-ਦੀਪਕ ਜਲੰਧਰੀ

ਇੰਦਰ ਕੁਮਾਰ ਗੁਜਰਾਲ ਨੇ 21 ਅਪ੍ਰੈਲ 1997 ਤੋਂ 19 ਮਾਰਚ 1998 ਤਕ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ ਸਨ। ਉਨ੍ਹਾਂ ਦੀ 100ਵੀਂ ਵਰ੍ਹੇਗੰਢ 'ਤੇ ਜਲੰਧਰ ਨਾਲ ਉਨ੍ਹਾਂ ਦੇ ਜੁੜਾਵ ਦਾ ਜ਼ਿਕਰ ਕਰਨਾ ਮੈਂ ਜ਼ਰੂਰੀ ਸਮਝਦਾ ਹਾਂ। ਗੁਜਰਾਲ ਸਾਹਿਬ ਦਾ ਪਰਿਵਾਰ 1947 'ਚ ਹੋਈ ਦੇਸ਼ ਦੀ ਵੰਡ ਕਾਰਨ ਜਿਹਲਮ ਤੋਂ ਬਰਾਂਡਰਥ ਰੋਡ, ਜਲੰਧਰ ਵਿਖੇ ਆ ਵੱਸਿਆ। ਜੀਟੀ ਰੋਡ ਨੂੰ ਬਾਜ਼ਾਰ ਸ਼ੇਖਾਂ ਨਾਲ ਮਿਲਾਉਣ ਵਾਲੀ ਸੜਕ ਹੀ ਬਰਾਂਡਰਥ ਰੋਡ ਕਹਾਉਂਦੀ ਹੈ। ਆਜ਼ਾਦੀ ਘੁਲਾਟੀਏ ਹੋਣ ਕਾਰਨ ਸਮਾਜ ਵਿਚ ਉਨ੍ਹਾਂ ਦੇ ਪਰਿਵਾਰ ਦਾ ਬਹੁਤ ਸਤਿਕਾਰ ਸੀ। ਇੰਦਰ ਕੁਮਾਰ ਗੁਜਰਾਲ ਦਾ ਜਨਮ 4 ਦਸੰਬਰ 1919 ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਅਵਤਾਰ ਨਾਰਾਇਣ ਗੁਜਰਾਲ ਜਿਹਲਮ ਦੇ ਇਕ ਵੱਡੇ ਵਕੀਲ ਸਨ ਅਤੇ ਮਾਤਾ ਪੁਸ਼ਪਾਵਤੀ ਗੁਜਰਾਲ ਇਕ ਸਮਾਜ ਸੇਵੀ ਸਨ। ਇਸ ਦਾ ਸਬੂਤ ਇਹ ਹੈ ਕਿ ਉਨ੍ਹਾਂ ਨੇ ਜਲੰਧਰ ਵਿਚ ਨਾਰੀ-ਨਿਕੇਤਨ ਦਾ ਆਰੰਭ ਕੀਤਾ। ਅੱਜ ਤਕ ਇਹ ਸੰਸਥਾ ਬੜੀ ਨਿਸ਼ਠਾ ਤੇ ਸੇਵਾਭਾਵ ਨਾਲ ਚੱਲ ਰਹੀ ਹੈ। ਸੰਨ 1929 ਵਿਚ ਗੁਜਰਾਲ ਸਾਹਿਬ ਜਦੋਂ 10 ਸਾਲ ਦੀ ਉਮਰ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਅਵਤਾਰ ਨਾਰਾਇਣ ਰਾਵੀ ਕੰਢੇ ਹੋਣ ਵਾਲੇ ਕਾਂਗਰਸ ਦੇ ਇਜਲਾਸ ਵਿਚ ਸ਼ਾਮਲ ਹੋਣ ਮੌਕੇ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ। ਉਸ ਇਜਲਾਸ ਦੀ ਪ੍ਰਧਾਨਗੀ ਪੰਡਿਤ ਜਵਾਹਰਲਾਲ ਨਹਿਰੂ ਨੇ ਕੀਤੀ ਸੀ। ਗੁਜਰਾਲ ਸਾਹਿਬ ਨੇ ਆਪਣੀਆਂ ਲਿਖਤਾਂ ਵਿਚ ਕਾਂਗਰਸ ਦੇ ਇਸ ਸੈਸ਼ਨ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਉਨ੍ਹਾਂ ਦੇ ਮਨ ਵਿਚ ਸ਼ਹੀਦ ਭਗਤ ਸਿੰਘ ਪ੍ਰਤੀ ਬਹੁਤ ਹੀ ਸਤਿਕਾਰ ਸੀ ਅਤੇ ਉਹ ਉਨ੍ਹਾਂ ਤੋਂ ਪ੍ਰੇਰਿਤ ਵੀ ਸਨ। ਉਨ੍ਹਾਂ ਨੇ ਆਪਣੀ ਮੁੱਢਲੀ ਵਿੱਦਿਆ ਲਾਹੌਰ ਤੋਂ ਹਾਸਲ ਕੀਤੀ ਅਤੇ ਫਿਰ ਉੱਚ ਵਿੱਦਿਆ ਕਰਾਚੀ ਤੇ ਜਿਹਲਮ ਤੋਂ ਹਾਸਲ ਕੀਤੀ ਸੀ।

ਇੰਦਰ ਕੁਮਾਰ ਗੁਜਰਾਲ ਕੁਝ ਦੇਰ ਜਲੰਧਰ ਵਿਚ ਰੁਕ ਕੇ ਦਿੱਲੀ ਚਲੇ ਗਏ। ਉੱਥੇ ਉਨ੍ਹਾਂ ਦੇ ਰਾਜਨੀਤਕ ਸੰਘਰਸ਼ ਨੂੰ ਉਦੋਂ ਮਾਨਤਾ ਮਿਲੀ ਜਦੋਂ ਉਨ੍ਹਾਂ ਨੂੰ ਦਿੱਲੀ ਨਗਰ ਨਿਗਮ ਦੇ ਡਿਪਟੀ ਮੇਅਰ ਵਜੋਂ ਚੁਣ ਲਿਆ ਗਿਆ। ਉਸ ਤੋਂ ਬਾਅਦ ਉਹ ਦਿੱਲੀ ਮਹਾਨਗਰ ਦੇ ਮਹਾਪੌਰ (ਮੇਅਰ) ਵੀ ਬਣੇ। ਕਾਂਗਰਸ ਪਾਰਟੀ ਵਿਚ ਉਨ੍ਹਾਂ ਦੀ ਪਛਾਣ ਬਹੁਤ ਬਣ ਚੁੱਕੀ ਸੀ। ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਚੁਣ ਲਿਆ ਗਿਆ ਸੀ। ਉਨ੍ਹਾਂ ਦੀ ਸੂਝ-ਬੂਝ ਦਾ ਪ੍ਰਭਾਵ ਬੜੀ ਦੂਰ ਤਕ ਫੈਲਿਆ ਅਤੇ ਉਨ੍ਹਾਂ ਨੂੰ ਰਾਜ ਮੰਤਰੀ ਬਣਾ ਕੇ ਹਾਊਸਿੰਗ ਮਹਿਕਮੇ ਦੀ ਜ਼ਿੰਮੇਵਾਰੀ ਸੌਂਪੀ ਗਈ। ਆਈਕੇ ਗੁਜਰਾਲ ਨੇ ਸ਼ਹੀਦ ਭਗਤ ਸਿੰਘ ਕਾਲੋਨੀ ਬਣਾਉਣ ਦਾ ਉਪਰਾਲਾ ਕੀਤਾ। ਇਹ ਕਾਲੋਨੀ ਉਨ੍ਹਾਂ ਲੋਕਾਂ ਵਾਸਤੇ ਸੀ ਜੋ ਆਰਥਿਕ ਤੌਰ 'ਤੇ ਕਮਜ਼ੋਰ ਸਨ। ਜਲੰਧਰ ਦੇ ਰੇਡੀਓ ਸਟੇਸ਼ਨ ਦਾ ਉਪਰਾਲਾ ਉਨ੍ਹਾਂ ਦਾ ਮਿੱਤਰ ਕਰਤਾਰ ਸਿੰਘ ਦੁੱਗਲ ਕਰ ਰਿਹਾ ਸੀ। ਉਨ੍ਹਾਂ ਨੇ ਰੇਡੀਓ ਸਟੇਸ਼ਨ ਮਨਜ਼ੂਰ ਕਰਵਾਉਣ ਵਿਚ ਦਿੱਲੀ ਤੋਂ ਦੁੱਗਲ ਸਾਹਿਬ ਦੀ ਬਹੁਤ ਸਹਾਇਤਾ ਕੀਤੀ। ਉਹ ਚਾਹੁੰਦੇ ਸਨ ਕਿ ਜਲੰਧਰ ਵਿਚ ਰੇਡੀਓ ਸਟੇਸ਼ਨ ਛੇਤੀ ਤੋਂ ਛੇਤੀ ਸਥਾਪਤ ਹੋਵੇ। ਜਲੰਧਰ ਤੋਂ ਦੂਰਦਰਸ਼ਨ ਸਟੇਸ਼ਨ ਬਣਾਉਣ ਬਾਰੇ ਇਕ ਗੱਲ ਮੈਂ ਦੱਸਣੀ ਚਾਹੁੰਦਾ ਹਾਂ। ਉਸ ਸਮੇਂ ਉਹ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਸਨ। ਡਾ. ਸਾਧੂ ਸਿੰਘ ਹਮਦਰਦ ਨੇ ਇਕ ਮੁਲਾਕਾਤ ਵਿਚ ਗੁਜਰਾਲ ਸਾਹਿਬ ਨੂੰ ਕਿਹਾ ਕਿ ਜਿਹੜਾ ਦੂਰਦਰਸ਼ਨ ਕੇਂਦਰ ਤੁਸੀਂ ਰਾਜਸਥਾਨ ਵਿਚ ਲਾਇਆ ਹੈ, ਉਸ ਦੀ ਪਹਿਲੀ ਲੋੜ ਜਲੰਧਰ ਹੈ। ਗੁਜਰਾਲ ਸਾਹਿਬ ਨੇ ਇਹ ਗੱਲ ਮੰਨ ਲਈ ਅਤੇ ਦੂਰਦਰਸ਼ਨ ਦਾ ਜਿਹੜਾ ਸਾਮਾਨ ਰਾਜਸਥਾਨ ਗਿਆ ਸੀ, ਉਹ ਜਲੰਧਰ ਆਉਣਾ ਸ਼ੁਰੂ ਹੋ ਗਿਆ। ਜਿਸ ਦਿਨ ਦੂਰਦਰਸ਼ਨ ਕੇਂਦਰ ਜਲੰਧਰ ਦਾ ਨੀਂਹ ਪੱਥਰ ਰੱਖਿਆ ਗਿਆ, ਉਸ ਦਿਨ ਰੇਡੀਓ ਸਟੇਸ਼ਨ ਤੋਂ ਉਸ ਦਾ ਸਮਾਗਮ ਹੋਇਆ ਜਿਸ ਵਿਚ ਇਕ 8-9 ਸਾਲ ਦੀ ਕੁੜੀ ਜਸਪਿੰਦਰ ਨਰੂਲਾ ਨੇ 'ਦਮਾ-ਦਮਾ ਮਸਤ ਕਲੰਦਰ' ਗਾਣਾ ਇੰਨਾ ਵਧੀਆ ਗਾਇਆ ਕਿ ਗੁਜਰਾਲ ਸਾਹਿਬ ਨੇ ਉਸ ਨੂੰ ਸ਼ਾਬਾਸ਼ ਦਿੱਤੀ। ਦੂਰਦਰਸ਼ਨ ਜਲੰਧਰ ਦਾ ਆਰੰਭ ਸੰਨ 1978 ਵਿਚ ਲਾਲ ਕ੍ਰਿਸ਼ਨ ਅਡਵਾਨੀ ਦੇ ਹੱਥੀਂ ਹੋਇਆ ਸੀ ਜੋ ਉਸ ਸਮੇਂ ਸੂਚਨਾ ਤੇ ਪ੍ਰਸਾਰਣ ਮੰਤਰੀ ਸਨ। ਦੂਰਦਰਸ਼ਨ ਜਲੰਧਰ ਦੇ ਪਹਿਲੇ ਡਾਇਰੈਕਟਰ ਏ. ਐੱਸ. ਤਾਤਾਰੀ ਸਨ ਜੋ ਹਿੰਦੀ ਦੇ ਚੰਗੇ ਕਵੀ ਸਨ।

ਇੰਦਰ ਕੁਮਾਰ ਗੁਜਰਾਲ ਦੇ ਕਰੀਬੀ ਦੋਸਤਾਂ ਵਿਚ ਪ੍ਰਸਿੱਧ ਸ਼ਾਇਰ ਸਾਹਿਰ ਲੁਧਿਆਣਵੀ, ਫ਼ੈਜ਼ ਅਹਿਮਦ ਫ਼ੈਜ਼, ਕਰਤਾਰ ਸਿੰਘ ਦੁੱਗਲ, ਪ੍ਰਸਿੱਧ ਕਾਲਮਨਵੀਸ ਕੁਲਦੀਪ ਨਈਅਰ ਅਤੇ ਏਅਰ ਮਾਰਸ਼ਲ ਅਰਜਨ ਸਿੰਘ ਸ਼ਾਮਲ ਸਨ।

ਗੁਜਰਾਲ ਸਾਹਿਬ ਦੇ ਜਲੰਧਰ ਨਾਲ ਮੋਹ ਦਾ ਹੋਰ ਪ੍ਰਮਾਣ ਇਹ ਹੈ ਕਿ 'ਪਿਮਸ' ਦੇ ਨਿਰਮਾਣ ਲਈ ਪੱਚੀ ਕਰੋੜ ਰੁਪਈਆ ਉਨ੍ਹਾਂ ਨੇ ਮਨਜ਼ੂਰ ਕੀਤਾ ਸੀ। ਬੂਟਾਂ ਮੰਡੀ ਵਿਚ ਇਕ ਛੱਪੜ ਨੂੰ ਸੁੰਦਰ ਪਾਰਕ ਬਣਾਉਣ ਲਈ ਦਸ-ਲੱਖ ਰੁਪਈਆ ਦਿੱਤਾ। ਸੋਮ ਪ੍ਰਕਾਸ਼ ਜੋ ਮੌਜੂਦਾ ਸਮੇਂ ਰਾਜ ਮੰਤਰੀ ਹਨ, ਉਸ ਵੇਲੇ ਜਲੰਧਰ ਦੇ ਡਿਪਟੀ ਕਮਿਸ਼ਨਰ ਸਨ। ਰਾਮਾ ਮੰਡੀ ਫਲਾਈਓਵਰ ਲਈ ਚਾਰ ਕਰੋੜ ਰੁਪਏ ਦਿੱਤੇ। ਦੋਮੋਰੀਆ ਪੁਲ਼ ਫਲਾਈਓਵਰ ਦੇ ਨਿਰਮਾਣ ਸਬੰਧੀ ਜਲੰਧਰ ਆ ਕੇ ਐਲਾਨ ਕੀਤਾ ਅਤੇ ਬਣਾਉਣ ਹਿੱਤ ਉਪਰਾਲਾ ਕੀਤਾ ਜੋ ਕਿ ਹੁਣ ਬਣ ਚੁੱਕਾ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਜਲੰਧਰ ਵਿਚ 100 ਦੇ ਕਰੀਬ ਟਿਊਬਵੈੱਲ ਲਾਉਣ ਲਈ 10 ਕਰੋੜ ਰੁਪਈਏ ਜਾਰੀ ਕੀਤੇ।

ਜਲੰਧਰ-ਕਪੂਰਥਲਾ ਰੋਡ 'ਤੇ ਜਿਸ ਜਗ੍ਹਾ ਸਾਇੰਸ ਸਿਟੀ ਬਣੀ ਹੈ, ਇਹ ਜਗ੍ਹਾ ਹਵਾਈ ਅੱਡੇ ਲਈ ਖ਼ਰੀਦੀ ਗਈ ਸੀ। ਜਲੰਧਰ ਵਿਖੇ ਗੁਲਾਮ ਨਬੀ ਆਜ਼ਾਦ ਇਕ ਪ੍ਰੋਗਰਾਮ ਸਬੰਧੀ ਆਏ ਤਾਂ ਉਨ੍ਹਾਂ ਨੇ ਕਿਹਾ ਕਿ 'ਹਵਾਈ ਅੱਡਾ ਮੱਝ ਖ਼ਰੀਦਣ ਦੇ ਬਰਾਬਰ ਨਹੀਂ ਹੁੰਦਾ।' ਜਦੋਂ ਗੁਜਰਾਲ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਾਡੇ ਕੋਲ ਜ਼ਮੀਨਾਂ ਥੋੜ੍ਹੀਆਂ ਨੇ, ਸਰਕਾਰ ਹੋਰ ਜ਼ਮੀਨ ਨਾ ਲਵੇ। ਗੁਜਰਾਲ ਸਾਹਿਬ ਨੇ ਇਹ ਗੱਲ ਮੰਨ ਲਈ ਅਤੇ ਹਵਾਈ ਅੱਡੇ ਦੀ ਜਗ੍ਹਾ ਉਤੇ ਸਾਇੰਸ ਸਿਟੀ ਬਣਾਉਣ ਦੀ ਯੋਜਨਾ ਬਣੀ। ਦੇਸ਼ ਵਿਚ ਇਕ ਸਾਇੰਸ ਸਿਟੀ ਕਲਕੱਤੇ ਵਿਖੇ ਮੌਜੂਦ ਹੈ ਅਤੇ ਦੂਜੀ ਜਲੰਧਰ ਵਿਚ ਹੈ। ਇਸ ਦਾ ਪਹਿਲਾ ਡਾਇਰੈਕਟਰ ਜਨਰਲ ਖੰਡਪੁਰ ਸੀ। ਗੁਜਰਾਲ ਸਾਹਿਬ ਨੇ ਪੰਜਾਬ ਸਿਰ ਅੱਤਵਾਦ ਸਮੇਂ ਸੁਰੱਖਿਆ ਦੇ ਖ਼ਰਚੇ ਦੇ 8500 ਕਰੋੜ ਰੁਪਈਏ ਮਾਫ਼ ਕਰਨ ਦਾ ਐਲਾਨ ਵੀ ਕੀਤਾ। ਡਾ. ਬਰਜਿੰਦਰ ਸਿੰਘ ਹਮਦਰਦ ਦੇ ਕਹਿਣ 'ਤੇ ਇਕ ਵੱਡੇ ਸੂਫ਼ੀ ਗਾਇਕ ਨੂੰ ਦੇਸ਼ ਭਗਤ ਯਾਦਗਾਰ ਹਾਲ ਦੀ ਸਟੇਜ 'ਤੇ ਸਨਮਾਨਿਤ ਕੀਤਾ। ਗੁਜਰਾਲ ਸਾਹਿਬ 30 ਨਵੰਬਰ 2012 ਨੂੰ ਮੇਦਾਂਤਾ-ਦਿ ਮੈਡੀਸਿਟੀ ਹਸਪਤਾਲ ਗੁੜਗਾਓਂ ਵਿਖੇ ਸਵਰਗ ਸਿਧਾਰ ਗਏ ਸਨ। ਜਲੰਧਰ ਨਾਲ ਗੁਜਰਾਲ ਸਾਹਿਬ ਦੇ ਜੁੜਾਵ ਦੀਆਂ ਗੱਲਾਂ ਤਾਂ ਹੋਰ ਵੀ ਬਹੁਤ ਹਨ। ਕਦੇ ਫਿਰ ਸਹੀ। ਅਸੀਂ ਉਨ੍ਹਾਂ ਦੀ 100ਵੀਂ ਵਰ੍ਹੇਗੰਢ 'ਤੇ ਉਨ੍ਹਾਂ ਨੂੰ ਨਮਨ ਕਰਦੇ ਹਾਂ।

Posted By: Jagjit Singh