ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਬੀਤੇ ਦਿਨੀਂ ਆਖ਼ਰ ਆਪਣੀ ਗੱਲ ਸਭ ਦੇ ਸਾਹਮਣੇ ਰੱਖੀ। ਉਨ੍ਹਾਂ ’ਤੇ ਦਬਾਅ ਸਪਸ਼ਟ ਤੌਰ ’ਤੇ ਦਿਸਿਆ। ਸ੍ਰੀਲੰਕਾ ਇਸ ਸਮੇਂ ਹੋਂਦ ਦੇ ਸੰਕਟ ਨਾਲ ਜੂਝ ਰਿਹਾ ਹੈ। ਚੰਗਾ-ਭਲਾ ਮੁਲਕ ਵੇਖਦੇ ਹੀ ਵੇਖਦੇ ਆਰਥਿਕ ਤੌਰ ’ਤੇ ਬਦਹਾਲ ਹੋ ਗਿਆ ਹੈ। ਜਨਤਾ ਵਿਚ ਵੀ ਗੁੱਸਾ ਹੈ। ਇਸ ਨੇ ਰਾਜਨੀਤਕ ਅਸਥਿਰਤਾ ਦਾ ਜੋਖ਼ਮ ਵਧਾਇਆ ਹੈ। ਰਾਸ਼ਟਰਪਤੀ ਗੋਟਬਾਯਾ ਮਹੀਨਿਆਂ ਤਕ ਜਨਤਾ ਦੀ ਨਾਰਾਜ਼ਗੀ ਦੀ ਅਣਦੇਖੀ ਕਰਦੇ ਹੋਏ ਸਖ਼ਤ ਤੇ ਨਿਰਣਾਇਕ ਫ਼ੈਸਲੇ ਲੈਣ ਤੋਂ ਝਿਜਕਦੇ ਰਹੇ ਪਰ ਆਮ ਲੋਕਾਂ ਦੇ ਨਿਰੰਤਰ ਦਬਾਅ ਨੇ ਉਨ੍ਹਾਂ ਨੂੰ ਆਪਣੇ ਖੋਲ ’ਚੋਂ ਬਾਹਰ ਆਉਣ ਲਈ ਮਜਬੂਰ ਕਰ ਦਿੱਤਾ। ਹਾਲਾਂਕਿ ਉਨ੍ਹਾਂ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਪਰ ਰਾਨਿਲ ਵਿਕਰਮਸਿੰਘ ਦੇ ਰੂਪ ਵਿਚ ਨਵੇਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਜ਼ਰੂਰ ਕਰ ਦਿੱਤੀ ਹੈ। ਨਾਲ ਹੀ ਇਕ ਨੌਜਵਾਨ ਮੰਤਰੀ ਮੰਡਲ ਦੇ ਗਠਨ ਦੇ ਇਲਾਵਾ ਆਪਣੀਆਂ ਸ਼ਕਤੀਆਂ ’ਤੇ ਕਾਬੂ ਪਾਉਣ ਸਬੰਧੀ ਸੰਵਿਧਾਨਕ ਸੁਧਾਰਾਂ ਨੂੰ ਲਾਗੂ ਕਰਨ ਦਾ ਵਾਅਦਾ ਵੀ ਕੀਤਾ ਹੈ। ਉਨ੍ਹਾਂ ਦੇ ਵੱਡੇ ਭਰਾ ਮਹਿੰਦਾ ਰਾਜਪਕਸ਼ੇ ਦੇ ਸਮਰਥਕਾਂ ਅਤੇ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਵਿਚ ਬੀਤੇ ਦਿਨੀਂ ਝੜਪ ਹੋ ਗਈ ਸੀ। ਪ੍ਰਦਰਸ਼ਨਕਾਰੀਆਂ ਨੇ ਮਹਿੰਦਾ ਦੇ ਆਵਾਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਜਦੋਂ ਆਮ ਲੋਕ ਆਪਣੀ ਆਈ ’ਤੇ ਆ ਜਾਣ ਤਾਂ ਮਹਿਲਾਂ ਨੂੰ ਨੇਸਤੋ-ਨਾਬੂਦ ਕਰ ਦਿੰਦੇ ਹਨ।

ਦਬਾਅ ਵਿਚ ਮਹਿੰਦਾ ਨੂੰ ਨਾ ਸਿਰਫ਼ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਬਲਕਿ ਉਹ ਇਸ ਸਮੇਂ ਸਮੁੰਦਰੀ ਫ਼ੌਜ ਦੇ ਕੈਂਪ ਵਿਚ ਪਨਾਹ ਲਈ ਬੈਠੇ ਹਨ।

ਰਾਜਪਕਸ਼ੇ ਪਰਿਵਾਰ ਸ੍ਰੀਲੰਕਾਈ ਜਨਤਾ ਦੇ ਰੋਹ ਦਾ ਕੇਂਦਰ ਬਣਿਆ ਹੋਇਆ ਹੈ। ਗੋਟਬਾਯਾ ਵੀ ਸ਼ਾਇਦ ਹੀ ਇਸ ਤੋਂ ਬਚ ਸਕਣ। ਹਾਲਾਂਕਿ ਉਨ੍ਹਾਂ ਨੇ ਕੁਝ ਬਦਲ ਬਚਾ ਕੇ ਰੱਖੇ ਹੋਏ ਹਨ। ਆਪਣੇ ਸੰਕਟਗ੍ਰਸਤ ਮੁਲਕ ਦੇ ਭਵਿੱਖ ਦੀ ਖ਼ਾਤਰ ਉਹ ਕਈ ਧਿਰਾਂ ਨਾਲ ਸੰਵਾਦ ਵਿਚ ਲੱਗੇ ਹੋਏ ਹਨ। ਇਹ ਜ਼ਰੂਰੀ ਹੈ ਕਿਉਂਕਿ ਸ੍ਰੀਲੰਕਾ ਅਰਾਜਕਤਾ ਦੇ ਕੰਢੇ ’ਤੇ ਹੈ ਅਤੇ ਜੇਕਰ ਸਿਆਸੀ ਬਰਾਦਰੀ ਨੇ ਸਮਾਂ ਰਹਿੰਦੇ ਕੋਈ ਹੱਲ ਨਹੀਂ ਕੱਢਿਆ ਤਾਂ ਸਥਿਤੀ ਦਾ ਬਦ ਤੋਂ ਬਦਤਰ ਹੋਣਾ ਤੈਅ ਹੈ। ਉੱਥੇ ਵਿਗੜੇ ਹਾਲਾਤ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਲ ਵਿਚ ਦੂਜੀ ਵਾਰ ਐਮਰਜੈਂਸੀ ਲਗਾਉਣੀ ਪਈ ਹੈ। ਸ੍ਰੀਲੰਕਾਈ ਕੇਂਦਰੀ ਬੈਂਕ ਦੇ ਗਵਰਨਰ ਨੰਦਲਾਲ ਵੀਰਸਿੰਘੇ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਅਰਥਚਾਰੇ ਦੀ ਹਾਲਤ ਇੰਨੀ ਖ਼ਰਾਬ ਹੋ ਸਕਦੀ ਹੈ ਕਿ ਉਸ ਦੀ ਭਰਪਾਈ ਸੰਭਵ ਨਹੀਂ ਹੋਵੇਗੀ। ਅਜਿਹੀ ਸਥਿਤੀ ਨੂੰ ਰੋਕਣ ਲਈ ਉਨ੍ਹਾਂ ਨੇ ਕਿਹਾ ਹੈ ਕਿ ਜਲਦ ਹੀ ਨਵੀਂ ਸਰਕਾਰ ਗਠਿਤ ਕੀਤੀ ਜਾਵੇ ਅਤੇ ਜੇਕਰ ਦੋ ਹਫ਼ਤਿਆਂ ਵਿਚ ਸਿਆਸੀ ਸਥਿਰਤਾ ਨਹੀਂ ਆਉਂਦੀ ਤਾਂ ਬੜੀ ਮੁਸ਼ਕਲ ਹੋਵੇਗੀ। ਰਾਜਨੀਤਕ ਸਥਿਰਤਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਉੱਥੇ ਫ਼ੌਜੀ ਤਖਤਾਪਲਟ ਦੀਆਂ ਅਟਕਲਾਂ ਜ਼ੋਰ ਫੜਨ ਲੱਗੀਆਂ ਸਨ ਜਿਨ੍ਹਾਂ ਦਾ ਫ਼ੌਜ ਨੂੰ ਖੰਡਨ ਕਰਨਾ ਪਿਆ। ਇਹ ਅਟਕਲਾਂ ਰਾਜਨੀਤਕ-ਆਰਥਿਕ ਮੁਹਾਂਦਰੇ ਵਿਚ ਫ਼ੌਜ ਦੀ ਵਧਦੀ ਭੂਮਿਕਾ ਕਾਰਨ ਲਗਾਈਆਂ ਜਾਣ ਲੱਗੀਆਂ ਸਨ।

ਸੁਤੰਤਰ ਸ੍ਰੀਲੰਕਾ ਦੇ ਇਤਿਹਾਸ ਵਿਚ ਇਹ ਅਜੇ ਤਕ ਦਾ ਸਭ ਤੋਂ ਵੱਡਾ ਆਰਥਿਕ ਸੰਕਟ ਹੈ। ਇਸ ਤੋਂ ਵੀ ਵੱਡੀ ਤ੍ਰਾਸਦੀ ਇਹ ਹੈ ਕਿ ਸੰਕਟ ਦੀ ਇਸ ਘੜੀ ਵਿਚ ਕੋਈ ਉਸ ਦਾ ਤਾਰਨਹਾਰ ਨਹੀਂ ਦਿਸਦਾ। ਰਾਜਪਕਸ਼ੇ ਪਰਿਵਾਰ ਨੇ ਆਰਥਿਕ ਨਾਕਸ ਬੰਦੋਬਸਤਾਂ ਨਾਲ ਉਸ ਅਰਥਚਾਰੇ ਦਾ ਬੇੜਾ ਗਰਕ ਕਰ ਦਿੱਤਾ ਹੈ ਜੋ ਕੁਝ ਸਾਲ ਪਹਿਲਾਂ ਤਕ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਸੀ। ਮਹਿੰਦਾ, ਉਨ੍ਹਾਂ ਦੇ ਬੇਟੇ ਨਮਲ ਸਹਿਤ ਉਨ੍ਹਾਂ ਦੇ ਭਰਾ ਬਾਸਿਲ ਅਤੇ ਚਾਮਲ ਵੀ ਆਪਣੇ ਅਹੁਦਿਆਂ ਤੋਂ ਚੱਲਦੇ ਕਰ ਦਿੱਤੇ ਗਏ ਹਨ। ਇਸ ਦੇ ਬਾਵਜੂਦ ਸ੍ਰੀਲੰਕਾਈ ਸੜਕਾਂ ’ਤੇ ਉਮੜੇ ਪ੍ਰਦਰਸ਼ਨਕਾਰੀਆਂ ਦੇ ਗੁੱਸੇ ਨੂੰ ਠੱਲ੍ਹ ਪੈਂਦੀ ਨਜ਼ਰ ਨਹੀਂ ਆ ਰਹੀ ਹੈ ਜੋ ਖ਼ੁਦ ਨੂੰ ਰਾਜਪਕਸ਼ੇ ਪਰਿਵਾਰ ਦੁਆਰਾ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਗੋਟਬਾਯਾ ਦਾ ਰਾਜਨੀਤਕ ਭਵਿੱਖ ਵੀ ਮੰਝਧਾਰ ਵਿਚ ਦਿਸ ਰਿਹਾ ਹੈ ਅਤੇ ਇਸ ਸੰਕਟ ਦਾ ਸਾਹਮਣਾ ਕਰਨ ਵਿਚ ਅਜੇ ਤਕ ਉਨ੍ਹਾਂ ਦਾ ਪ੍ਰਦਰਸ਼ਨ ਵੀ ਲੱਚਰ ਹੀ ਰਿਹਾ ਹੈ। ਵੈਸੇ ਤਾਂ ਇਸ ਆਰਥਿਕ ਸੰਕਟ ਦੇ ਬੀਅ ਸ੍ਰੀਲੰਕਾ ਦੀਆਂ ਪਿਛਲੀਆਂ ਕੁਝ ਸਰਕਾਰਾਂ ਦੌਰਾਨ ਹੀ ਬੀਜ ਦਿੱਤੇ ਗਏ ਸਨ ਪਰ 2019 ਦੀ ਚੋਣ ਵਿਚ ਗੋਟਬਾਯਾ ਦੁਆਰਾ ਟੈਕਸਾਂ ਵਿਚ ਬੇਤੁਕੀ ਕਟੌਤੀ ਦੇ ਦਾਅ ਨਾਲ ਇਸ ਆਰਥਿਕ ਆਫ਼ਤ ਨੇ ਜਲਦ ਹੀ ਵਿਕਰਾਲ ਰੂਪ ਧਾਰਨ ਕਰ ਲਿਆ। ਫਿਰ ਕੋਵਿਡ ਮਹਾਮਾਰੀ ਆ ਗਈ। ਉਸ ਨੇ ਸੈਰ-ਸਪਾਟੇ ’ਤੇ ਆਸ਼ਰਿਤ ਸ੍ਰੀਲੰਕਾਈ ਅਰਥਚਾਰੇ ਦੀ ਕਮਰ ਤੋੜ ਕੇ ਰੱਖ ਦਿੱਤੀ। ਇਸੇ ਦੌਰ ਵਿਚ ਸ੍ਰੀਲੰਕਾ ਨੇ ਖੇਤੀ ਵਿਚ ਰਸਾਇਣਕ ਖਾਦਾਂ ਦੀ ਵਰਤੋਂ ’ਤੇ ਪਾਬੰਦੀ ਵਰਗੇ ਖ਼ਰਾਬ ਫ਼ੈਸਲੇ ਵੀ ਲਏ। ਇਸ ਨਾਲ ਅਨਾਜ ਉਤਪਾਦਨ ਬੁਰੀ ਤਰ੍ਹਾਂ ਡਿੱਗ ਗਿਆ। ਜਦ ਤਕ ਇਸ ਫ਼ੈਸਲੇ ਨੂੰ ਪਲਟਿਆ ਗਿਆ, ਉਦੋਂ ਤਕ ਭਾਰੀ ਨੁਕਸਾਨ ਹੋ ਚੁੱਕਾ ਸੀ। ਅਨਾਜ ਉਤਪਾਦਨ ਵਿਚ ਭਾਰੀ ਗਿਰਾਵਟ ਆਈ। ਸ੍ਰੀਲੰਕਾਈ ਰੁਪਏ ਦੀ ਪਤਲੀ ਹੁੰਦੀ ਹਾਲਤ ਨਾਲ ਖਾਣ-ਪੀਣ, ਦਵਾਈਆਂ ਅਤੇ ੲੀਂਧਨ ਵਰਗੀਆਂ ਬੁਨਿਆਦੀ ਜ਼ਰੂਰਤ ਦੀਆਂ ਚੀਜ਼ਾਂ ਦੀ ਭਾਰੀ ਕਿੱਲਤ ਹੋ ਗਈ। ਵਿਗੜੇ ਹਾਲਾਤ ਨੇ ਸ੍ਰੀਲੰਕਾਈ ਜਨਤਾ ਨੂੰ ਸੜਕਾਂ ’ਤੇ ਉਤਰਨ ਈ ਮਜਬੂਰ ਕਰ ਦਿੱਤਾ ਕਿਉਂਕਿ ਸਰਕਾਰ ਨੂੰ ਉਸ ਦੀਆਂ ਗੱਲਾਂ ਸੁਣ ਨਹੀਂ ਰਹੀਆਂ ਸਨ। ਇਸ ਆਰਥਿਕ ਸੰਕਟ ਵਿਚ ਚੀਨ ਵੀ ਇਕ ਅਹਿਮ ਕਿਰਦਾਰ ਹੈ। ਸ੍ਰੀਲੰਕਾ ਨੇ ਚੀਨ ਤੋਂ ਭਾਰੀ-ਭਰਕਮ ਕਰਜ਼ਾ ਲਿਆ ਅਤੇ ਉਹ ਵੀ ਉਨ੍ਹਾਂ ਪ੍ਰਾਜੈਕਟਾਂ ਲਈ ਜੋ ਉਸ ਲਈ ਆਰਥਿਕ ਤੌਰ ’ਤੇ ਵਿਵਹਾਰਕ ਨਹੀਂ ਸਨ। ਮਹਿੰਦਾ ਰਾਜਪਕਸ਼ੇ ਨਾਲ ਆਪਣੀ ਕਰੀਬੀ ਦਾ ਫ਼ਾਇਦੇ ਚੁੱਕਦੇ ਹੋਏ ਚੀਨ ਨੇ ਹੰਬਨਟੋਟਾ ਵਿਚ ਬੰਦਰਗਾਹ ਅਤੇ ਉਸ ਦੇ ਨੇੜੇ ਮੁਟਾਲਾ ਵਿਚ ਹਵਾਈ ਅੱਡਾ ਬਣਾਉਣ ਦਾ ਕਰਾਰ ਕੀਤਾ। ਇਹ ਦੋਵੇਂ ਹੀ ਇਲਾਕੇ ਮਹਿੰਦਾ ਦੇ ਹਲਕੇ ਵਿਚ ਆਉਂਦੇ ਹਨ। ਕਰਜ਼ਾ ਅਦਾ ਨਾ ਕਰ ਸਕਣ ਕਾਰਨ ਸ੍ਰੀਲੰਕਾ ਦੀ ਹੰਬਨਟੋਟਾ ਬੰਦਰਗਾਹ ਚੀਨ ਨੂੰ 99 ਸਾਲ ਦੇ ਪਟੇ ’ਤੇ ਦੇਣ ਲਈ ਮਜਬੂਰ ਹੋਣਾ ਪਿਆ। ਸ੍ਰੀਲੰਕਾ ’ਤੇ ਚੀਨ ਦਾ ਕਰੀਬ 6.5 ਅਰਬ ਡਾਲਰ ਦਾ ਕਰਜ਼ਾ ਹੈ। ਇਹ ਮਾਮਲਾ ਅਸਲ ਵਿਚ ਚੀਨ ਦੀ ਕਰਜ਼ੇ ਦੇ ਜਾਲ ਵਿਚ ਫਸਾਉਣ ਵਾਲੀ ਕੁਟਿਲ ਨੀਤੀ ਦੀ ਸਟੀਕ ਮਿਸਾਲ ਹੈ। ਕਰਜ਼ਾ ਪੁਨਰਗਠਨ ਨੂੰ ਲੈ ਕੇ ਚੀਨ ਨਾਲ ਗੱਲਬਾਤ ਵੀ ਬਹੁਤ ਪ੍ਰਭਾਵੀ ਨਹੀਂ ਰਹੀ ਹੈ। ਹਾਲਾਂਕਿ ਉਹ ਆਪਣੀ ਕਰੰਸੀ ਰੇਨਮਿਨਬੀ ਦੇ ਬਦਲੇ ਸ੍ਰੀਲੰਕਾਈ ਰੁਪਏ ਨੂੰ ਸਹਾਰਾ ਦੇਣ ਲਈ ਕੁਝ ਤਿਆਰ ਹੋਇਆ ਸੀ ਪਰ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਦੀ ਦਖ਼ਲਅੰਦਾਜ਼ੀ ਕਾਰਨ ਉਸ ਨੂੰ ਕਦਮ ਪਿੱਛੇ ਖਿੱਚਣੇ ਪਏ।

ਚੀਨ ਦੀ ਕੁਟਲ ਨੀਤੀ ਦਾ ਸ਼ਿਕਾਰ ਹੋਣ ਵਾਲਾ ਸ੍ਰੀਲੰਕਾ ਇਕੱਲਾ ਮੁਲਕ ਨਹੀਂ ਹੈ। ਚੀਨ ਨੇ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਵੀ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ।

ਸ੍ਰੀਲੰਕਾ ਵਿਚ ਇਸ ਸਮੇਂ ਕਾਇਮ ਰਾਜਨੀਤਕ ਅੜਿੱਕੇ ਨੇ ਮੁਦਰਾ ਕੋਸ਼ ਦੇ ਨਾਲ ਕਿਸੇ ਰਾਹਤ ਪੈਕੇਜ ’ਤੇ ਵਾਰਤਾ ਲਈ ਉਸ ਦੀ ਸਥਿਤੀ ਨੂੰ ਕਮਜ਼ੋਰ ਕਰ ਦਿੱਤਾ ਹੈ। ਓਥੇ ਹੀ ਵਿਰੋਧੀ ਧਿਰ ਗੋਟਬਾਯਾ ਦੀ ਸਾਂਝੀ ਸਰਕਾਰ ਗਠਿਤ ਕਰਨ ਦੀ ਪੇਸ਼ਕਸ਼ ’ਤੇ ਝਿਜਕ ਦਿਖਾਉਣ ਦੇ ਨਾਲ ਹੀ ਉਨ੍ਹਾਂ ਦੇ ਅਸਤੀਫ਼ੇ ’ਤੇ ਅੜਿਆ ਹੋਇਆ ਹੈ। ਇੱਥੇ ਭਾਰਤ ਦੀ ਭੂਮਿਕਾ ਅਹਿਮ ਹੋ ਜਾਂਦੀ ਹੈ। ਸ੍ਰੀਲੰਕਾ ਦੇ ਮਾਮਲੇ ਵਿਚ ਭਾਰਤ ਦਾ ਕੂਟਨੀਤਕ ਰਵੱਈਆ ਅਜੇ ਤਕ ਸਹੀ ਰਿਹਾ ਹੈ। ਜਿੱਥੇ ਭਾਰਤ ਨੇ ਜ਼ਮੀਨੀ ਹਕੀਕਤ ਨੂੰ ਭਾਂਪ ਕੇ 2019 ਵਿਚ ਰਾਜਪਕਸ਼ੇ ਦੇ ਸੱਤਾ ਵਿਚ ਆਉਂਦੇ ਹੀ ਉਨ੍ਹਾਂ ਨਾਲ ਸੰਪਰਕ ਸਥਾਪਤ ਕੀਤਾ, ਓਥੇ ਹਾਲੀਆ ਆਰਥਿਕ ਸੰਕਟ ਵਿਚ ਸ੍ਰੀਲੰਕਾ ਨੂੰ ਨਿਰੰਤਰ ਮਦਦ ਵੀ ਪਹੁੰਚਾਈ। ਇਸ ਵਿਚ ਕਰਜ਼ਾ ਡਿਫਾਲਟ ਤੋਂ ਬਚਣ ਲਈ 2.4 ਅਰਬ ਡਾਲਰ ਦੀ ਮਦਦ, ਡੀਜ਼ਲ ਦੀ ਸਪਲਾਈ ਅਤੇ ਖਾਣ-ਪੀਣ ਦੀਆਂ ਚੀਜ਼ਾਂ ਅਤੇ ਦਵਾਈਆਂ ਵਰਗੀਆਂ ਜ਼ਰੂਰੀ ਦਰਾਮਦਾਂ ਲਈ ਇਕ ਅਰਬ ਡਾਲਰ ਦੀ ਕ੍ਰੈਡਿਟ ਲਾਈਨ ਵਰਗੀ ਇਮਦਾਦ ਸ਼ਾਮਲ ਹੈ। ਨਾਲ ਹੀ ਉੱਥੇ ਆਪਣੀ ਫ਼ੌਜ ਨਾ ਭੇਜਣ ਅਤੇ ਸ੍ਰੀਲੰਕਾ ਦੀਆਂ ਜਮਹੂਰੀ ਪ੍ਰਕਿਰਿਆਵਾਂ ਵਿਚ ਭਰੋਸਾ ਜ਼ਾਹਰ ਕਰ ਕੇ ਭਾਰਤ ਨੇ ਬਿਲਕੁਲ ਸਹੀ ਕੀਤਾ। ਅਸਲ ਵਿਚ ਇਸ ਸੰਕਟ ਨਾਲ ਸ੍ਰੀਲੰਕਾ ਨੂੰ ਖ਼ੁਦ ਨਿਪਟਣਾ ਹੋਵੇਗਾ। ਭਾਰਤ ਇਸ ਵਿਚ ਇਕ ਜ਼ਿੰਮੇਵਾਰ ਗੁਆਂਢੀ ਦੀ ਤਰ੍ਹਾਂ ਮਦਦਗਾਰ ਬਣਿਆ ਰਹੇਗਾ ਪਰ ਸ੍ਰੀਲੰਕਾ ਦੇ ਭਵਿੱਖ ਦੀ ਕੁੰਜੀ ਉਸ ਦੇ ਨੇਤਾਵਾਂ ਦੇ ਹੱਥ ਵਿਚ ਹੈ ਕਿ ਉਹ ਕਿਸ ਤਰ੍ਹਾਂ ਆਪਣੀ ਜ਼ਿੰਮੇਵਾਰੀ ਨਿਭਾ ਕੇ ਲੋਕਾਂ ਦੀਆਂ ਉਮੀਦਾਂ ’ਤੇ ਖ਼ਰੇ ਉਤਰਨਗੇ।

-ਹਰਸ਼ ਵੀ. ਪੰਤ

-(ਲੇਖਕ ਨਵੀਂ ਦਿੱਲੀ ਸਥਿਤ ਅਬਜ਼ਰਵਰ ਰਿਸਰਚ ਫਾਊਂਡੇਸ਼ਨ ਵਿਚ ਰਣਨੀਤਕ ਅਧਿਐਨ ਪ੍ਰੋਗਰਾਮ ਦਾ ਡਾਇਰੈਕਟਰ ਹੈ)।

Posted By: Jagjit Singh