ਰੁੱਖਾਂ ਦੀ ਅੰਨ੍ਹੇਵਾਹ ਕਟਾਈ ਅਤੇ ਪਾਣੀ ਦੀ ਅੰਨ੍ਹੇਵਾਹ ਬਰਬਾਦੀ ਨੇ ਪੰਜਾਬ ਨੂੰ ਹੀ ਬਰਬਾਦੀ ਦੇ ਕੰਢੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਇਸ ਸਮੇਂ ਇਹ ਦੋਵੇਂ ਹੀ ਗੰਭੀਰ ਮਸਲੇ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹਨ ਕਿਉਂਕਿ ਸਰਕਾਰਾਂ ਬਹੁਤੀ ਗੰਭੀਰਤਾ ਨਹੀਂ ਵਿਖਾ ਰਹੀਆਂ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ 'ਰੁੱਖ ਲਗਾਓ, ਵੰਸ਼ ਬਚਾਓ' ਮਿਸ਼ਨ ਤਹਿਤ ਪੌਦੇ ਤਾਂ ਲਗਵਾ ਰਹੀ ਹੈ ਪਰ ਇਨ੍ਹਾਂ ਦੀ ਸਾਂਭ-ਸੰਭਾਲ ਕਿਵੇਂ ਹੋਵੇਗੀ, ਅਵਾਰਾ ਪਸ਼ੂਆਂ ਤੋਂ ਇਨ੍ਹਾਂ ਨੂੰ ਕਿਵੇਂ ਬਚਾਇਆ ਜਾਵੇਗਾ, ਇਸ ਬਾਰੇ ਕੋਈ ਯੋਜਨਾਬੰਦੀ ਨਹੀਂ ਹੈ। ਪੰਜਾਬ ਦਾ ਪਾਣੀ ਜ਼ਹਿਰੀਲਾ ਬਣ ਚੁੱਕਾ ਹੈ। ਅੱਧਾ ਪੰਜਾਬ ਕੈਂਸਰ ਅਤੇ ਕਾਲਾ ਪੀਲੀਆ ਵਰਗੀਆਂ ਭਾਅਨਕ ਬਿਮਾਰੀਆਂ ਨਾਲ ਪੀੜਤ ਹੈ। ਅੱਜ ਪਾਣੀ ਨੂੰ ਫਿਲਟਰ ਕਰ ਕੇ ਪੀਣਾ ਪੈ ਰਿਹਾ ਹੈ। ਪੰਜ ਦਰਿਆਵਾਂ ਦੀ ਧਰਤੀ ਦੇ ਮਾਲਕ ਕਦ ਵੀਹ-ਵੀਹ ਰੁਪਏ ਵਾਲੀਆਂ ਪਾਣੀ ਦੀਆਂ ਬੋਤਲਾਂ ਦੇ ਖ਼ਰੀਦਦਾਰ ਹੋ ਗਏ, ਪਤਾ ਹੀ ਨਹੀਂ ਲੱਗਾ। ਜ਼ਿਆਦਾ ਪਿੱਛੇ ਨਾ ਜਾਈਏ, ਕੀ ਤੀਹ ਕੁ ਸਾਲ ਪਹਿਲਾਂ ਕਿਸੇ ਨੇ ਕਦੇ ਸੋਚਿਆ ਸੀ ਕਿ ਪਾਣੀ ਵੀ ਮੁੱਲ ਲੈ ਕੇ ਪੀਣਾ ਪਵੇਗਾ? ਹੁਣ ਜੋ ਤੀਹ ਸਾਲ ਬਾਅਦ ਹੋਵੇਗਾ, ਉਹ ਵੀ ਆਪਾਂ ਸੋਚ ਨਹੀਂ ਰਹੇ। ਤੀਹ ਸਾਲ ਬਾਅਦ ਦਾ ਸਮਾਂ ਬਹੁਤ ਹੀ ਭਿਆਨਕ ਹੋਵੇਗਾ। ਅੱਜ ਅਸੀਂ ਨਲਕੇ, ਟਿੰਡਾਂ, ਸੁੱਕੇ ਖ਼ੂਹ ਆਦਿ ਤਾਂ ਸਾਂਭੀ ਬੈਠੇ ਹਾਂ ਕਿ ਆਉਣ ਵਾਲੀ ਪੀੜ੍ਹੀ ਵੇਖੇਗੀ ਪਰ ਜਦੋਂ ਉਹ ਅੱਗਿਓਂ ਸਵਾਲ ਕਰੇਗੀ ਕਿ ਸਾਂਭਣ ਵਾਲੀ ਚੀਜ਼ ਤਾਂ ਤੁਸੀਂ ਸਾਂਭੀ ਨਹੀਂ। ਜੇ ਪਾਣੀ ਹੀ ਸਾਂਭ ਲੈਂਦੇ ਤਾਂ ਆਹ ਚੀਜ਼ਾਂ ਵੀ ਆਪੇ ਹੀ ਸਾਂਭੀਆਂ ਰਹਿਣੀਆਂ ਸਨ। ਫਿਰ ਅਸੀਂ ਕੀ ਜਵਾਬ ਦੇਵਾਂਗੇ ਉਸ ਪੀੜ੍ਹੀ ਨੂੰ। ਪਹਿਲਾਂ ਅਸੀਂ ਆਪਣੀ ਪਿਆਸ ਬੁਝਾਉਂਦੇ ਨਲਕੇ ਹੀ ਪਿਆਸੇ ਮਾਰ ਦਿੱਤੇ। ਥੋੜ੍ਹੀ ਦੇਰ ਹੋਰ ਏ, ਆਹ ਮੱਛੀਆਂ (ਸਬਮਰਸੀਬਲ ਮੋਟਰਾਂ) ਵੀ ਪਾਣੀ ਬਿਨਾਂ ਤੜਫਦੀਆਂ ਮਿਲਣਗੀਆਂ। ਕੁਝ ਸਮਾਂ ਪਹਿਲਾਂ ਰਾਜਸਥਾਨ ਘੁੰਮਣ ਗਏ ਨੂੰ ਇਕ ਰਾਜਸਥਾਨੀ ਵੀਰ ਨੇ ਤਨਜ਼ ਕੱਸਦਿਆਂ, 'ਸਰਦਾਰ ਜੀ! ਇੱਥੇ ਕੀ ਵੇਖਣ ਆਉਂਦੇ ਹੋ। ਦੋ-ਚਾਰ ਸਾਲ ਠਹਿਰ ਜਾਓ। ਜਿਸ ਤੇਜ਼ੀ ਨਾਲ ਤੁਸੀਂ ਧਰਤੀ 'ਚੋਂ ਪਾਣੀ ਕੱਢ ਰਹੇ ਹੋ ਅਤੇ ਰੁੱਖ ਕੱਟ ਰਹੇ ਹੋ, ਤੁਸੀਂ ਪੰਜਾਬ ਨੂੰ ਹੀ ਮਾਰੂਥਲ ਬਣਾ ਲੈਣਾ ਹੈ। ਫਿਰ ਅਸੀਂ ਵੇਖਣ ਆਇਆ ਕਰਾਂਗੇ 'ਪੰਜਾਬੀਆਂ ਦਾ ਨਵਾਂ ਮਾਰੂਥਲ।' ਉਸ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, 'ਤੁਹਾਨੂੰ ਕੁਦਰਤ ਵੱਲੋਂ ਮੁਫ਼ਤ 'ਚ ਮਿਲਿਆ ਹੋਇਆ ਏ ਸਾਰਾ ਕੁਝ। ਤਾਂ ਹੀ ਤੁਸੀਂ ਇਸ ਸਭ ਦਾ ਮੁੱਲ ਨਹੀਂ ਪਾਇਆ ਪਰ ਇਕ ਗੱਲ ਯਾਦ ਰੱਖਿਓ, ਜਿੱਦਣ ਪੰਜਾਬ ਮਾਰੂਥਲ ਬਣ ਗਿਆ, ਭੁੱਖੇ ਮਰੋਗੇ। ਤੁਹਾਡੇ ਤੋਂ ਤਾਂ ਸੈਲਾਨੀਆਂ ਅੱਗੇ ਨੱਚ ਵੀ ਨਹੀਂ ਹੋਣਾ, ਸਾਰੰਗੀਆਂ ਵਜਾਉਣੀਆਂ ਤਾਂ ਦੂਰ ਦੀ ਗੱਲ ਹੈ।' ਉਸ ਰਾਜਸਥਾਨੀ ਦੀਆਂ ਗੱਲਾਂ ਸੁਣ ਕੇ ਗੁੱਸਾ ਤਾਂ ਬੜਾ ਆਇਆ ਪਰ ਚੁੱਪ ਰਿਹਾ। ਬਾਅਦ ਵਿਚ ਹਲੀਮੀ ਨਾਲ ਉਸ ਦੀਆਂ ਗੱਲਾਂ 'ਤੇ ਗ਼ੌਰ ਕੀਤਾ ਤਾਂ ਅਹਿਸਾਸ ਹੋਇਆ ਕਿ ਉਹ ਬਿਲਕੁਲ ਸੱਚ ਬਿਆਨ ਰਿਹਾ ਸੀ। ਅਸੀਂ ਆਮ ਦੇਖਦੇ ਹਾਂ ਕਿ ਦਰਿਆਵਾਂ ਅਤੇ ਨਹਿਰਾਂ 'ਚ ਸ਼ਹਿਰਾਂ ਦਾ ਰਹਿੰਦ-ਖੂੰਹਦ ਸੁੱਟਿਆ ਜਾ ਰਿਹਾ ਹੈ। ਫੈਕਟਰੀਆਂ, ਮਿੱਲਾਂ ਆਦਿ ਦਾ ਕੈਮੀਕਲ ਵਾਲਾ ਪਾਣੀ ਦਰਿਆਵਾਂ ਵਿਚ ਪਾਇਆ ਜਾਂਦਾ ਹੈ ਜੋ ਕਿ ਮਨੁੱਖਾਂ ਅਤੇ ਜੀਵ-ਜੰਤੂਆਂ ਦੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ। ਜ਼ਮੀਨ ਹੇਠਲਾ ਪਾਣੀ ਡੂੰਘਾ ਹੋਣ ਕਾਰਨ ਬੋਰ ਵੀ ਡੂੰਘੇ ਕਰਨੇ ਪੈ ਰਹੇ ਹਨ। ਅਸੀਂ ਘਰ-ਕੋਠੀਆਂ, ਕਾਰਾਂ ਤਾਂ ਬੱਚਿਆਂ ਲਈ ਬਣਾ ਰਹੇ ਹਾਂ ਪਰ ਜੇ ਪਾਣੀ ਹੀ ਨਾ ਰਿਹਾ ਤਾਂ ਸਭ ਬੇਕਾਰ ਹੈ। ਜੇ ਇਹੋ ਹਾਲਾਤ ਰਹੇ ਤਾਂ ਪੰਜਾਬ ਸਿਆਂ ਫਿਰ ਤੇਰਾ ਰੱਬ ਹੀ ਰਾਖਾ ਹੈ।

-ਸਰਬਜੀਤ ਸਿੰਘ ਧਨੋਆ, ਭੂੰਦੜੀ।

Posted By: Sukhdev Singh