ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ 'ਚ ਇਹ ਕਹਿ ਕੇ ਦੇਸ਼ ਵਾਸੀਆਂ ਦਾ ਮਨੋਬਲ ਵਧਾਉਣ ਦੇ ਨਾਲ ਹੀ ਚੀਨ ਨੂੰ ਵੀ ਆਪਣੇ ਦ੍ਰਿੜ ਇਰਾਦਿਆਂ ਤੋਂ ਜਾਣੂ ਕਰਵਾਇਆ ਕਿ ਲੱਦਾਖ ਵੱਲ ਅੱਖ ਚੁੱਕਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਨੇ ਜਿਸ ਤਰ੍ਹਾਂ ਇਹ ਕਿਹਾ ਕਿ ਸਾਨੂੰ ਦੋਸਤੀ ਨਿਭਾਉਣਾ ਤੇ ਅੱਖਾਂ 'ਚ ਅੱਖਾਂ ਪਾ ਕੇ ਜਵਾਬ ਦੇਣਾ ਵੀ ਆਉਂਦਾ ਹੈ, ਉਸ ਵਿਚ ਉਨ੍ਹਾਂ ਨੇ ਇਹ ਸੰਕੇਤ ਵੀ ਦੇ ਦਿੱਤਾ ਕਿ ਚੀਨ ਨੂੰ ਉਸ ਦੀ ਧੋਖੇਬਾਜ਼ੀ ਦਾ ਜਵਾਬ ਦਿੱਤਾ ਜਾਵੇਗਾ। ਇਹ ਜ਼ਰੂਰੀ ਵੀ ਹੈ। ਚੀਨ ਨੂੰ ਇਹ ਦੱਸਣ ਦੀ ਸਖ਼ਤ ਜ਼ਰੂਰਤ ਹੈ ਕਿ ਨਾ ਤਾਂ ਉਸ ਦੀਆਂ ਸ਼ਰਤਾਂ 'ਤੇ ਦੋਸਤੀ ਮਨਜ਼ੂਰ ਹੈ ਤੇ ਨਾ ਹੀ ਉਸ ਦੀ ਦਾਦਾਗਿਰੀ। ਚੀਨ ਨੂੰ ਇਹ ਪਤਾ ਲੱਗਣਾ ਹੀ ਚਾਹੀਦਾ ਹੈ ਕਿ ਉਸ ਨੇ ਡਰਪੋਕਾਂ ਦੀ ਤਰ੍ਹਾਂ ਹਮਲਾ ਕਰ ਕੇ ਸਿਰਫ਼ ਵੱਡੀ ਭੁੱਲ ਹੀ ਨਹੀਂ ਕੀਤੀ ਸਗੋਂ ਮੁਸੀਬਤ ਮੁੱਲ ਲੈਣ ਦਾ ਵੀ ਕੰਮ ਕੀਤਾ ਹੈ। ਜ਼ਰੂਰੀ ਸਿਰਫ਼ ਇਹ ਨਹੀਂ ਕਿ ਅਸਲ ਕੰਟਰੋਲ ਰੇਖਾ 'ਤੇ ਚੀਨੀ ਫ਼ੌਜ ਦੀਆਂ ਹਮਲਾਵਰ ਹਰਕਤਾਂ ਦਾ ਮੂੰਹਤੋੜ ਜਵਾਬ ਦੇਣ ਦੀ ਹਰ ਸੰਭਵ ਤਿਆਰੀ ਕੀਤੀ ਜਾਵੇ ਸਗੋਂ ਇਹ ਵੀ ਹੈ ਕਿ ਆਰਥਿਕ ਤੇ ਕੂਟਨੀਤਕ ਪੱਧਰ 'ਤੇ ਵੀ ਉਸ ਖ਼ਿਲਾਫ਼ ਜ਼ਰੂਰੀ ਕਦਮ ਚੁੱਕੇ ਜਾਣ। ਇਹ ਸਮੇਂ ਦੀ ਮੰਗ ਸੀ ਕਿ ਭਾਰਤ ਆਲਮੀ ਸਿਹਤ ਸੰਗਠਨ ਦੇ ਮੰਚ ਤੋਂ ਇਹ ਕਹਿੰਦਾ ਕਿ ਕੋਰੋਨਾ ਵਾਇਰਸ ਫੈਲਣ ਦੇ ਕਾਰਨਾਂ ਦੀ ਤਹਿ ਤਕ ਜਾਇਆ ਜਾਵੇ। ਚੀਨ ਨੂੰ ਬਚ ਨਿਕਲਣ ਦਾ ਕੋਈ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ। ਭਾਰਤ ਨੂੰ ਤਿੱਬਤ, ਤਾਈਵਾਨ ਤੇ ਹਾਂਗਕਾਂਗ ਦੇ ਸਵਾਲਾਂ 'ਤੇ ਵੀ ਚੀਨ ਨੂੰ ਘੇਰਨਾ ਚਾਹੀਦਾ ਹੈ। ਹੁਣ ਉਸ ਦੀ ਸੰਵੇਦਨਸ਼ੀਲਤਾ ਦੀ ਚਿੰਤਾ ਨਹੀਂ ਕੀਤੀ ਜਾਣੀ ਚਾਹੀਦੀ। ਵੈਸੇ ਵੀ ਮੌਜੂਦਾ ਦੌਰ 'ਚ ਹੰਕਾਰੀ ਚੀਨੀ ਲੀਡਰਸ਼ਿਪ ਨੇ ਇਹੋ ਦਿਖਾਇਆ ਹੈ ਕਿ ਉਹ ਭਾਰਤ ਤੋਂ ਆਪਣੇ ਲਈ ਜਿਹੋ ਜਿਹਾ ਵਿਵਹਾਰ ਚਾਹੁੰਦਾ ਹੈ, ਉਹੋ ਜਿਹਾ ਉਹ ਖ਼ੁਦ ਉਸ ਪ੍ਰਤੀ ਕਰਨ ਨੂੰ ਤਿਆਰ ਨਹੀਂ। ਇਹ ਚੰਗਾ ਹੋਇਆ ਕਿ ਪ੍ਰਧਾਨ ਮੰਤਰੀ ਨੇ 'ਲੋਕਲ ਲਈ ਵੋਕਲ' ਨਾਅਰੇ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਤ ਕਰਦਿਆਂ ਦੇਸ਼ 'ਚ ਬਣੀਆਂ ਚੀਜ਼ਾਂ ਦੀ ਵਰਤੋਂ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਦੀ ਇਸ ਗੱਲ ਦਾ ਇਸ ਲਈ ਵਿਸ਼ੇਸ਼ ਮਹੱਤਵ ਹੈ ਕਿਉਂਕਿ ਦੇਸ਼ 'ਚ ਪਹਿਲਾਂ ਤੋਂ ਹੀ ਚੀਨੀ ਉਤਪਾਦਾਂ ਦੇ ਬਾਈਕਾਟ ਦੀ ਮੰਗ ਤੇਜ਼ ਹੋ ਰਹੀ ਹੈ। ਇਸ ਸੰਦਰਭ 'ਚ ਪ੍ਰਧਾਨ ਮੰਤਰੀ ਨੇ ਅਜਿਹੇ ਕੁਝ ਲੋਕਾਂ ਦਾ ਜ਼ਿਕਰ ਵੀ ਕੀਤਾ, ਜਿਨ੍ਹਾਂ ਨੇ ਇਹ ਸੰਕਲਪ ਲਿਆ ਹੈ ਕਿ ਉਹ ਸਵਦੇਸ਼ੀ ਉਤਪਾਦ ਹੀ ਅਪਣਾਉਣਗੇ। ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਇਹ ਕਹਿਣਾ ਚਾਹ ਰਹੇ ਹਨ ਕਿ ਸਾਰੇ ਦੇਸ਼ ਵਾਸੀ ਅਜਿਹਾ ਹੀ ਕਰਨ। ਇਸ ਨਾਲ ਹੀ ਆਤਮਨਿਰਭਰ ਭਾਰਤ ਮੁਹਿੰਮ ਨੂੰ ਮਜ਼ਬੂਤੀ ਮਿਲੇਗੀ ਤੇ ਜਦੋਂ ਅਜਿਹਾ ਹੋਵੇਗਾ ਤਾਂ ਚੀਨੀ ਵਸਤੂਆਂ ਦੀ ਮੰਗ ਆਪਣੇ ਆਪ ਘਟੇਗੀ। ਬਿਹਤਰ ਹੋਵੇਗਾ ਕਿ ਭਾਰਤੀ ਸਨਅਤ ਜਗਤ ਇਹ ਸਮਝੇ ਕਿ ਚੀਨ ਖ਼ਿਲਾਫ਼ ਦੇਸ਼ 'ਚ ਜੋ ਮਾਹੌਲ ਬਣਿਆ ਹੈ, ਉਹ ਉਸ ਲਈ ਇਕ ਮੌਕਾ ਹੈ। ਸਰਕਾਰ ਨੂੰ ਵੀ ਇਹ ਦੇਖਣਾ ਚਾਹੀਦਾ ਹੈ ਕਿ ਚੀਨ ਪ੍ਰਤੀ ਲੋਕਾਂ ਦੇ ਸੁਭਾਵਿਕ ਤੇ ਉੱਚਿਤ ਗੁੱਸੇ ਨੂੰ ਭਾਰਤੀ ਸਨਅਤ ਜਗਤ ਸਹੀ ਤਰ੍ਹਾਂ ਵਰਤਣ 'ਚ ਕਿਵੇਂ ਕਾਮਯਾਬ ਹੋਵੇ? ਆਤਮਨਿਰਭਰ ਭਾਰਤ 'ਤੇ ਜ਼ੋਰ ਪਿਛਲੇ ਕਾਫ਼ੀ ਸਮੇਂ ਤੋਂ ਦਿੱਤਾ ਜਾ ਰਿਹਾ ਸੀ ਤੇ ਮੌਜੂਦਾ ਹਾਲਾਤ 'ਚ ਇਸ ਦੀ ਹੋਰ ਵੀ ਜ਼ਿਆਦਾ ਜ਼ਰੂਰਤ ਹੈ।

Posted By: Jagjit Singh