ਜਦੋਂ ਦੇਸ਼ ਦੀ ਵੰਡ ਦੀ ਗੱਲ ਤੁਰਦੀ ਹੈ ਤਾਂ ਬੇਗੁਨਾਹਾਂ ਦੇ ਕਤਲੇਆਮ ਦੀਆਂ ਤਸਵੀਰਾਂ ਅੱਖਾਂ ਅੱਗੇ ਘੁੰਮਣ ਲੱਗਦੀਆਂ ਹਨ। ਸਦੀਆਂ ਤੋਂ ਮਿਲ-ਜੁਲ ਕੇ ਰਹਿੰਦੇ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਦੀ ਭਾਈਚਾਰਕ ਸਾਂਝ 'ਤੇ ਰਾਜਨੀਤੀ ਨੇ ਪਲਾਂ 'ਚ ਹੀ ਨਫ਼ਰਤ ਦੀ ਪਰਤ ਚਾੜ੍ਹ ਦਿੱਤੀ ਸੀ। ਲੋਕ ਇਕ-ਦੂਜੇ ਦੇ ਖ਼ੂਨ ਦੇ ਤਿਹਾਏ ਬਣ ਗਏ ਸਨ। ਪੰਜਾਬ ਦੀ ਵੀ ਵੰਡ ਹੋ ਗਈ। ਦਿੱਲੀ ਵਿਚ ਜਸ਼ਨ ਮਨਾਏ ਜਾ ਰਹੇ ਸਨ। ਇਸ ਦਰਦ ਨੂੰ ਅੱਖੀਂ ਦੇਖਣ ਅਤੇ ਹੱਡੀਂ ਹੰਢਾਉਣ ਵਾਲੇ ਮੇਰੇ ਪਿੰਡ ਦੇ ਜਲੂਰਦੀਨ ਦਾ ਦੀਵਾ ਦੀਵਾਲੀ ਵਾਲੇ ਦਿਨ ਬੁਝ ਗਿਆ। ਇਸ ਉਜਾੜੇ ਦਾ ਸੇਕ ਜਿਵੇਂ ਹੋਰਾਂ ਪਿੰਡਾਂ ਵਿਚ ਪਹੁੰਚਿਆ, ਭੀਖੀ ਨੂੰ ਵੀ ਇਸ ਨੇ ਆਪਣੇ ਲਪੇਟੇ ਵਿਚ ਲਿਆ ਸੀ। ਇਸ ਉਜਾੜੇ ਦਾ ਗਵਾਹ ਅਤੇ ਦਰਦੀ ਸੀ ਭੀਖੀ ਦਾ ਜੰਮਪਲ ਜਲੂਰਦੀਨ ਜਿਸ ਨੇ ਉਹ ਉਜਾੜਾ ਆਪਣੇ ਤਨ 'ਤੇ ਹੰਢਾਇਆ ਸੀ। ਪੂਰੇ ਪਰਿਵਾਰ ਵਿਚ ਉਹ ਦੋ ਭਰਾ ਹੀ ਜਿਊਂਦੇ ਬਚੇ ਸਨ। ਜਲੂਰਦੀਨ ਦੀ ਸਾਡੇ ਪਰਿਵਾਰ ਨਾਲ ਬੜੀ ਸਾਂਝ ਸੀ। ਜਿੱਥੇ ਉਹ ਭੇਡਾਂ-ਬੱਕਰੀਆਂ ਦਾ ਇੱਜੜ ਪਾਲਦਾ, ਉੱਥੇ ਹੀ ਠੇਕੇ 'ਤੇ ਲੈ ਕੇ ਜ਼ਮੀਨ ਦੀ ਵਾਹੀ ਵੀ ਕਰਦਾ ਸੀ। ਮੈਂ ਉਸ ਨੂੰ ਬਾਬਾ ਕਹਿੰਦਾ ਸਾਂ। ਜਲੂਰਦੀਨ ਦੱਸਦਾ ਸੀ ਕਿ ਦੇਸ਼ ਦੀ ਵੰਡ ਸਮੇਂ ਉਹ ਭਰ ਜਵਾਨ ਸੀ। ਬਾਪੂ ਨਾਲ ਉਹ ਪਰਿਵਾਰ 'ਤੇ ਟੁੱਟੇ ਕਹਿਰ ਦੀਆਂ ਗੱਲਾਂ ਅਕਸਰ ਕਰਦਾ ਰਹਿੰਦਾ ਸੀ। ਮੈਂ ਛੋਟਾ ਹੁੰਦਾ ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣਦਾ। ਮੇਰੇ ਪੱਲੇ ਕੁਝ ਨਹੀਂ ਸੀ ਪੈਂਦਾ। ਇੰਨਾ ਕੁ ਸਮਝ ਜਾਂਦਾ ਕਿ ਹੱਲਿਆਂ ਵੇਲੇ ਬੰਦਿਆਂ ਨੂੰ ਕਿਵੇਂ ਵੱਢਿਆ ਗਿਆ ਸੀ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮੈਂ ਡਰ ਜਾਂਦਾ। ਸੁਪਨੇ ਵੀ ਇਹੋ-ਜਿਹੇ ਆਉਣੇ। ਵੱਡਾ ਹੋਇਆ ਤਾਂ ਥੋੜ੍ਹੀ ਸਮਝ ਬਣੀ। ਜਦੋਂ ਕਦੇ ਕੋਈ ਸੰਤਾਲੀ ਬਾਰੇ ਕਿਤਾਬ ਪੜ੍ਹਦਾ ਜਾਂ ਫਿਲਮ ਦੇਖਦਾ ਤਾਂ ਬਾਬਾ ਜਲੂਰਦੀਨ ਮੇਰੀਆਂ ਅੱਖਾਂ ਅੱਗੇ ਕਹਾਣੀ ਅਤੇ ਫਿਲਮ ਦਾ ਪਾਤਰ ਬਣ ਕੇ ਖੜ੍ਹ ਜਾਂਦਾ। ਬਾਬਾ ਜਲੂਰਦੀਨ ਨਾਲ ਪੰਜਾਬ ਦੀ ਵੰਡ ਬਾਰੇ ਮੈਂ ਬਹੁਤ ਗੱਲਾਂ ਕਰਦਾ। ਉਸ ਨੇ ਹਜ਼ਾਰਾਂ ਬੰਦਿਆਂ ਦੀ ਵੱਢ-ਟੁੱਕ ਅੱਖੀਂ ਦੇਖੀ ਸੀ। ਕੁੜੀਆਂ ਦੀਆਂ ਇੱਜ਼ਤਾਂ ਸ਼ਰੇਆਮ ਬੇਪੱਤ ਹੁੰਦੀਆਂ ਤੱਕੀਆਂ ਸਨ। ਵਸਦੇ-ਰਸਦੇ ਘਰਾਂ ਨੂੰ ਉੱਜੜਦੇ, ਲੁੱਟਦੇ ਤੇ ਸੜਦੇ ਦੇਖਿਆ ਸੀ। ਉਸ ਦੇ ਆਪਣੇ ਪਰਿਵਾਰ 'ਤੇ ਵੀ ਇਹ ਕਹਿਰ ਟੁੱਟਿਆ ਸੀ। ਉਸ ਦੇ ਪਰਿਵਾਰ 'ਤੇ ਹੱਲਾ ਬੋਲ ਕੇ ਸਭ ਨੂੰ ਕਤਲ ਕਰ ਦਿੱਤਾ ਗਿਆ। ਔਰਤਾਂ ਦੀਆਂ ਇੱਜ਼ਤਾਂ ਨਾਲ ਖੇਡਿਆ ਗਿਆ। ਕਿਸੇ ਤਰ੍ਹਾਂ ਜਲੂਰਦੀਨ ਬਚ ਨਿਕਲਿਆ। ਖੇਤਾਂ, ਸਰਕੰਡਿਆਂ, ਝਾੜੀਆਂ 'ਚ ਭੁੱਖਾ-ਪਿਆਸਾ ਰਹਿ ਕੇ ਲੁਕ-ਲੁਕ ਕੇ ਜਲੂਰਦੀਨ ਜਾਨ ਬਚਾਉਂਦਾ ਰਿਹਾ। ਇਕ ਗੱਲ ਉਸ ਨੇ ਠਾਣ ਰੱਖੀ ਸੀ ਕਿ ਦੂਸਰੇ ਮੁਲਕ ਨਹੀਂ ਜਾਣਾ। ਮੇਰਾ ਪਿੰਡ ਹੀ ਮੇਰਾ ਮੁਲਕ ਹੈ। ਉਹ ਦੇਸ਼ ਦੇ ਰਹਿਬਰਾਂ ਨੂੰ ਮੰਦਾ ਬੋਲਦਾ ਜਿਨ੍ਹਾਂ ਆਪਣੇ ਸਵਾਰਥ ਲਈ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਨਫ਼ਰਤ ਦੀ ਭੱਠੀ ਵਿਚ ਝੋਕ ਦਿੱਤਾ ਸੀ। ਹੁਣ ਉਸ ਦੇ ਗੋਡੇ ਜਵਾਬ ਦੇ ਗਏ ਸਨ। ਦੀਵਾਲੀ ਵਾਲੇ ਦਿਨ ਮਾਂ ਨੇ ਦੱਸਿਆ, 'ਜਲੂਰ ਮਰ ਗਿਆ ਹੈ।' ਸੁਣ ਕੇ ਮੈਂ ਸੁੰਨ ਹੋ ਗਿਆ।

-ਭੁਪਿੰਦਰ ਫ਼ੌਜੀ। ਸੰਪਰਕ : 98143-98762

Posted By: Sukhdev Singh