ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਫਿਰ ਉਸ ਖੇਤ ਦਾ ਤਾਂ ਰੱਬ ਹੀ ਰਾਖਾ ਹੋ ਸਕਦਾ ਹੈ। ਜਦੋਂ ਭ੍ਰਿਸ਼ਟਾਚਾਰ ਵਿਰੁੱਧ ਵੱਡੀਆਂ ਮੁਹਿੰਮਾਂ ਚਲਾਉਣ ਵਾਲੀ ਏਜੰਸੀ ਸੀਬੀਆਈ ਦੇ ਇੰਸਪੈਕਟਰ ਹੀ ਭ੍ਰਿਸ਼ਟ ਹੋਣ ਤਾਂ ਇਸ ਤੋਂ ਵੱਡਾ ਸਮਾਜਿਕ ਦੁਖਾਂਤ ਹੋਰ ਕੀ ਹੋ ਸਕਦਾ ਹੈ। ਅਹੁਦਿਆਂ ਤੇ ਤਾਕਤ ਦੀ ਦੁਰਵਰਤੋਂ ਕੋਈ ਨਵੀਂ ਸਮੱਸਿਆ ਨਹੀਂ ਹੈ ਪਰ ਸੀਬੀਆਈ ਦੇ ਦਿੱਲੀ ’ਚ ਤਾਇਨਾਤ ਚਾਰ ਸਬ-ਇੰਸਪੈਕਟਰਾਂ ਵੱਲੋਂ ਫਿਰੌਤੀਆਂ ਵਸੂਲਣਾ ਆਪਣੇ-ਆਪ ’ਚ ਸ਼ਰਮਨਾਕ ਕਾਰਾ ਹੈ। ਕੇਂਦਰੀ ਜਾਂਚ ਬਿਊਰੋ ਨੇ ਭਾਵੇਂ ਉਨ੍ਹਾਂ ਨੂੰ ਨੌਕਰੀ ਤੋਂ ਬਰਤਰਫ਼ ਕਰ ਦਿੱਤਾ ਹੈ ਪਰ ਸਿਰਫ਼ ਇਸੇ ਕਾਰਵਾਈ ਨਾਲ ਦੇਸ਼ ’ਚੋਂ ਭ੍ਰਿਸ਼ਟਾਚਾਰ ਦਾ ਖ਼ਾਤਮਾ ਹੋਣ ਵਾਲਾ ਨਹੀਂ ਹੈ? ਹਰ ਸਰਕਾਰੀ ਵਿਭਾਗ ’ਚ ਕੋਈ ਨਾ ਕੋਈ ਭ੍ਰਿਸ਼ਟ ਅਨਸਰ ਜ਼ਰੂਰ ਹੁੰਦਾ ਹੈ। ਸਭ ਨੂੰ ਅਜਿਹੇ ਤੱਤਾਂ ਬਾਰੇ ਜਾਣਕਾਰੀ ਵੀ ਹੁੰਦੀ ਹੈ ਪਰ ਕੋਈ ਕਿਸੇ ਬਾਰੇ ਕੁਝ ਨਹੀਂ ਦੱਸਦਾ। ਇਕ ਅਦਿੱਖ ਤੇ ਮੂਕ ਸਮਝੌਤਾ ਸਮੂਹ ਮੁਲਾਜ਼ਮਾਂ ਤੇ ਅਧਿਕਾਰੀਆਂ ’ਚ ਹੀ ਨਹੀਂ, ਸਗੋਂ ਆਮ ਲੋਕਾਂ ’ਚ ਵੀ ਪਾਇਆ ਜਾਂਦਾ ਹੈ। ਸਭ ਦੀ ਹੁਣ ਇਹੋ ਆਦਤ ਬਣ ਚੁੱਕੀ ਹੈ ਕਿ ਜੇ ਆਪਣਾ ਕੋਈ ਵਾਜਿਬ ਸਰਕਾਰੀ ਕੰਮ ਵੀ ਕਰਵਾਉਣਾ ਹੈ ਤਾਂ ਥੋੜ੍ਹੀ-ਬਹੁਤ ਰਿਸ਼ਵਤ ਤਾਂ ਦੇਣੀ ਹੀ ਪਵੇਗੀ। ਅਜਿਹੀ ਸੋਚ ਸਦਕਾ ਹੀ ਹੌਲੀ-ਹੌਲੀ ਭ੍ਰਿਸ਼ਟਾਚਾਰ ਨੇ ਸਮੁੱਚੇ ਸਿਸਟਮ ਨੂੰ ਆਪਣੀ ਜਕੜ ’ਚ ਲੈ ਲਿਆ ਹੈ। ਕੀ ਦੇਸ਼ ਦੇ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਨੇ ਅਜਿਹੇ ਆਜ਼ਾਦ ਭਾਰਤ ਦੀ ਕਲਪਨਾ ਕੀਤੀ ਸੀ? ‘ਟ੍ਰਾਂਸਪੇਰੈਂਸੀ ਇੰਟਰਨੈਸ਼ਨਲ’ ਨੇ 2005 ’ਚ ਇਕ ਵਿਆਪਕ ਸਰਵੇਖਣ ਕੀਤਾ ਸੀ ਜਿਸ ਮੁਤਾਬਕ 62 ਫ਼ੀਸਦੀ ਭਾਰਤੀਆਂ ਨੂੰ ਆਪਣੇ ਜੀਵਨ ’ਚ ਕਦੇ ਨਾ ਕਦੇ ਰਿਸ਼ਵਤ ਜ਼ਰੂਰ ਦੇਣੀ ਪੈਂਦੀ ਹੈ। ਇੰਜ ਹੀ 2021 ’ਚ ਕੌਮਾਂਤਰੀ ਸੂਚਕ ਅੰਕ ਅਨੁਸਾਰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਭਾਰਤ ਦੁਨੀਆ ਦੇ 180 ਦੇਸ਼ਾਂ ’ਚੋਂ 85ਵੇਂ ਸਥਾਨ ’ਤੇ ਰਿਹਾ ਸੀ। ਸਾਲ 2020 ਦੇ ਅੰਕੜਿਆਂ ਅਨੁਸਾਰ ਦੇਸ਼ ’ਚੋਂ ਸਭ ਤੋਂ ਵੱਧ ਭ੍ਰਿਸ਼ਟ ਮਹਾਰਾਸ਼ਟਰ ਸੂਬਾ ਪਾਇਆ ਗਿਆ ਸੀ ਜਿੱਥੇ ਉਸ ਵਰ੍ਹੇ ਭ੍ਰਿਸ਼ਟਾਚਾਰ ਦੇ 664 ਮਾਮਲੇ ਦਰਜ ਹੋਏ ਸਨ। ਅਜਿਹੇ 363 ਮਾਮਲਿਆਂ ਨਾਲ ਰਾਜਸਥਾਨ ਦੂਜੇ ਨੰਬਰ ਤੇ 304 ਮਾਮਲਿਆਂ ਨਾਲ ਤਾਮਿਲਨਾਡੂ ਤੀਜੇ ਸਥਾਨ ’ਤੇ ਰਿਹਾ ਸੀ। ਪੰਜਾਬ ’ਚ ਉਸ ਸਾਲ ਅਜਿਹੇ 143 ਕੇਸ ਦਰਜ ਹੋਏ ਸਨ। ਅੰਡੇਮਾਨ ਤੇ ਨਿਕੋਬਾਰ ਟਾਪੂਆਂ ਤੇ ਪੁੱਡੂਚੇਰੀ ’ਚ ਸਭ ਤੋਂ ਘੱਟ ਦੋ-ਦੋ ਮਾਮਲੇ ਉਸ ਵਰ੍ਹੇ ਦਾਇਰ ਹੋਏ ਸਨ। ਬਰਖ਼ਾਸਤ ਕੀਤੇ ਗਏ ਸੀਬੀਆਈ ਦੇ ਚਾਰ ਸਬ-ਇੰਸਪੈਕਟਰਾਂ ਉੱਤੇ ਚੰਡੀਗੜ੍ਹ ਦੇ ਇਕ ਕਾਰੋਬਾਰੀ ਨੂੰ ਧਮਕਾ ਕੇ ਉਸ ਤੋਂ 25 ਲੱਖ ਰੁਪਏ ਮੰਗਣ ਦੇ ਦੋਸ਼ ਸਨ। ਇਸ ਘਟਨਾ ਤੋਂ ਅਜਿਹੇ ਸੰਕੇਤ ਤਾਂ ਯਕੀਨੀ ਤੌਰ ’ਤੇ ਮਿਲਦੇ ਹਨ ਕਿ ਕਿਤੇ ਨਾ ਕਿਤੇ ਸਿਸਟਮ ਵਿਚ ਕੋਈ ਨਾ ਕੋਈ ਗੜਬੜੀ ਜ਼ਰੂਰ ਹੈ। ਚੋਖੀਆਂ ਸਰਕਾਰੀ ਤਨਖ਼ਾਹਾਂ ਵਾਲੇ ਅਧਿਕਾਰੀਆਂ ਦੇ ਮਨ ’ਚ ਰਿਸ਼ਵਤ ਲੈਣ ਦਾ ਵਿਚਾਰ ਵੀ ਕਦੇ ਮਨ ’ਚ ਨਹੀਂ ਆਉਣਾ ਚਾਹੀਦਾ। ਜੇ ਕਦੇ ਮਨ ’ਚ ਆਉਂਦਾ ਹੈ ਤਾਂ ਸਾਡੇ ਸਮਾਜ ’ਚ ਕਿਤੇ ਨਾ ਕਿਤੇ ਨੈਤਿਕਤਾ ਦਾ ਪਤਨ ਹੋ ਰਿਹਾ ਹੈ ਜਾਂ ਸਾਡੇ ਅਧਿਆਪਕ ਆਪਣੇ ਵਿਦਿਆਰਥੀਆਂ ਅੰਦਰ ਸ਼ਿੱਦਤ ਨਾਲ ਦੇਸ਼-ਭਗਤੀ ਤੇ ਇਮਾਨਦਾਰੀ ਦੀ ਭਾਵਨਾ ਨੂੰ ਕੁੱਟ-ਕੁੱਟ ਕੇ ਭਰ ਨਹੀਂ ਰਹੇ। ਕੀ ਹੁਣ ਵਿਦਿਆਰਥੀਆਂ ਨੂੰ ਸਿਰਫ਼ ਇਮਤਿਹਾਨਾਂ ’ਚੋਂ ਪਾਸ ਹੋਣ ਲਈ ਹੀ ਤਿਆਰ ਕੀਤਾ ਜਾ ਰਿਹਾ ਹੈ? ਜਿਹੜਾ ਨਾਗਰਿਕ ਆਪਣੇ ਦੇਸ਼ ਨੂੰ ਸੱਚਾ ਪਿਆਰ ਕਰਦਾ ਹੈ, ਉਹ ਕਦੇ ਕੋਈ ਗ਼ਲਤ ਕਾਰਜ ਕਰਨ ਬਾਰੇ ਨਹੀਂ ਸੋਚਦਾ। ਅਜਿਹੇ ’ਚ ਹੁਣ ਭਾਰਤ ਸਰਕਾਰ ਨੂੰ ਸੀਬੀਆਈ ਦਾ ਅਕਸ ਸੁਧਾਰਨ ਦੀ ਚਿੰਤਾ ਜ਼ਰੂਰ ਹੋਣੀ ਚਾਹੀਦੀ ਹੈ। ਦੇਸ਼ ਦੇ ਕੇਂਦਰੀ ਸੰਗਠਨਾਂ ਦਾ ਅਕਸ ਸਾਫ਼-ਸੁਥਰਾ ਹੋਣਾ ਬਹੁਤ ਜ਼ਰੂਰੀ ਹੈ।

Posted By: Shubham Kumar