.jpg)
-ਸੰਜੇ ਗੁਪਤ
ਚੀਨ ਨਾਲ ਫ਼ੌਜੀ ਖਿੱਚੋਤਾਣ ਇਕ ਅਜਿਹੇ ਸਮੇਂ ਜਾਰੀ ਸੀ ਜਦ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ ’ਤੇ ਪਾਕਿਸਤਾਨ ਜੰਗਬੰਦੀ ਦੀ ਉਲੰਘਣਾ ਕਰਨ ਵਿਚ ਰੁੱਝਿਆ ਹੋਇਆ ਸੀ। ਇਹ ਉਲੰਘਣਾ ਅੱਤਵਾਦੀਆਂ ਦੀ ਘੁਸਪੈਠ ਲਈ ਹੀ ਹੁੰਦੀ ਸੀ। ਭਾਰਤ ਕਈ ਦਹਾਕਿਆਂ ਤੋਂ ਪਾਕਿਸਤਾਨੀ ਫ਼ੌਜ ਵੱਲੋਂ ਪ੍ਰਾਯੋਜਿਤ ਅੱਤਵਾਦ ਤੋਂ ਹਾਲੋਂ-ਬੇਹਾਲ ਹੋਇਆ ਪਿਆ ਹੈ।
ਉਸ ਨੇ ਕਸ਼ਮੀਰ ਵਿਚ ਇਕ ਅਣ-ਐਲਾਨੀ ਜੰਗ ਛੇੜੀ ਹੋਈ ਸੀ ਤਾਂ ਇਸ ਲਈ ਕਿ ਕਸ਼ਮੀਰ ਵਿਚ ਦਹਿਸ਼ਤ ਫੈਲਾਈ ਜਾ ਸਕੇ। ਉਸ ਦਾ ਕੰਮ ਇਸ ਲਈ ਆਸਾਨ ਹੋ ਗਿਆ ਸੀ ਕਿਉਂਕਿ ਕਸ਼ਮੀਰ ਵਿਚ ਕਈ ਵੱਖਵਾਦੀ ਗੁੱਟ ਉਸ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਸਨ। ਇਨ੍ਹਾਂ ਧੜਿਆਂ ਨੂੰ ਖ਼ੁਰਾਕ ਮਿਲਦੀ ਸੀ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਤੋਂ।
ਉਸ ਵੇਲੇ ਕਸ਼ਮੀਰ ਦੇ ਜੋ ਹਾਲਾਤ ਸਨ, ਉਨ੍ਹਾਂ ਬਾਰੇ ਸਭ ਨੂੰ ਪਤਾ ਹੈ। ਪੱਥਰਬਾਜ਼ਾਂ ਨੇ ਕਿੰਨੀਆਂ ਜਾਨਾਂ ਲਈਆਂ, ਇਸ ਦਾ ਹਿਸਾਬ ਲਾਉਣਾ ਵੀ ਬੇਹੱਦ ਮੁਸ਼ਕਲ ਹੈ। ਸਰਹੱਦ ਪਾਰੋਂ ਆਉਣ ਵਾਲੇ ਅੱਤਵਾਦੀ ਧਰਤੀ ਦਾ ਸਵਰਗ ਕਹੀ ਜਾਣ ਵਾਲੀ ਕਸ਼ਮੀਰ ਵਾਦੀ ਨੂੰ ਨਿੱਤ ਲਹੂ-ਲੁਹਾਣ ਕਰਦੇ ਸਨ। ਇਨ੍ਹਾਂ ਧੜਿਆਂ ਪ੍ਰਤੀ ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਖ਼ਾਸ ਤੌਰ ’ਤੇ ਨੈਸ਼ਨਲ ਕਾਨਫਰੰਸ ਅਤੇ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦੀ ਹਮਦਰਦੀ ਵੀ ਰਹਿੰਦੀ ਸੀ।
ਮੋਦੀ ਸਰਕਾਰ ਨੇ ਧਾਰਾ 370 ਹਟਾ ਕੇ ਵੱਖਵਾਦ ਦੀ ਰਾਜਨੀਤੀ ’ਤੇ ਤਕੜੀ ਚੋਟ ਤਾਂ ਮਾਰੀ ਹੀ, ਪਾਕਿਸਤਾਨ ਦੇ ਮਨਸੂਬਿਆਂ ’ਤੇ ਵੀ ਪਾਣੀ ਫੇਰਨ ਦਾ ਕੰਮ ਵੀ ਕੀਤਾ। ਕਿਉਂਕਿ ਧਾਰਾ 370 ਹਟਣ ਦੇ ਨਾਲ ਹੀ ਕਸ਼ਮੀਰ ਵਿਚ ਵੱਖਵਾਦੀਆਂ ਅਤੇ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਅਨਸਰਾਂ ਦੀ ਕਮਰ ਟੁੱਟ ਗਈ ਅਤੇ ਆਜ਼ਾਦੀ ਦੀ ਮੰਗ ਨੇ ਵੀ ਦਮ ਤੋੜ ਦਿੱਤਾ।
ਭਾਰਤ ਨੇ ਪਹਿਲਾਂ ਸਰਜੀਕਲ ਸਟ੍ਰਾਈਕ ਅਤੇ ਫਿਰ ਏਅਰ ਸਟ੍ਰਾਈਕ ਕਰ ਕੇ ਪਾਕਿਸਤਾਨ ਨੂੰ ਇਹ ਦੱਸ ਦਿੱਤਾ ਕਿ ਉਹ ਅੱਤਵਾਦੀਆਂ ਦੀ ਖੇਪ ਤਿਆਰ ਕਰ ਕੇ ਭਾਰਤ ਭੇਜੇਗਾ ਤਾਂ ਉਸ ਨੂੰ ਇਸ ਦੀ ਕੀਮਤ ਤਾਰਨੀ ਪਵੇਗੀ। ਅੱਤਵਾਦੀਆਂ ਨੂੰ ਪਾਲਣ-ਪੋਸਣ ਕਾਰਨ ਪਾਕਿਸਤਾਨ ’ਤੇ ਐੱਫਏਟੀਐੱਫ ਦੀ ਜੋ ਤਲਵਾਰ ਲਟਕ ਰਹੀ ਹੈ, ਉਸ ਦੀ ਵੀ ਉਹ ਅਣਦੇਖੀ ਕਰਨ ਦੀ ਹਾਲਤ ਵਿਚ ਨਹੀਂ ਹੈ।
ਪਾਕਿਸਤਾਨ ਜੰਗਬੰਦੀ ਸਮਝੌਤੇ ਦੀ ਪਾਲਣ ਕਰਨ ਲਈ ਸ਼ਾਇਦ ਇਸ ਲਈ ਵੀ ਤਿਆਰ ਹੋਇਆ ਕਿਉਂਕਿ ਇਕ ਤਾਂ ਉਸ ਦੀ ਆਰਥਿਕ ਸਥਿਤੀ ਵਿਗੜ ਗਈ ਅਤੇ ਦੂਜਾ, ਸਰਹੱਦ ’ਤੇ ਗੋਲ਼ੀਬਾਰੀ ਦਾ ਉਸ ਨੂੰ ਕਰਾਰਾ ਜਵਾਬ ਮਿਲ ਰਿਹਾ ਹੈ। ਭਾਰਤ ਨੇ ਸਦਾ ਹੀ ਪਾਕਿਸਤਾਨ ਨਾਲ ਸ਼ਾਂਤੀਪੂਰਨ ਸਬੰਧ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਹੈ।
ਮੋਦੀ ਸਰਕਾਰ ਨੇ ਪਹਿਲੀ ਵਾਰ ਭਾਰਤੀ ਸ਼ਾਸਨ ਦੀ ਕਮਾਨ ਸੰਭਾਲਣ ਦੇ ਮੌਕੇ ਸਾਰੇ ਗੁਆਂਢੀ ਮੁਲਕਾਂ ਦੇ ਨਾਲ-ਨਾਲ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਵੀ ਸੱਦਿਆ ਸੀ। ਫਿਰਾਖ਼ਦਿਲੀ ਵਿਖਾਉਂਦਿਆਂ ਉਹ ਅਫ਼ਗਾਨਿਸਤਾਨ ਤੋਂ ਪਰਤਦੇ ਸਮੇਂ ਨਵਾਜ਼ ਸ਼ਰੀਫ਼ ਦੀ ਦੋਹਤੀ ਦੀ ਸ਼ਾਦੀ ਵਿਚ ਸ਼ਾਮਲ ਹੋਣ ਲਾਹੌਰ ਵੀ ਗਏ ਸਨ। ਇਸ ਤੋਂ ਬਾਅਦ ਵੀ ਪਾਕਿਸਤਾਨ ਨੇ ਭਾਰਤ ਵਿਰੋਧੀ ਹਰਕਤਾਂ ਬੰਦ ਨਹੀਂ ਕੀਤੀਆਂ।
ਜੇਕਰ ਪਾਕਿਸਤਾਨੀ ਫ਼ੌਜ ਜੰਗਬੰਦੀ ਸਮਝੌਤੇ ਦੀ ਪਾਲਣਾ ਕਰਨ ਦੇ ਨਾਲ-ਨਾਲ ਅੱਤਵਾਦੀਆਂ ਦੀ ਭਾਰਤ ਵਿਚ ਘੁਸਪੈਠ ਕਰਵਾਉਣੀ ਬੰਦ ਕਰ ਦਿੰਦੀ ਹੈ ਤਾਂ ਫਿਰ ਪਾਕਿਸਤਾਨ ਨਾਲ ਸਬੰਧ ਸੁਧਰ ਸਕਦੇ ਹਨ ਅਤੇ ਇਸ ਦੇ ਨਤੀਜੇ ਵਿਚ ਉਸ ਨਾਲ ਵਪਾਰ ਵੀ ਸ਼ੁਰੂ ਹੋ ਸਕਦਾ ਹੈ। ਅਜਿਹਾ ਹੋਣ ਨਾਲ ਭਾਰਤ ਤੇ ਪਾਕਿਸਤਾਨ ਦੋਵਾਂ ਨੂੰ ਆਰਥਿਕ ਲਾਭ ਹੋਵੇਗਾ।ਜ਼ਿਕਰਯੋਗ ਹੈ ਕਿ ਭਾਰਤ ਨੇ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਦੇ ਬਾਵਜੂਦ ਉਸ ਨੂੰ ‘ਮੋਸਟ ਫੇਵਰਡ ਨੇਸ਼ਨ’ ਗਰਦਾਨਿਆ ਹੋਇਆ ਸੀ।
ਹਾਲਾਂਕਿ ਸਰਹੱਦੀ ਵਿਵਾਦ ਤੋਂ ਬਾਅਦ ਵੀ ਚੀਨ ਨਾਲ ਭਾਰਤ ਦੇ ਵਪਾਰਕ ਸਬੰਧ ਚੰਗੇ ਰਹੇ। ਭਾਰਤ ਵਿਚ ਚੀਨ ਤੋਂ ਦਰਾਮਦ ਵੱਧ ਰਹੀ ਸੀ। ਵਪਾਰ ਘਾਟਾ ਘੱਟ ਕਰਨ ਦੇ ਭਾਰਤ ਸਰਕਾਰ ਦੇ ਤਮਾਮ ਯਤਨਾਂ ਤੋਂ ਬਾਅਦ ਵੀ ਇਕ ਵੱਡੀ ਗਿਣਤੀ ਵਿਚ ਭਾਰਤੀ ਕੰਪਨੀਆਂ ਕੱਚਾ ਮਾਲ ਚੀਨ ਤੋਂ ਹੀ ਮੰਗਵਾਉਂਦੀਆਂ ਸਨ। ਚੀਨੀ ਕੰਪਨੀਆਂ ਦਾ ਭਾਰਤ ਵਿਚ ਨਿਵੇਸ਼ ਵੱਧ ਰਿਹਾ ਸੀ ਪਰ ਗਲਵਾਨ ਦੀ ਘਟਨਾ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ।
ਭਾਰਤ ਨੇ ਸਰਹੱਦ ’ਤੇ ਚੀਨ ਦਾ ਡਟ ਕੇ ਮੁਕਾਬਲਾ ਕਰਨ ਦੇ ਨਾਲ ਹੀ ਉਸ ’ਤੇ ਆਰਥਿਕ ਪਾਬੰਦੀਆਂ ਵੀ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਚੀਨੀ ਕੰਪਨੀਆਂ ਦੇ ਨਿਵੇਸ਼ ’ਤੇ ਲਗਾਮ ਲਗਾਉਣ ਦੇ ਨਾਲ ਉਨ੍ਹਾਂ ਦੇ ਤਮਾਮ ਐਪਸ ’ਤੇ ਪਾਬੰਦੀ ਲਾ ਕੇ ਭਾਰਤ ਨੇ ਇਹੀ ਜ਼ਾਹਰ ਕੀਤਾ ਕਿ ਹੁਣ ਸਭ ਕੁਝ ਪਹਿਲਾਂ ਵਾਂਗ ਰਹਿਣ ਵਾਲਾ ਨਹੀਂ ਹੈ।
ਚੀਨ ਦੀ ਆਰਥਿਕ ਤਾਕਤ ਦਾ ਸਾਹਮਣਾ ਕਰਨ ਲਈ ਮੋਦੀ ਸਰਕਾਰ ਨੇ ਆਤਮ-ਨਿਰਭਰ ਭਾਰਤ ਮੁਹਿੰਮ ਵੀ ਛੇੜੀ। ਫ਼ਿਲਹਾਲ ਇਹ ਲੱਗਦਾ ਹੈ ਕਿ ਚੀਨ ਦੇ ਹੋਸ਼ ਟਿਕਾਣੇ ਆਏ ਹਨ। ਜੋ ਵੀ ਹੋਵੇ, ਭਾਰਤ ਸਰਕਾਰ ਅਤੇ ਨਾਲ ਹੀ ਇੱਥੋਂ ਦੇ ਉਦਯੋਗ ਜਗਤ ਅਤੇ ਜਨਤਾ ਨੂੰ ਆਤਮ-ਨਿਰਭਰਤਾ ਹਾਸਲ ਕਰਨ ’ਤੇ ਅਟੱਲ ਰਹਿਣਾ ਚਾਹੀਦਾ ਹੈ।
ਜੇਕਰ ਸਰਹੱਦਾਂ ’ਤੇ ਅਮਨ-ਅਮਾਨ ਬਣਿਆ ਰਹਿੰਦਾ ਹੈ ਤਾਂ ਭਾਰਤ ’ਚ ਵਿਦੇਸ਼ੀ ਨਿਵੇਸ਼ ਵਧਾਉਣ ਦੇ ਆਸਾਰ ਵੀ ਵਧਣਗੇ। ਭਾਰਤ ਨੂੰ ਇਸ ਦੇ ਲਈ ਵਿਸ਼ੇਸ਼ ਯਤਨ ਕਰਨੇ ਚਾਹੀਦੇ ਹਨ ਕਿ ਵਿਦੇਸ਼ੀ ਨਿਵੇਸ਼ ਵਿਚ ਤੇਜ਼ੀ ਆਵੇ।
Posted By: Jagjit Singh