ਭੋਜਨ ਜਿਊਂਦੇ ਰਹਿਣ ਲਈ ਹਰੇਕ ਜੀਵ-ਜੰਤੂ ਦੀ ਮੁੱਢਲੀ ਲੋੜ ਹੈ। ਭੋਜਨ ਦੀ ਅਣਹੋਂਦ 'ਚ ਜੀਵਨ ਦਾ ਹੋਣਾ ਵੀ ਇਕ ਕਾਲਪਨਿਕ ਸਥਿਤੀ ਹੈ। ਚੰਗੇ ਤੇ ਪੌਸ਼ਟਿਕ ਭੋਜਨ ਮੁਹੱਈਆ ਹੋਣਾ ਬੁਨਿਆਦੀ ਮਨੁੱਖੀ ਅਧਿਕਾਰ ਹੈ ਪਰ ਬਹੁਤੇ ਮੁਲਕਾਂ 'ਚ ਨਾਗਰਿਕਾਂ ਨੂੰ ਇਸ ਮੁੱਢਲੇ ਅਧਿਕਾਰ ਤੋਂ ਵੀ ਵਾਂਝੇ ਰੱਖਿਆ ਜਾਂਦਾ ਹੈ। ਸੰਸਾਰ ਵਿਚ ਅੰਨ ਉਤਪਾਦਨ ਦੇ ਖੇਤਰ 'ਚ ਡੀਂਗਾਂ ਮਾਰਨ ਵਾਲੇ ਸਾਡੇ ਦੇਸ਼ ਦੀ ਤਲਖ਼ ਹਕੀਕਤ ਵੀ 2019 ਦੀ ਵਿਸ਼ਵ ਭੁੱਖਮਰੀ ਸੂਚੀ (ਗਲੋਬਲ ਹੰਗਰ ਇਨਡੈਕਸ) ਨੇ ਬੇਪਰਦ ਕਰ ਦਿੱਤੀ ਹੈ। ਭਾਰਤ ਦੇ ਏਸ਼ੀਆ ਦਾ ਤੀਜਾ ਵੱਡਾ ਅਰਥਚਾਰਾ ਹੋਣ ਦੇ ਬਾਵਜੂਦ ਭੁੱਖਮਰੀ 'ਚ 102ਵੇਂ ਸਥਾਨ 'ਤੇ ਚਲੇ ਜਾਣਾ ਬਹੁਤ ਮੰਦਭਾਗਾ ਹੈ। ਇਸ ਸੂਚੀ 'ਚ ਭਾਰਤ ਨੂੰ 'ਗੰਭੀਰ' ਸਥਿਤੀ ਵਾਲੇ ਦੇਸ਼ਾਂ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ। ਗਲੋਬਲ ਹੰਗਰ ਇਨਡੈਕਸ ਦੇ ਕਈ ਪਹਿਲੂਆਂ 'ਚ ਭਾਰਤ ਨੂੰ ਯਮਨ ਤੇ ਜਬੂਤੀ ਵਰਗੇ ਗੜਬੜੀ ਵਾਲੇ ਤੇ ਗੰਭੀਰ ਵਾਤਾਵਰਨ ਵਿਗਾੜਾਂ ਵਾਲੇ ਮੁਲਕਾਂ ਤੋਂ ਵੀ ਹੇਠਲਾ ਸਥਾਨ ਪ੍ਰਾਪਤ ਹੋਇਆ ਹੈ। ਆਪਣੇ ਗੁਆਂਢੀ ਮੁਲਕ ਜਿਨ੍ਹਾਂ ਨੂੰ ਅਸੀਂ ਹਰ ਖੇਤਰ 'ਚ ਆਪਣੇ ਤੋਂ ਹੀਣਾ ਸਮਝਦੇ ਹਾਂ ਜਿਵੇਂ ਪਾਕਿਸਤਾਨ, ਨੇਪਾਲ, ਸ੍ਰੀਲੰਕਾ, ਬੰਗਲਾਦੇਸ਼ ਆਦਿ ਤੋਂ ਪੱਛੜ ਕੇ ਭਾਰਤ 117 ਮੁਲਕਾਂ ਦੀ ਸੂਚੀ 'ਚ 102 ਵਾਂ ਨੰਬਰ ਪ੍ਰਾਪਤ ਕਰਦਾ ਹੈ। ਪਾਕਿਸਤਾਨ ਨੇ ਇਸ ਸੂਚੀ 'ਚ 94ਵਾਂ, ਬੰਗਲਾਦੇਸ਼ ਨੇ 88ਵਾਂ, ਨੇਪਾਲ ਨੇ 73ਵਾਂ ਤੇ ਸ੍ਰੀਲੰਕਾ ਨੇ 66ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਰਿਪੋਰਟ ਮੁਤਾਬਕ ਭਾਰਤ 'ਚ 6 ਤੋਂ 23 ਸਾਲ ਦੀ ਉਮਰ ਦੇ ਬੱਚਿਆਂ 'ਚੋਂ ਸਿਰਫ਼ 9.6 ਫ਼ੀਸਦੀ ਬੱਚਿਆਂ ਨੂੰ ਹੀ ਘੱਟੋ-ਘੱਟ ਖਾਣ ਯੋਗ ਭੋਜਨ ਨਸੀਬ ਹੁੰਦਾ ਹੈ। ਹਾਲਾਂਕਿ ਪੰਜ ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਦੀ ਮੌਤ ਦਰ 'ਚ ਕਮੀ ਦਰਜ ਕੀਤੀ ਗਈ ਹੈ। ਇਹ ਰਿਪੋਰਟ ਕੇਂਦਰ ਸਰਕਾਰ ਦੇ ਸਵੱਛ ਭਾਰਤ ਪ੍ਰੋਗਰਾਮ ਵੱਲ ਵੀ ਇਸ਼ਾਰਾ ਕਰਦੀ ਹੈ ਤੇ ਕਹਿੰਦੀ ਹੈ ਕਿ ਭਾਰਤ 'ਚ ਅਜੇ ਵੀ ਲੋਕ ਖੁੱਲ੍ਹੇਆਮ 'ਜੰਗਲ ਪਾਣੀ' ਜਾਂਦੇ ਹਨ। ਇਸ ਦਾ ਵੀ ਭਾਰਤ ਦੇ ਵਾਸੀਆਂ ਖ਼ਾਸ ਕਰਕੇ ਛੋਟੀ ਉਮਰ ਦੇ ਬੱਚਿਆਂ ਦੀ ਸਿਹਤ ਤੇ ਪੋਸ਼ਣ ਗ੍ਰਹਿਣ ਕਰਨ ਦੀ ਸਮਰੱਥਾ 'ਤੇ ਮਾਰੂ ਪ੍ਰਭਾਵ ਪੈਂਦਾ ਹੈ। ਭਾਰਤ ਦੀ ਪੇਂਡੂ ਜਨਸੰਖਿਆ ਹੀ ਸਭ ਤੋਂ ਵੱਧ ਭੁੱਖਮਰੀ ਤੇ ਕੁਪੋਸ਼ਣ ਦਾ ਸ਼ਿਕਾਰ ਹੈ। ਇਹ ਸਾਰੀ ਰਿਪੋਰਟ ਸਾਡੇ ਵਾਸਤੇ ਬੜੀ ਨਮੋਸ਼ੀ ਵਾਲੀ ਤੇ ਸ਼ਰਮਸਾਰ ਕਰਨ ਵਾਲੀ ਹੈ ਕਿਉਂਕਿ ਸਾਡਾ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ ਤੇ ਸਾਡੇ ਕੋਲ ਐਨੇ ਜ਼ਿਆਦਾ ਅੰਨ ਦੇ ਭੰਡਾਰ ਹਨ ਕਿ ਸਾਡਾ ਲੱਖਾਂ ਟਨ ਅਨਾਜ ਹਰ ਸਾਲ ਗੋਦਾਮਾਂ 'ਚ ਗਲ-ਸੜ ਜਾਂਦਾ ਹੈ ਪਰ ਸਰਕਾਰ ਦੀਆਂ ਨੀਤੀਆਂ ਹੀ ਅਜਿਹੀਆਂ ਗੁੰਝਲਦਾਰ ਹਨ ਕਿ ਉਹ ਅਨਾਜ ਲੋੜਵੰਦਾਂ ਤਕ ਨਹੀਂ ਅੱਪੜਦਾ। ਸੋ ਇਸ ਰਿਪੋਰਟ ਤੋਂ ਬਾਅਦ ਸਾਡੇ ਮੁਲਕ ਦੀ ਸਰਕਾਰ, ਨੀਤੀ ਘਾੜਿਆਂ, ਮਾਹਰਾਂ ਤੇ ਚਿੰਤਕਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਕਿਉਂਕਿ ਜੇ ਸਾਡੇ ਮੁਲਕ ਦੇ ਬਾਸ਼ਿੰਦੇ ਭੁੱਖੇ ਜਾਂ ਕੁਪੋਸ਼ਣ ਦਾ ਸ਼ਿਕਾਰ ਹੀ ਰਹੇ ਤਾਂ ਸੰਸਾਰ ਦੇ ਬਾਕੀ ਮੁਲਕਾਂ ਦਾ ਅਸੀਂ ਆਰਥਿਕ, ਸਮਾਜਿਕ ਤੇ ਸੈਨਿਕ ਮੁਕਾਬਲਾ ਕਿਵੇਂ ਕਰਾਂਗੇ?

-ਮਨਿੰਦਰਜੀਤ ਸਿੰਘ ਸਿੱਧੂ। ਮੋ : 98721-93876

Posted By: Sukhdev Singh