ਵਿਸ਼ਵ ਕੱਪ ਦੇ ਫਾਈਨਲ ਵਿਚ ਨਿਊਜ਼ੀਲੈਂਡ ਅਤੇ ਇੰਗਲੈਂਡ ਦੇ ਪੁੱਜ ਜਾਣ ਕਾਰਨ ਇਕ ਨਵੇਂ ਵਿਸ਼ਵ ਜੇਤੂ ਦਾ ਸਾਹਮਣੇ ਆਉਣਾ ਤੈਅ ਹੋ ਗਿਆ ਹੈ। ਭਾਰਤ ਵੀ ਵਿਸ਼ਵ ਜੇਤੂ ਬਣਨ ਦਾ ਦਾਅਵੇਦਾਰ ਬਰਕਰਾਰ ਰਹਿ ਸਕਦਾ ਸੀ ਬਸ਼ਰਤੇ ਸੈਮੀਫਾਈਨਲ ਵਿਚ ਉਸ ਨੇ ਕੁਝ ਗ਼ਲਤੀਆਂ ਨਾ ਕੀਤੀਆਂ ਹੁੰਦੀਆਂ। ਜਿਵੇਂ ਜਿੱਤ ਤਮਾਮ ਕਮਜ਼ੋਰੀਆਂ ਨੂੰ ਢਕਣ ਦਾ ਕੰਮ ਕਰਦੀ ਹੈ, ਉਸੇ ਤਰ੍ਹਾਂ ਹੀ ਹਾਰ ਤਮਾਮ ਸਵਾਲਾਂ ਨੂੰ ਜਨਮ ਦਿੰਦੀ ਹੈ। ਭਾਰਤ ਦੀ ਹਾਰ ਦੇ ਕਈ ਕਾਰਨਾਂ 'ਤੇ ਚਰਚਾ ਹੋ ਰਹੀ ਹੈ ਜਿਵੇਂ ਕਿ ਸ਼ਿਖਰ ਧਵਨ ਅਤੇ ਵਿਜੈ ਸ਼ੰਕਰ ਦੇ ਬਾਹਰ ਹੋਣ 'ਤੇ ਉਨ੍ਹਾਂ ਦਾ ਸਹੀ ਰਿਪਲੇਸਮੈਂਟ ਨਾ ਕਰਨਾ, ਕਮਜ਼ੋਰ ਸਿੱਧ ਹੋਏ ਮੱਧ ਕ੍ਰਮ ਦੀ ਸਮਾਂ ਰਹਿੰਦੇ ਸਹੀ ਤਰੀਕੇ ਨਾਲ ਚਿੰਤਾ ਨਾ ਕੀਤੀ ਜਾਣੀ ਅਤੇ ਸੈਮੀਫਾਈਨਲ ਵਿਚ ਧੋਨੀ ਨੂੰ ਬੱਲੇਬਾਜ਼ੀ ਕ੍ਰਮ ਵਿਚ ਉੱਪਰ ਨਾ ਭੇਜਣਾ। ਅਜਿਹਾ ਲੱਗਦਾ ਹੈ ਕਿ ਇੰਗਲੈਂਡ ਤੋਂ ਹਾਰਨ ਮਗਰੋਂ ਵਿਰਾਟ-ਰਵੀ ਸ਼ਾਸਤਰੀ ਨੇ ਪੈਨਿਕ ਬਟਨ ਦਬਾ ਦਿੱਤਾ ਅਤੇ ਭਾਰਤੀ ਟੀਮ ਇੰਗਲੈਂਡ ਦੀ ਤਰਜ਼ 'ਤੇ ਕ੍ਰਿਕਟ ਖੇਡਣ ਦੀ ਰਣਨੀਤੀ ਬਣਾਉਣ ਲੱਗੀ। ਇੰਗਲੈਂਡ ਦੀ ਟੀਮ ਜੋ ਕੰਮ ਬੀਤੇ ਡੇਢ-ਦੋ ਸਾਲਾਂ ਤੋਂ ਕਰ ਰਹੀ ਸੀ, ਉਹ ਕੰਮ ਟੀਮ ਇੰਡੀਆ ਨੇ ਵਿਸ਼ਵ ਕੱਪ ਦੌਰਾਨ ਸ਼ੁਰੂ ਕੀਤਾ। ਬੱਲੇਬਾਜ਼ੀ ਨੂੰ ਹੋਰ ਡੂੰਘਾਈ ਦੇਣ ਦੇ ਇਰਾਦੇ ਨਾਲ ਇਕ ਹੋਰ ਬੱਲੇਬਾਜ਼ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਲ ਕਰ ਲਿਆ ਗਿਆ। ਇਸ ਲਈ ਇਕ ਗੇਂਦਬਾਜ਼ ਦੀ ਬਲੀ ਦੇ ਦਿੱਤੀ ਗਈ। ਬਾਅਦ ਦੇ ਮੈਚਾਂ ਵਿਚ ਸਿਰਫ਼ ਪੰਜ ਗੇਂਦਬਾਜ਼ ਪਲੇਇੰਗ ਇਲੈਵਨ ਵਿਚ ਸ਼ਾਮਲ ਕੀਤੇ ਗਏ। ਉਹ ਤਾਂ ਭਲਾ ਹੋਵੇ ਕਿ ਕਿਸੇ ਗੇਂਦਬਾਜ਼ ਨੂੰ ਕੋਈ ਦਿੱਕਤ ਨਹੀਂ ਹੋਈ ਵਰਨਾ ਗੇਂਦਬਾਜ਼ੀ ਪੂਰੀ ਕਰਨੀ ਮੁਸ਼ਕਲ ਹੋ ਜਾਂਦੀ। ਇਹ ਸਾਰੇ ਕਾਰਨ ਹਰ ਕਿਸੇ ਨੂੰ ਨਜ਼ਰ ਆ ਰਹੇ ਹਨ। ਇਨ੍ਹਾਂ ਮੁੱਦਿਆਂ 'ਤੇ ਵਿਰਾਟ ਕੋਹਲੀ ਨੂੰ ਘੇਰਿਆ ਵੀ ਜਾ ਰਿਹਾ ਹੈ ਪਰ ਇਕ ਮੁੱਦਾ ਹੈ ਜਿਸ 'ਤੇ ਸਵਾਲ ਚੁੱਕਣਾ ਜ਼ਿਆਦਾ ਜ਼ਰੂਰੀ ਹੈ ਅਤੇ ਉਹ ਇਹ ਹੈ ਕਿ ਕੀ ਬੀਤੇ ਲਗਪਗ ਦੋ ਸਾਲਾਂ ਤੋਂ ਵਿਰਾਟ ਕੋਹਲੀ ਅਤੇ ਰਵੀ ਸ਼ਾਸਤਰੀ ਆਪਣੀ ਹੀ ਚਲਾ ਰਹੇ ਹਨ? ਜੂਨ 2017 ਵਿਚ ਚੱਲੋ। ਅਨਿਲ ਕੁੰਬਲੇ ਨੇ ਟੀਮ ਇੰਡੀਆ ਦੇ ਕੋਚ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਬਤੌਰ ਕੋਚ ਕੁੰਬਲੇ ਅਤੇ ਬਤੌਰ ਕਪਤਾਨ ਵਿਰਾਟ ਕੋਹਲੀ ਵਿਚ ਨਹੀਂ ਬਣ ਰਹੀ ਸੀ। ਪਹਿਲਾਂ ਵੀ ਕਈ ਕਪਤਾਨਾਂ ਦੀ ਕੋਚ ਨਾਲ ਨਹੀਂ ਬਣਦੀ ਸੀ। ਹੁਣ ਹਾਲਾਤ ਬਦਲ ਚੁੱਕੇ ਹਨ। ਹੁਣ ਭਾਰਤੀ ਕ੍ਰਿਕਟ ਵਿਚ 'ਪ੍ਰਸ਼ਾਸਨ' ਇਕ ਅਜਿਹੀ ਕਮੇਟੀ ਦੇ ਹੱਥ ਹੈ ਜਿਸ ਨੂੰ ਸੁਪਰੀਮ ਕੋਰਟ ਨੇ ਨਿਯੁਕਤ ਕੀਤਾ ਹੈ ਪਰ ਟੀਮ ਵਿਚ ਸਭ ਕੁਝ ਸਹੀ ਨਹੀਂ ਹੈ। ਅੰਬਾਤੀ ਰਾਇਡੂ ਨੂੰ ਟੀਮ 'ਚ ਸ਼ਾਮਲ ਨਾ ਕਰਨਾ, ਮੁਹੰਮਦ ਸ਼ਮੀ ਨੂੰ ਅਚਾਨਕ ਪਲੇਇੰਗ ਇਲੈਵਨ ਤੋਂ ਬਾਹਰ ਕਰਨਾ, ਦਿਨੇਸ਼ ਕਾਰਤਿਕ ਨੂੰ ਰਵਿੰਦਰ ਜਡੇਜਾ 'ਤੇ ਤਰਜੀਹ ਦੇਣਾ ਅਤੇ ਇਕ ਹੀ ਪਲੇਇੰਗ ਇਲੈਵਨ 'ਚ ਚਾਰ ਵਿਕਟਕੀਪਰ ਖਿਡਾਉਣੇ ਅਜਿਹੇ ਫ਼ੈਸਲੇ ਸਨ ਜੋ ਬਿਲਕੁਲ ਗ਼ਲਤ ਸਨ। ਕੋਹਲੀ ਦਾ ਸਿਰਫ਼ ਇੰਨਾ ਕਹਿਣਾ ਹੀ ਕਾਫ਼ੀ ਨਹੀਂ ਕਿ 45 ਮਿੰਟ ਦੀ ਖ਼ਰਾਬ ਖੇਡ ਨੇ ਸਾਨੂੰ ਵਿਸ਼ਵ ਕੱਪ 'ਚੋਂ ਬਾਹਰ ਕਰ ਦਿੱਤਾ। ਹਾਰ ਦੇ ਕਾਰਨਾਂ ਨੂੰ ਦੂਰ ਕਰਨ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ।

-ਸ਼ਿਵੇਂਦਰ ਕੁਮਾਰ ਸਿੰਘ (ਲੇਖਕ ਸੀਨੀਅਰ ਖੇਡ ਪੱਤਰਕਾਰ ਹੈ)।

Posted By: Sukhdev Singh