-ਬਲਰਾਜ ਸਿੱਧੂ ਐੱਸਪੀ

ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿਚ ਇਕ ਅਤਿ ਘਿਨੌਣਾ ਮਾਮਲਾ ਸਾਹਮਣੇ ਆਇਆ ਸੀ ਕਿ ਇਕ ਨਾਬਾਲਗ ਲੜਕੀ ਨੂੰ ਉਸ ਦੇ ਸਕੇ ਭਰਾ ਨੇ ਹੀ ਜਬਰ-ਜਨਾਹ ਕਰ ਕੇ ਗਰਭਵਤੀ ਬਣਾ ਦਿੱਤਾ। ਅਜਿਹੇ ਘਿਨੌਣੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਭਾਰਤ ਵਿਚ ਭੁੱਖਮਰੀ, ਗ਼ਰੀਬੀ, ਅਨਪੜ੍ਹਤਾ ਅਤੇ ਸਮਾਜਿਕ ਪ੍ਰਥਾਵਾਂ ਕਾਰਨ ਬੱਚਿਆਂ ਦਾ ਸਿਰਫ਼ ਜਿਸਮਾਨੀ ਸ਼ੋਸ਼ਣ ਹੀ ਨਹੀਂ ਹੋ ਰਿਹਾ ਬਲਕਿ ਉਨ੍ਹਾਂ ਕੋਲੋਂ ਮਜ਼ਦੂਰੀ, ਭੀਖ ਮੰਗਵਾਉਣੀ ਅਤੇ ਅਤੇ ਜੇਬਾਂ ਕੱਟਣ ਤਕ ਦੇ ਕੰਮ ਕਰਵਾਏ ਜਾਂਦੇ ਹਨ।

ਡਰੱਗ ਸਮੱਗਲਰਾਂ ਨੇ ਹੁਣ ਬੱਚਿਆਂ ਰਾਹੀਂ ਆਪਣਾ ਮਾਲ ਭੇਜਣ ਦਾ ਨਵਾਂ ਤਰੀਕਾ ਈਜਾਦ ਕਰ ਲਿਆ ਹੈ ਕਿਉਂਕਿ ਬੱਚਿਆਂ 'ਤੇ ਪੁਲਿਸ ਸ਼ੱਕ ਨਹੀਂ ਕਰਦੀ। ਮੁੰਬਈ ਦੇ ਗੈਂਗਸਟਰ ਤਾਂ ਕਈ ਵਾਰ ਬੱਚਿਆਂ ਤੋਂ ਕਤਲ ਤਕ ਕਰਵਾ ਦਿੰਦੇ ਹਨ ਕਿਉਂਕਿ ਬੱਚਿਆਂ ਨੂੰ ਜੇਲ੍ਹਾਂ ਦੀ ਬਜਾਏ ਸੁਧਾਰ ਘਰਾਂ ਵਿਚ ਭੇਜ ਦਿੱਤਾ ਜਾਂਦਾ ਹੈ ਅਤੇ ਨਿਰਭੈਆ ਕਾਂਡ ਦੇ ਮੁਲਜ਼ਮ ਵਾਂਗ ਰਿਹਾਈ ਵੀ ਜਲਦੀ ਹੋ ਜਾਂਦੀ ਹੈ। ਯਤੀਮਖ਼ਾਨਿਆਂ, ਆਸ਼ਰਮਾਂ, ਕਥਿਤ ਡੇਰਿਆਂ ਅਤੇ ਖੇਡ ਮੈਦਾਨਾਂ ਵਿਚ ਬੱਚਿਆਂ ਦਾ ਰੱਜ ਕੇ ਸ਼ੋਸ਼ਣ ਕੀਤਾ ਜਾਂਦਾ ਹੈ। ਮੁਜ਼ੱਫਰਪੁਰ (ਬਿਹਾਰ) ਦੇ ਸੇਵਾ ਸੰਕਲਪ ਵਿਕਾਸ ਸਮਿਤੀ ਆਸ਼ਰਮ ਵਿਚ ਹੋਇਆ 34 ਬੱਚੀਆਂ ਦਾ ਸੈਕਸ ਸ਼ੋਸ਼ਣ ਕਾਂਡ (2018) ਸਭ ਦੇ ਸਾਹਮਣੇ ਹੈ। ਚੌਕਾਂ ਵਿਚ ਖੜ੍ਹੀਆਂ ਮੰਗਤੀਆਂ ਕਿਰਾਏ 'ਤੇ ਲਿਆਂਦਾ ਇਕ ਮਾਸੂਮ ਛੋਟਾ ਬੱਚਾ ਕੁੱਛੜ ਚੁੱਕ ਕੇ ਭੀਖ ਮੰਗਦੀਆਂ ਆਮ ਹੀ ਦਿਖਾਈ ਦਿੰਦੀਆਂ ਹਨ। ਲੱਗਦਾ ਹੈ ਕਿ ਉਸ ਬੱਚੇ ਨੂੰ ਕੋਈ ਨਸ਼ਾ ਆਦਿ ਖਵਾਇਆ ਹੁੰਦਾ ਹੈ ਕਿਉਂਕਿ ਬੱਚਾ ਸਾਰਾ ਦਿਨ ਨਾ ਤਾਂ ਰੋਂਦਾ ਹੈ ਅਤੇ ਨਾ ਹੀ ਜਾਗਦਾ। ਮੰਗਤੀਆਂ ਦੀ ਸਰੀਰਕ ਬਣਤਰ ਵੇਖ ਕੇ ਸਪਸ਼ਟ ਪਤਾ ਚੱਲਦਾ ਹੈ ਕਿ ਇਹ ਇਸ ਦੀ ਅਸਲੀ ਮਾਂ ਨਹੀਂ ਹੈ। ਬੱਚਿਆਂ ਦਾ ਸ਼ੋਸ਼ਣ ਜਿਨਸੀ, ਸਰੀਰਕ ਅਤੇ ਮਾਨਸਿਕ ਤੌਰ 'ਤੇ ਹੁੰਦਾ ਹੈ। ਇਹ ਸੱਟ ਮਾਰਨ, ਬੇਰੁਖ਼ੀ, ਜਬਰਨ ਸੈਕਸ ਅਤੇ ਮਾਨਸਿਕ ਤੰਗੀ-ਪਰੇਸ਼ਾਨੀ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ। ਇਹ ਸ਼ੋਸ਼ਣ ਘਰਾਂ, ਸਕੂਲਾਂ, ਯਤੀਮਖ਼ਾਨਿਆਂ, ਹੋਸਟਲਾਂ ਅਤੇ ਜੇਲ੍ਹਾਂ ਆਦਿ ਵਿਚ ਕੀਤਾ ਜਾਂਦਾ ਹੈ ਜੋ ਬੱਚੇ ਦੇ ਵਿਕਾਸ, ਸਿਹਤ, ਦਿਮਾਗ, ਭਵਿੱਖੀ ਜ਼ਿੰਦਗੀ ਅਤੇ ਮਾਣ-ਸਨਮਾਨ 'ਤੇ ਮਾਰੂ ਅਸਰ ਪਾਉਂਦਾ ਹੈ। ਬੱਚੇ ਸਾਰੀ ਉਮਰ ਇਸ ਨੂੰ ਭੁੱਲ ਨਹੀਂ ਪਾਉਂਦੇ ਅਤੇ ਹਮੇਸ਼ਾ ਹੀਣ-ਭਾਵਨਾ ਦੇ ਸ਼ਿਕਾਰ ਰਹਿੰਦੇ ਹਨ। ਬਹੁਤੇ ਤਾਂ ਡੂੰਘੇ ਸਦਮੇ ਵਿਚ ਚਲੇ ਜਾਂਦੇ ਹਨ। ਭਾਰਤ ਦੇ 53% ਬੱਚਿਆਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਸੈਕਸ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਮੁਤਾਬਕ ਭਾਰਤ 'ਚ ਬੱਚੀਆਂ ਦੇ ਕਤਲ ਅਤੇ ਜਬਰ-ਜਨਾਹ ਦੇ ਕੇਸ ਹਰ ਸਾਲ ਵੱਧਦੇ ਜਾ ਰਹੇ ਹਨ।

ਗੁੰਝਲਦਾਰ ਹੁੰਦੀ ਜਾ ਰਹੀ ਪਰਿਵਾਰਕ ਜ਼ਿੰਦਗੀ ਅਤੇ ਬਦਲ ਰਹੇ ਸਮਾਜਿਕ-ਆਰਥਿਕ ਸਮੀਕਰਨਾਂ ਨੇ ਬੱਚਿਆਂ ਨੂੰ ਨਵੇਂ ਤਰ੍ਹਾਂ ਦੇ ਸ਼ੋਸ਼ਣਾਂ ਦੇ ਖਤਰੇ ਵਿਚ ਪਾ ਦਿੱਤਾ ਹੈ। ਇਸ ਵਰਤਾਰੇ ਦੇ ਲਗਾਤਾਰ ਵੱਧਦੇ ਜਾਣ ਦਾ ਸਭ ਤੋਂ ਵੱਡਾ ਕਾਰਨ ਅਜਿਹੇ ਕੇਸਾਂ ਦਾ ਬਹੁਤ ਘੱਟ ਸਾਹਮਣੇ ਆਉਣਾ ਹੈ। ਬੱਚੇ ਦੇ ਮਨ ਵਿਚ ਇੰਨਾ ਡਰ ਬਿਠਾ ਦਿੱਤਾ ਜਾਂਦਾ ਹੈ ਕਿ ਉਹ ਇਸ ਬਾਰੇ ਮਾਪਿਆਂ ਨੂੰ ਦੱਸਣ ਜਾਂ ਪੁਲਿਸ ਕੋਲ ਰਿਪੋਰਟ ਕਰਨ ਦੀ ਹਿੰਮਤ ਨਹੀਂ ਜੁਟਾ ਪਾਉਂਦਾ। ਜੇ ਉਹ ਮਾਪਿਆਂ ਨੂੰ ਦੱਸਦਾ ਵੀ ਹੈ ਤਾਂ ਪਰਿਵਾਰ ਦੀ ਬਦਨਾਮੀ ਅਤੇ ਰੂੜੀਵਾਦੀ ਸਮਾਜ ਦੇ ਡਰੋਂ ਗੱਲ ਨੂੰ ਦਬਾ ਦਿੱਤਾ ਜਾਂਦਾ ਹੈ। ਸਭ ਤੋਂ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਬੱਚੇ ਦਾ ਸੈਕਸ ਸ਼ੋਸ਼ਣ ਕਰਨ ਵਾਲੇ 90% ਦਰਿੰਦੇ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਜਾਣ-ਪਛਾਣ ਵਾਲੇ ਹੀ ਹੁੰਦੇ ਹਨ। ਕੋਰੋਨਾ ਕਾਲ ਨੇ ਇਸ ਵਰਤਾਰੇ ਵਿਚ ਭਾਰੀ ਵਾਧਾ ਕੀਤਾ ਹੈ ਕਿਉਂਕਿ ਸ਼ੋਸ਼ਿਤ ਬੱਚੇ ਆਪਣਾ ਸ਼ੋਸ਼ਣ ਕਰਨ ਵਾਲਿਆਂ ਨਾਲ ਹੀ ਘਰਾਂ ਵਿਚ ਬੰਦ ਹੋ ਗਏ ਹਨ। ਲਾਕਡਾਊਨ ਤੋਂ ਪਹਿਲਾਂ ਸਿਰਫ਼ 11 ਦਿਨਾਂ ਵਿਚ ਹੀ ਪੁਲਿਸ ਨੂੰ ਲਗਪਗ 4 ਲੱਖ ਕਾਲਾਂ ਆਈਆਂ ਸਨ ਜਿਨ੍ਹਾਂ ਵਿਚੋਂ 92105 ਕਾਲਾਂ ਬੱਚਿਆਂ ਦੇ ਸ਼ੋਸ਼ਣ ਅਤੇ ਮਾਰ-ਕੁਟਾਈ ਨਾਲ ਸਬੰਧਤ ਸਨ। ਸੰਨ 2017 ਵਿਚ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਕਰਵਾਏ ਗਏ ਇਕ ਸਰਵੇਖਣ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ 5 ਤੋਂ 12 ਸਾਲ ਦੇ ਬੱਚੇ ਸ਼ੋਸ਼ਣ ਦੇ ਸਭ ਤੋਂ ਵੱਧ ਸ਼ਿਕਾਰ ਹੁੰਦੇ ਹਨ। ਇਸ ਸਰਵੇਖਣ ਮੁਤਾਬਕ ਕੁੱਲ ਸ਼ੋਸ਼ਿਤ ਬੱਚਿਆਂ ਵਿੱਚੋਂ 55% ਲੜਕੇ ਅਤੇ 45% ਲੜਕੀਆਂ ਸਨ। ਲਗਪਗ 86% ਬੱਚਿਆਂ ਦਾ ਸ਼ੋਸ਼ਣ ਉਨ੍ਹਾਂ ਦੇ ਮਾਪਿਆਂ ਵੱਲੋਂ ਹੀ ਕੀਤਾ ਗਿਆ। ਬਾਈ ਪ੍ਰਤੀਸ਼ਤ ਬੱਚਿਆਂ ਨਾਲ ਜਬਰ-ਜਨਾਹ ਹੋਇਆ ਅਤੇ 51% ਨਾਲ ਜਿਸਮਾਨੀ ਛੇੜਛਾੜ ਕੀਤੀ ਗਈ।

ਆਂਧਰ ਪ੍ਰਦੇਸ਼, ਅਸਾਮ, ਬਿਹਾਰ ਅਤੇ ਦਿੱਲੀ ਵਿਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਬੱਚਿਆਂ ਦੇ ਸ਼ੋਸ਼ਣ ਸਬੰਧੀ ਮਾਮਲੇ ਜਲਦੀ ਨਿਪਟਾਉਣ ਲਈ ਕੇਂਦਰ ਸਰਕਾਰ ਨੇ 2012 ਵਿਚ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੂਅਲ ਓਫੈਂਸਿਜ਼ (ਪੋਕਸੋ) ਨਾਮਕ ਕਾਨੂੰਨ ਪਾਸ ਕੀਤਾ ਸੀ। ਇਸ ਅਧੀਨ ਵਿਸ਼ੇਸ਼ ਅਦਾਲਤਾਂ ਦੀ ਸਥਾਪਨਾ ਕੀਤੀ ਗਈ ਸੀ ਜੋ ਸਿੱਧੀਆਂ ਹਾਈ ਕੋਰਟ ਦੇ ਅਧੀਨ ਹਨ। ਕੇਸ ਦਾ ਨਿਪਟਾਰਾ ਮਕੁੱਦਮਾ ਦਰਜ ਹੋਣ ਦੇ ਇਕ ਸਾਲ ਦੇ ਅੰਦਰ ਕਰਨਾ ਲਾਜ਼ਮੀ ਹੈ ਪਰ ਹੌਲੀ-ਹੌਲੀ ਇਸ ਅਧੀਨ ਚੱਲਣ ਵਾਲੇ ਮੁਕੱਦਮੇ ਵੀ ਚੋਰੀ - ਕਤਲ ਆਦਿ ਦੇ ਸਾਧਾਰਨ ਮੁਕੱਦਮਿਆਂ ਵਾਲੀ ਰਫ਼ਤਾਰ ਨਾਲ ਚੱਲਣ ਲੱਗ ਪਏ ਹਨ ਅਤੇ ਅਦਾਲਤਾਂ 'ਚ ਕੇਸਾਂ ਦੇ ਢੇਰ ਲੱਗ ਗਏ ਹਨ। ਬਾਲਗ ਵਿਅਕਤੀ ਤਾਂ ਅਦਾਲਤਾਂ ਦੇ ਚੱਕਰ ਲਗਾ ਵੀ ਸਕਦਾ ਹੈ ਪਰ ਮਾਸੂਮ ਬੱਚੇ ਵਾਸਤੇ ਵਾਰ-ਵਾਰ ਅਦਾਲਤ ਦੇ ਚੱਕਰ ਲਗਾ ਕੇ ਘਾਗ ਵਕੀਲਾਂ ਕੋਲੋਂ ਜ਼ਿੱਲਤ ਸਹਿਣੀ ਅਸੰਭਵ ਹੈ। ਇਸੇ ਕਾਰਨ ਅਜਿਹੇ ਜ਼ਿਆਦਾਤਰ ਕੇਸਾਂ 'ਚੋਂ ਕਥਿਤ ਦੋਸ਼ੀ ਬਰੀ ਹੋ ਰਹੇ ਹਨ। ਸਭ ਤੋਂ ਵੱਧ ਕੇਸ ਮਹਾਰਾਸ਼ਟਰ (33000), ਯੂਪੀ (30500), ਮੱਧ ਪ੍ਰਦੇਸ਼ (22000) ਅਤੇ ਕੇਰਲ (19000) ਦੀਆਂ ਪੋਕਸੋ ਅਦਾਲਤਾਂ ਵਿਚ ਲੰਬਿਤ ਹਨ। ਇਸ ਵੇਲੇ ਭਾਰਤ ਭਰ ਵਿਚ ਪੋਕਸੋ ਅਦਾਲਤਾਂ ਵਿਚ ਡੇਢ ਲੱਖ ਦੇ ਕਰੀਬ ਕੇਸ ਚੱਲ ਰਹੇ ਹਨ।

ਸੰਸਾਰ 'ਚ ਇਸ ਵੇਲੇ ਲਗਪਗ 30 ਕਰੋੜ ਬੱਚੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਸਭ ਤੋਂ ਬੁਰੀ ਹਾਲਤ ਨਾਈਜਰ, ਮਾਲੇ, ਚਾਡ, ਦੱਖਣੀ ਸੂਡਾਨ, ਸੋਮਾਲੀਆ, ਨਾਈਜੀਰੀਆ, ਗਿਨੀ, ਸੀਅਰਾ ਲਿਓਨ, ਕਾਂਗੋ, ਸੀਰੀਆ, ਇਰਾਕ ਅਤੇ ਅਫ਼ਗਾਨਿਸਤਾਨ 'ਚ ਹੈ। ਅਮਰੀਕਾ ਦਾ ਦਰਜਾ 40ਵਾਂ ਅਤੇ ਭਾਰਤ ਦਾ 38ਵਾਂ ਹੈ। ਬੱਚਿਆਂ ਦੇ ਰਹਿਣ ਲਈ ਸਭ ਤੋਂ ਵਧੀਆ ਦੇਸ਼ ਡੈੱਨਮਾਰਕ, ਸਵੀਡਨ, ਨਾਰਵੇ, ਕੈਨੇਡਾ, ਹਾਲੈਂਡ, ਫਿਨਲੈਂਡ, ਸਵਿਟਜ਼ਰਲੈਂਡ ਅਤੇ ਨਿਊਜ਼ੀਲੈਂਡ ਹਨ। ਭਾਰਤ ਵਿਚ ਤਾਂ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਬੱਚਿਆਂ ਵਿਰੁੱਧ ਅਪਰਾਧ ਵੱਧਦੇ ਹੀ ਜਾ ਰਹੇ ਹਨ। ਪੰਜਾਬ ਦੇ ਬੇਬੀ ਕਿੱਲਰ ਦਰਬਾਰਾ ਸਿੰਘ (ਜਲੰਧਰ 1996) ਅਤੇ ਨਿਠਾਰੀ ਕਾਂਡ (ਨੋਇਡਾ 2006) ਦੇ ਮਹਿੰਦਰ ਸਿੰਘ ਪੰਧੇਰ ਤੇ ਸਤੀਸ਼ ਕੋਲੀ ਵਰਗੇ ਮਨੋਰੋਗੀ ਅਨੇਕਾਂ ਦਰਿੰਦੇ ਹੋਰ ਪੈਦਾ ਹੋ ਗਏ ਹਨ ਅਤੇ ਆਜ਼ਾਦ ਘੁੰਮ ਰਹੇ ਹਨ। ਬੱਚਿਆਂ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਭਰਮਾਉਣਾ ਅਤੇ ਕਾਬੂ ਕਰਨਾ ਆਸਾਨ ਹੁੰਦਾ ਹੈ। ਸੱਤਰ ਫ਼ੀਸਦੀ ਕੇਸਾਂ ਵਿਚ ਪਛਾਣ ਲੁਕਾਉਣ ਲਈ ਬੱਚੇ ਦਾ ਕਤਲ ਕਰ ਦਿੱਤਾ ਜਾਂਦਾ ਹੈ। ਬੱਚੇ ਦੀ ਰਖਵਾਲੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਮਾਪਿਆਂ ਦੀ ਹੁੰਦੀ ਹੈ। ਜੇ ਮਾਪੇ ਹੀ ਦਾਨਵ ਬਣ ਜਾਣ ਤਾਂ ਫਿਰ ਬੱਚੇ ਨੂੰ ਤਾਂ ਰੱਬ ਵੀ ਨਹੀਂ ਬਚਾ ਸਕਦਾ। ਆਪਣੇ ਬੱਚਿਆਂ ਨੂੰ ਜਾਨਵਰਾਂ ਵਾਂਗ ਕੁੱਟ ਰਹੇ ਕਈ ਮਾਪਿਆਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ। ਬੱਚੇ ਵਾਸਤੇ ਵਕਤ ਨਾ ਹੋਣ ਕਾਰਨ ਕੰਮਕਾਜੀ ਮਾਪਿਆਂ ਵੱਲੋਂ ਉਸ ਦੀ ਦੇਖਭਾਲ ਲਈ ਜਾਂ ਤਾਂ ਆਇਆ ਰੱਖ ਲਈ ਜਾਂਦੀ ਹੈ ਜਾਂ ਬੱਚੇ ਨੂੰ ਕਿੰਡਰਗਾਰਟਨ ਵਿਚ ਛੱਡ ਦਿੱਤਾ ਜਾਂਦਾ ਹੈ। ਪਰ ਕਈ ਪੱਥਰ ਦਿਲ ਆਇਆ ਬੱਚਿਆਂ ਨੂੰ ਬੁਰੀ ਤਰਾਂ ਡਾਂਟਦੀਆਂ ਅਤੇ ਕੁੱਟਮਾਰ ਕਰਦੀਆਂ ਕਾਬੂ ਆਈਆਂ ਹਨ। ਅੱਜ ਦੇ ਖ਼ਤਰਨਾਕ ਮਾਹੌਲ ਵਿਚ ਬੱਚਿਆਂ ਨੂੰ ਸ਼ੋਸ਼ਣ ਤੋਂ ਬਚਾਉਣ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਖ਼ਾਸ ਖ਼ਿਆਲ ਰੱਖਣ ਅਤੇ ਉਨ੍ਹਾਂ ਵਾਸਤੇ ਵਕਤ ਕੱਢਣ।

ਕਦੇ ਵੀ ਬੱਚੇ, ਖ਼ਾਸ ਤੌਰ 'ਤੇ ਲੜਕੀ ਨੂੰ ਕਿਸੇ ਵੀ ਰਿਸ਼ਤੇਦਾਰ ਕੋਲ ਇਕੱਲਿਆਂ ਨਹੀਂ ਛੱਡਣਾ ਚਾਹੀਦਾ। ਸਕੂਲੋਂ ਅਤੇ ਬਾਹਰੋਂ ਖੇਡ ਕੇ ਆਏ ਬੱਚੇ ਨੂੰ ਪਿਆਰ ਨਾਲ ਕੋਲ ਬਿਠਾ ਕੇ ਰੋਜ਼ ਦੇ ਵਰਤਾਰੇ ਬਾਰੇ ਪੁੱਛਣਾ ਚਾਹੀਦਾ ਹੈ ਅਤੇ ਉਸ ਦੇ ਸਰੀਰ ਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਉਸ ਦੇ ਪਿੰਡੇ ਜਾਂ ਕਿਸੇ ਗੁਪਤ ਅੰਗ 'ਤੇ ਕੋਈ ਜ਼ਖ਼ਮ ਜਾਂ ਸੱਟ-ਫੇਟ ਦੇ ਨਿਸ਼ਾਨ ਤਾਂ ਨਹੀਂ? ਮਾਪਿਆਂ ਤੋਂ ਇਲਾਵਾ ਬੱਚੇ ਦੀ ਸਹੀ ਦੇਖਭਾਲ ਹੋਰ ਕੋਈ ਨਹੀਂ ਕਰ ਸਕਦਾ। ਕਈ ਮਾਮਲਿਆਂ 'ਚ ਤਾਂ ਬੱਚੇ ਨੂੰ ਵੀ ਦੋ ਵਕਤ ਦੀ ਰੋਟੀ ਕਮਾਉਣ ਲਈ ਬਾਕੀ ਪਰਿਵਾਰ ਦੇ ਬਰਾਬਰ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਦਾ ਬਚਪਨ ਗ਼ਰੀਬੀ 'ਚ ਹੀ ਰੁਲ ਜਾਂਦਾ ਹੈ। ਢਾਬਿਆਂ, ਭੱਠਿਆਂ, ਫੈਕਟਰੀਆਂ ਅਤੇ ਘਰਾਂ ਆਦਿ ਵਿਚ ਮਜ਼ਦੂਰੀ ਕਰ ਕੇ ਅਤੇ ਮਾਲਕਾਂ ਦੀਆਂ ਝਿੜਕਾਂ ਖਾ ਕੇ ਬੱਚੇ ਜਦੋਂ ਰਾਤ ਨੂੰ ਥੱਕੇ-ਟੁੱਟੇ ਘਰ ਵਾਪਸ ਆਉਂਦੇ ਹਨ ਤਾਂ ਅੱਗੋਂ ਸ਼ਰਾਬੀ ਬਾਪ ਦੀ ਡਾਂਟ-ਡਪਟ ਅਤੇ ਮਾਰ-ਕੁਟਾਈ ਅਲੱਗ ਸਹਿਣੀ ਪੈਂਦੀ ਹੈ। ਇਸ ਲਈ ਜਦ ਤਕ ਭਾਰਤ 'ਚ ਗ਼ਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਬੇਤਹਾਸ਼ਾ ਵੱਧ ਰਹੀ ਆਬਾਦੀ ਅਤੇ ਬਿਮਾਰ ਮਾਨਸਿਕਤਾ 'ਤੇ ਕਾਬੂ ਨਹੀਂ ਪਾਇਆ ਜਾਂਦਾ, ਬੱਚਿਆਂ ਦਾ ਸ਼ੋਸ਼ਣ ਹੁੰਦਾ ਰਹੇਗਾ।

-ਮੋਬਾਈਲ ਨੰ. : 95011-00062

Posted By: Jagjit Singh