-ਡਾ. ਮੋਨਿਕਾ ਵਰਮਾ

ਕੁਝ ਦਿਨ ਪਹਿਲਾਂ ਵਿਸ਼ਵ ਭਰ ਦੀਆਂ ਵਿੱਦਿਅਕ ਸੰਸਥਾਵਾਂ ਨਾਲ ਜੁੜੀ ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗ ਰਿਪੋਰਟ ਜਾਰੀ ਹੋਈ। ਇਸ ਵਿਚ ਅੱਠ ਭਾਰਤੀ ਸੰਸਥਾਵਾਂ ਨੇ ਚੋਟੀ ਦੀਆਂ 400 ਸੰਸਥਾਵਾਂ ਵਿਚ ਜਗ੍ਹਾ ਬਣਾਈ ਹੈ। ਇਨ੍ਹਾਂ ਵਿਚ ਦੇਸ਼ ਦੇ ਸੱਤ ਭਾਰਤੀ ਤਕਨੀਕੀ ਸੰਸਥਾਨ ਅਰਥਾਤ ਆਈਆਈਟੀ ਅਤੇ ਬੈਂਗਲੁਰੂ ਸਥਿਤ ਭਾਰਤੀ ਵਿਗਿਆਨ ਸੰਸਥਾਨ (ਆਈਆਈਐੱਸਸੀ) ਸ਼ਾਮਲ ਹਨ। ਇਸ ਵਾਰ ਆਈਆਈਟੀ ਬੰਬਈ ਨੇ ਭਾਰਤੀ ਵਿਗਿਆਨ ਸੰਸਥਾ ਨੂੰ ਪਛਾੜ ਕੇ 177ਵੇਂ ਸਥਾਨ ’ਤੇ ਆਪਣੀ ਹੋਂਦ ਦਰਜ ਕਰਵਾਈ ਹੈ। ਓਥੇ ਹੀ ਭਾਰਤੀ ਵਿਗਿਆਨ ਸੰਸਥਾ ਇਸ ਸਾਲ 186ਵੇਂ ਨੰਬਰ ਉੱਤੇ ਖਿਸਕ ਗਈ ਹੈ। ਇਸ ਦੇ ਉਲਟ ਗ਼ੈਰ ਤਕਨੀਕੀ ਸੰਸਥਾਵਾਂ ਵਿਚੋਂ ਇਕ ਵੀ ਸੰਸਥਾ ਚੋਟੀ ਦੇ 500 ਅਦਾਰਿਆਂ ਵਿਚ ਆਪਣੀ ਜਗ੍ਹਾ ਨਹੀਂ ਬਣਾ ਸਕੀ। ਦਿੱਲੀ ਯੂਨੀਵਰਸਿਟੀ, ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਰਗੀਆਂ ਦੇਸ਼ ਦੀਆਂ ਨਾਮੀ-ਗਿਰਾਮੀ ਸੰਸਥਾਵਾਂ ਵੀ ਇਸ ਸੂਚੀ ਵਿਚ ਕਾਫ਼ੀ ਹੇਠਲੇ ਸਥਾਨਾਂ ’ਤੇ ਹਨ। ਉਹ ਕ੍ਰਮਵਾਰ 501-510 ਅਤੇ 561-570 ’ਤੇ ਹੀ ਆਪਣੀ ਜਗ੍ਹਾ ਬਣਾ ਸਕੀਆਂ ਹਨ। ਸਵਾਲ ਹੈ ਕਿ ਭਾਰਤ ਦੀ ਇਕ ਵੀ ਯੂਨੀਵਰਸਿਟੀ ਚੋਟੀ ਦੀਆਂ 10 ਤਾਂ ਛੱਡੋ, ਚੋਟੀ ਦੀਆਂ 100 ਵਿਚ ਵੀ ਜਗ੍ਹਾ ਕਿਉਂ ਨਹੀਂ ਬਣਾ ਸਕੀ?

ਏਸ਼ੀਆ ਵਿਚ ਅੱਵਲ ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਰਹੀ ਜਿਸ ਦੀ ਰੈਂਕਿੰਗ 11 ਮੰਨੀ ਗਈ। ਦਰਅਸਲ, ਇਸ ਸਰਵੇ ਵਿਚ ਯੂਨੀਵਰਸਿਟੀਆਂ ਦੀ ਗੁਣਵੱਤਾ ਨੂੰ ਮਾਪਿਆ ਜਾਂਦਾ ਹੈ। ਇਸ ਵਿਚ ਉਨ੍ਹਾਂ ਦੀ ਵਿੱਦਿਅਕ ਗੁਣਵੱਤਾ, ਉਨ੍ਹਾਂ ਦਾ ਨਿਯੁਕਤੀ ਵੱਕਾਰ, ਵਿੱਦਿਅਕ ਫੈਕਲਟੀ ਵੱਲੋਂ ਲਿਖੇ ਗਏ ਖੋਜ ਪੱਤਰਾਂ ਦੀ ਕੁੱਲ ਸਾਇਟੇਸ਼ਨ ਦੀ ਗਿਣਤੀ ਅਤੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਆਦਿ ਦੇ ਆਧਾਰ ’ਤੇ ਉਨ੍ਹਾਂ ਦੀ ਰੈਂਕਿੰਗ ਤੈਅ ਕੀਤੀ ਜਾਂਦੀ ਹੈ। ਕਿਉਂਐੱਸ ਵਰਲਡ ਯੂਨੀਵਰਸਿਟੀ ਰੈਂਕਿੰਗ ਬਰਤਾਨੀਆ ਦੀ ਇਕ ਨਿੱਜੀ ਕੰਪਨੀ ਕਵਾਕਰੇਲੀ ਸਾਇਮੰਡਜ਼ ਦੁਆਰਾ ਛਾਪੀ ਜਾਣ ਵਾਲੀ ਇਕ ਸਾਲਾਨਾ ਰਿਪੋਰਟ ਹੈ। ਇਸ ਦੇ ਬਾਵਜੂਦ ਕਿਊਐੱਸ ਰੈਂਕਿੰਗ ਖ਼ਾਸੀ ਵੱਕਾਰੀ ਮੰਨੀ ਜਾਂਦੀ ਹੈ। ਹਾਲਾਂਕਿ ਇਸ ਦੇ ਆਲੋਚਕਾਂ ਦੀ ਰਾਇ ਉਲਟ ਹੈ। ਉਹ ਮੰਨਦੇ ਹਨ ਕਿ ਇਹ ਰੈਂਕਿੰਗ ਬ੍ਰਾਂਡ ਮੁੱਲ ਨੂੰ ਖੋਜ-ਅਨੁਸੰਧਾਨ ਦੇ ਮੁਕਾਬਲੇ ਜ਼ਿਆਦਾ ਮਹੱਤਤਾ ਦਿੰਦੀ ਹੈ। ਟਾਈਮਜ਼ ਹਾਇਰ ਐਜੂਕੇਸ਼ਨ ਰੈਂਕਿੰਗ ਅਤੇ ਅਕਾਦਮਿਕ ਵਰਲਡ ਯੂਨੀਵਰਸਿਟੀ ਰੈਂਕਿੰਗ ਵੀ ਵਿਸ਼ਵ ਪੱਧਰ ’ਤੇ ਵੱਕਾਰੀ ਰੈਂਕਿੰਗ ’ਚੋਂ ਇਕ ਹਨ। ਕਿਊਐੱਸ ਵਰਲਡ ਰੈਂਕਿੰਗ ਦੇ ਇਲਾਵਾ ਭਾਰਤੀ ਯੂਨੀਵਰਸਿਟੀਆਂ ਦੀ ਸਥਿਤੀ ਟਾਈਮਜ਼ ਹਾਇਰ ਐਜੂਕੇਸ਼ਨ ਰੈਂਕਿੰਗ ਵਿਚ ਵੀ ਚੰਗੀ ਨਹੀਂ ਹੈ। ਇਸ ਸਾਲ ਜਾਰੀ ਹੋਈ ਰੈਂਕਿੰਗ ਵਿਚ ਸਿਰਫ਼ ਤਿੰਨ ਭਾਰਤੀ ਸਿੱਖਿਆ ਸੰਸਥਾਵਾਂ ਹੀ ਚੋਟੀ ਦੀਆਂ 100 ਵਿਚ ਜਗ੍ਹਾ ਬਣਾ ਸਕੀਆਂ ਹਨ। ਇੱਥੇ ਵੀ ਚੋਟੀ ਦੀਆਂ 10 ਯੂਨੀਵਰਸਿਟੀਆਂ ਵਿਚੋਂ ਇਕ ਵੀ ਭਾਰਤੀ ਯੂਨੀਵਰਸਿਟੀ ਨਹੀਂ ਹੈ। ਭਾਰਤ ਦੇ ਮੁਕਾਬਲੇ ਚੀਨ ਦੀਆਂ 6 ਯੂਨੀਵਰਸਿਟੀਆਂ ਟਾਈਮਜ਼ ਹਾਇਰ ਐਜੂਕੇਸ਼ਨ ਰੈਂਕਿੰਗ ਦੀਆਂ ਮੋਹਰੀ 100 ਵਿਚ ਸ਼ਾਮਲ ਹਨ। ਕਿਊਐੱਸ ਸਰਵੇਖਣ ਮੁਤਾਬਕ ਭਾਰਤੀ ਯੂਨੀਵਰਸਿਟੀਆਂ ਦੀ ਹਾਲਤ ਚੀਨ ਨਾਲੋਂ ਬੇਹੱਦ ਖ਼ਰਾਬ ਹੈ। ਇਸ ਵਿਚ ਚੀਨ ਦੀਆਂ 2 ਸੰਸਥਾਵਾਂ ਟਾਪ 20 ਵਿਚ ਅਤੇ ਲਗਪਗ 6 ਟਾਪ 100 ਵਿਚ ਸ਼ਾਮਲ ਹਨ। ਉਂਜ ਸਭ ਵਰਲਡ ਰੈਂਕਿੰਗ ਰਿਪੋਰਟਾਂ ’ਤੇ ਅਕਸਰ ਸਵਾਲੀਆ ਨਿਸ਼ਾਨ ਵੀ ਲੱਗਦੇ ਰਹਿੰਦੇ ਹਨ। ਭਾਰਤ ਦੀਆਂ ਸਭ ਆਈਆਈਟੀ ਸੰਸਥਾਵਾਂ ਨੇ ਤਾਂ ਬੀਤੇ ਵਰ੍ਹੇ ਟਾਈਮਜ਼ ਹਾਇਰ ਐਜੂਕੇਸ਼ਨ ਰੈਂਕਿੰਗ ਦਾ ਬਾਈਕਾਟ ਤਕ ਕਰ ਦਿੱਤਾ ਸੀ। ਆਈਆਈਟੀ ਦਿੱਲੀ ਦੇ ਨਿਰਦੇਸ਼ਕ ਨੇ ਹਾਲ ਹੀ ਵਿਚ ਕਿਹਾ ਸੀ ਕਿ ਇਸ ਤਰ੍ਹਾਂ ਦੀਆਂ ਸਾਰੀਆਂ ਰੈਂਕਿੰਗਜ਼ ਬ੍ਰਾਂਡ ਵਿਜ਼ਿਬਿਲਟੀ ਨੂੰ ਜ਼ਰੂਰਤ ਤੋਂ ਵੱਧ ਅਹਿਮੀਅਤ ਦਿੰਦੀਆਂ ਹਨ ਜਿਸ ਕਾਰਨ ਆਈਆਈਟੀ ਵਰਗੀਆਂ ਸੰਸਥਾਵਾਂ ਵੀ ਮਾਤ ਖਾ ਜਾਂਦੀਆਂ ਹਨ ਪਰ ਆਈਆਈਟੀ ਵਿਚ ਕੌਮਾਂਤਰੀ ਟੀਚਿੰਗ ਫੈਕਲਟੀ ਦੀ ਭਾਰੀ ਕਮੀ ’ਤੇ ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਹਰ ਪੱਧਰ ’ਤੇ ਮੌਜੂਦ ਨੀਤੀਆਂ ਨਾਲ ਜੁੜੀਆਂ ਚੁਣੌਤੀਆਂ ਹਨ।

ਰੈਂਕਿੰਗ ਪ੍ਰਕਿਰਿਆ ਦੀਆਂ ਤਮਾਮ ਖਾਮੀਆਂ ਦੇ ਬਾਵਜੂਦ ਇਸ ਗੱਲ ਨੂੰ ਕੋਈ ਨਕਾਰ ਨਹੀਂ ਸਕਦਾ ਕਿ ਭਾਰਤੀ ਯੂਨੀਵਰਸਿਟੀ ਪ੍ਰਣਾਲੀ ਦਾ ਖੋਜ-ਅਨੁਸੰਧਾਨ ’ਤੇ ਧਿਆਨ ਹੋਰ ਵੱਡੇ ਦੇਸ਼ਾਂ ਦੇ ਮੁਕਾਬਲੇ ਲਗਪਗ ਨਾ ਦੇ ਬਰਾਬਰ ਹੀ ਹੈ। ਜਿੱਥੇ ਅਮਰੀਕਾ ਵਿਚ ਖੋਜ ਕਰਨ ਵਾਲੀਆਂ ਯੂਨੀਵਰਸਿਟੀਆਂ ਦਾ ਅਲੱਗ ਤਰ੍ਹਾਂ ਨਾਲ ਵਰਗੀਕਰਨ ਕੀਤਾ ਜਾਂਦਾ ਹੈ, ਓਥੇ ਹੀ ਚੀਨ ਨੇ ਆਪਣੀਆਂ ਯੂਨੀਵਰਸਿਟੀਆਂ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਕਈ ਤਰ੍ਹਾਂ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਹੈ। ਇਨ੍ਹਾਂ ਵਿਚੋਂ ਪ੍ਰਾਜੈਕਟ-985 ਅਤੇ ਪ੍ਰਾਜੈਕਟ-211 ਸਭ ਤੋਂ ਮਹੱਤਵਪੂਰਨ ਯੋਜਨਾਵਾਂ ਹਨ। ਇਨ੍ਹਾਂ ਦੋਵਾਂ ਹੀ ਪ੍ਰਾਜੈਕਟਾਂ ਦੀ ਸ਼ੁਰੂਆਤ ਚੀਨ ਨੇ ਪਿਛਲੀ ਸਦੀ ਦੇ ਅੰਤਿਮ ਦਹਾਕੇ ਵਿਚ ਹੀ ਕਰ ਦਿੱਤੀ ਸੀ। ਇਨ੍ਹਾਂ ਦੇ ਤਹਿਤ ਨਾ ਸਿਰਫ਼ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਦੀ ਨੀਂਹ ਰੱਖੀ ਗਈ ਸਗੋਂ ਪਹਿਲਾਂ ਤੋਂ ਹੀ ਸਥਾਪਿਤ ਸੰਸਥਾਵਾਂ ਨੂੰ ਵੀ ਖੋਜ ਸੋਮਿਆਂ ਦੀ ਦ੍ਰਿਸ਼ਟੀ ਨਾਲ ਹੋਰ ਮਜ਼ਬੂਤ ਕੀਤਾ ਗਿਆ। ਇਸੇ ਕਾਰਨ ਅੱਜ ਚੀਨ ਦੀਆਂ ਇਹ ਸੰਸਥਾਵਾਂ ਵਿਸ਼ਵ ਪੱਧਰੀ ਰੈਂਕਿੰਗ ਵਿਚ ਆਪਣੀ ਜਗ੍ਹਾ ਬਣਾਉਣ ਦੇ ਨਾਲ-ਨਾਲ ਖੋਜ-ਅਨੁਸੰਧਾਨ ਦੇ ਖੇਤਰ ਵਿਚ ਨਵੇਂ ਕੀਰਤੀਮਾਨ ਵੀ ਬਣਾ ਰਹੀਆਂ ਹਨ। ਇਕ ਸੂਚਕ ਅੰਕ ਮੁਤਾਬਕ ਵਿਸ਼ਵ ਵਿਚ ਸਭ ਤੋਂ ਤੇਜ਼ੀ ਨਾਲ ਖੋਜ ਕਰ ਰਹੀਆਂ ਯੂਨੀਵਰਸਿਟੀਆਂ ਦੀ ਰੈਂਕਿੰਗ ਵਿਚ ਟਾਪ 10 ਸਾਰੇ ਪਾਏਦਾਨਾਂ ’ਤੇ ਚੀਨੀ ਸੰਸਥਾਵਾਂ ਹੀ ਬਰਕਰਾਰ ਹਨ। ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਅਨੁਸੰਧਾਨ ਕਰਨ ਵਾਲੀਆਂ ਯੂਨੀਵਰਸਿਟੀਆਂ ਦਾ ਅਲੱਗ ਤੋਂ ਕੋਈ ਵੀ ਵਰਗੀਕਰਨ ਨਹੀਂ ਕੀਤਾ ਜਾਂਦਾ। ਇੱਥੇ ਅੱਜ ਵੀ ਉੱਚ ਸਿੱਖਿਆ ਸੰਸਥਾਵਾਂ ਦਾ ਸਾਰਾ ਧਿਆਨ ਸਿਰਫ਼ ਪੜ੍ਹਾਈ-ਲਿਖਾਈ ’ਤੇ ਹੀ ਕੇਂਦ੍ਰਿਤ ਹੈ, ਖੋਜ-ਅਨੁਸੰਧਾਨ ’ਤੇ ਨਹੀਂ ਅਤੇ ਨਿੱਜੀ ਖੇਤਰ ਦੀਆਂ ਯੂਨੀਵਰਸਿਟੀਆਂ ਦੇ ਤਾਂ ਕਹਿਣੇ ਹੀ ਕੀ?

ਗ਼ੌਰਤਲਬ ਹੈ ਕਿ ਕਈ ਵਿੱਦਿਅਕ ਸੰਸਥਾਵਾਂ ਵਿਚ ਤਾਂ ਅੱਜ-ਕੱਲ੍ਹ ਮੁਕਾਬਲੇਬਾਜ਼ੀ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਲਈ ਅਲੱਗ ਤੋਂ ਫੈਕਲਟੀਆਂ ਖੋਲ੍ਹ ਦਿੱਤੀਆਂ ਗਈਆਂ ਹਨ। ਜਿੱਥੇ ਵਿਸ਼ਵ ਅੱਜ ਨਵੀਆਂ-ਨਵੀਆਂ ਖੋਜਾਂ ਵੱਲ ਵੱਧ ਰਿਹਾ ਹੈ, ਓਥੇ ਹੀ ਯੂਨੀਵਰਸਿਟੀਆਂ ਦਾ ਮੌਜੂਦਾ ਹਾਲ ਭਾਰਤ ਲਈ ਨੁਕਸਾਨਦਾਇਕ ਸਿੱਧ ਹੋ ਸਕਦਾ ਹੈ। ਵਿਸ਼ਵ ਸ਼ਕਤੀ ਬਣਨ ਦੀ ਉਮੀਦ ਦੀ ਪੂਰਤੀ ਲਈ ਇਹ ਬਹੁਤ ਜ਼ਰੂਰੀ ਹੈ ਕਿ ਭਾਰਤ ਆਪਣੀ ਉੱਚ ਸਿੱਖਿਆ ਪ੍ਰਣਾਲੀ ਨੂੰ ਸੁਧਾਰੇ। ਇਹ ਸੱਚ ਹੈ ਕਿ ਭਾਰਤ ਤੋਂ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਗਿਣਤੀ ਵਿਚ ਖੋਜ ਪੱਤਰ ਛਪਦੇ ਹਨ ਪਰ ਚੀਨ ਦੇ 20 ਫ਼ੀਸਦੀ ਅਤੇ ਅਮਰੀਕਾ ਦੇ 16 ਫ਼ੀਸਦੀ ਦੀ ਤੁਲਨਾ ਵਿਚ ਭਾਰਤ ਦਾ 5 ਪ੍ਰਤੀਸ਼ਤ ਹਿੱਸਾ ਅਜੇ ਵੀ ਬੇਹੱਦ ਘੱਟ ਹੈ। ਸਰਬੋਤਮ ਸੰਸਾਰਕ ਰੀਤਾਂ ਮੁਤਾਬਕ ਭਾਰਤ ਨੂੰ ਘੱਟੋ-ਘੱਟ ਜੀਡੀਪੀ ਦਾ 2 ਫ਼ੀਸਦੀ ਹਿੱਸਾ ਖੋਜ-ਅਨੁਸੰਧਾਨ ’ਤੇ ਖ਼ਰਚ ਕਰਨਾ ਚਾਹੀਦਾ ਹੈ ਪਰ ਇਹ ਹਿੱਸਾ ਫ਼ਿਲਹਾਲ ਸਿਰਫ਼ 0.6 ਪ੍ਰਤੀਸ਼ਤ ਹੈ। ਅਜਿਹਾ ਕੋਈ ਸਬੂਤ ਨਹੀਂ ਕਿ ਵਿਸ਼ਵ ਸ਼ਕਤੀ ਬਣਨ ਵਾਲੇ ਦੇਸ਼ ਨੇ ਬਿਨਾਂ ਖੋਜ-ਅਨੁਸੰਧਾਨ ’ਤੇ ਖ਼ਰਚ ਕੀਤੇ ਹੀ ਆਪਣੇ-ਆਪ ਨੂੰ ਤਾਕਤਵਰ ਸਿੱਧ ਕਰ ਦਿੱਤਾ ਹੋਵੇ। ਭਾਰਤ ਨੂੰ ਅਜਿਹੇ ਇਤਿਹਾਸ ਵਿਚ ਕੋਈ ਅਪਵਾਦ ਸਿੱਧ ਹੋਣਾ ਵੀ ਮੁਸ਼ਕਲ ਹੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਭਾਰਤੀ ਯੂਨੀਵਰਸਿਟੀਆਂ ਆਪਣਾ ਧਿਆਨ ਖੋਜ-ਅਨੁਸੰਧਾਨ ’ਤੇ ਕੇਂਦ੍ਰਿਤ ਕਰਨ ਅਤੇ ਪੂਰਾ ਦੇਸ਼ ਅਜਿਹਾ ਕਰਨ ’ਚ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵੇ।

-(ਲੇਖਿਕਾ ਖੋਜ ਤੇ ਅਧਿਆਪਨ ਨਾਲ ਜੁੜੀ ਹੋਈ ਹੈ)

Posted By: Susheel Khanna