ਯੂਕਰੇਨ ਤੇ ਰੂਸ ਵਿਚਾਲੇ ਜੰਗ ਇੰਨੀ ਲੰਮੀ ਖਿੱਚੀ ਜਾਵੇਗੀ, ਇਸ ਦਾ ਅੰਦਾਜ਼ਾ ਕਿਸੇ ਨੂੰ ਵੀ ਨਹੀਂ ਸੀ। ਮੰਗਲਵਾਰ ਨੂੰ ਜਦੋਂ ਇਸੇ ਮੁੱਦੇ ’ਤੇ ਸੰਯੁਕਤ ਰਾਸ਼ਟਰ ਦੇ ਆਮ ਇਜਲਾਸ ’ਚ ਵੋਟਿੰਗ ਹੋਈ ਤਾਂ ਭਾਰਤ ਸਮੇਤ 73 ਮੁਲਕ ਇਸ ’ਚ ਸ਼ਾਮਲ ਨਹੀਂ ਹੋਏ। ਰੂਸ ਜਿਹੜੇ ਦੇਸ਼ਾਂ ਨਾਲ ਆਰੰਭ ਤੋਂ ਡਟ ਕੇ ਖੜ੍ਹਦਾ ਰਿਹਾ ਹੈ, ਉਨ੍ਹਾਂ ਨੇ ਹੁਣ ਉਸ ਪ੍ਰਤੀ ਵਫ਼ਾਦਾਰੀ ਦਾ ਇਜ਼ਹਾਰ ਕੀਤਾ ਹੈ। ਭਾਰਤ ਤੇ ਰੂਸ ਦੀ ਨੇੜਤਾ ਵੀ ਜੱਗ ਜ਼ਾਹਿਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਰਤ ਸਰਕਾਰ ਨੇ ਆਪਣੀ ਵਿਦੇਸ਼ ਨੀਤੀ ਨੂੰ ਕਾਫ਼ੀ ਹੱਦ ਤਕ ਸੰਤੁਲਿਤ ਬਣਾ ਕੇ ਰੱਖਿਆ ਹੈ। ਉਨ੍ਹਾਂ ਇੰਡੋਨੇਸ਼ੀਆ ਦੀ ਰਾਜਧਾਨੀ ਬਾਲੀ ਵਿਖੇ ਇਸ ਵੇਲੇ ਚੱਲ ਰਹੇ ਜੀ-20 ਸਿਖ਼ਰ ਸੰਮੇਲਨ ’ਚ ਰਾਸ਼ਟਰਪਤੀ ਜੋਅ ਬਾਇਡਨ ਨਾਲ ਮੁਲਾਕਾਤ ਕਰ ਕੇ ਭਾਰਤ ਤੇ ਅਮਰੀਕਾ ਵਿਚਲੇ ਦੁਵੱਲੇ ਸਬੰਧਾਂ ਦਾ ਜਾਇਜ਼ਾ ਲਿਆ। ਦੋਵੇਂ ਦੇਸ਼ਾਂ ਨੇ ਰਣਨੀਤਕ ਭਾਈਵਾਲੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੇ ਮੁੱਦਿਆਂ ’ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਰੂਸ ਤੇ ਯੂਕਰੇਨ ਵਿਚਾਲੇ ਜੰਗ ਨੂੰ ਰੋਕਣ ਲਈ ਗੋਲ਼ੀਬੰਦੀ ਤੇ ਕੂਟਨੀਤੀ ਦਾ ਰਾਹ ਅਖ਼ਤਿਆਰ ਕਰਨ ਦਾ ਸੱਦਾ ਦਿੱਤਾ ਹੈ। ਯੂਕਰੇਨ ਦੇ ਮੁੱਦੇ ਕਾਰਨ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਸਿਖ਼ਰ ਸੰਮੇਲਨ ਵਿਚ ਸ਼ਿਰਕਤ ਨਹੀਂ ਕੀਤੀ। ਪੀਐੱਮ ਮੋਦੀ ਨੇ ਸਿਖ਼ਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸਾਰੇ ਹੀ ਪ੍ਰਮੁੱਖ ਕੌਮਾਂਤਰੀ ਮੁੱਦਿਆਂ ਨੂੰ ਛੋਹਿਆ। ਉਨ੍ਹਾਂ ਨੇ ਜੰਗ ਤੋਂ ਇਲਾਵਾ ਕੋਵਿਡ-19 ਮਹਾਮਾਰੀ, ਵਾਤਾਵਰਨ ਸਬੰਧੀ ਤਬਦੀਲੀਆਂ ਤੇ ਹੋਰ ਕੌਮਾਂਤਰੀ ਮਸਲਿਆਂ ਦੀ ਗੱਲ ਕੀਤੀ। ਸੱਚਮੁੱਚ ਜੰਗ ਨੇ ਗ਼ਰੀਬ ਦੇਸ਼ਾਂ ਲਈ ਬਹੁਤ ਸਾਰੀਆਂ ਔਕੜਾਂ ਖੜ੍ਹੀਆਂ ਕਰ ਦਿੱਤੀਆਂ ਹਨ ਕਿਉਂਕਿ ਉਨ੍ਹਾਂ ਨੂੰ ਸਸਤੀਆਂ ਦਵਾਈਆਂ, ਅਨਾਜ, ਮਸ਼ੀਨਰੀ ਤੇ ਰੋਜ਼ਮੱਰਾ ਦੀਆਂ ਜ਼ਰੂਰੀ ਵਸਤਾਂ ਮਿਲਣੀਆਂ ਬੰਦ ਹੋ ਗਈਆਂ ਹਨ। ਇਸ ਜੰਗ ਨੇ ਖ਼ਾਸ ਕਰਕੇ ਬਹੁਤ ਸਾਰੇ ਅਫ਼ਰੀਕੀ ਤੇ ਲਾਤੀਨੀ ਅਮਰੀਕੀ ਮੁਲਕਾਂ ਨੂੰ ਵਖ਼ਤ ਪਾਇਆ ਹੋਇਆ ਹੈ। ਕੌਮਾਂਤਰੀ ਪੱਧਰ ’ਤੇ ਮਹਿੰਗਾਈ ਹੁਣ ਸਿਖ਼ਰ ਛੋਹ ਰਹੀ ਹੈ। ਅਜਿਹੇ ਹਾਲਾਤ ਦੇ ਮੱਦੇਨਜ਼ਰ ਹੀ ਪੀਐੱਮ ਨਰਿੰਦਰ ਮੋਦੀ ਨੇ ਜਿੱਥੇ ਹੁਣ ਰੂਸ ਤੇ ਯੂਕਰੇਨ ਦੀ ਜੰਗ ਦੇ ਖ਼ਾਤਮੇ ਦੀ ਗੱਲ ਕੀਤੀ ਹੈ, ਉੱਥੇ ਅਮਰੀਕਾ ਨੂੰ ਵੀ ਇਹ ਜਤਾ ਦਿੱਤਾ ਹੈ ਕਿ ਜਿਸ ਤਰੀਕੇ ਉਹ ਰੂਸ ਉੱਤੇ ਪਾਬੰਦੀਆਂ ਲਾਉਣ ਦੀਆਂ ਗੱਲਾਂ ਕਰ ਰਿਹਾ ਹੈ, ਉਸ ਨੂੰ ਭਾਰਤ ਹੱਲਾਸ਼ੇਰੀ ਨਹੀਂ ਦਿੰਦਾ। ਇਸੇ ਲਈ ਉਨ੍ਹਾਂ ਇਹ ਵੀ ਕਿਹਾ ਕਿ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਭਾਰਤੀ ਅਰਥਵਿਵਸਥਾ ਲਈ ਊਰਜਾ ਸੁਰੱਖਿਆ ਬੇਹੱਦ ਅਹਿਮ ਹੈ। ਕਿਸੇ ਨੂੰ ਵੀ ਊਰਜਾ ਦੀ ਸਪਲਾਈ ਉੱਤੇ ਕਿਸੇ ਤਰ੍ਹਾਂ ਦੀਆਂ ਪਾਬੰਦੀਆਂ ਲਾਉਣ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ। ਊਰਜਾ ਬਾਜ਼ਾਰ ’ਚ ਸਥਿਰਤਾ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਮਹਾਮਾਰੀ ਤੋਂ ਬਾਅਦ ਪੂਰੀ ਦੁਨੀਆ ’ਚ ਇਕ ਨਵੀਂ ਵਿਵਸਥਾ ਕਾਇਮ ਕਰਨ ਦੀ ਜ਼ਿੰਮੇਵਾਰੀ ਸਾਡੀ ਸਭਨਾਂ ਦੀ ਆਪਣੀ ਹੈ। ਸਮੇਂ ਦੀ ਮੰਗ ਹੈ ਕਿ ਅਸੀਂ ਦੁਨੀਆ ’ਚ ਸ਼ਾਂਤੀ, ਸਦਭਾਵਨਾ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਠੋਸ ਤੇ ਸਮੂਹਿਕ ਸੰਕਲਪ ਲਈਏ। ਭਾਰਤੀ ਪੀਐੱਮ ਨੇ ਭਰੋਸਾ ਪ੍ਰਗਟਾਇਆ ਕਿ ਅਗਲੇ ਵਰ੍ਹੇ ਜਦੋਂ ਜੀ-20 ਦੇ ਆਗੂ ਮਹਾਤਮਾ ਗਾਂਧੀ ਤੇ ਮਹਾਤਮਾ ਬੁੱਧ ਦੀ ਪਵਿੱਤਰ ਜ਼ਮੀਨ ’ਤੇ ਮਿਲਣਗੇ ਤਾਂ ਅਸੀਂ ਸਾਰੇ ਸਹਿਮਤ ਹੋ ਕੇ ਦੁਨੀਆ ਨੂੰ ਇਕ ਮਜ਼ਬੂਤ ਸੰਦੇਸ਼ ਦਿਆਂਗੇ। ਇਸ ਦੌਰਾਨ ਬੁੱਧਵਾਰ ਨੂੰ ਇੰਡੋਨੇਸ਼ੀਆ ਨੇ ਜੀ-20 ਦੇਸ਼ਾਂ ਦੀ ਪ੍ਰਧਾਨਗੀ ਭਾਰਤ ਨੂੰ ਸੌਂਪ ਦਿੱਤੀ। ਇਹੋ ਆਸ ਕਰ ਸਕਦੇ ਹਾਂ ਕਿ ਅਗਲੇ ਸਿਖ਼ਰ ਸੰਮੇਲਨ ਵੇਲੇ ਜੀ-20 ਨਵੇਂ ਸਿਖ਼ਰਾਂ ’ਤੇ ਹੋਵੇਗਾ ਤੇ ਜੰਗ ਖ਼ਤਮ ਕਰਨ ਲਈ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਜ਼ਰੂਰ ਬੂਰ ਪਵੇਗਾ।

Posted By: Jagjit Singh