ਭਾਰਤ ਪ੍ਰਾਚੀਨ ਰਾਸ਼ਟਰ ਹੈ। ਇਹ ਕੇਵਲ ਲਗਪਗ ਡੇਢ ਅਰਬ ਲੋਕਾਂ ਦਾ ਜੋੜ ਜਾਂ ਇਤਿਹਾਸ ਅਤੇ ਭੂਗੋਲ ਦਾ ਅੰਗ ਹੀ ਨਹੀਂ ਹੈ। ਮਹਿਜ਼ ਇਕ ਦੇਸ਼ ਵੀ ਨਹੀਂ ਹੈ। ਇਹ ਇਕ ਬੇਮਿਸਾਲ ਸੱਭਿਆਚਾਰਕ ਅਹਿਸਾਸ ਹੈ। ਭਾਰਤੀ ਸੰਸਕ੍ਰਿਤੀ ਅਤੀ ਪ੍ਰਾਚੀਨ ਹੈ। ਵੈਦਿਕ ਕਾਲ ਅਤੇ ਉਸ ਤੋਂ ਪਹਿਲਾਂ ਤੋਂ ਹੀ ਇੱਥੇ ਸੰਸਕ੍ਰਿਤਕ ਪਰੰਪਰਾ ਦਾ ਵਹਾਅ ਹੈ।

ਜਾਣਨਾ, ਸੁਣਨਾ, ਸੁਣੇ ਗਏ ਨੂੰ ਚੇਤਿਆਂ ਵਿਚ ਸੰਭਾਲ ਕੇ ਰੱਖਣਾ ਅਤੇ ਸੁਣਾਉਣਾ ਉਪਨਿਸ਼ਦਾਂ ਵਿਚ ਵਰਤ ਕਿਹਾ ਗਿਆ ਹੈ। ਸ਼ਰੁਤੀ ਤੇ ਵੇਦ ਸਮਾਨ ਅਰਥਾਂ ਵਾਲੇ ਲਫ਼ਜ਼ ਹਨ। ਸ਼ਬਦ ਅਤੇ ਰੂਪ ਗਿਆਨ ਦੀ ਸਾਂਭ-ਸੰਭਾਲ ਯਾਦ ਹੈ। ਸੱਚ ਅਤੇ ਸੁੰਦਰ ਦੀ ਮੁੜ-ਸਿਰਜਣਾ ਕਰਨਾ ਸੰਸਕ੍ਰਿਤੀ ਹੈ। ਭਾਰਤੀ ਸੰਸਕ੍ਰਿਤੀ ਵਿਚ ਨਿਰੰਤਰਤਾ ਹੈ। ਸਥਾਈਪੁਣੇ ਸਹਿਤ ਤਮਾਮ ਪ੍ਰਤੀਕ ਅਤੇ ਯਾਦਗਾਰਾਂ ਖ਼ੁਸ਼ਹਾਲ ਵਿਰਾਸਤ ਦੀਆਂ ਧਰੋਹਰਾਂ ਹਨ। ਸਾਰੇ ਦੇਸ਼ ਆਪੋ-ਆਪਣੀਆਂ ਪ੍ਰਾਚੀਨ ਧਰੋਹਰਾਂ ਦੀ ਸਾਂਭ-ਸੰਭਾਲ ਅਤੇ ਮਜ਼ਬੂਤੀ ਕਰਦੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮਾਂਤਰੀ ਅਜਾਇਬਘਰ ਦਿਵਸ ਮੌਕੇ ਠੀਕ ਹੀ ਕਿਹਾ ਕਿ ਅਜਾਇਬਘਰਾਂ ਤੋਂ ਸਾਨੂੰ ਅਤੀਤ ਨਾਲ ਜੁੜਨ ਦੀ ਪ੍ਰੇਰਨਾ ਮਿਲਦੀ ਹੈ ਅਤੇ ਭਵਿੱਖ ਪ੍ਰਤੀ ਕਰਤੱਬ ਬੋਧ ਜਾਗਿ੍ਰਤ ਹੁੰਦਾ ਹੈ। ਕਿਸੇ ਵੀ ਸਮੇਂ ਦੇ ਸੱਭਿਆਚਾਰ ਨੂੰ ਠੀਕ ਤਰ੍ਹਾਂ ਸਮਝਣ ਲਈ ਅਜਾਇਬਘਰ ਸਭ ਤੋਂ ਵੱਡੀ ਪਾਠਸ਼ਾਲਾ ਹੁੰਦੇ ਹਨ। ਹੜੱਪਾ ਜਾਂ ਮਹਿੰਜੋਦੜੋ ਸੱਭਿਅਤਾਵਾਂ ਦਾ ਗਿਆਨ ਵੀ ਸਾਨੂੰ ਅਜਾਇਬਘਰਾਂ ’ਚ ਸੰਭਾਲੀਆਂ ਹੋਈਆਂ ਪੁਰਾਤਨ ਵਸਤਾਂ ਤੋਂ ਹੀ ਹੁੰਦਾ ਹੈ। ਇਨ੍ਹਾਂ ਵਸਤਾਂ ਰਾਹੀਂ ਸਾਨੂੰ ਉਸ ਸਮੇਂ ਦੇ ਮਨੁੱਖ ਦੇ ਰਹਿਣ-ਸਹਿਣ ਅਤੇ ਰੀਤੀ-ਰਿਵਾਜਾਂ ਦਾ ਪਤਾ ਚੱਲਦਾ ਹੈ। ਇਹ ਵੀ ਇਕ ਤੱਥ ਹੈ ਕਿ ਹੜੱਪਾ ਜਾਂ ਮਹਿੰਜੋਦੜੋ ਸੱਭਿਅਤਾਵਾਂ ਦੌਰਾਨ ਜੋ ਇਮਾਰਤਸਾਜ਼ੀ ਤੇ ਸ਼ਹਿਰੀ ਪ੍ਰਬੰਧ ਲਈ ਜੋ ਤਕਨੀਕਾਂ ਵਰਤੀਆਂ ਗਈਆਂ ਸਨ, ਉਹ ਅੱਜ ਦੀਆਂ ਅਤਿ-ਆਧੁਨਿਕ ਤਕਨੀਕਾਂ ਨੂੰ ਵੀ ਪਿੱਛੇ ਛੱਡਦੀਆਂ ਹਨ। ਉਦੋਂ ਦੇ ਡਰੇਨੇਜ ਸਿਸਟਮ ਤੇ ਭਵਨ ਨਿਰਮਾਣ ਕਲਾ ਦਾ ਕੋਈ ਸਾਨੀ ਨਹੀਂ ਹੈ।

ਤ੍ਰਾਸਦੀ ਇਹ ਹੈ ਕਿ ਸੈਂਕੜੇ ਸਾਲਾਂ ਦੀ ਗੁਲਾਮੀ ਵਿਚ ਦੇਸ਼ ਦੀਆਂ ਤਮਾਮ ਧਰੋਹਰਾਂ ਗੁਆਚ ਗਈਆਂ ਹਨ। ਬੇਸ਼ਕੀਮਤੀ ਪਾਂਡੂਲਿਪੀਆਂ ਅਤੇ ਲਾਇਬ੍ਰੇਰੀਆਂ ਨੂੰ ਸਾੜ ਦਿੱਤਾ ਗਿਆ। ਅਨੇਕ ਕਲਾਕ੍ਰਿਤੀਆਂ ਅਨੈਤਿਕ ਤਰੀਕੇ ਨਾਲ ਦੇਸ਼ ਤੋਂ ਬਾਹਰ ਲਿਜਾਈਆਂ ਗਈਆਂ। ਭਾਰਤ ਦੇ ਵਧਦੇ ਵੱਕਾਰ ਕਾਰਨ ਅਨੇਕ ਦੇਸ਼ਾਂ ਨੇ ਇਨ੍ਹਾਂ ਧਰੋਹਰਾਂ ਨੂੰ ਵਾਪਸ ਕਰਨਾ ਸ਼ੁਰੂ ਕੀਤਾ ਹੈ। ਆਜ਼ਾਦੀ ਤੋਂ ਬਾਅਦ ਕਈ ਦਹਾਕਿਆਂ ਵਿਚ ਵੀਹ ਤੋਂ ਵੀ ਘੱਟ ਕਲਾਕ੍ਰਿਤੀਆਂ ਭਾਰਤ ਆਈਆਂ ਪਰ ਬੀਤੇ ਨੌ ਸਾਲਾਂ ਵਿਚ ਲਗਪਗ 240 ਕਲਾਕ੍ਰਿਤੀਆਂ ਵਾਪਸ ਲਿਆਂਦੀਆਂ ਗਈਆਂ ਹਨ।

ਸੰਸਕ੍ਰਿਤਕ ਧਰੋਹਰਾਂ ਅਤੇ ਯਾਦਗਾਰਾਂ ਦੀ ਸੰਭਾਲ ਰਾਸ਼ਟਰੀ ਕਰਤੱਵ ਹੈ। ਸੰਵਿਧਾਨ ਦੀ ਧਾਰਾ 49 ਵਿਚ ਜ਼ਿਕਰ ਕੀਤਾ ਗਿਆ ਹੈ, ‘ਸੰਸਦ ਦੁਆਰਾ ਬਣਾਈ ਗਈ ਵਿਧੀ ਦੁਆਰਾ ਜਾਂ ਉਸ ਅਧੀਨ ਰਾਸ਼ਟਰੀ ਮਹੱਤਵ ਵਾਲੇ, ਐਲਾਨ ਕੀਤੇ ਗਏ ਕਲਾਤਮਕ ਜਾਂ ਇਤਿਹਾਸਕ ਦਿਲਚਸਪੀ ਵਾਲੇ ਹਰੇਕ ਸਮਾਰਕ, ਸਥਾਨ ਜਾਂ ਵਸਤੂ ਦਾ ਮੂੰਹ-ਮੱਥਾ ਖ਼ਰਾਬ ਕਰਨਾ, ਵਿਨਾਸ਼ ਤੇ ਨੁਕਸਾਨ ਤੋਂ ਹਿਫ਼ਾਜ਼ਤ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ।’

ਬਾਵਜੂਦ ਇਸ ਦੇ ਪਿਛਲੀਆਂ ਸਰਕਾਰਾਂ ਦੇ ਸਮੇਂ ਅਨੇਕ ਯਾਦਗਾਰਾਂ ਗਾਇਬ ਹੋ ਗਈਆਂ ਸਨ। ਸੰਨ 2009 ਵਿਚ ਲਾਪਤਾ ਯਾਦਗਾਰਾਂ ਦੀ ਗਿਣਤੀ 35 ਸੀ। ਭਾਰਤੀ ਪੁਰਾਤੱਤਵ ਸਰਵੇਖਣ ਏਜੰਸੀ ਅਰਥਾਤ ਏਐੱਸਆਈ ਮੁਤਾਬਕ 2018 ਤਕ 14 ਸਮਾਰਕ ਸ਼ਹਿਰੀਕਰਨ ਦਾ ਸ਼ਿਕਾਰ ਹੋਏ ਸਨ। ਚੌਵੀ ਸਮਾਰਕਾਂ ਦੀ ਜਾਣਕਾਰੀ ਨਹੀਂ ਸੀ। ਇਸੇ ਦੌਰਾਨ ਸੰਸਕ੍ਰਿਤੀ ਮੰਤਰਾਲੇ ਨਾਲ ਜੁੜੀ ਸਿੰਧੂ ਸੱਭਿਅਤਾ ਦੀ ਅਧਿਐਨ ਕਮੇਟੀ ਨੇ ਹਰਿਆਣਾ ਦੇ ਭਿਰਾਨਾ ਅਤੇ ਰਾਖੀਗੜ੍ਹੀ ਦੀ ਪੁਟਾਈ ਦੇ ਅਧਿਐਨ ਨੂੰ ਮਹੱਤਵ ਦਿੱਤਾ। ਕਾਰਬਨ ਡੇਟਿੰਗ ਅਨੁਸਾਰ ਈਸਾ ਪੂਰਵ 7000-6000 ਸਾਲ ਪੁਰਾਣੀ ਸੱਭਿਅਤਾ ਦਾ ਅਨੁਮਾਨ ਕੀਤਾ ਗਿਆ ਸੀ। ਕਮੇਟੀ ਨੇ 9000 ਸਾਲ ਪਿੱਛੇ ਦੇ ਅਰਸੇ ਨੂੰ ਵੈਦਿਕ ਕਾਲ ਦੀ ਸੱਭਿਅਤਾ ਨਾਲ ਜੋੜ ਕੇ ਅਧਿਐਨ ਕਰਨ ’ਤੇ ਜ਼ੋਰ ਦਿੱਤਾ ਸੀ। ਏਐੱਸਆਈ ਕਮੇਟੀ ਦੇ ਮੁਖੀ ਕੇਐੱਨ ਦੀਕਸ਼ਤ ਨੇ ਕਿਹਾ ਸੀ ਕਿ ਕਾਰਬਨ ਡੇਟਿੰਗ ਦੇ ਸਿੱਟੇ ਨੂੰ ਰਿੱਗਵੇਦ, ਰਾਮਾਇਣ ਅਤੇ ਮਹਾਭਾਰਤ ਦੇ ਸਮੇਂ ਨਾਲ ਜੋੜ ਕੇ ਸਮਝਿਆ ਜਾਣਾ ਚਾਹੀਦਾ ਹੈ। ਸਾਹਿਤਕ ਸਬੂਤਾਂ ਨਾਲ ਵੀ ਇਨ੍ਹਾਂ ਧਰੋਹਰਾਂ ਦੀ ਪ੍ਰਾਚੀਨਤਾ ਤੈਅ ਕੀਤੀ ਜਾ ਸਕਦੀ ਹੈ।

ਭਾਰਤ ਨੂੰ ਕਈ ਸੰਸਕ੍ਰਿਤੀਆਂ ਦਾ ਦੇਸ਼ ਦੱਸਣ ਵਾਲੇ ਕਥਿਤ ਵਿਦਵਾਨ ਹੜੱਪਾ ਸੱਭਿਅਤਾ ਨੂੰ ਵੈਦਿਕ ਸੱਭਿਅਤਾ ਤੋਂ ਪ੍ਰਾਚੀਨ ਦੱਸਦੇ ਹਨ। ਉਹ ਸੁਮੇਰੀ ਸੱਭਿਅਤਾ ਨੂੰ ਹੜੱਪਾ ਤੋਂ ਪ੍ਰਾਚੀਨ ਦੱਸਦੇ ਹਨ। ਉਹ ਵੈਦਿਕ ਸ਼ਬਦ ਸਬੂਤਾਂ ’ਤੇ ਧਿਆਨ ਨਹੀਂ ਦਿੰਦੇ। ਰਿੱਗਵੇਦ ਵਿਚ ਸਰਸਵਤੀ ਨਦੀ ਜਲ ਭਰੀ ਹੈ। ਇਹ ਤੱਥ ਹੜੱਪਾ ਤੋਂ ਪ੍ਰਾਚੀਨ ਹਨ।

ਭਾਰਤ ਸੁਮੇਰ ਅਤੇ ਮਿਸਰ ਦੇ ਸਬੰਧਾਂ ਨੂੰ ਰਿੱਗਵੇਦ ਦੇ ਪ੍ਰਕਾਸ਼ ਵਿਚ ਦੇਖਿਆ ਜਾਣਾ ਚਾਹੀਦਾ ਹੈ। ਕੁਝ ਇਤਿਹਾਸ ਵਿਵੇਚਕ ਰਿੱਗਵੇਦ ਨੂੰ ਸਬੂਤ ਨਹੀਂ ਮੰਨਦੇ। ਉਨ੍ਹਾਂ ਦੇ ਦ੍ਰਿਸ਼ਟੀਕੋਣ ਵਿਚ ਪੁਰਾਤੱਤਵ ਦਾ ਅਰਥ ਭਵਨ ਨਿਰਮਾਣ ਦੀ ਵਿੱਦਿਆ ਨਾਲ ਸਬੰਧਤ ਵਸਤਾਂ ਹੀ ਹਨ। ਭਵਨ ਨਿਰਮਾਣ ਹੀ ਪ੍ਰਾਚੀਨਤਾ ਦਾ ਸਬੂਤ ਨਹੀਂ ਹੁੰਦਾ। ਇਹ ਪ੍ਰਾਚੀਨਤਾ ਸ਼ਬਦ ਵਿਚ ਵੀ ਹੋ ਸਕਦੀ ਹੈ ਅਤੇ ਸ਼ਿਲਪ ਜਾਂ ਭਵਨ ਨਿਰਮਾਣ ਕਲਾ ਨਾਲ ਸਬੰਧਤ ਵਸਤਾਂ ਵਿਚ ਵੀ। ਯੂਨੈਸਕੋ ਨੇ ਰਿੱਗਵੇਦ ਨੂੰ ਵਿਸ਼ਵ ਧਰੋਹਰ ਐਲਾਨ ਕੀਤਾ ਸੀ ਕਿਉਂਕਿ ਇਹ ਮਾਨਵਤਾ ਦਾ ਸਭ ਤੋਂ ਪ੍ਰਾਚੀਨ ਸ਼ਬਦ ਸਬੂਤ ਹੈ। ਭਾਰਤ ਵਿਸ਼ਵ ਧਰੋਹਰ ਸੰਪਦਾ ਵਿਚ ਵੱਕਾਰ ਵਾਲਾ ਮੁਲਕ ਹੈ। ਇੱਥੇ ਵਿਸ਼ਵ ਧਰੋਹਰਾਂ ਦੀ ਸੂਚੀ ਵਿਚ 35 ਤੋਂ ਜ਼ਿਆਦਾ ਸਥਾਨ ਹਨ। ਕੁੰਭ ਨੂੰ ਵੀ ਯੂਨੈਸਕੋ ਨੇ ਇਸ ਸੂਚੀ ਵਿਚ ਸ਼ਾਮਲ ਕੀਤਾ ਹੈ।

ਭਾਰਤ ਹੋਰ ਤਮਾਮ ਸਥਾਨਾਂ ਨੂੰ ਵਿਸ਼ਵ ਧਰੋਹਰ ਦੀ ਸੂਚੀ ਵਿਚ ਸ਼ਾਮਲ ਕਰਵਾਉਣ ਲਈ ਯਤਨਸ਼ੀਲ ਹੈ। ਇਸਲਾਮੀ ਹਮਲੇ ਤੋਂ ਪਹਿਲਾਂ ਭਾਰਤ ਵਿਚ ਲੱਖਾਂ ਮੰਦਰ ਸਨ। ਮੁਹੰਮਦ ਬਿਨ ਕਾਸਿਮ ਦੇ ਹਮਲੇ ਤੋਂ ਲੈ ਕੇ ਔਰੰਗਜ਼ੇਬ ਤਕ ਮੰਦਰਾਂ ਨੂੰ ਢਾਹੁਣ ਵਾਲਾ ਕਲੰਕਿਤ ਇਤਿਹਾਸ ਹੈ। ਅਨੇਕ ਮੰਦਰਾਂ ਨੂੰ ਤੋੜ ਕੇ ਉਸੇ ਸਮੱਗਰੀ ਨਾਲ ਮਸਜਿਦਾਂ ਬਣਾਈਆਂ ਗਈਆਂ ਸਨ।

ਦੁਖੀ ਹਿੰਦੂਆਂ ਨੇ ਇਸੇ ਵਿਰਾਸਤ ਲਈ ਸੰਘਰਸ਼ ਕੀਤਾ। ਸੋਮਨਾਥ ਦੀ ਤਬਾਹੀ ਅਤੇ ਪੁਨਰ-ਨਿਰਮਾਣ ਜਗ-ਜ਼ਾਹਰ ਹੈ। ਅਯੁੱਧਿਆ ਦੇ ਸ੍ਰੀਰਾਮ ਜਨਮ ਭੂਮੀ ਮੰਦਰ ਨੂੰ ਲੈ ਕੇ ਇਤਿਹਾਸਕ ਅੰਦੋਲਨ ਹੋਇਆ। ਮੰਦਰ ਨਿਰਮਾਣ ਅਧੀਨ ਹੈ। ਗਿਆਨਵਾਪੀ ਦਾ ਮਾਮਲਾ ਅਦਾਲਤ ਵਿਚ ਵਿਚਾਰਅਧੀਨ ਹੈ। ਸ੍ਰੀਕ੍ਰਿਸ਼ਨ ਜਨਮ ਭੂਮੀ ਨੂੰ ਲੈ ਕੇ ਵੀ ਮੁਕੱਦਮਾ ਚੱਲ ਰਿਹਾ ਹੈ। ਦਿੱਲੀ ਵਿਚ ਕਈ ਮੰਦਰਾਂ ਨੂੰ ਤੋੜ ਕੇ ਉਸੇ ਸਮੱਗਰੀ ਨਾਲ ਬਣਾਈ ਗਈ ਮਸਜਿਦ ‘ਕੁਵਤ-ਉਲ-ਇਸਲਾਮ’ ਭਾਰਤੀ ਸਵੈਮਾਣ ਨੂੰ ਚੁਣੌਤੀ ਬਣ ਗਈ ਹੈ। ਜੌਨਪੁਰ ਦੀ ਅਟਾਲਾ ਮਸਜਿਦ ਅਟਾਲਾ ਦੇਵੀ ਮੰਦਰ ’ਤੇ ਬਣਾਈ ਗਈ ਦੱਸੀ ਜਾਂਦੀ ਹੈ। ਬੰਗਾਲ ਦੇ ਪੰਡੂਆ ਵਿਚ ਮੰਦਰ ਦੀ ਜਗ੍ਹਾ ਮਸਜਿਦ ਹੈ। ਭਾਰਤੀ ਰਾਸ਼ਟਰ ਸੰਸਕ੍ਰਿਤਕ ਧਾਰਨਾ ਹੈ। ਸੰਸਕ੍ਰਿਤੀ ਦਾ ਪ੍ਰਗਟਾਵਾ ਭਵਨ ਨਿਰਮਾਣ ਕਲਾ ਅਤੇ ਹੋਰ ਪ੍ਰਤੀਕਾਂ ਜ਼ਰੀਏ ਵੀ ਹੁੰਦਾ ਹੈ। ਅਜਿਹੀਆਂ ਸਾਰੀਆਂ ਧਰੋਹਰਾਂ ਭਾਰਤ ਦੇ ਮਨ ਨੂੰ ਰਾਸ਼ਟਰੀ ਸਵੈਮਾਣ ਨਾਲ ਭਰਦੀਆਂ ਹਨ।

ਉਨ੍ਹਾਂ ਸਦਕਾ ਅਸੀਂ ਆਪਣੇ ਬਹਾਦਰੀ ਭਰੇ ਅਤੀਤ ਨਾਲ ਜੁੜਦੇ ਹਾਂ। ਅਤੀਤ ਤੋਂ ਵਰਤਮਾਨ ਤਕ ਭਾਰਤ ਵਿਚ ਇਕ ਸਮਾਨ ਦਾਰਸ਼ਨਿਕ ਸੰਸਕ੍ਰਿਤਕ ਨਿਰੰਤਰਤਾ ਹੈ ਪਰ ਕਥਿਤ ਉਦਾਰਵਾਦੀਆਂ ਨੇ ਇਸ ਨੂੰ ਮਿਲੀ-ਜੁਲੀ ਸੰਸਕ੍ਰਿਤੀ ਜਾਂ ਕੰਪੋਜ਼ਿਟ ਕਲਚਰ ਦੱਸਿਆ। ਸੁਪਰੀਮ ਕੋਰਟ ਨੇ ਸੰਨ 1994 ਤੋਂ ਬਾਅਦ ਕਿਹਾ, ‘ਇਸ ਦੇਸ਼ ਦੇ ਲੋਕਾਂ ਵਿਚ ਅਨੇਕ ਭਿੰਨਤਾਵਾਂ ਹਨ। ਉਹ ਇਸ ’ਤੇ ਮਾਣ ਮਹਿਸੂਸ ਕਰਦੇ ਹਨ ਕਿ ਉਹ ਇਕ ਆਮ ਵਿਰਾਸਤ ਦੇ ਸਹਿਭਾਗੀ ਹਨ।

ਉਹ ਵਿਰਾਸਤ ਹੋਰ ਕੁਝ ਨਹੀਂ, ਸੰਸਕ੍ਰਿਤੀ ਦੀ ਵਿਰਾਸਤ ਹੈ।’ ਭਾਰਤੀ ਸੰਸਕ੍ਰਿਤੀ ਦੇ ਤਮਾਮ ਕੇਂਦਰ ਦੇਸ਼ ਦੇ ਬਟਵਾਰੇ ਤੋਂ ਬਾਅਦ ਪਾਕਿਸਤਾਨ ਵਿਚ ਹਨ। ਭੂ-ਖੇਤਰਾਂ ਦੀ ਮਲਕੀਅਤ ਬਦਲਿਆ ਕਰਦੀ ਹੈ, ਪਰ ਵਿਰਾਸਤ ਨਹੀਂ। ਬਟਵਾਰੇ ਤੋਂ ਬਾਅਦ ਪਾਕਿਸਤਾਨ ਵਿਚ ਪ੍ਰਾਚੀਨ ਭਾਰਤੀ ਪਰੰਪਰਾ ਤੋਂ ਮੁਕਤੀ ਦੀ ਮੁਹਿੰਮ ਚੱਲੀ।

ਬਿ੍ਰਟਿਸ਼ ਪੁਰਾਤੱਤਵ ਵਿਦਵਾਨ ਵ੍ਹੀਲਰ ਨੇ ਪਾਕਿਸਤਾਨ ਨੂੰ ਉਹ ਇਤਿਹਾਸਕ ਸਮੱਗਰੀ ਦੇਣ ਦੀ ਕੋਸ਼ਿਸ਼ ਕੀਤੀ ਸੀ ਜਿਸ ਬਾਰੇ ਲੋਕਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਸੀ। ਸੰਨ 1949 ਵਿਚ ‘ਪਾਕਿਸਤਾਨ ਕਵਾਰਟਰਲੀ’ ਵਿਚ ‘ਪਾਕਿਸਤਾਨ 4000 ਸਾਲ ਪਹਿਲਾਂ’ ਸਿਰਲੇਖ ਵਾਲਾ ਉਨ੍ਹਾਂ ਦਾ ਲੇਖ ਛਪਿਆ ਸੀ।

ਉਦੋਂ ਪਾਕਿਸਤਾਨ ਦੀ ਉਮਰ ਦੋ ਸਾਲ ਸੀ। ਵ੍ਹੀਲਰ ਦਾ ਇਰਾਦਾ ਪਾਕਿਸਤਾਨ ਨੂੰ ਭਾਰਤੀ ਵਿਰਾਸਤ ਤੋਂ ਮੁਕਤ ਕਰਨਾ ਸੀ। ਪਾਕਿਸਤਾਨ ਅਤੇ ਉਸ ਦੇ ਸਮਰਥਕ ਵਿਦਵਾਨਾਂ ਦੀ ਨਹੀਂ ਚੱਲੀ। ਪਾਕਿਸਤਾਨ ਦੀ ਆਪਣੀ ਕੋਈ ਵਿਰਾਸਤ ਨਹੀਂ ਹੈ। ਭਾਰਤ ਅਤੇ ਭਾਰਤੀ ਸੰਸਕ੍ਰਿਤੀ ਦੀਆਂ ਧਰੋਹਰਾਂ ਵੱਲ ਸਾਰੀ ਦੁਨੀਆ ਟਿਕਟਿਕੀ ਲਗਾ ਕੇ ਦੇਖ ਰਹੀ ਹੈ। ਭਾਰਤ ਖ਼ੁਦ ਹੀ ਵਿਸ਼ਵ ਪ੍ਰਸਿੱਧ ਕੌਮਾਂਤਰੀ ਧਰੋਹਰ ਹੈ।

-ਹਿਰਦੇਨਾਰਾਇਣ ਦੀਕਸ਼ਤ

-(ਲੇਖਕ ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਸਾਬਕਾ ਸਪੀਕਰ ਹੈ)।

Posted By: Jagjit Singh