ਲੜੀ ਜੋੜਨ ਲਈ 23 ਮਾਰਚ ਦਾ ਅੰਕ ਦੇਖੋ
ਪੰਜਾਬ ਦੀ ਤ੍ਰਾਸਦੀ ਲਈ ਕਿਸੇ ਵੀ ਵਿਅਕਤੀ, ਪਾਰਟੀ ਜਾਂ ਧੜੇ ਨੂੰ ਕਸੂਰਵਾਰ ਠਹਿਰਾਉਣ ਨਾਲ ਸੱਚ ਤੋਂ ਦੂਰ ਜਾਣ ਵਾਲੀ ਗੱਲ ਹੋਵੇਗੀ। ਆਜ਼ਾਦੀ ਤੋਂ ਪਹਿਲਾਂ ਨਿੱਘ ਮਾਣਨ ਦੀ ਗੱਲ ਤੇ ਫਿਰ ਲਾਠੀਆਂ-ਗੋਲ਼ੀਆਂ ਨਾਲ ਮੰਗ ਨੂੰ ਦਬਾਉਣ ਵਾਲੇ ਵੀ ਘੱਟ ਦੋਸ਼ੀ ਨਹੀਂ ਹਨ, ਨਾ ਹੀ ਗੁਰਮੁਖੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਰੋਧ ਕਰਨ ਵਾਲੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿੱਠੇ ਸਮਾਜਵਾਦ ਜਿਸ ਵਿਚ ‘ਘਾਲਿ ਖਾਇ ਕਿਛੁ ਹਥਹੁ ਦੇਇ॥’ ਦੀ ਜੀਵਨ-ਜਾਚ ਨੂੰ ‘ਹੱਕ ਜਿਨ੍ਹਾਂ ਦੇ ਆਪਣੇ, ਆਪੇ ਲੈਣਗੇ ਖੋਹ’ ਦੀ ਗੱਲ ਕਰਨ ਵਾਲੇ ਦੀ ਗੱਲ ਕਰ ਕੇ ਪੰਜਾਬ ਵਿਚ ਬਦ-ਅਮਨੀ ਪੈਦਾ ਕਰਨ ਵਾਲੇ ਕਿਸ ਤੋਂ ਘੱਟ ਹਨ। ਪੰਜਾਬ ਵਿਚ ਸਿੱਖ ਵਿਧਾਨ ਸਭਾ ਮੈਂਬਰਾਂ ਦੀ ਗਿਣਤੀ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ, ਹਮੇਸ਼ਾ ਦੋ-ਤਿਹਾਈ ਤੋਂ ਵੱਧ ਰਹੀ ਹੈ। ਜਿੱਥੇ ਵੀ ਲੋਕਤੰਤਰ ਹੋਵੇਗਾ ਲੋਕਾਂ ਵਿੱਚੋਂ ਹੀ ਨੁਮਾਇੰਦੇ ਚੁਣੇ ਜਾਣਗੇ। ਜੇਕਰ ਲੋਕਾਂ ਦੇ ਚੁਣੇ ਨੁਮਾਇੰਦੇ ਹੀ ਉਨ੍ਹਾਂ ਦੀਆਂ ਭਾਵਨਾਵਾਂ ’ਤੇ ਖ਼ਰੇ ਨਾ ਉਤਰਨ ਤਾਂ ਕਸੂਰ ਵੋਟਰ ਦਾ ਹੁੰਦਾ ਹੈ। ਜੇਕਰ ਪੰਜਾਬ ਦੇ ਮੁੱਦੇ ਪੰਜਾਬੀ ਹੱਲ ਨਹੀਂ ਕਰਨਗੇ ਅਤੇ ਆਗੂਆਂ ’ਤੇ ਹੀ ਅਪਰਾਧੀਆਂ ਦੀ ਮਦਦ ਕਰਨ ਦੇ ਦੋਸ਼ ਲੱਗਣਗੇ ਤਾਂ ਸਿੱਖ ਧਰਮ ਤੇ ਪੰਜਾਬੀਅਤ ਦੀ ਰੱਖਿਆ ਕੌਣ ਕਰੇਗਾ? ਦੁਖਦਾਈ ਗੱਲ ਇਹ ਹੈ ਕਿ ਅੱਜ ਵੀ ਧਰਮ ਦੇ ਨਾਂ ’ਤੇ ਗੁਰਦੁਆਰਿਆਂ ਵਿਚ ਹੀ ਹੋ ਰਹੇ ਕਤਲ, ਸਿੱਖ ਧਰਮ ਦੇ ਅਸੂਲਾਂ ਦੀ ਪਾਲਣਾ ’ਤੇ ਸ਼ੰਕੇ ਪੈਦਾ ਕਰਦੇ ਹਨ। ਖਾੜਕੂਵਾਦ ਖੜ੍ਹਾ ਹੋਣ ਕਰਕੇ ਪੰਜਾਬ ਤੇ ਪੰਜਾਬੀਆਂ ਦਾ ਪਹਿਲਾਂ ਵੀ ਨੁਕਸਾਨ ਹੋਇਆ ਹੈ ਕਿਉਂਕਿ ਰਾਜ ਸ਼ਕਤੀ ਦਾ ਮੁਕਾਬਲਾ ਕੋਈ ਵਿਅਕਤੀ ਜਾਂ ਸੰਸਥਾ ਨਹੀਂ ਕਰ ਸਕਦੀ। ਸਿੱਖ ਆਬਾਦੀ ਦੀ ਵੱਡੀ ਗਿਣਤੀ ਭਾਰਤੀ ਪੰਜਾਬ ਵਿਚ ਵਸਦੀ ਹੈ ਜਿਸ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਹੈ। ਆਪਣੇ ਨੁਮਾਇੰਦੇ ਚੁਣਨ ਦੀ ਅਤੇ ਰਾਜ ਕਰਨ ਦੀ ਵੀ। ਭਾਰਤ ਦੀ ਤਰੱਕੀ ਵਿਚ ਹਰ ਤਰ੍ਹਾਂ ਨਾਲ ਸਿੱਖਾਂ ਦੀ ਭਾਗੀਦਾਰੀ ਰਹੀ ਹੈ। ਪੰਜਾਬ ਤੋਂ ਬਾਹਰ ਵੀ ਉਨ੍ਹਾਂ ਦੀ ਸੱਤਾ ਵਿਚ ਵੀ ਬਣਦੀ ਭਾਗੀਦਾਰੀ ਹੈ। ਇਸੇ ਲਈ ਉਨ੍ਹਾਂ ਦਾ ਹਰ ਥਾਂ ਮਾਣ-ਸਤਿਕਾਰ ਹੈ। ਜਦੋਂਕਿ ਗੁਆਂਢੀ ਮੁਲਕ ਅਫ਼ਗਾਨਿਸਤਾਨ ਵਿਚ ਇਕ ਵੀ ਸਿੱਖ ਨਹੀਂ ਰਿਹਾ। ਪਾਕਿਸਤਾਨ ਦੇ ਗੁਰਧਾਮਾਂ ਦੀ ਦੇਖਭਾਲ ਕਰਨ ਜੋਗੇ ਵੀ ਸਿੱਖ ਨਹੀਂ ਹਨ। ਜਿੱਥੇ ਕਦੇ 22 ਪ੍ਰਤੀਸ਼ਤ ਘੱਟ ਗਿਣਤੀਆਂ ਵਸਦੀਆਂ ਸਨ, ਅੱਜ ਪਾਕਿਸਤਾਨ ਵਿਚ ਘੱਟ-ਗਿਣਤੀ ਭਾਈਚਾਰਿਆਂ ਨਾਲ ਸਬੰਧਤ 4.43 ਪ੍ਰਤੀਸ਼ਤ ਲੋਕ ਹੀ ਰਹਿ ਗਏ ਹਨ। ਅਮਰੀਕਾ ਵਿਚ ਵੀ ਸਿੱਖਾਂ ਵਿਰੁੱਧ ਨਸਲੀ ਭੇਦਭਾਵ ਦੇ 214 ਕੇਸ ਸਾਲ 2021 ਵਿਚ ਦਰਜ ਹੋਏ। ਸੰਨ 1984 ਤੋਂ ਬਾਅਦ ਭਾਰਤ ਵਿਚ ਕਦੇ ਸਮੂਹਿਕ ਰੂਪ ਵਿਚ ਸਿੱਖਾਂ ਪ੍ਰਤੀ ਹਿੰਸਾ ਨਹੀਂ ਹੋਈ। ਇੱਕਾ-ਦੁੱਕਾ ਘਟਨਾਵਾਂ ਕਰਨ ਵਾਲੇ ਅਪਰਾਧੀ ਸਾਰੀ ਦੁਨੀਆ ਵਿਚ ਹਨ ਅਤੇ ਹਰ ਵਰਗ ਵਿਚ ਹਨ। ਅੱਜ ਪੰਜਾਬ ਵਿਚ ਫਿਰ ਸਿਵਿਆਂ ਦੀ ਅੱਗ ਬਲ ਰਹੀ ਹੈ। ਬੁਰਛਾਗਰਦੀ ਤੋਂ ਰੋਕਣ ’ਤੇ ਕੈਨੇਡਾ ਤੋਂ ਆਏ ਇਕ ਸਿੱਖ ਦਾ ਕਤਲ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਲਾ-ਮਹੱਲਾ ਮਨਾਉਂਦਿਆਂ ਹੀ ਕਰ ਦਿੱਤਾ ਗਿਆ। ਨਾਲ ਲੱਗਦੇ ਸੂਬਿਆਂ ਵਿਚ ਵੀ ਹੁੜਦੰਗ ਮਚਾਉਣ ਕਾਰਨ ਇਸ ਬਹਾਦਰ ਤੇ ਦੇਸ਼ ਭਗਤ ਕੌਮ ਦੀ ਛਵੀ ਖ਼ਰਾਬ ਹੋ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ਾਂ ਵਿਚ ਇਕ ਰਾਜਨੀਤਕ ਪਾਰਟੀ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ ਪੰਜਾਬ ਨੂੰ ਫਿਰ ਮੜ੍ਹੀਆਂ ਦੇ ਰਾਹ ਪਾਉਣ ਲਈ ਕੇਂਦਰ ਸਰਕਾਰ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਸ਼ਰਾਪ ਵੀ ਦਿੱਤਾ ਜਾ ਰਿਹਾ ਹੈ। ਜਦੋਂਕਿ ਇਹ ਕਮੇਟੀ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਬਣਾਈ ਸੀ ਜਿਸ ਦੇ ਵੱਡੇ ਆਗੂ ਨੂੰ ਪਿੱਛੇ ਜਿਹੇ ਦਰਬਾਰ ਸਾਹਿਬ ਵਿਚ ਦਸਤਾਰ ਸਜਾ ਕੇ ਆਉਣ ’ਤੇ ਵੱਡਾ ਸਤਿਕਾਰ ਦਿੱਤਾ ਗਿਆ। ਵਿਕਾਸ ਅਮਨ ਚਾਹੁੰਦਾ ਹੈ। ਪੰਜਾਬ ਦੀ ਨੌਜਵਾਨੀ ਬੇਰੁਜ਼ਗਾਰੀ ਕਾਰਨ ਦੇਸ਼ ਛੱਡ ਕੇ ਵਿਦੇਸ਼ਾਂ ਵਿਚ ਭੱਜ ਰਹੀ ਹੈ। ਸਿਵਿਆਂ ਦੀ ਰਾਜਨੀਤੀ ਛੱਡ ਕੇ ਵਿਕਾਸ ਦੀ ਸਿਆਸਤ ਵੱਲ ਸੋਚਣ ਦੀ ਲੋੜ ਹੈ। ਪੁਰਾਣੀਆਂ ਗ਼ਲਤੀਆਂ ਤੋਂ ਸਬਕ ਲੈ ਕੇ ਪੂਰਨ ਵਿਕਾਸ ਤੇ ਅਮਨ-ਸ਼ਾਂਤੀ ਲਈ ਸਮੂਹ ਪੰਜਾਬੀਆਂ ਨੂੰ ਇਕੱਠੇ ਹੋਣਾ ਪਵੇਗਾ। ਅਪਰਾਧੀਆਂ ਦੀ ਥਾਂ ਵਿਕਾਸ ਦਾ ਮਾਰਗ ਦੱਸਣ ਵਾਲੇ ਆਗੂਆਂ ਵੱਲ ਵੇਖਣ ਦੀ ਲੋੜ ਹੈ, ਨਹੀਂ ਤਾਂ ਇਹ ਸਰਹੱਦੀ ਸੂਬਾ ਹਮੇਸ਼ਾ ਵਿਦੇਸ਼ੀ ਤਾਕਤਾਂ ਵੱਲੋਂ ਅਸੁਰੱਖਿਅਤ ਹੀ ਰੱਖਿਆ ਜਾਵੇਗਾ। ‘ਕਾਲੇ ਦੌਰ’ ਤੋਂ ਪਹਿਲਾਂ ਪੰਜਾਬ ਦੇਸ਼ ਦਾ ਸਭ ਤੋਂ ਖ਼ੁਸ਼ਹਾਲ ਸੂਬਾ ਸੀ। ਇਸੇ ਕਾਰਨ ਇਹ ਸਭ ਦੀਆਂ ਅੱਖਾਂ ਵਿਚ ਰੜਕਦਾ ਸੀ। ਅੱਤਵਾਦ ਨੇ ਸਿਰ ਚੁੱਕਿਆ ਤਾਂ ਪੰਜਾਬ ਅਰਬਾਂ ਦੇ ਕਰਜ਼ੇ ਹੇਠ ਆ ਗਿਆ ਸੀ। ਅੱਜ ਜੇ ਪੰਜਾਬ ’ਚ ਅਮਨ-ਸ਼ਾਂਤੀ ਹੰਦੀ ਹੈ ਤਾਂ ਹੀ ਵੱਡੇ-ਵੱਡੇ ਕਾਰਪੋਰੇਟ ਘਰਾਣੇ ਇੱਥੇ ਨਿਵੇਸ਼ ਕਰਨ ਆਉਣਗੇ।-(ਦੂਜੀ ਤੇ ਆਖ਼ਰੀ ਕਿਸ਼ਤ)।
-ਇਕਬਾਲ ਸਿੰਘ ਲਾਲਪੁਰਾ
(ਚੇਅਰਮੈਨ, ਕੌਮੀ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ)।
-ਮੋਬਾਈਲ : 83684-44444
Posted By: Jagjit Singh