ਪੰਜਾਬ ਇਸ ਵੇਲੇ ਚਿੱਟੇ ਦੇ ਅੱਤਵਾਦ ਦਾ ਸੰਤਾਪ ਭੋਗ ਰਿਹਾ ਹੈ ਅਤੇ ਇਸ ਪ੍ਰਕੋਪ ਕਾਰਨ ਜਿੱਥੇ ਜਵਾਨੀ ਦਾ ਵੱਡਾ ਵਰਗ ਖੇਡਾਂ, ਸਾਹਿਤ, ਕਿ੍ਤ, ਨੈਤਿਕ ਕਦਰਾਂ-ਕੀਮਤਾਂ ਅਤੇ ਪੁਸਤਕ ਸੱਭਿਆਚਾਰ ਤੋਂ ਬੇਮੁੱਖ ਹੋਇਆ ਹੈ, ਉੱਥੇ ਹੀ ਬਦਮਾਸ਼ੀ, ਅੱਯਾਸ਼ੀ, ਆਸ਼ਕੀ ਅਤੇ ਆਵਾਰਗੀ ਦਾ ਸ਼ਿਕਾਰ ਵੀ ਹੋਇਆ ਹੈ। ਸ਼ਰਾਬ, ਭੁੱਕੀ, ਅਫੀਮ, ਸਿਗਰਟ ਜਿਹੇ ਰਵਾਇਤੀ ਨਸ਼ਿਆਂ ਨੂੰ ਤਿਲਾਂਜਲੀ ਦੇ ਕੇ ਮਹਿੰਗੇ ਅਤੇ ਜਾਨਲੇਵਾ ਨਸ਼ੇ ਚਿੱਟੇ ਦੀ ਵਰਤੋਂ ਕਰ ਕੇ ਸਿਵਿਆਂ ਦੇ ਰਾਹ ਪਿਆ ਹੋਇਆ ਹੈ।

ਦੁਖਾਂਤਕ ਪੱਖ ਇਹ ਵੀ ਹੈ ਕਿ ਹੁਣ ਮੁੰਡਿਆਂ ਦੇ ਨਾਲ-ਨਾਲ ਬਹੁਤ ਸਾਰੀਆਂ ਕੁੜੀਆਂ ਜਿੱਥੇ ਚਿੱਟੇ ਦੀ ਵਰਤੋਂ ਕਰਦੀਆਂ ਹਨ, ਉੱਥੇ ਹੀ ਨਸ਼ੇ ਦੀ ਖੇਪ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਲਈ ਕੂਰੀਅਰ ਵਜੋਂ ਵੀ ਕੰਮ ਕਰ ਰਹੀਆਂ ਹਨ।

ਅਜਿਹੇ ਵਰਤਾਰੇ ਵਿਚ ਨੈਤਿਕ ਕਦਰਾਂ-ਕੀਮਤਾਂ, ਸਦਾਚਾਰ, ਭਾਈਚਾਰਕ ਤੰਦਾਂ, ਉੱਚ ਆਦਰਸ਼ ਤੇ ਸਹਿਣਸ਼ੀਲਤਾ ਖੇਰੂੰ-ਖੇਰੂੰ ਹੋਣ ਦੇ ਨਾਲ-ਨਾਲ ਪਰਿਵਾਰ ਅਤੇ ਪ੍ਰਾਂਤ ਦੀ ਅਰਥ ਵਿਵਸਥਾ, ਸਿੱਖਿਆ, ਸਿਹਤ, ਰੁਜ਼ਗਾਰ, ਵਿਅਕਤੀਤਵ ਵਿਕਾਸ, ਕਾਨੂੰਨ ਦੀ ਉਲੰਘਣਾ, ਅਨੁਸ਼ਾਸਨਹੀਣਤਾ ਆਦਿ ’ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਇਸ ਵੇਲੇ ਸਮਾਜ ਬਿਮਾਰ ਹੈ ਅਤੇ ਬਿਮਾਰ ਸਮਾਜ ਕਦੇ ਵੀ ਤਰੱਕੀ ਦੀਆਂ ਬੁਲੰਦੀਆਂ ਨਹੀਂ ਛੋਹ ਸਕਦਾ। ਭਲਾਂ, ਜਿੱਥੇ ਬਜ਼ੁਰਗਾਂ ਦੀ ਚਿੱਟੀ ਦਾੜ੍ਹੀ ਹੰਝੂਆਂ ਨਾਲ ਭਰੀ ਹੋਵੇ, ਜਿੱਥੇ ਮਾਵਾਂ ਦੇ ਕੀਰਨੇ ਕੰਧਾਂ ਨੂੰ ਵੀ ਰੁਆ ਰਹੇ ਹੋਣ, ਜਿੱਥੇ ਵਿਹੜੇ ਵਿਚ ਵਿਛੇ ਸੱਥਰਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੋਵੇ ਅਤੇ ਹਰ ਰੋਜ਼ ਨਸ਼ਿਆਂ ਕਾਰਨ ਸਿਵਿਆਂ ਦੀ ਅੱਗ ਪ੍ਰਚੰਡ ਹੋ ਰਹੀ ਹੋਵੇ, ਉੱਥੇ ‘ਵਿਕਾਸ ਦੀ ਹਨੇਰੀ’ ਦਾ ਦਾਅਵਾ ਥੋਥਾ ਜਿਹਾ ਜਾਪਦਾ ਹੈ। ਪੰਜਾਬ ਵਿਚ ਬਹੁਤ ਸਾਰੀਆਂ ਅਜਿਹੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ ਜਿੱਥੇ ਕੁੜੀਆਂ ਨੂੰ ਨਸ਼ੇ ਵਿਚ ਟੱਲੀ ਹੋ ਕੇ ਸੜਕ ’ਤੇ ਬੇਹੋਸ਼ੀ ਦੀ ਹਾਲਤ ਵਿਚ ਡਿੱਗੀਆਂ ਪਈਆਂ ਵਿਖਾਇਆ ਗਿਆ ਹੈ। ਬੱਸ ਵਿਚ ਕੁੜੀਆਂ ਦੀਆਂ ਢਾਣੀਆਂ ਨੂੰ ਨਸ਼ਈ ਹਾਲਤ ਵਿਚ ਸੱਭਿਅਤਾਹੀਣ ਹਰਕਤਾਂ ਕਰਦਿਆਂ ਵੀ ਵੇਖਿਆ ਗਿਆ ਹੈ। ਬੱਚਿਆਂ ਦੇ ਮਾਹਿਰ ਡਾ. ਰਿਚਰਡ ਰੌਡ ਨੇ ਪ੍ਰਗਟਾਵਾ ਕੀਤਾ ਹੈ ਕਿ “ਨਸ਼ਾ ਕਰਨ ਵਾਲੀਆਂ ਔਰਤਾਂ ਦੇ ਪੇਟ ਵਿਚ ਪਲ ਰਹੇ ਬੱਚੇ ਦੇ ਦਿਮਾਗੀ ਵਿਕਾਸ ’ਤੇ ਬੁਰਾ ਅਸਰ ਪੈਂਦਾ ਹੈ ਅਤੇ ਉਹ ਯਹੂਦੀ ਟਾਈਪ ਵੀ ਹੋਵੇਗਾ।” ਦੂਜੇ ਸ਼ਬਦਾਂ ਵਿਚ ਅਜਿਹੀ ਮਾਰੂ ਅਤੇ ਚਿੰਤਾਜਨਕ ਸਥਿਤੀ ਵਿਚ ਪੰਜਾਬ ਦੇ ਭਵਿੱਖ ਦੇ ਨਾਲ-ਨਾਲ ਨਸਲਾਂ ਨੂੰ ਵੀ ਗੰਭੀਰ ਖ਼ਤਰਾ ਹੈ।

ਕੁਝ ਸਮਾਂ ਪਹਿਲਾਂ ਰੋਪੜ ਦੇ ਹਸਪਤਾਲ ਵਿਚ ਇਕ 8-9 ਸਾਲਾਂ ਦੀ ਕੁੜੀ ਨੂੰ ਦਾਖ਼ਲ ਕਰਵਾਇਆ ਗਿਆ ਸੀ ਜਿਸ ਨੂੰ ਭੁੱਕੀ ਖਾਣ ਦੀ ਆਦਤ ਸੀ। ਬਾਅਦ ਵਿਚ ਪਤਾ ਲੱਗਿਆ ਕਿ ਉਸ ਦੇ ਮਾਂ-ਬਾਪ ਭੁੱਕੀ ਵੇਚਣ ਦਾ ਧੰਦਾ ਕਰਦੇ ਸਨ ਅਤੇ ਘਰ ਵਿਚ ਭੁੱਕੀ ਆਮ ਪਈ ਹੋਣ ਕਾਰਨ ਮਾਸੂਮ ਬੱਚੀ ਨਸ਼ੇ ਦਾ ਸੇਵਨ ਕਰਨ ਲੱਗ ਪਈ। ਇਸ ਮੰਦਭਾਗੀ ਘਟਨਾ ਨੇ ਇਹ ਸਪਸ਼ਟ ਕਰ ਦਿੱਤਾ ਕਿ ਬੱਚਿਆਂ ਨੂੰ ਮਾੜੇ ਸੰਸਕਾਰ ਅਤੇ ਬੁਰੀਆਂ ਆਦਤਾਂ ਪ੍ਰਦਾਨ ਕਰਨ ਵਿਚ ਮਾਪਿਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਬਹੁਤ ਸਾਰੀਆਂ ਕੁੜੀਆਂ ਦਾ ਨਸ਼ਿਆਂ ਦੀ ਪੂਰਤੀ ਲਈ ਪੈਸਿਆਂ ਦਾ ਜੁਗਾੜ ਦੇਹ ਵਪਾਰ ਦੇ ਧੰਦੇ ਨਾਲ ਜੁੜ ਕੇ ਕਰਨ ਦੀਆਂ ਘਟਨਾਵਾਂ ਨੇ ਵੀ ਮਨੁੱਖੀ ਮਨ ਨੂੰ ਸੁੰਨ ਕਰ ਦਿੱਤਾ ਹੈ।

ਚਿੱਟੇ ਦੀਆਂ ਪੁੜੀਆਂ ਹੱਥਾਂ ਵਿਚ ਆਉਣ ਕਾਰਨ ਨਸ਼ਿਆਂ ਦੀ ਤਸਕਰੀ, ਲੁੱਟ-ਖੋਹ ਦੀਆਂ ਵਾਰਦਾਤਾਂ ਅਤੇ ਦੇਹ ਵਪਾਰ ਦੇ ਧੰਦੇ ਦਾ ਪ੍ਰਫੁੱਲਿਤ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੋਣ ਦੇ ਨਾਲ-ਨਾਲ ਸਮਾਜ ਲਈ ਧੱਬਾ ਵੀ ਹੈ। ਪੁਲਿਸ ਅਕੈਡਮੀ ਫਿਲੌਰ ਵਿਚ ਚਿੱਟੇ ਦੀ ਘੁਸਪੈਠ ਜਿੱਥੇ ਚਿੰਤਾ ਦਾ ਵਿਸ਼ਾ ਹੈ, ਉੱਥੇ ਹੀ ਲਾਗਲੇ ਪਿੰਡ ਦੀ ਨਸ਼ਾ ਸਪਲਾਈ ਕਰਨ ਵਾਲੀ ਔਰਤ ਨੂੰ ਵੀ ਗਿ੍ਰਫ਼ਤਾਰ ਕੀਤਾ ਗਿਆ ਹੈ। ਇਸ ਪੁਲਿਸ ਅਕੈਡਮੀ ਵਿਚ ਇਕ ਪੁਲਿਸ ਕਰਮਚਾਰੀ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ ਅਤੇ ਇਸ ਅਕੈਡਮੀ ਦੀ ਇਸਤਰੀ ਪੁਲਿਸ ਮੁਲਾਜ਼ਮ ਦਾ ਨਸ਼ਿਆਂ ਦੀ ਦਲਦਲ ਵਿਚ ਧਸਣ ਦਾ ਸਨਸਨੀਖੇਜ਼ ਪ੍ਰਗਟਾਵਾ ਵੀ ਹੋਇਆ ਹੈ। ਇੱਥੇ ਵਰਨਣਯੋਗ ਹੈ ਕਿ ਇਸ ਅਕੈਡਮੀ ਵਿਚ ਅਪਰ ਕੋਰਸ ਕੀਤੇ ਬਿਨਾਂ ਅਗਲੀ ਤਰੱਕੀ ਸੰਭਵ ਨਹੀਂ। ਗੰਭੀਰ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ ਕਿ ਜੇਕਰ ਅਜਿਹੀ ਪੁਲਿਸ ਅਕੈਡਮੀ ਵਿਚ ਨਸ਼ਿਆਂ ਦਾ ਮੱਕੜਜਾਲ ਹੈ, ਫਿਰ ਇੱਥੋਂ ਅਪਰ ਕੋਰਸ ਕਰਨ ਉਪਰੰਤ ਜਦੋਂ ਪੁਲਿਸ ਮੁਲਾਜ਼ਮ ਫੀਲਡ ਵਿਚ ਜਾਣਗੇ ਤਾਂ ਉਨ੍ਹਾਂ ਦੀ ‘ਨਸ਼ਾ ਮੁਕਤ ਸਮਾਜ ਸਿਰਜਣ’ ਵਿਚ ਸ਼ੱਕੀ ਭੂਮਿਕਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਭਲਾਂ ਜਦੋਂ ਦਰਬਾਨ ਦੀ ਅੱਖ ਚੋਰਾਂ ਨਾਲ ਮਿਲ ਜਾਵੇ, ਫਿਰ ਜਾਨ ਅਤੇ ਮਾਲ ਦੋਨਾਂ ਨੂੰ ਹੀ ਗੰਭੀਰ ਖ਼ਤਰਾ ਹੁੰਦਾ ਹੈ। ਜਦੋਂ ਮਾਲੀ ਦਗ਼ਾਬਾਜ਼ ਹੋ ਜਾਣ ਤਾਂ ਮਹਿਕਾਂ ਦੀ ਪੱਤ ਸੁਰੱਖਿਅਤ ਨਹੀਂ ਰਹਿੰਦੀ।

ਸਰਵੇਖਣ ਵਿਚ ਇਹ ਖ਼ੌਫ਼ਨਾਕ ਪ੍ਰਗਟਾਵਾ ਵੀ ਸਾਹਮਣੇ ਆਇਆ ਹੈ ਕਿ ਪੀਜੀ ਵਿਚ ਰਹਿੰਦੀਆਂ ਵਿਦਿਆਰਥਣਾਂ ਤੇ ਆਈਲੈਟਸ ਕਰਦੀਆਂ ਕਈ ਲੜਕੀਆਂ ਜਿੱਥੇ ਨਸ਼ੇ ਦੇ ਮੱਕੜਜਾਲ ਵਿਚ ਫਸ ਕੇ ਥਿੜਕ ਚੁੱਕੀਆਂ ਹਨ, ਉੱਥੇ ਹੀ ਨਸ਼ੇ ਦੇ ਵਪਾਰੀ ਅਜਿਹੀਆਂ ਲੜਕੀਆਂ ਰਾਹੀਂ ਸਮਗਲਿੰਗ ਕਰਵਾਉਣੀ ਸੁਰੱਖਿਅਤ ਸਮਝਦੇ ਹਨ। ਕੁਝ ਮਹੀਨੇ ਪਹਿਲਾਂ ਹੀ ਅੰਮ੍ਰਿਤਸਰ ਦੇ ਇਕ ਕਾਲਜ ਵਿਚ ਐੱਮਐੱਸਸੀ ਕਰਦੀ ਲੜਕੀ ਆਪਣੇ ਦੋਸਤ ਲੜਕੇ ਨਾਲ ਇਕ ਮਹਿੰਗੀ ਕਾਰ ਵਿਚ ਸਫ਼ਰ ਕਰ ਰਹੀ ਸੀ। ਪੁਲਿਸ ਨੇ ਮੁਖ਼ਬਰੀ ਦੇ ਆਧਾਰ ’ਤੇ ਜਦੋਂ ਉਨ੍ਹਾਂ ਦੀ ਕਾਰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਵਿੱਚੋਂ 30 ਕਰੋੜ ਦਾ ਚਿੱਟਾ ਬਰਾਮਦ ਹੋਇਆ ਸੀ। ਇਸ ਤੋਂ ਪਹਿਲਾਂ ਭੁੱਕੀ, ਅਫੀਮ, ਸ਼ਰਾਬ ਆਦਿ ਦੀ ਸਮਗਲਿੰਗ ਥੋੜ੍ਹਾਂ ਦੀਆਂ ਮਾਰੀਆਂ ਔਰਤਾਂ ਕਰਦੀਆਂ ਸਨ ਪਰ ਹੁਣ ਤਾਂ ਸਰਦੇ-ਪੁੱਜਦੇ ਘਰਾਂ ਦੀਆਂ ਧੀਆਂ-ਧਿਆਣੀਆਂ ਇਸ ਘਿਨੌਣੇ ਵਪਾਰ ਦਾ ਹਿੱਸਾ ਬਣ ਕੇ ਆਪਣੀ ਜ਼ਿੰਦਗੀ ਬਰਬਾਦ ਕਰਨ ਦੇ ਨਾਲ-ਨਾਲ ਸਮਾਜ ਨੂੰ ਤਬਾਹੀ ਵੱਲ ਲੈ ਕੇ ਜਾਣ ਵਿਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਇਸ ਮਹਿੰਗੇ ਅਤੇ ਜਾਨਲੇਵਾ ਨਸ਼ੇ ਦਾ ਸ਼ਿਕਾਰ ਹੋਈਆਂ ਕੁੜੀਆਂ ਦਾ ਦੇਹ ਵਪਾਰ ਦੇ ਧੰਦੇ ਵਿਚ ਧਸ ਕੇ ਏਡਜ਼ ਦਾ ਸ਼ਿਕਾਰ ਹੋਣ ਦੀਆਂ ਸੁੰਨ ਕਰਨ ਵਾਲੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ।

ਅਜਿਹੀ ਅਣਸੁਖਾਵੀਂ ਅਤੇ ਡਰਾਉਣੀ ਤਸਵੀਰ ਸਾਡੇ ਸਮਾਜ ਦੇ ਮੱਥੇ ’ਤੇ ਧੱਬਾ ਹੈ ਅਤੇ ਅਜਿਹਾ ਵਰਤਾਰਾ ਨੈਤਿਕਤਾ ਅਤੇ ਕਿਰਦਾਰ ਦੇ ਨਿਘਾਰ ਦਾ ਸਿਖ਼ਰ ਹੈ। ਕੁਝ ਸਮਾਂ ਪਹਿਲਾਂ ਲੁਧਿਆਣਾ ਵਿਚ ਗਿਰੋਹ ਬਣਾ ਕੇ ਚਿੱਟਾ ਵੇਚਦੀਆਂ ਕੁੜੀਆਂ ਪੁਲਿਸ ਦੀ ਗਿ੍ਰਫਤ ਵਿਚ ਆਈਆਂ ਸਨ। ਉਨ੍ਹਾਂ ਵੱਲੋਂ ਵੀ ਅਜਿਹੇ ਸੁੰਨ ਕਰਨ ਵਾਲੇ ਕਾਰਨਾਮਿਆਂ ਦਾ ਪ੍ਰਗਟਾਵਾ ਕੀਤਾ ਗਿਆ ਸੀ। ਛੱਬੀ ਜੂਨ 2018 ਨੂੰ ਨਸ਼ਾ ਵਿਰੋਧੀ ਦਿਵਸ ਮੌਕੇ ਕਪੂਰਥਲਾ ਵਿਚ ਨਸ਼ਈ ਲੜਕੀਆਂ ਦੇ ਇਲਾਜ ਲਈ ਸਰਕਾਰੀ ਤੌਰ ’ਤੇ ਨਸ਼ਾ ਛੁਡਾਊ ਕੇਂਦਰ ਖੋਲ੍ਹਣਾ ਅਤੇ ਵੱਡੇ ਸ਼ਹਿਰਾਂ ਵਿਚ ਖੋਲ੍ਹੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਅੱਗੇ ਇਸ ਤਰ੍ਹਾਂ ਦਾ ਲੱਗਿਆ ਬੋਰਡ, “ਇੱਥੇ ਲੜਕੀਆਂ ਦਾ ਨਸ਼ਾ ਛੁਡਾਉਣ ਦਾ ਵਿਸ਼ੇਸ਼ ਪ੍ਰਬੰਧ ਹੈ।” ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੰਜਾਬ ਵਿਚ ਬਹੁਤ ਸਾਰੀਆਂ ਲੜਕੀਆਂ ਨੂੰ ਵੀ ਨਸ਼ੇ ਦਾ ਸੇਕ ਲੱਗ ਚੁੱਕਾ ਹੈ। ਪਿੱਛੇ ਜਿਹੇ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿਚ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਇਸ ਸਬੰਧ ਵਿਚ ਦੋ ਔਰਤਾਂ ਗਿ੍ਰਫ਼ਤਾਰ ਕੀਤੀਆਂ ਗਈਆਂ। ਗਿਰੋਹ ਨਾਲ ਸਬੰਧਤ ਇਹ ਦੋਨੋਂ ਔਰਤਾਂ ਭਾਰੀ ਮਾਤਰਾ ਵਿਚ ਚਿੱਟੇ ਦਾ ਸੇਵਨ ਕਰਦੀਆਂ ਸਨ। ਨਸ਼ੇ ਦੀ ਪੂਰਤੀ ਤੇ ਐਸ਼-ਪ੍ਰਸਤੀ ਭਰਿਆ ਜੀਵਨ ਬਤੀਤ ਕਰਨ ਲਈ ਉਨ੍ਹਾਂ ਨੇ ਲੁੱਟਾਂ-ਖੋਹਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਸੀ।

ਇਸ ਤਰ੍ਹਾਂ ਹੀ ਬਠਿੰਡਾ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਬੇਹੋਸ਼ ਹੋਈਆਂ ਤਿੰਨ ਕੁੜੀਆਂ ਦਾ ਰੇਲਵੇ ਦੀ ਪਟੜੀ ਲਾਗੇ ਡਿੱਗੀਆਂ ਪਈਆਂ ਮਿਲਣਾ ਵੀ ਸਮਾਜਿਕ ਨਮੋਸ਼ੀ ਦਾ ਕਾਰਨ ਬਣਿਆ ਸੀ। ਕੁਝ ਦਿਨ ਪਹਿਲਾਂ ਹੀ ਐੱਸਟੀਐੱਫ ਦੀ ਟੀਮ ਨੇ ਲੁਧਿਆਣਾ ਦੇ ਇਕ ਥਾਣੇ ਵਿਚ ਨਿਯੁਕਤ ਵਧੀਕ ਥਾਣੇਦਾਰ ਨੂੰ ਗਿ੍ਫ਼ਤਾਰ ਕੀਤਾ ਹੈ ਜੋ ਆਪਣੀ ਨਸ਼ਾ ਤਸਕਰ ਔਰਤ ਨਾਲ ਮਿਲ ਕੇ 10 ਤੋਂ ਵੱਧ ਟਿਕਾਣਿਆਂ ’ਤੇ ਚਿੱਟੇ ਦੀ ਸਪਲਾਈ ਕਰਦਾ ਸੀ। ਔਰਤ ਅਤੇ ਥਾਣੇਦਾਰ ਸਲਾਖਾਂ ਪਿੱਛੇ ਹਨ। ਇਨ੍ਹਾਂ ਕੋਲੋਂ ਅੰਦਾਜ਼ਨ ਸਵਾ 400 ਕਰੋੜ ਮੁੱਲ ਦਾ ਚਿੱਟਾ ਬਰਾਮਦ ਹੋਇਆ ਹੈ।

ਚਾਣਕਿਆ ਨੇ ਲਿਖਿਆ ਹੈ ,“ਮੈਨੂੰ ਉਨ੍ਹਾਂ ਲੋਕਾਂ ’ਤੇ ਗੁੱਸਾ ਨਹੀਂ ਆਉਂਦਾ ਜੋ ਗ਼ੁਨਾਹ ਕਰਦੇ ਨੇ। ਉਨ੍ਹਾਂ ਲੋਕਾਂ ’ਤੇ ਗੁੱਸਾ ਆਉਂਦਾ ਹੈ ਜੋ ਗ਼ੁਨਾਹ ਹੁੰਦਿਆਂ ਵੇਖ ਕੇ ਚੁੱਪ ਕਰ ਜਾਂਦੇ ਹਨ। ਜਦੋਂ ਬੁਰੇ ਲੋਕ ਜੁੰਡਲੀ ਬਣਾ ਲੈਣ ਤਾਂ ਭਲੇ ਲੋਕਾਂ ਦਾ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ।” ਅਜਿਹੀ ਸਥਿਤੀ ਨੂੰ ਸੁਖਾਵਾਂ ਮੋੜ ਦੇਣ ਲਈ ਸਰਕਾਰ ਦੀ ਦ੍ਰਿੜ੍ਹ ਇੱਛਾ ਸ਼ਕਤੀ, ਲੋਕਾਂ ਦਾ ਭਰਵਾਂ ਸਹਿਯੋਗ, ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਮਰਪਿਤ ਭਾਵਨਾ, ਅਧਿਆਪਕਾਂ, ਰੰਗ ਕਰਮੀਆਂ, ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ ਅਤੇ ਚਿੰਤਕਾਂ ਦੇ ਸੰਯੁਕਤ ਰੂਪ ਵਿਚ ਉਪਰਾਲਿਆਂ ਨਾਲ ਜਿੱਥੇ ਕੁਰਾਹੇ ਪਈਆਂ ਲੜਕੀਆਂ ਨੂੰ ਮੁੱਖ ਧਾਰਾ ਵਿਚ ਲਿਆਂਦਾ ਜਾ ਸਕਦਾ ਹੈ, ਉੱਥੇ ਹੀ ਨਸ਼ਿਆਂ ਦੇ ਦੈਂਤ ਨੂੰ ਵੀ ਢਹਿ-ਢੇਰੀ ਕੀਤਾ ਜਾ ਸਕਦਾ ਹੈ। ਜੇ ਅਜਿਹਾ ਸੰਭਵ ਨਾ ਹੋਇਆ ਤਾਂ ਇਤਿਹਾਸ ਸਾਡੀ ਹੋਣੀ ’ਤੇ ਕੀਰਨੇ ਪਾਵੇਗਾ ਅਤੇ ਅਸੀਂ ਬੁਜ਼ਦਿਲਾਂ ਦੀ ਕਤਾਰ ਵਿਚ ਸ਼ੁਮਾਰ ਹੋਵਾਂਗੇ।

-ਮੋਹਨ ਸ਼ਰਮਾ

-ਮੋਬਾਈਲ : 94171-48866

Posted By: Jagjit Singh