-ਬਲਰਾਜ ਸਿੰਘ ਸਰਾਂ

ਸਿਹਤ ਸੇਵਾ ਹਰ ਨਾਗਰਿਕ ਦੀ ਪਹੁੰਚ 'ਚ ਹੋਣੀ ਅਤਿ ਜ਼ਰੂਰੀ ਹੈ ਪਰ ਜੇ ਗੱਲ 'ਮਹਾਨ ਭਾਰਤ' ਜਾਂ 'ਰੰਗਲੇ ਪੰਜਾਬ' ਦੀ ਕਰੀਏ ਤਾਂ ਇਸ ਪੱਖੋਂ ਬਹੁਤ ਸੁਧਾਰ ਦੀ ਜ਼ਰੂਰਤ ਹੈ। ਆਮ ਨਾਗਰਿਕਾਂ ਨੂੰ ਅੱਜ ਵੀ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਕੋਲ ਛਿੱਲ ਲੁਹਾਉਣੀ ਪੈਂਦੀ ਹੈ ਜਾਂ ਰੱਬ ਦਾ ਭਾਣਾ ਮੰਨ ਕੇ ਦੇਸੀ ਓਹੜ-ਪੋਹੜ ਨਾਲ ਕੰਮ ਚਲਾਇਆ ਜਾਂਦਾ ਹੈ। ਏਨੇ ਖੁਸ਼ਹਾਲ ਸੂਬੇ ਪੰਜਾਬ 'ਚ ਅੱਜ ਵੀ ਲੁਧਿਆਣਾ ਤੇ ਚੰਡੀਗੜ੍ਹ ਤੋਂ ਬਿਨਾਂ ਬਾਕੀ ਸ਼ਹਿਰਾਂ ਕੋਲ ਬਿਹਤਰ ਸਿਹਤ ਸੇਵਾਵਾਂ ਦੀ ਘਾਟ ਰੜਕਦੀ ਹੈ।

ਸਿਵਲ ਹਸਪਤਾਲਾਂ 'ਚ ਤਾਂ ਮਾਹਰ ਡਾਕਟਰਾਂ ਸਮੇਤ ਸਟਾਫ , ਦਵਾਈਆਂ, ਮਸ਼ੀਨਾਂ, ਇਮਾਰਤਾਂ ਆਦਿ ਦੀ ਘਾਟ ਕਦੇ ਪੂਰੀ ਨਹੀਂ ਹੋਈ ਜਾਂ ਕੀਤੀ ਨਹੀਂ ਗਈ। ਬਾਜ਼ਾਰੀਕਰਨ ਤਹਿਤ ਸ਼ੁਰੂ ਹੋਏ ਕਮਿਸ਼ਨ ਸਿਸਟਮ ਨੇ ਵੀ ਸਿਹਤ ਸੇਵਾਵਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਤੇ ਲੋਕਾਂ ਦਾ ਸਰਕਾਰੀ ਤੇ ਪ੍ਰਾਈਵੇਟ ਸਿਹਤ ਸੰਸਥਾਵਾਂ 'ਚ ਵਿਸ਼ਵਾਸ ਖ਼ਤਮ ਕਰ ਦਿੱਤਾ ਹੈ। 'ਜਲ ਰਹੇ ਰੋਮ' ਨੂੰ ਰੋਕਣ ਦਾ ਕੋਈ ਹੀਆ ਨਹੀ ਕਰ ਰਿਹਾ। ਇਸ ਤੋਂ ਇਲਾਵਾ ਜੇ ਗੱਲ ਉਤਰੀ ਭਾਰਤ ਦੇ ਮੁੱਖ ਹਸਪਤਾਲ ਪੀਜੀਆਈ ਦੀ ਕਰੀਏ ਤਾਂ ਭਾਵੇਂ ਇੱਥੇ ਇਲਾਜ ਬਹੁਤ ਵਧੀਆ ਤੇ ਸਸਤਾ ਜ਼ਰੂਰ ਹੈ ਪਰ ਅੰਕੜਿਆਂ ਮੁਤਾਬਕ ਇਕ ਲੱਖ ਮਰੀਜ਼ ਰੋਜ਼ਾਨਾ ਆਉਂਦੇ ਹਨ, ਜਿਸ ਸਾਹਮਣੇ ਸਾਰੀਆਂ ਸਹੂਲਤਾਂ ਘੱਟ ਰਹਿ ਜਾਂਦੀਆਂ ਹਨ। ਦੂਰੋਂ-ਦੂਰੋਂ ਆਏ ਲੋਕਾਂ ਦਾ ਅੱਧੀ ਰਾਤ ਨੂੰ ਕਾਰਡ ਬਣਾਉਣ ਲਈ ਕਤਾਰਾਂ 'ਚ ਲੱਗਣਾ,ਕਈ-ਕਈ ਘੰਟੇ ਵਾਰ-ਵਾਰ ਮਰੀਜ਼ਾਂ ਨੂੰ ਖ਼ੁਦ ਲਾਈਨਾਂ 'ਚ ਲੱਗਣਾ ਕਿਸੇ ਸੱਭਿਅਕ ਸਮਾਜ ਜਾਂ ਅਗਾਂਹਵਧੂ ਦੇਸ਼ ਲਈ ਨਮੋਸ਼ੀ ਵਾਲੀ ਗੱਲ ਹੈ।

ਕਿੱਡੀ ਤਰਾਸਦੀ ਵਾਲੀ ਗੱਲ ਹੈ ਕਿ ਜੰਮੂ-ਕਸ਼ਮੀਰ, ਹਿਮਾਚਲ, ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ,ਉੱਤਰਾਖੰਡ ਆਦਿ ਦੇ ਲੋਕਾਂ ਲਈ ਇੱਕੋ-ਇੱਕ ਆਸ ਦੀ ਕਿਰਨ ਪੀਜੀਆਈ ਹੈ। ਆਖਰ ਕਿਉਂ ਆਜ਼ਾਦੀ ਦੇ 72 ਸਾਲਾਂ ਬਾਅਦ ਵੀ ਕੇਂਦਰ ਸਰਕਾਰ ਜਾਂ ਰਾਜ ਸਰਕਾਰਾਂ ਹਰ ਰਾਜ 'ਚ ਹੀ ਬਿਹਤਰ ਸਿਹਤ ਸੇਵਾਵਾਂ ਨਹੀਂ ਦੇ ਸਕੀਆਂ? ਅੰਕੜਿਆਂ ਮੁਤਾਬਕ ਪੀਜੀਆਈ ਦੇ ਰੋਜ਼ਾਨਾ ਲੱਖ ਮਰੀਜ਼ਾਂ 'ਚੋਂ ਅੱਧੇ ਮਰੀਜ਼ ਪੰਜਾਬੀ ਹੁੰਦੇ ਹਨ ਪਰ ਅਲੱਗ-ਅਲੱਗ ਸਾਈਨ ਬੋਰਡਾਂ 'ਤੇ ਕਿਧਰੇ ਵੀ ਪੰਜਾਬੀ ਭਾਸ਼ਾ ਨਹੀਂ ਹੈ , ਜੋ ਕਿ ਬੜਾ ਨਿੰਦਣਯੋਗ ਵਰਤਾਰਾ ਹੈ। ਜੇ ਸਰਕਾਰਾਂ ਬਿਮਾਰੀਆਂ ਨੂੰ ਰੋਕਣ ਜਾਂ ਵਾਤਾਵਰਨ ਤੰਦਰੁਸਤ ਬਣਾਉਣ ਲਈ ਕੋਈ ਉਪਰਾਲਾ ਨਹੀਂ ਕਰ ਸਕਦੀਆਂ ਤਾਂ ਘੱਟੋ-ਘੱਟ ਬਿਹਤਰ ਸਿਹਤ ਸੇਵਾਵਾਂ ਸਾਰੇ ਨਾਗਰਿਕਾਂ ਦੀ ਦੂਰੀ ਪੱਖੋਂ ਤੇ ਜੇਬ ਪੱਖੋਂ ਜ਼ਰੂਰ ਪਹੁੰਚ 'ਚ ਹੋਣੀਆਂ ਚਾਹੀਦੀਆਂ ਹਨ।

-ਗੋਨਿਆਣਾ ਮੰਡੀ। ਮੋਬਾਈਲ ਨੰ: 95014-30559

Posted By: Jagjit Singh