ਸਾਡੇ ਸਮਾਜ ਵਿਚ ਔਰਤ ਦਾ ਮਤਲਬ ਦੂਸਰੇ ਦਰਜੇ ਦਾ ਸ਼ਹਿਰੀ ਹੋਣਾ ਹੈ। ਇਸ ਆਧੁਨਿਕ ਕਾਲ ਵਿਚ ਵੀ ਪੁਰਸ਼ ਪ੍ਰਧਾਨ ਸਮਾਜ ਹੋਣ ਕਾਰਨ ਹਰ ਜਗ੍ਹਾ ਔਰਤ ਨੂੰ ਦਬਾਇਆ ਜਾਂਦਾ ਹੈ। ਅੱਜ ਬਹੁਤ ਸਾਰੀਆਂ ਔਰਤਾਂ ਪੜ੍ਹ-ਲਿਖ ਕੇ ਨੌਕਰੀਆਂ ਕਰਨ ਲੱਗ ਪਈਆਂ ਹਨ ਪਰ ਉਨ੍ਹਾਂ ’ਚੋਂ ਵੀ ਕਈਆਂ ਨੂੰ ਕੰਮ ਦੀ ਜਗ੍ਹਾ ’ਤੇ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤੀਆਂ ਨੌਕਰੀਪੇਸ਼ਾ ਔਰਤਾਂ ਦੀ ਤਨਖ਼ਾਹ ਆਦਿ ਦਾ ਹਿਸਾਬ ਉਨ੍ਹਾਂ ਦੇ ਪਤੀ ਰੱਖਦੇ ਹਨ। ਵੇਖਿਆ ਗਿਆ ਹੈ ਕਿ ਪੰਚ, ਸਰਪੰਚ, ਐੱਮਸੀ, ਮੇਅਰ, ਐੱਮਐੱਲਏ, ਐੱਮਪੀ ਅਤੇ ਇੱਥੋਂ ਤਕ ਕਿ ਮੰਤਰੀ ਬਣਨ ਵਾਲੀਆਂ ਜ਼ਿਆਦਾਤਰ ਔਰਤਾਂ ਦੀ ਰਾਜਨੀਤਕ ਤਾਕਤ ਦਾ ਇਸਤੇਮਾਲ ਉਨ੍ਹਾਂ ਦੇ ਪਤੀ ਜਾਂ ਪੁੱਤਰ ਕਰਦੇ ਹਨ।

ਕਈ ਸਾਲ ਪਹਿਲਾਂ ਬਟਾਲਾ ਪੁਲਿਸ ਜ਼ਿਲ੍ਹੇ ਦੀ ਇਕ ਸਬ ਡਵੀਜ਼ਨ ਵਿਖੇ ਤਾਇਨਾਤੀ ਦੌਰਾਨ ਅਜਿਹਾ ਹੀ ਇਕ ਕੇਸ ਮੇਰੇ ਕੋਲ ਆਇਆ ਸੀ। ਇਕ ਦਿਨ ਮੈਂ ਦਫ਼ਤਰ ਬੈਠਾ ਹੋਇਆ ਸੀ ਤਾਂ ਏਡਜ਼ ਦੇ ਕੇਸਾਂ ਲਈ ਬਦਨਾਮ ਇਕ ਪਿੰਡ ਦਾ ਸਰਪੰਚ 5-7 ਮੋਹਤਬਰਾਂ ਨਾਲ ਮੇਰੇ ਦਫ਼ਤਰ ਆਇਆ। ਉਸ ਨੇ ਆ ਕੇ ਪੰਚਾਇਤ ਵੱਲੋਂ ਇਕ ਦਰਖ਼ਾਸਤ ਦਿੱਤੀ ਕਿ ਉਸ ਦੇ ਪਿੰਡ ਦੀ ਇਕ ਵਿਧਵਾ ਔਰਤ ਰਾਣੀ (ਕਾਲਪਨਿਕ ਨਾਮ) ਏਡਜ਼ ਪੀੜਤ ਹੈ। ਉਸ ਦੇ ਪਿੰਡ ਦੇ ਅਨੇਕਾਂ ਵਿਅਕਤੀਆਂ ਨਾਲ ਸਬੰਧ ਹਨ ਜਿਸ ਕਾਰਨ ਪਿੰਡ ਵਿਚ ਏਡਜ਼ ਦੀ ਬਿਮਾਰੀ ਫੈਲ ਰਹੀ ਹੈ। ਇਸ ਲਈ ਉਸ ਨੂੰ ਪਿੰਡ ਵਿੱਚੋਂ ਬਾਹਰ ਕੱਢਿਆ ਜਾਵੇ। ਮੈਂ ਸਰਪੰਚ ਨੂੰ ਸਮਝਾਇਆ ਕਿ ਪੁਲਿਸ ਕੋਲ ਅਜਿਹੀ ਕੋਈ ਕਾਨੂੰਨੀ ਤਾਕਤ ਨਹੀਂ ਹੁੰਦੀ ਕਿ ਕਿਸੇ ਨੂੰ ਪਿੰਡ ਵਿੱਚੋਂ ਕੱਢ ਸਕੇ। ਇਸ ਕੰਮ ਲਈ ਡੀਸੀ, ਐੱਸਡੀਐੱਮ ਜਾਂ ਫਿਰ ਅਦਾਲਤ ਵਿਚ ਕੇਸ ਕੀਤਾ ਜਾ ਸਕਦਾ ਹੈ।

ਮੈਂ ਸਰਪੰਚ ਨੂੰ ਪੁੱਛਿਆ ਕਿ ਏਡਜ਼ ਫੈਲਾਉਣ ’ਚ ਰਾਣੀ ਨਾਲ ਸਬੰਧ ਰੱਖਣ ਵਾਲੇ ਵਿਅਕਤੀਆਂ ਦਾ ਵੀ ਬਰਾਬਰ ਦਾ ਕਸੂਰ ਹੈ, ਉਨ੍ਹਾਂ ਨੂੰ ਕਿਉਂ ਨਹੀਂ ਪੰਚਾਇਤ ਪਿੰਡੋਂ ਕੱਢਦੀ? ਸਰਪੰਚ ਪੂਰੀ ਬੇਸ਼ਰਮੀ ਨਾਲ ਹੱਸ ਕੇ ਬੋਲਿਆ ਕਿ ਉਹ ਤਾਂ ਉਸ ਦੇ ਧੜੇ ਦੇ ਬੰਦੇ ਹਨ ਪਰ ਲੋਕਾਂ ਨੂੰ ਹਰ ਕੰਮ ਜਲਦੀ ਕਰਵਾਉਣ ਲਈ ਪੁਲਿਸ ਹੀ ਸਭ ਤੋਂ ਸੌਖਾ ਜ਼ਰੀਆ ਲੱਗਦੀ ਹੈ। ਸਰਪੰਚ ਸੱਤਾਧਾਰੀ ਪਾਰਟੀ ਨਾਲ ਸਬੰਧ ਰੱਖਦਾ ਸੀ। ਉਸ ਨੇ ਮੈਨੂੰ ਐੱਮਐੱਲਏ (ਜੋ ਕਿਸੇ ਸੁਰੱਖਿਆ ਫੋਰਸ ਤੋਂ ਰਿਟਇਰਡ ਸੀ ਤੇ ਮਹਾਂ ਬਦਤਮੀਜ਼ ਵਿਅਕਤੀ ਸੀ) ਕੋਲੋਂ ਫੋਨ ਕਰਵਾਉਣੇ ਸ਼ੁਰੂ ਕਰ ਦਿੱਤੇ। ਆਖ਼ਰ ਅੱਕ ਕੇ ਮੈਂ ਦੋ ਕੁ ਹਫ਼ਤਿਆਂ ਬਾਅਦ ਪੰਚਾਇਤ ਅਤੇ ਰਾਣੋ ਨੂੰ ਆਪਣੇ ਦਫ਼ਤਰ ਬੁਲਾ ਲਿਆ। ਰਾਣੋ 26 ਕੁ ਸਾਲ ਦੀ ਸੋਹਣੀ-ਸੁਨੱਖੀ ਔਰਤ ਸੀ ਅਤੇ ਕਿਸੇ ਪਾਸਿਓਂ ਵੀ ਇਹ ਨਹੀਂ ਸੀ ਮਾਲੂਮ ਹੁੰਦਾ ਕਿ ਉਸ ਨੂੰ ਏਡਜ਼ ਦੀ ਬਿਮਾਰੀ ਹੋ ਸਕਦੀ ਹੈ। ਵੈਸੇ ਵੀ ਏਡਜ਼ ਦੇ ਮਰੀਜ਼ ਵਿਚ ਬਿਮਾਰੀ ਦੇ ਲੱਛਣ 10-12 ਸਾਲ ਬਾਅਦ ਦਿਸਣੇ ਸ਼ੁਰੂ ਹੁੰਦੇ ਹਨ। ਜਦੋਂ ਸਾਰੇ ਨਿੱਠ ਕੇ ਬੈਠ ਗਏ ਤਾਂ ਸਰਪੰਚ ਨੇ ਸਿਆਣਾ ਜਿਹਾ ਬਣ ਕੇ ਗੱਲ ਸ਼ੁਰੂ ਕੀਤੀ। ਉਸ ਦੀ ਗੱਲਬਾਤ ਤੋਂ ਇਹ ਸਾਹਮਣੇ ਆਇਆ ਕਿ ਰਾਣੀ ਦੇ ਵਿਆਹ ਨੂੰ 6-7 ਸਾਲ ਹੋ ਗਏ ਹਨ ਅਤੇ 4-5 ਸਾਲ ਦੀ ਇਕ ਬੇਟੀ ਹੈ। ਉਸ ਦਾ ਪਤੀ ਟਰੱਕ ਡਰਾਈਵਰ ਸੀ ਜਿਸ ਦੀ ਏਡਜ਼ ਕਾਰਨ ਤਿੰਨ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਉਸ ਨੇ ਹੀ ਬਾਹਰ ਖੇਹ-ਖਰਾਬਾ ਕਰ ਕੇ ਏਡਜ਼ ਸਹੇੜੀ ਸੀ ਅਤੇ ਰਾਣੀ ਨੂੰ ਲਾਗ ਲਗਾਈ ਸੀ।

ਉਸ ਦੀ ਮੌਤ ਤੋਂ ਬਾਅਦ ਰਾਣੀ ਬਜਾਏ ਆਪਣੇ ਪੇਕੇ ਜਾਣ ਦੇ ਇੱਥੇ ਹੀ ਰਹਿ ਰਹੀ ਸੀ। ਉਸ ਦੇ ਪਿੰਡ ਦੇ ਕਈ ਵਿਅਕਤੀਆਂ ਨਾਲ ਸਬੰਧ ਬਣ ਗਏ ਸਨ ਕਿਉਂਕਿ ਜ਼ਮੀਨ-ਜਾਇਦਾਦ ਨਾ ਹੋਣ ਕਾਰਨ ਉਸ ਕੋਲ ਕਮਾਈ ਦਾ ਹੋਰ ਕੋਈ ਸਾਧਨ ਨਹੀਂ ਸੀ ਅਤੇ ਦਿਓਰ-ਜੇਠ ਉਸ ਦੀ ਕੋਈ ਆਰਥਿਕ ਮਦਦ ਨਹੀਂ ਸਨ ਕਰਦੇ। ਅਸੁਰੱਖਿਅਤ ਸਬੰਧਾਂ ਕਾਰਨ ਉਨ੍ਹਾਂ ਵਿਅਕਤੀਆਂ ਨੂੰ ਵੀ ਏਡਜ਼ ਚੰਬੜ ਗਈ ਸੀ। ਇਸ ਨੂੰ ਪਿੰਡ ਤੋਂ ਬੇਦਖ਼ਲ ਕੀਤਾ ਜਾਵੇ ਤਾਂ ਜੋ ਹੋਰ ਲੋਕਾਂ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਬਚਾਇਆ ਜਾ ਸਕੇ। ਸਰਪੰਚ ਦੀ ਇਸ ਗੱਲ ਦੀ ਨਾਲ ਆਏ ਬਾਕੀ ਲੋਕਾਂ ਨੇ ਵੀ ਠੋਕ ਕੇ ਪ੍ਰੋੜ੍ਹਤਾ ਕੀਤੀ। ਸਭ ਤੋਂ ਜ਼ਿਆਦਾ ਰੌਲਾ ਰਾਣੀ ਦੇ ਸਹੁਰੇ ਅਤੇ ਦਿਉਰ ਨੇ ਪਾਇਆ ਕਿਉਂਕਿ ਉਹ ਲਾਲਚ ਵਿਚ ਅੰਨ੍ਹੇ ਹੋ ਚੁੱਕੇ ਸਨ ਤੇ ਚਾਹੁੰਦੇ ਸਨ ਕਿ ਰਾਣੀ ਜਲਦੀ ਤੋਂ ਜਲਦੀ ਦਫਾ ਹੋਵੇ ਤਾਂ ਜੋ ਉਹ ਉਸ ਦੇ ਮਕਾਨ ’ਤੇ ਕਬਜ਼ਾ ਕਰ ਸਕਣ।

ਰਾਣੀ ਚੁੱਪਚਾਪ ਸਾਰੇ ਹੱਲੇ-ਗੁੱਲੇ ਨੂੰ ਸੁਣਦੀ ਰਹੀ। ਉਸ ਦੇ ਸ਼ਾਂਤ ਚਿਹਰੇ ਤੋਂ ਲੱਗ ਰਿਹਾ ਸੀ ਕਿ ਪਿੰਡ ਵਾਲਿਆਂ ਦੀ ਚਿੱਲ ਪੌਂ ਦਾ ਉਸ ’ਤੇ ਕੋਈ ਖ਼ਾਸ ਅਸਰ ਨਹੀਂ ਹੋ ਰਿਹਾ।

ਰੋਜ਼ਾਨਾ ਚੰਗੇ-ਮਾੜੇ ਲੋਕਾਂ ਨਾਲ ਵਾਹ ਪੈਣ ਕਾਰਨ ਪੁਲਿਸ ਵਾਲਿਆਂ ਨੂੰ ਲੋਕਾਂ ਦਾ ਮਨ ਪੜ੍ਹਨ ਦਾ ਵੱਲ ਆ ਜਾਂਦਾ ਹੈ। ਇਸ ਕਾਰਨ ਮੈਂ ਵੀ ਸਮਝ ਗਿਆ ਕਿ ਇਸ ਸ਼ਾਂਤ ਚਿਹਰੇ ਦੇ ਪਿੱਛੇ ਕੋਈ ਭਿਆਨਕ ਜਵਾਲਾਮੁਖੀ ਉੱਬਲ ਰਿਹਾ ਹੈ ਜੋ ਜਲਦੀ ਹੀ ਫਟ ਜਾਵੇਗਾ। ਸਾਰਿਆਂ ਦੀ ਗੱਲ ਸੁਣਨ ਤੋਂ ਬਾਅਦ ਮੈਂ ਰਾਣੀ ਨੂੰ ਆਪਣਾ ਪੱਖ ਦੱਸਣ ਲਈ ਕਿਹਾ ਤਾਂ ਉਸ ਦਾ ਕਈ ਸਾਲਾਂ ਤੋਂ ਦੱਬਿਆ ਪਿਆ ਗੁੱਸਾ ਭੜਕ ਉੱਠਿਆ, ‘‘ਡੀਐੱਸਪੀ ਸਾਹਿਬ, ਮੈਨੂੰ ਏਡਜ਼ ਹੈ ਤੇ ਮੇਰੀ ਬੱਚੀ ਨੂੰ ਵੀ ਏਡਜ਼ ਹੈ। ਮੈਂ ਤਾਂ ਚਾਰ-ਪੰਜ ਸਾਲਾਂ ਵਿਚ ਮਰ ਜਾਵਾਂਗੀ ਪਰ ਦੁੱਖ ਮੈਨੂੰ ਇਸ ਗੱਲ ਦਾ ਹੈ ਕਿ ਮੇਰੇ ਮਰਨ ਤੋਂ ਬਾਅਦ ਇਸ ਬੇਗੁਨਾਹ ਮਾਸੂਮ ਬੱਚੀ ਨੇ ਪਤਾ ਨਹੀਂ ਕਿਵੇਂ ਦਰ-ਦਰ ਧੱਕੇ ਖਾ ਕੇ ਮਰਨਾ ਹੈ।’’

ਸਾਰੀ ਪੰਚਾਇਤ ਚੁੱਪ ਹੋ ਗਈ ਤੇ ਰਾਣੀ ਆਪਣੇ ਸਹੁਰੇ ਵੱਲ ਇਸ਼ਾਰਾ ਕਰ ਕੇ ਬੋਲੀ, ‘‘ਇਸ ਨੀਚ ਤੇ ਪਾਪੀ ਇਨਸਾਨ ਨੂੰ ਪੁੱਛੋ ਕਿ ਜਦੋਂ ਇਸ ਦੇ ਮੁੰਡੇ ਦਾ ਮੇਰੇ ਨਾਲ ਵਿਆਹ ਹੋਇਆ ਸੀ, ਉਦੋਂ ਇਸ ਨੂੰ ਪਤਾ ਸੀ ਨਾ ਕਿ ਉਸ ਨੂੰ ਏਡਜ਼ ਹੈ?’’ ਕੁਝ ਦੇਰ ਪਹਿਲਾਂ ਭੁੜਕ-ਭੁੜਕ ਕੇ ਬੋਲਣ ਵਾਲੇ ਰਾਣੀ ਦੇ ਸਹੁਰੇ ਨੇ ਮਰੇ ਹੋਏ ਕੁੱਤੇ ਵਾਂਗ ਸਿਰ ਸੁੱਟ ਲਿਆ ਅਤੇ ਬੋਲਿਆ ਕਿ ਉਸ ਨੂੰ ਪਤਾ ਸੀ। ਇਸ ਤੋਂ ਬਾਅਦ ਰਾਣੀ ਪੰਚਾਇਤ ਵੱਲ ਹੋ ਗਈ, ‘‘ਇਸ ਸਰਪੰਚ ਤੇ ਨਾਲ ਆਈ ਇਸ ਲਗੌੜ ਨੂੰ ਵੀ ਪਤਾ ਸੀ ਕਿ ਨਹੀਂ ਇਸ ਗੱਲ ਬਾਰੇ?’’ ਸਰਪੰਚ ਨੂੰ ਧਰਤੀ ਵਿਹਲ ਨਾ ਦੇਵੇ। ਉਹ ਵੀ ਮੰਨ ਗਿਆ ਕਿ ਤਕਰੀਬਨ ਸਾਰੇ ਪਿੰਡ ਨੂੰ ਪਤਾ ਸੀ।

ਰਾਣੀ ਰੋਂਦੀ ਹੋਈ ਬੋਲਦੀ ਗਈ ਜਿਵੇਂ ਅੱਜ ਉਸ ਨੂੰ ਕਿਸੇ ਦੀ ਪਰਵਾਹ ਨਾ ਹੋਵੇ, ‘‘ਤੁਹਾਡੇ ਸਾਰਿਆਂ ਦਾ ਬੇੜਾ ਗਰਕ ਹੋ ਜਾਵੇ। ਅੱਜ ਪਿੰਡ ਨੂੰ ਮੇਰੀ ਏਡਜ਼ ਦਿਸ ਰਹੀ ਹੈ ਪਰ ਵਿਆਹ ਵੇਲੇ ਮੇਰੇ ਪਤੀ ਦੀ ਏਡਜ਼ ਨਾ ਦਿਖੀ? ਕੀ ਮੈਂ ਏਡਜ਼ ਪੇਕਿਆਂ ਤੋਂ ਲੈ ਕੇ ਆਈ ਸੀ? ਮੇਰਾ ਕੀ ਕਸੂਰ ਸੀ ਜੋ ਤੁਸੀਂ ਮੇਰੇ ਨਾਲ ਐਨਾ ਵੱਡਾ ਧ੍ਰੋਹ ਕਮਾਇਆ। ਵੇਖ ਲਿਉ, ਤੁਸੀਂ ਸਾਰੇ ਕੀੜੇ ਪੈ ਕੇ ਮਰੋਗੇ। ਮੇਰੇ ਨਾਲ ਕੀਤਾ ਪਾਪ ਤਾਂ ਰੱਬ ਸ਼ਾਇਦ ਮਾਫ਼ ਵੀ ਕਰ ਦੇਵੇ, ਪਰ ਇਸ ਛੋਟੀ ਬੱਚੀ ਨਾਲ ਕੀਤਾ ਗਿਆ ਬੱਜਰ ਪਾਪ ਉਸ ਨੇ ਕਦੇ ਵੀ ਮਾਫ਼ ਨਹੀਂ ਕਰਨਾ। ਤੁਹਾਨੂੰ ਨਰਕ ਵਿਚ ਵੀ ਢੋਈ ਨਹੀਂ ਮਿਲਣੀ। ਚਲੋ ਮੈਂ ਚਲੀ ਜਾਂਦੀ ਆਂ ਪਿੰਡ ਛੱਡ ਕੇ, ਕਰੋ ਕੋਈ ਬਾਂਹ ਖੜ੍ਹੀ ਜਿਹੜਾ ਮੇਰੇ ਮਰਨ ਤੋਂ ਬਾਅਦ ਮੇਰੀ ਬੇਟੀ ਦੀ ਸਾਂਭ-ਸੰਭਾਲ ਕਰੇਗਾ।’’ ਅਜੇ ਉਸ ਦੀ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਸਾਰੇ ਜਣੇ ਦਫ਼ਤਰ ਤੋਂ ਖਿਸਕ ਗਏ। ਦੁਬਾਰਾ ਕਈ ਹਫ਼ਤੇ ਤਕ ਮੈਨੂੰ ਉਸ ਸਰਪੰਚ ਦਾ ਮਨਹੂਸ ਚਿਹਰਾ ਵੇਖਣ ਨੂੰ ਨਾ ਮਿਲਿਆ।

ਬਲਰਾਜ ਸਿੰਘ ਸਿੱਧੂ

-ਮੋਬਾਈਲ : 95011-00062

Posted By: Jagjit Singh