰਨ ਉੱਠ ਕੇ ਜਾਇਆ ਕਰੇ ਅਤੇ ਵਾਪਸ ਮੇਰੇ ਕੋਲ ਆ ਕੇ ਫਿਰ ਬੈਠ ਜਾਇਆ ਕਰੇ। ਰਾਜਪੁਰਾ ਟੱਪਣ ਤੋਂ ਬਾਅਦ ਉਸ ਨੇ ਮੈਨੂੰ ਪੁੱਛਿਆ ਕਿ ਇੰਗਲੈਂਡ ਵਿਚ ਕਿਹੜੀ ਕਰੰਸੀ ਚੱਲਦੀ ਹੈ ਤਾਂ ਮੈਂ ਕਿਹਾ ਕਿ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਏ ਕਿ ਉੱਥੇ ਪੌਂਡ ਚੱਲਦੈ। ਉਹ ਕਹਿੰਦਾ, ‘‘ਅੱਛਾ ਜੀ, ਸੁਣਿਆ ਤਾਂ ਪੌਂਡਾਂ ਬਾਰੇ ਬਹੁਤ ਹੈ ਪਰ ਕਦੇ ਦੇਖੇ ਨਹੀਂ ਕਿ ਇਹ ਕਿੱਦਾਂ ਦੇ ਹੁੰਦੇ ਹਨ।’’

ਮੇਰੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਕੁ ਸਾਲ ਤੋਂ ਕੰਡਕਟਰੀ ਕਰ ਰਿਹਾ ਹੈ। ਮੈਨੂੰ ਬੜਾ ਅਚੰਭਾ ਹੋਇਆ ਕਿ ਲਗਾਤਾਰ ਤਿੰਨ ਸਾਲਾਂ ਤੋਂ ਐੱਨਆਰਆਈ ਲੋਕਾਂ ਨੂੰ ਪੰਜਾਬ ਢੋ ਰਿਹਾ ਉਹ ਨੌਜਵਾਨ ਕਹਿ ਰਿਹਾ ਸੀ ਕਿ ਉਸ ਨੇ ਪੌਂਡ ਦੀ ਸ਼ਕਲ ਨਹੀਂ ਦੇਖੀ। ਸੋ ਗੱਲ ਹਾਜ਼ਮੇ ’ਚ ਨਾ ਆਵੇ ਪਰ ਮੈਂ ਬੋਲਿਆ ਕੁਝ ਨਾ। ਥੋੜ੍ਹੀ ਦੇਰ ਬਾਅਦ ਕੰਡਕਟਰ ਨੇ ਆਪਣੇ ਅੰਦਰਲੀ ਗੱਲ ਬਾਹਰ ਇਹ ਕਹਿ ਕੇ ਕੱਢ ਮਾਰੀ ਕਿ ਉਹ ਦੇਖਣਾ ਚਾਹੁੰਦਾ ਹੈ ਕਿ ਪੌਂਡ ਅਸਲ ਵਿਚ ਕਿਸ ਤਰ੍ਹਾਂ ਦਾ ਹੁੰਦਾ ਹੈ? ਉਸ ਨੇ ਮੇਰੇ ਕੋਲੋਂ ਇਕ ਪੌਂਡ ਰੂਪੀ ਨੋਟ ਦੀ ਮੰਗ ਕੀਤੀ। ਕੰਡਕਟਰ ਦੀ ਇਸ ਮੰਗ ਦਾ ਮਤਲਬ ਤਾਂ ਮੈਂ ਹੁਣ ਤਕ ਸਮਝ ਚੁੱਕਾ ਸੀ ਕਿ ਉਹ ਅਸਲੋਂ ਮੇਰੇ ਕੋਲੋਂ ਕੀ ਚਾਹੁੰਦਾ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਅੱਜ ਉਹ ਜਿਸ ਸ਼ਖ਼ਸ ਕੋਲੋਂ ਪੌਂਡ ਦੀ ਮੰਗ ਕਰ ਰਿਹਾ ਹੈ, ਉਹ ਦੇਖਣ-ਪਰਖਣ ਨੂੰ ਭੋਲਾ ਜ਼ਰੂਰ ਲੱਗਦਾ ਹੈ ਪਰ ਇੰਨਾ ਵੀ ਬੁੱਧੂ ਨਹੀਂ ਕਿ ਫਟਾਕ ਦੇਣੀ ਰਾਣੀ ਦੀ ਫੋਟੋ ਵਾਲਾ ਨੋਟ ਹੱਥ ਫੜਾ ਦੇਵੇ। ਮੈਂ ਉਸ ਨੂੰ ਬਹੁਤ ਪਿਆਰ ਨਾਲ ਦੱਸਿਆ ਕਿ ਮੈਂ ਹਵਾਈ ਅੱਡਿਓਂ ਬਾਹਰ ਨਿਕਲਣ ਤੋਂ ਪਹਿਲਾਂ ਕਰੰਸੀ ਚੇਂਜ ਕਰ ਲਈ ਹੈ ਅਤੇ ਮੇਰੇ ਕੋਲ ਇਸ ਵੇਲੇ ਬਾਹਰਲੀ ਕਰੰਸੀ ਦਾ ਇਕ ਪੈਸਾ ਵੀ ਨਹੀਂ ਹੈ, ਹਾਂ! ਜੇ ਪੌਂਡ ਹੀ ਦੇਖਣਾ ਹੈ ਕਿ ਕਿੱਦਾਂ ਦਾ ਹੁੰਦਾ ਹੈ ਤਾਂ ਇਹ ਕੋਈ ਵੱਡੀ ਸਮੱਸਿਆ ਨਹੀਂ ਹੈ। ਤੁਸੀਂ ਆਪਣਾ ਮੋਬਾਈਲ ਕੱਢੋ, ਗੂਗਲ ’ਤੇ ਜਾਓ, ਪੌਂਡ ਟਾਈਪ ਕਰਨ ਤੋਂ ਬਾਅਦ ਇਮੇਜ ਵਾਲਾ ਬਟਨ ਸਿਲੈਕਟ ਕਰ ਕੇ ਗੋ ਵਾਲੇ ਬਟਨ ਨੂੰ ਪ੍ਰੈੱਸ ਕਰਨ ਤੋਂ ਬਾਅਦ ਹਰ ਤਰ੍ਹਾਂ ਦੇ ਛੋਟੇ-ਵੱਡੇ ਪੌਂਡਾਂ ਦੀਆਂ ਤਸਵੀਰਾਂ ਦੇ ਦਰਸ਼ਨ ਕਰ ਕੇ ਤੁਹਾਨੂੰ ਤਸੱਲੀ ਹੋ ਜਾਵੇਗੀ ਕਿ ਪੌਂਡ ਕਿੱਦਾਂ ਦੇ ਹੁੰਦੇ ਹਨ। ਬਸ ਫਿਰ ਕੀ ਜੀ, ਮੇਰੀ ਸਲਾਹ ਦਾ ਅਸਰ ਕੰਡਕਟਰ ਨੌਜਵਾਨ ’ਤੇ ਇੰਨਾ ਗਹਿਰਾ ਹੋਇਆ ਕਿ ਉਹ ਜੋ ਸਭਨਾਂ ਸਵਾਰੀਆਂ ਦਾ ਸਾਮਾਨ ਰਸਤੇ ਵਿਚ ਦੌੜ-ਦੌੜ ਕੇ ਆਪ ਉਤਾਰਦਾ ਆਇਆ ਤੇ ਭੇਟਾ ਵੀ ਲੈਂਦਾ ਰਿਹਾ ਸੀ, ਮੇਰੀ ਵਾਰ ਨੂੰ ਨੇੜੇ ਵੀ ਨਹੀਂ ਆਇਆ ਜਿਸ ਕਾਰਨ ਜਲੰਧਰ ਪਹੁੰਚ ਕੇ ਮੈਨੂੰ ਆਪਣਾ ਸਾਮਾਨ ਵੀ ਆਪ ਹੀ ਬੱਸ ’ਚੋਂ ਧੂ-ਘੜੀਸ ਕੇ ਉਤਾਰਨਾ ਪਿਆ।

-ਵ੍ਹਟਸਐਪ :+447806945964

Posted By: Sunil Thapa