ਸੰਗਰੂਰ ਨੇੜਲੇ ਪਿੰਡ ਚੰਗਾਲੀਵਾਲਾ ਦੇ ਨੌਜਵਾਨ ਨੂੰ ਕੁਝ ਲੋਕਾਂ ਰੰਜਿਸ਼ਨ ਬੰਨ੍ਹ ਕੇ ਤਿੰਨ ਘੰਟੇ ਕੁੱਟਿਆ ਅਤੇ ਪਲਾਸ ਨਾਲ ਉਸ ਦੇ ਪੱਟਾਂ ਦਾ ਮਾਸ ਵੀ ਖਿੱਚਿਆ। ਪੀਜੀਆਈ ਦੇ ਡਾਕਟਰਾਂ ਨੇ ਆਪ੍ਰੇਸ਼ਨ ਕਰ ਕੇ ਉਸ ਦੀਆਂ ਦੋਵੇਂ ਲੱਤਾਂ ਕੱਟ ਦਿੱਤੀਆਂ। ਮਾਰਕੁੱਟ ਕਰਨ ਵਾਲੇ ਹਾਲੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ ਹਨ। ਇਸ ਤੋਂ ਇਲਾਵਾ ਬੀਤੇ ਦਿਨੀਂ ਅੰਮ੍ਰਿਤਸਰ 'ਚ ਪੌਣੇ ਤਿੰਨ ਕਿੱਲੋ ਸੋਨੇ ਦੀ ਲੁੱਟ ਹੋਈ ਸੀ ਅਤੇ ਖੰਨਾ 'ਚ ਕਿਰਚ ਮਾਰ ਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਸੀ। ਸੂਬੇ 'ਚ ਵੱਧਦਾ ਅਪਰਾਧ ਦਾ ਗ੍ਰਾਫ ਪੁਲਿਸ ਲਈ ਵੱਡੀ ਚੁਣੌਤੀ ਹੈ। ਇਹ ਤਾਂ ਸਹੀ ਹੈ ਕਿ ਪੁਲਿਸ ਹਰ ਥਾਂ ਨਹੀਂ ਹੋ ਸਕਦੀ ਪਰ ਪੁਲਿਸ ਅਤੇ ਕਾਨੂੰਨ ਦਾ ਡਰ ਹੀ ਅਜਿਹੀਆਂ ਵਾਰਦਾਤਾਂ ਰੋਕ ਸਕਦਾ ਹੈ। ਚਿੰਤਾ ਵਾਲੀ ਗੱਲ ਹੈ ਕਿ ਇਕ ਪਾਸੇ ਅਪਰਾਧ ਵੱਧ ਰਹੇ ਹਨ, ਦੂਜੇ ਪਾਸੇ ਅਪਰਾਧ ਰੋਕਣ ਵਾਲੀ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਸਵਾਲਾਂ ਦੇ ਘੇਰੇ 'ਚ ਹਨ। ਹਾਲਤ ਇਹ ਹੋ ਗਈ ਹੈ ਕਿ ਹੁਣ ਪੁਲਿਸ ਮੁਲਾਜ਼ਮਾਂ ਨੂੰ ਹੀ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ। ਨਸ਼ੇ ਦੀ ਸਮੱਸਿਆ ਲਈ ਤਾਂ ਪੰਜਾਬ ਵਿਚ ਪੁਲਿਸ ਵਾਲੇ ਹੀ ਮੁੱਖ ਤੌਰ 'ਤੇ ਜ਼ਿੰਮੇਵਾਰ ਮੰਨੇ ਜਾਣ ਲੱਗੇ ਹਨ। ਨਸ਼ਾ ਤਸਕਰੀ ਹੋਵੇ ਜਾਂ ਕਤਲ ਅਤੇ ਲੁੱਟਾਂ-ਖੋਹਾਂ ਵਰਗੀਆਂ ਵਾਰਦਾਤਾਂ ਦੇ ਵੱਧਦੇ ਅੰਕੜੇ ਹੋਣ, ਜ਼ਿੰਮੇਵਾਰ ਪੁਲਿਸ ਨੂੰ ਹੀ ਮੰਨਿਆ ਜਾਂਦਾ ਹੈ। ਇਹ ਸਵਾਲ ਇਸ ਕਰ ਕੇ ਵੀ ਉੱਠ ਰਹੇ ਹਨ ਕਿਉਂਕਿ ਪੰਜਾਬ ਵਿਚ ਪੁਲਿਸ ਛੋਟੇ ਨਸ਼ਾ ਸਮੱਗਲਰਾਂ ਨੂੰ ਤਾਂ ਰੋਜ਼ਾਨਾ ਫੜਦੀ ਹੈ ਪਰ ਉਨ੍ਹਾਂ ਵੱਡੇ ਲੋਕਾਂ ਨੂੰ ਨੱਥ ਨਹੀਂ ਪਾਉਂਦੀ ਜਿਨ੍ਹਾਂ ਨੇ ਇਸ ਵਪਾਰ ਨੂੰ ਪੰਜਾਬ ਵਿਚ ਪ੍ਰਚਲਿਤ ਕਰਵਾਇਆ। ਪਿਛਲੇ ਕੁਝ ਮਹੀਨਿਆਂ ਦੌਰਾਨ ਤਾਂ ਕਈ ਪੁਲਿਸ ਮੁਲਾਜ਼ਮਾਂ ਦਾ ਨਾਂ ਨਸ਼ੇ ਨਾਲ ਜੁੜੇ ਮਾਮਲਿਆਂ 'ਚ ਵੀ ਆਇਆ ਹੈ। ਤਰਨਤਾਰਨ ਦੇ ਪੱਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਤਾਂ ਪਟਿਆਲਾ ਥਾਣੇ 'ਚ ਤਾਇਨਾਤ ਏਐੱਸਆਈ ਰੇਣੂ ਬਾਲਾ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਰੇਣੂ ਬਾਲਾ ਦਾ ਪਤੀ ਵੀ ਪੁਲਿਸ ਮੁਲਾਜ਼ਮ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੁਲਿਸ ਦੀਆਂ ਵੀ ਕੁਝ ਮਜਬੂਰੀਆਂ ਹਨ। ਅੰਦਰੂਨੀ ਸੁਰੱਖਿਆ ਦੀ ਪਹਿਲੀ ਕੜੀ ਪੁਲਿਸ ਨਫ਼ਰੀ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ। ਇਸੇ ਸਾਲ ਜੁਲਾਈ 'ਚ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਅੰਕੜੇ ਦੱਸਦੇ ਹਨ ਕਿ ਵੱਖ-ਵੱਖ ਸੂਬਿਆਂ ਵਿਚ ਪੁਲਿਸ ਮੁਲਾਜ਼ਮਾਂ ਦੀਆਂ 5 ਲੱਖ 28 ਹਜ਼ਾਰ ਅਸਾਮੀਆਂ ਖ਼ਾਲੀ ਹਨ ਜਿਨ੍ਹਾਂ ਵਿਚ ਪੰਜਾਬ ਵੀ ਸ਼ਾਮਲ ਹੈ। ਹਾਲਾਂਕਿ ਪੰਜਾਬ ਉਨ੍ਹਾਂ ਚਾਰ ਰਾਜਾਂ 'ਚ ਸ਼ਾਮਲ ਹੈ ਜਿਹੜਾ ਆਪਣੇ ਕੁੱਲ ਬਜਟ 'ਦਾ 5 ਫ਼ੀਸਦੀ ਤੋਂ ਵੱਧ ਹਿੱਸਾ (ਦੇਸ਼ 'ਚੋਂ ਸਭ ਤੋਂ ਵੱਧ) ਪੁਲਿਸ 'ਤੇ ਖ਼ਰਚਦੇ ਹਨ। ਪੰਜਾਬ ਪੁਲਿਸ ਨੂੰ ਅਪਰਾਧ 'ਤੇ ਰੋਕ ਲਗਾਉਣ ਦੇ ਨਾਲ-ਨਾਲ ਆਪਣੇ ਅਕਸ ਨੂੰ ਸੁਧਾਰਨ ਲਈ ਵੀ ਕੰਮ ਕਰਨ ਦੀ ਲੋੜ ਹੈ। ਹਾਲਾਂਕਿ ਪੰਜਾਬ ਪੁਲਿਸ ਨੇ ਦਹਿਸ਼ਤਵਾਦ ਦੇ ਖ਼ੂਨੀ ਦੌਰ ਦਾ ਸਫਲਤਾਪੂਰਵਕ ਸਾਹਮਣਾ ਕੀਤਾ ਸੀ। ਕਈ ਪੁਲਿਸ ਮੁਲਾਜ਼ਮ ਸ਼ਹੀਦ ਹੋਏ ਸਨ। ਦੂਜੇ ਪਾਸੇ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਵਿਦੇਸ਼ ਵਿਚ ਜਿੱਥੇ ਪੁਲਿਸ ਨੂੰ ਦੇਖ ਕੇ ਲੋਕ ਸੁਰੱਖਿਅਤ ਮਹਿਸੂਸ ਕਰਦੇ ਹਨ ਤਾਂ ਸਾਡੇ ਦੇਸ਼ ਵਿਚ ਪੁਲਿਸ ਨੂੰ ਦੇਖਦਿਆਂ ਹੀ ਕੰਨੀ ਕਤਰਾਉਣ ਲੱਗ ਜਾਂਦੇ ਹਨ। ਭ੍ਰਿਸ਼ਟਾਚਾਰ ਵੀ ਇਸ ਮਹਿਕਮੇ ਨੂੰ ਕਲੰਕਿਤ ਕਰਨ ਵਿਚ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ। ਭਾਵੇਂ ਕੋਈ ਵੀ ਮਹਿਕਮਾ ਵੱਢੀਖੋਰੀ ਤੋਂ ਬਚਿਆ ਨਹੀਂ ਹੈ ਪਰ ਜਿੱਥੇ ਲੋਕਾਂ ਦੀ ਸੁਰੱਖਿਆ ਦਾ ਸਵਾਲ ਹੈ, ਉੱਥੇ ਖ਼ਾਸ ਤਵੱਜੋ ਦੇਣ ਦੀ ਲੋੜ ਹੈ। ਮੌਜੂਦਾ ਸਮੇਂ ਵੱਧ ਰਿਹਾ ਅਪਰਾਧ ਦਾ ਗ੍ਰਾਫ ਕਾਨੂੰਨ ਦੇ ਸ਼ਾਸਨ ਦਾ ਮਜ਼ਾਕ ਉਡਾਉਣ ਤੇ ਨਾਲ ਹੀ ਪੁਲਿਸ ਦੇ ਇਕਬਾਲ ਨੂੰ ਘੱਟ ਕਰਨ ਵਾਲਾ ਹੈ। ਸੰਵੇਦਨਸ਼ੀਲ ਦੌਰ 'ਚੋਂ ਨਿਕਲ ਰਹੇ ਪੰਜਾਬ 'ਚ ਪੁਲਿਸ ਨੂੰ ਚੁਸਤ-ਦਰੁਸਤ ਰਹਿਣ ਦੀ ਵਧੇਰੇ ਲੋੜ ਹੈ।

Posted By: Rajnish Kaur