ਭਾਰਤ ਤੇ ਚੀਨ ਦੇ ਸਰਹੱਦੀ ਵਿਵਾਦ ਨੂੰ ਲੈ ਕੇ ਤਮਾਮ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ। ਚੀਨ ਨਾਲ ਭਾਰਤ ਦੇ ਸਬੰਧ ਕਦੇ ਵੀ ਬਹੁਤ ਚੰਗੇ ਨਹੀਂ ਰਹੇ। ਕਦੇ ਸ਼ਾਂਤੀ ਜਿਹੀ ਹੁੰਦੀ ਹੈ ਅਤੇ ਕਦੇ ਅਸ਼ਾਂਤੀ ਛਾ ਜਾਂਦੀ ਹੈ। ਸੰਨ 1962, 1967 ਜੰਗ ਦੇ ਅਤੇ 1996 ਅਤੇ 2017 ਤਕਰਾਰ ਅਤੇ ਤਣਾਅ ਵਾਲੇ ਵਰ੍ਹੇ ਹਨ। ਸੰਨ 2020 ਕੀ ਹੈ, ਇਹ ਅਜੇ ਨਿਸ਼ਚਿਤ ਨਹੀਂ ਪਰ ਭਾਰਤ ਨਾਲ ਧੋਖਾ ਤਾਂ ਹੋਇਆ ਹੈ।

ਚੀਨ ਨਾਲ ਜੰਗ ਅਤੇ ਤਣਾਅ ਦੇ ਪੁਰਾਣੇ ਇਤਿਹਾਸ ਨੂੰ ਸੰਸਕ੍ਰਿਤੀ ਦੇ ਸੰਘਰਸ਼ ਦੇ ਰੂਪ ਵਿਚ ਕਿਉਂ ਨਹੀਂ ਦੇਖਿਆ ਗਿਆ, ਇਹ ਹੈਰਾਨਕੁੰਨ ਹੈ। ਸੰਨ 1959 ਤਕ ਭਾਰਤ-ਚੀਨ ਦੀ ਸਰਹੱਦ ਨਹੀਂ ਮਿਲਦੀ ਸੀ। ਤਿੱਬਤ 'ਤੇ ਕਬਜ਼ਾ ਕਰਨ ਤੋਂ ਬਾਅਦ ਚੀਨ ਨੇ ਭਾਰਤ ਵੱਲ ਅੱਖ ਚੁੱਕਣੀ ਸ਼ੁਰੂ ਕਰ ਦਿੱਤੀ। ਤਿੱਬਤ ਦਾ ਚੀਨ ਵਿਚ ਆਤਮਸਾਤ ਹੋ ਜਾਣਾ ਭਾਰਤ ਲਈ ਖ਼ਤਰਨਾਕ ਰਿਹਾ। ਚੰਗੇਜ਼ ਖ਼ਾਨ ਤੋਂ ਲੈ ਕੇ ਜਿਨਪਿੰਗ ਤਕ ਜੋ ਵੀ ਭਾਰਤ ਨਾਲ ਦੁਸ਼ਮਣੀ ਰੱਖਦੇ ਆਏ ਹਨ, ਉਹ ਯੁਹਾਨ ਜਾਤੀ ਦੇ ਹਨ। ਤਿੱਬਤ 'ਤੇ ਕਬਜ਼ਾ ਕਰਨ ਵਾਲੇ ਲੱਦਾਖ ਨੂੰ ਵੀ ਛੋਟਾ ਤਿੱਬਤ ਮੰਨਦੇ ਹਨ। ਉਨ੍ਹਾਂ ਦੀ ਨਜ਼ਰ ਵਿਚ ਅਰੁਣਾਚਲ ਪ੍ਰਦੇਸ਼ ਦੱਖਣੀ ਤਿੱਬਤ ਦਾ ਹਿੱਸਾ ਹੈ।

ਇਸ ਨੂੰ ਸਮਝਣ ਦੀ ਲੋੜ ਹੈ ਕਿ ਲੱਦਾਖ, ਅਰੁਣਾਚਲ ਸਹਿਤ ਸੰਪੂਰਨ ਹਿਮਾਲਿਆ ਦੇ ਭਾਰਤੀ ਖੇਤਰ ਦਾ ਤਿੱਬਤ ਨਾਲ ਇਕ ਡੂੰਘਾ ਸੱਭਿਆਚਾਰਕ, ਧਾਰਮਿਕ ਤੇ ਜਾਤ-ਪਾਤ ਆਧਾਰਤ ਰਿਸ਼ਤਾ ਹੈ। ਭਾਰਤ ਦੀ ਸੱਭਿਆਚਾਰਕ ਰਾਸ਼ਟਰੀਅਤਾ ਵੰਨ-ਸੁਵੰਨਤਾ ਦੇ ਨਾਲ 'ਇਕ ਦੇਸ਼ , ਇਕ ਜਨ' ਦੀ ਧਾਰਨਾ ਨੂੰ ਸਵੀਕਾਰ ਕਰਨ ਵਾਲੇ ਸਿਆਸੀ ਵਿਚਾਰਾਂ ਨੇ ਭਾਰਤ ਭਾਵ ਨੂੰ ਇਸ ਦੇ ਸੱਭਿਆਚਾਰਕ ਸਾਂਚੇ 'ਚ ਢਲਣ ਨਹੀਂ ਦਿੱਤਾ। ਤਿੱਬਤ ਦੇ ਸਵਾਲ ਨੂੰ ਭਾਰਤ ਨਾਲ ਜੋੜ ਕੇ ਨਾ ਦੇਖਣ ਦਾ ਸੁਭਾਅ ਕੇਵਲ ਸਿਆਸਤ ਦਾ ਨਹੀਂ ਹੈ, ਸਮੁੱਚੇ ਸਮਾਜ ਵਿਗਿਆਨ ਅਤੇ ਮਨੁੱਖਤਾ ਵੀ ਬਰਾਬਰ ਦੇ ਦੋਸ਼ੀ ਹਨ। ਲੋਹੀਆ ਅਤੇ ਦੀਨਦਿਆਲ ਵਰਗੇ ਕੁਝ ਨੇਤਾਵਾਂ ਨੂੰ ਛੱਡ ਕੇ ਤਿੱਬਤ ਕਿਸੇ ਲਈ ਭਾਰਤ ਦੀ ਪ੍ਰਭੂਸੱਤਾ ਅਤੇ ਸਰਹੱਦ ਦੀ ਸੁਰੱਖਿਆ ਦੇ ਵਿਚਾਰ ਨਾਲ ਅਹਿਮ ਨਹੀਂ ਰਿਹਾ। ਸੰਨ 1962 ਦੀ ਹਾਰ ਪਿੱਛੋਂ ਜਦ ਤਿੱਬਤ ਸਹਿਤ ਸੰਪੂਰਨ ਲੱਦਾਖ, ਅਰੁਣਾਚਲ, ਸਿੱਕਿਮ ਅਰਥਾਤ ਭਾਰਤ ਦਾ ਸਮੁੱਚਾ ਹਿਮਾਲਿਅਨ ਭੂ-ਭਾਗ ਚੀਨ ਨਾਲ ਲੜ ਰਿਹਾ ਸੀ ਤਦ ਤਿੱਬਤ ਦੀ ਆਜ਼ਾਦੀ ਵੀ ਅਹਿਮ ਸੀ। ਤਿੱਬਤ ਦਾ ਹੋਣਾ ਭਾਰਤ ਦੀ ਸੁਰੱਖਿਆ ਦੀ ਗਾਰੰਟੀ ਹੈ ਅਤੇ ਭਾਰਤ ਦੀ ਸੱਭਿਆਚਾਰਕ ਖ਼ੁਸ਼ਹਾਲੀ ਲਈ ਜ਼ਰੂਰੀ ਹੈ। ਤਿੱਬਤ ਕੋਈ ਛੋਟਾ ਭੂ-ਭਾਗ ਨਹੀਂ ਹੈ। ਇਹ ਅੱਜ ਦੇ ਚੀਨ ਦਾ ਇਕ ਤਿਹਾਈ ਹੈ। ਇਹ 1959 ਤਕ ਆਜ਼ਾਦ ਦੇਸ਼ ਰਿਹਾ। ਇਹ ਭਾਰਤ ਦੀ ਪ੍ਰਾਚੀਨ ਧਰਮ ਪ੍ਰੰਪਰਾ ਦਾ ਹਿੱਸਾ ਹੈ। ਇੱਥੇ ਕੈਲਾਸ਼ ਤੇ ਮਾਨਸਰੋਵਰ ਹਨ। ਆਖ਼ਰ ਇਹ ਯਾਦ ਤੇ ਸਾਹਿਤ ਤੋਂ ਗ਼ੈਰ-ਹਾਜ਼ਰ ਕਿੱਦਾਂ ਹੋ ਸਕਦਾ ਹੈ? ਭਾਰਤ ਤੇ ਚੀਨ ਵਰਗੇ ਦੋ ਵੱਡੇ ਅਤੇ ਫ਼ੌਜ ਪੱਖੋਂ ਤਾਕਤਵਰ ਮੁਲਕਾਂ ਵਿਚਾਲੇ ਨਿਰਪੱਖ ਦੇਸ਼ ਦੇ ਰੂਪ ਵਿਚ ਤਿੱਬਤ ਦਾ ਹੋਣਾ ਵਿਸ਼ਵ ਸ਼ਾਂਤੀ ਦੀ ਵੀ ਗਾਰੰਟੀ ਹੈ। ਸੋ, ਤਿੱਬਤ ਦਾ ਸੰਘਰਸ਼ ਤਾਂ ਭਾਰਤ ਨੂੰ ਹੀ ਲੜਨਾ ਪਵੇਗਾ।-ਪ੍ਰੋ. ਰਜਨੀਸ਼ ਕੁਮਾਰ ਸ਼ੁਕਲ।

Posted By: Sunil Thapa