ਦੋ ਵੱਡੀਆਂ ਘਟਨਾਵਾਂ ਦੇ ਮੱਦੇਨਜ਼ਰ ਭਾਰਤ ਨੂੰ ਪਾਕਿਸਤਾਨ ਖ਼ਿਲਾਫ਼ ਵੱਡੀ ਕੂਟਨੀਤਕ ਜਿੱਤ ਹਾਸਲ ਹੋਈ ਹੈ। ਕੁਲਭੂਸ਼ਣ ਜਾਧਵ ਮਾਮਲੇ 'ਤੇ ਹੇਗ ਸਥਿਤ ਕੌਮਾਂਤਰੀ ਅਦਾਲਤ (ਆਈਸੀਜੇ) ਨੇ ਭਾਰਤ ਦੇ ਪੱਖ ਵਿਚ ਫ਼ੈਸਲਾ ਦਿੱਤਾ ਹੈ। ਇਸ ਦੇ ਨਾਲ ਹੀ ਮੁੰਬਈ 'ਤੇ ਅੱਤਵਾਦੀ ਹਮਲਿਆਂ ਦਾ ਮਾਸਟਰਮਾਈਂਡ ਹਾਫਿਜ਼ ਸਈਦ ਪਾਕਿਸਤਾਨ ਨੂੰ ਗ੍ਰਿਫ਼ਤਾਰ ਕਰਨਾ ਪਿਆ। ਹਾਲੇ ਇਕ ਦਿਨ ਪਹਿਲਾਂ ਹੀ ਲਗਪਗ ਚਾਰ ਮਹੀਨਿਆਂ ਤੋਂ ਬੰਦ ਏਅਰਸਪੇਸ ਖੋਲ੍ਹਣ ਦਾ ਪਾਕਿਸਤਾਨ ਨੇ ਐਲਾਨ ਕੀਤਾ ਸੀ। ਦੋਵਾਂ ਮਾਮਲਿਆਂ ਵਿਚ ਕਾਮਯਾਬੀ ਹਾਸਲ ਹੋਣ ਤੋਂ ਬਾਅਦ ਭਾਰਤ ਜਿੱਥੇ ਕੌਮਾਂਤਰੀ ਮੰਚ 'ਤੇ ਵਧੇਰੇ ਮਜ਼ਬੂਤ ਹੋਇਆ ਹੈ ਉੱਥੇ ਹੀ ਪਾਕਿਸਤਾਨ ਨੂੰ ਇਕ ਵਾਰ ਫਿਰ ਫਜ਼ੀਹਤ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਵਿਚ ਇਸ ਦਾ ਸਾਰਾ ਸਿਹਰਾ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਨੂੰ ਦਿੱਤਾ ਜਾ ਰਿਹਾ ਹੈ। ਜਾਧਵ ਮਾਮਲੇ ਵਿਚ ਆਈਸੀਜੇ ਨੇ ਪਾਕਿਸਤਾਨ ਨੂੰ ਹਦਾਇਤ ਦਿੱਤੀ ਕਿ ਕੁਲਭੂਸ਼ਣ ਜਾਧਵ ਨੂੰ ਕੌਂਸਲਰ ਐਕਸੈਸ ਦਿੱਤੀ ਜਾਵੇ। ਉਸ ਦੀ ਫਾਂਸੀ ਦੀ ਸਜ਼ਾ 'ਤੇ ਰੋਕ ਲਾਉਂਦੇ ਹੋਏ ਅਦਾਲਤ ਦਾ ਕਹਿਣਾ ਸੀ ਕਿ ਇਹ ਉਦੋਂ ਤਕ ਲਾਗੂ ਰਹੇਗੀ ਜਦੋਂ ਤਕ ਪਾਕਿਸਤਾਨ ਫਾਂਸੀ ਦੀ ਸਜ਼ਾ 'ਤੇ ਸਮੀਖਿਆ ਅਤੇ ਦੁਬਾਰਾ ਵਿਚਾਰ ਨਹੀਂ ਕਰਦਾ। ਭਾਰਤ ਦੇ ਪੱਖ ਵਿਚ ਇਹ ਫ਼ੈਸਲਾ 16 ਜੱਜਾਂ ਦੇ ਬੈਂਚ ਨੇ 15-1 ਦੇ ਫ਼ਰਕ ਨਾਲ ਦਿੱਤਾ ਹੈ। ਅਦਾਲਤ ਨੇ ਮੰਨਿਆ ਕਿ ਪਾਕਿਸਤਾਨ ਨੇ ਭਾਰਤ ਨੂੰ ਕੁਲਭੂਸ਼ਣ ਨਾਲ ਗੱਲ ਕਰਨ ਅਤੇ ਉਸ ਨੂੰ ਕਾਨੂੰਨੀ ਸਹਾਇਤਾ ਉਪਲਬਧ ਕਰਵਾਉਣ ਤੋਂ ਰੋਕਿਆ ਹੈ। ਇਸ ਨਾਲ ਉਸ ਨੇ ਵਿਆਨਾ ਕਨਵੈਂਸ਼ਨ ਦੀ ਉਲੰਘਣਾ ਕੀਤੀ ਹੈ। ਅਪ੍ਰੈਲ 2017 ਵਿਚ ਪਾਕਿਸਤਾਨ ਦੀ ਫ਼ੌਜੀ ਅਦਾਲਤ ਨੇ ਕੁਲਭੂਸ਼ਣ ਜਾਧਵ ਨੂੰ ਜਾਸੂਸੀ ਦੇ ਦੋਸ਼ ਹੇਠ ਫਾਂਸੀ ਦੀ ਸਜ਼ਾ ਸੁਣਾਈ ਸੀ। ਭਾਰਤ ਨੇ ਇਸ ਦਾ ਵਿਰੋਧ ਕਰਦੇ ਹੋਏ 8 ਮਈ 2017 ਨੂੰ ਆਈਸੀਜੇ ਵਿਚ ਅਪੀਲ ਕੀਤੀ ਸੀ। ਅਜਿਹਾ ਨਹੀਂ ਕਿ ਕੌਮਾਂਤਰੀ ਅਦਾਲਤ ਵਿਚ ਪਹਿਲੀ ਵਾਰ ਕੋਈ ਮਾਮਲਾ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਭਾਰਤ-ਪਾਕਿਸਤਾਨ ਤਿੰਨ ਵਾਰ ਆਹਮੋ-ਸਾਹਮਣੇ ਹੋ ਚੁੱਕੇ ਹਨ। ਇਹ ਪਹਿਲੀ ਵਾਰ ਨਹੀਂ ਕਿ ਪਾਕਿਸਤਾਨ ਨੇ ਕਿਸੇ ਬੇਕਸੂਰ ਭਾਰਤੀ ਨੂੰ ਬਿਨਾਂ ਵਜ੍ਹਾ ਮੌਤ ਦੇ ਮੂੰਹ ਵਿਚ ਧੱਕਿਆ ਹੋਵੇ। ਇਸ ਤੋਂ ਪਹਿਲਾਂ ਸਰਬਜੀਤ ਦੀ ਲਾਸ਼ ਹੀ ਭਾਰਤ ਪਰਤੀ ਸੀ। ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਅਨੇਕ ਭਾਰਤੀ ਜੰਗੀ ਕੈਦੀਆਂ ਦੀ ਅੱਜ ਤਕ ਪਾਕਿਸਤਾਨ ਨੇ ਰਿਹਾਈ ਨਹੀਂ ਕੀਤੀ। ਅਜਿਹੇ ਵਿਚ ਹੁਣ ਵੀ ਪਾਕਿਸਤਾਨ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਭਾਵੇਂ ਹੀ ਪਾਕਿਸਾਤਨ ਦੇ ਮੌਜੂਦਾ ਕਈ ਕਦਮ ਭਾਰਤ ਵੱਲ ਦੋਸਤੀ ਦਾ ਹੱਥ ਵਧਾਉਣ ਵਾਲੇ ਹਨ। ਜਾਧਵ 'ਤੇ ਕੌਮਾਂਤਰੀ ਅਦਾਲਤ ਦੇ ਫ਼ੈਸਲੇ ਤੋਂ ਪਹਿਲਾਂ ਹੀ ਪਾਕਿਸਤਾਨ ਨੇ ਮੁੰਬਈ ਅੱਤਵਾਦੀ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਗ੍ਰਿਫ਼ਤਾਰ ਕਰ ਲਿਆ। ਸਈਦ ਨੂੰ ਪੰਜਾਬ ਦੀ ਕਾਊਂਟਰ ਟੈਰੇਰਿਜ਼ਮ ਪੁਲਿਸ ਨੇ ਲਾਹੌਰ ਤੋਂ ਗੁਜਰਾਂਵਾਲਾ ਵੱਲ ਜਾਂਦਿਆਂ ਗ੍ਰਿਫ਼ਤਾਰ ਕੀਤਾ। ਸਈਦ ਨੂੰ ਅੱਤਵਾਦ ਫੈਲਾਉਣ ਲਈ ਫੰਡ ਇਕੱਠਾ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਸਈਦ ਅਤੇ ਉਸ ਦੇ 12 ਸਾਥੀਆਂ 'ਤੇ 3 ਜੁਲਾਈ ਨੂੰ ਮਾਮਲੇ ਦਰਜ ਕੀਤੇ ਗਏ ਸਨ। ਹੁਣ ਇਨ੍ਹਾਂ 'ਤੇ ਐਂਟੀ-ਟੈਰੇਰਿਜ਼ਮ ਕਾਨੂੰਨ-1997 ਤਹਿਤ ਵਿਸ਼ੇਸ਼ ਅਦਾਲਤ ਵਿਚ ਮੁਕੱਦਮਾ ਚਲਾਇਆ ਜਾਵੇਗਾ। ਅਸਲ ਵਿਚ ਕੌਮਾਂਤਰੀ ਦਬਾਅ ਤੋਂ ਬਾਅਦ ਪਾਕਿਸਤਾਨ ਨੇ ਹਾਫਿਜ਼ ਦੀਆਂ ਜੱਥੇਬੰਦੀਆਂ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ। ਮਾਰਚ ਵਿਚ ਜਮਾਤ-ਉਦ-ਦਾਵਾ, ਲਸ਼ਕਰ-ਏ-ਤਾਇਬਾ ਅਤੇ ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ ਦੇ 160 ਮਦਰੱਸੇ, 32 ਸਕੂਲ, ਦੋ ਕਾਲਜ, ਚਾਰ ਹਸਪਤਾਲ, 178 ਐਂਬੂਲੈਂਸ, 153 ਡਿਸਪੈਂਸਰੀਆਂ ਨੂੰ ਸੀਜ਼ ਕੀਤਾ ਗਿਆ ਸੀ। ਪਾਕਿਸਤਾਨ ਸਰਕਾਰ ਦਾ ਮੰਨਣਾ ਹੈ ਕਿ ਹਾਫਿਜ਼ ਦੀਆਂ ਇਨ੍ਹਾਂ ਜੱਥੇਬੰਦੀਆਂ ਰਾਹੀਂ ਇਕੱਠੇ ਕੀਤੇ ਗਏ ਪੈਸੇ ਦੀ ਵਰਤੋਂ ਅੱਤਵਾਦੀ ਕਾਰਵਾਈਆਂ ਲਈ ਕੀਤੀ ਗਈ ਹੈ। ਅਮਰੀਕਾ ਨੇ ਸਈਦ ਨੂੰ ਪਹਿਲਾਂ ਹੀ ਕੌਮਾਂਤਰੀ ਅੱਤਵਾਦੀ ਐਲਾਨਿਆ ਹੋਇਆ ਹੈ ਅਤੇ ਉਸ 'ਤੇ 10 ਮਿਲੀਅਨ ਡਾਲਰ ਦਾ ਇਨਾਮ ਵੀ ਰੱਖਿਆ ਹੋਇਆ ਹੈ। ਸੰਨ 2017 ਦੇ ਸ਼ੁਰੂ ਵਿਚ ਅਮਰੀਕਾ ਦੇ ਦਬਾਅ ਹੇਠ ਪਾਕਿਸਤਾਨ ਨੇ ਹਾਫਿਜ਼ ਸਈਦ ਨੂੰ ਨਜ਼ਰਬੰਦ ਕੀਤਾ ਵੀ ਸੀ ਪਰ ਗੱਲ ਫਿਰ ਆਈ-ਗਈ ਹੋ ਗਈ। ਪਰ ਹੁਣ ਲਗਾਤਾਰ ਵੱਧ ਰਹੇ ਕੌਮਾਂਤਰੀ ਦਬਾਅ ਅਤੇ ਭਾਰਤ ਦੀ ਕੂਟਨੀਤੀ ਅੱਗੇ ਪਾਕਿਸਤਾਨ ਦੀ ਪੇਸ਼ ਨਹੀਂ ਚੱਲ ਰਹੀ। ਇਸੇ ਕਾਰਨ ਇਸ ਸਾਲ ਮਈ ਵਿਚ ਹੀ ਪਾਕਿਸਤਾਨ ਨੇ ਅਜਿਹੀਆਂ ਹੋਰ ਜੱਥੇਬੰਦੀਆਂ 'ਤੇ ਵੀ ਪਾਬੰਦੀ ਲਾ ਦਿੱਤੀ ਜਿਨ੍ਹਾਂ 'ਤੇ ਅੱਤਵਾਦੀ ਸਰਗਰਮੀਆਂ ਲਈ ਫੰਡ ਇਕੱਠਾ ਕਰਨ ਦੇ ਦੋਸ਼ ਲੱਗ ਰਹੇ ਸਨ। ਇਨ੍ਹਾਂ ਵਿਚ ਦਾਅਵਤੁਲ ਰਸ਼ਾਦ ਟਰੱਸਟ, ਮਾਜ਼-ਬਿਨ-ਜਬਲ ਟਰੱਸਟ, ਇਲਾਨਫ਼ਾਲ ਟਰੱਸਟ, ਅਲ-ਹਮਦ ਟਰੱਸਟ ਅਤੇ ਅਲ-ਮਦੀਨਾ ਫਾਊਂਡੇਸ਼ਨ ਟਰੱਸਟ ਆਦਿ ਮੁੱਖ ਹਨ। ਸੰਨ 2017 ਵਿਚ ਪਾਕਿਸਤਾਨ ਦੇ ਤਤਕਾਲੀ ਵਿਦੇਸ਼ ਮੰਤਰੀ ਖਵਾਜ਼ਾ ਆਸਿਫ਼ ਨੇ ਕਿਹਾ ਸੀ ਕਿ ਹੱਕਾਨੀ ਨੈੱਟਵਰਕ ਅਤੇ ਹਾਫਿਜ਼ ਸਈਦ ਵਰਗੇ ਅਨਸਰ ਪਾਕਿਸਤਾਨ ਲਈ ਬੋਝ ਹਨ ਪਰ ਇਨ੍ਹਾਂ ਤੋਂ ਜਾਨ ਛੁਡਾਉਣ ਲਈ ਵਕਤ ਚਾਹੀਦਾ ਹੈ। ਦਰਅਸਲ, ਪਾਕਿਸਤਾਨ ਦੇ ਅੰਦਰੂਨੀ ਹਾਲਾਤ ਇਸ ਵੇਲੇ ਬਹੁਤੇ ਸਾਜ਼ਗਾਰ ਨਹੀਂ ਚੱਲ ਰਹੇ ਹਨ। ਉਸ ਦੀ ਵਿੱਤੀ ਹਾਲਤ ਬਦ ਤੋਂ ਬਦਤਰ ਹੈ। ਅਮਰੀਕਾ ਅਤੇ ਹੋਰ ਮੁਲਕਾਂ ਵੱਲੋਂ ਮਿਲਣ ਵਾਲੀ ਸਹਾਇਤਾ ਲਗਾਤਾਰ ਘਟ ਰਹੀ ਹੈ। ਆਈਐੱਮਐੱਫ ਤੋਂ ਕਰਜ਼ਾ ਲੈਣ ਲਈ ਪਾਕਿਸਤਾਨ ਸਰਕਾਰ ਨੇ ਲੋਕਾਂ 'ਤੇ ਵੱਡੇ ਪੱਧਰ 'ਤੇ ਟੈਕਸ ਲਾਏ ਜਿਨ੍ਹਾਂ ਦੇ ਵਿਰੋਧ ਵਿਚ ਪੂਰੇ ਮੁਲਕ ਵਿਚ ਜ਼ਬਰਦਸਤ ਮੁਜ਼ਾਹਰੇ ਹੋਏ ਸਨ। ਮੀਡੀਆ ਦੀ ਆਜ਼ਾਦੀ ਨੂੰ ਲੈ ਕੇ ਸਰਕਾਰ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਲਗਾਤਾਰ ਨਿੱਘਰ ਰਹੀ ਹਾਲਤ ਕਾਰਨ ਪਾਕਿਸਤਾਨ ਕੋਲ ਆਪਣੀ ਹੋਂਦ ਬਚਾਈ ਰੱਖਣ ਲਈ ਹਾਫਿਜ਼ ਸਈਦ ਵਰਗਿਆਂ ਨੂੰ ਸਰਪ੍ਰਸਤੀ ਦੇਣੀ ਬੰਦ ਕਰਨਾ ਮਜਬੂਰੀ ਹੈ। ਇਸ ਤੋਂ ਪਹਿਲਾਂ ਖ਼ਾਲਿਸਤਾਨ ਪੱਖੀ ਗੋਪਾਲ ਸਿੰਘ ਚਾਵਲਾ ਦੀ ਛੁੱਟੀ ਹੋਣ ਨੂੰ ਵੀ ਇਸ ਕੜੀ ਵਿਚ ਦੇਖਿਆ ਜਾ ਰਿਹਾ ਹੈ। ਭਾਵੇਂ ਪਾਕਿਸਤਾਨ ਦਾ ਦੋਸਤ ਚੀਨ ਬਹੁਤ ਸਾਰੇ ਮਸਲਿਆਂ 'ਤੇ ਉਸ ਦਾ ਸਾਥ ਦਿੰਦਾ ਹੈ ਪਰ ਕਈ ਮਾਮਲਿਆਂ ਵਿਚ ਕੌਮਾਂਤਰੀ ਭਾਈਚਾਰੇ ਅੱਗੇ ਉਸ ਦੀ ਪੇਸ਼ ਨਹੀਂ ਚੱਲਦੀ। ਅਜਿਹੇ ਵਿਚ ਪਾਕਿਸਤਾਨ ਨੂੰ ਵੀ ਸਮਝ ਆ ਰਿਹਾ ਹੈ ਕਿ ਚੀਨ ਉਸ ਨੂੰ ਆਪਣੇ ਮੁਫਾਦਾਂ ਲਈ ਹੀ ਵਰਤ ਰਿਹਾ ਹੈ। ਇਸ ਕਾਰਨ ਉਸ ਦਾ ਫ਼ਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੋ ਰਿਹਾ ਹੈ। ਅਜਿਹੇ ਹਾਲਾਤ ਵਿਚ ਭਾਰਤ ਨਾਲ ਦੋਸਤਾਨਾ ਰਵੱਈਆ ਅਪਣਾਉਣਾ ਪਾਕਿਸਤਾਨ ਦੀ ਸਿਧਾਂਤਕ ਮਜਬੂਰੀ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲਗਾਤਾਰ ਜਿਹੜੀਆਂ ਅਮਨ ਦੀਆਂ ਬਾਤਾਂ ਪਾ ਰਹੇ ਹਨ, ਉਹ ਅਸਲ ਵਿਚ ਭਾਰਤ ਵੱਲ ਅਮਰੀਕਾ ਦੇ ਹੋ ਰਹੇ ਝੁਕਾਅ ਕਾਰਨ ਹੀ ਹੋ ਰਿਹਾ ਹੈ। ਇਸ ਨੂੰ ਚਾਹੇ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਦੀ ਮਜਬੂਰੀ ਕਹਿ ਲਿਆ ਜਾਵੇ ਜਾਂ ਫਿਰ ਕੌਮਾਂਤਰੀ ਦਬਾਅ ਦਾ ਨਤੀਜਾ, ਇਸ ਨਾਲ ਭਾਰਤ ਨੂੰ ਵੱਡੇ ਪੱਧਰ 'ਤੇ ਫ਼ਾਇਦਾ ਹੋ ਰਿਹਾ ਹੈ।

Posted By: Sukhdev Singh