ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਕ ਵਾਰ ਫਿਰ ਪਰਮਾਣੂ ਜੰਗ ਦੀ ਧਮਕੀ ਦਿੱਤੀ ਹੈ। ਫ਼ੌਜ ਤੇ ਆਈਐੱਸਆਈ ਦੀ ਬੋਲੀ ਬੋਲਣ ਵਾਲੇ ਇਮਰਾਨ ਨੇ ਜਨਤਕ ਤੌਰ 'ਤੇ ਇਹ ਮੰਨ ਲਿਆ ਹੈ ਕਿ ਪਾਕਿਸਤਾਨ ਰਵਾਇਤੀ ਜੰਗ ਵਿਚ ਭਾਰਤ ਅੱਗੇ ਨਹੀਂ ਟਿਕ ਸਕਦਾ।

ਪਾਕਿ ਦੇ ਪਹਿਲਾਂ ਰਹਿ ਚੁੱਕੇ ਪ੍ਰਧਾਨ ਮੰਤਰੀਆਂ ਵਾਂਗ ਇਮਰਾਨ ਵੀ ਫ਼ੌਜ ਦੀ ਕਠਪੁਤਲੀ ਹੀ ਹਨ। ਪਾਕਿ ਦੀ ਇਹ ਤ੍ਰਾਸਦੀ ਹੈ ਕਿ ਉੱਥੇ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬੈਠਦਾ ਹੀ ਉਹ ਹੈ ਜਿਹੜਾ ਫ਼ੌਜ ਦੀ ਬੋਲੀ ਬੋਲਦਾ ਹੈ। ਕ੍ਰਿਕਟ ਦੇ ਮੈਦਾਨ 'ਚ ਤਾਂ ਇਮਰਾਨ ਵਧੀਆ ਖਿਡਾਰੀ ਰਹੇ ਹਨ ਪਰ ਸਿਆਸਤ ਦੇ ਮੈਦਾਨ 'ਚ ਉਹ ਹਾਲੇ ਅਨਾੜੀ ਹੀ ਹਨ। ਭੰਬਲਭੂਸੇ 'ਚ ਫਸੇ ਇਮਰਾਨ ਖ਼ਾਨ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕੀ ਕੀਤਾ ਜਾਵੇ ਅਤੇ ਕੀ ਨਾ ਕੀਤਾ ਜਾਵੇ। ਦੋਵਾਂ ਪਾਸਿਆਂ ਤੋਂ ਫਸੇ ਇਮਰਾਨ ਤੋਂ ਪਾਕਿਸਤਾਨੀ ਅਵਾਮ ਬੇਹੱਦ ਨਾਰਾਜ਼ ਹੈ।

ਲੋਕਾਂ ਨੇ ਉਨ੍ਹਾਂ ਨੂੰ ਦੂਜਾ ਜਨਰਲ ਨਿਆਜ਼ੀ ਕਹਿਣਾ ਸ਼ੁਰੂ ਕਰ ਦਿੱਤਾ ਹੈ। ਨਿਆਜ਼ੀ ਪਾਕਿਸਤਾਨ ਦਾ ਉਹ ਜਨਰਲ ਸੀ ਜਿਸ ਨੇ 1971 ਦੀ ਭਾਰਤ-ਪਾਕਿ ਜੰਗ ਵਿਚ ਪੂਰਬੀ ਪਾਕਿਸਤਾਨ 'ਚ 90 ਹਜ਼ਾਰ ਫ਼ੌਜੀਆਂ ਸਮੇਤ ਭਾਰਤੀ ਫ਼ੌਜ ਅੱਗੇ ਆਤਮ-ਸਮਰਪਣ ਕੀਤਾ ਸੀ। ਪਾਕਿਸਤਾਨ ਦੇ ਇਤਿਹਾਸ ਵਿਚ ਨਿਆਜ਼ੀ ਨੂੰ ਹਿਕਾਰਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਭਾਰਤ ਵਿਚ ਧਾਰਾ 370 ਹਟਣ ਤੋਂ ਬਾਅਦ ਇਮਰਾਨ ਖ਼ਾਨ ਬੌਖਲਾਏ ਹੋਏ ਹਨ। ਬੇਨਜ਼ੀਰ ਭੁੱਟੋ, ਨਵਾਜ਼ ਸ਼ਰੀਫ, ਜਨਰਲ ਪ੍ਰਵੇਜ਼ ਮੁਸ਼ਰਫ਼ ਅਤੇ ਹੁਣ ਇਮਰਾਨ ਖ਼ਾਨ ਦੀ ਸਿਆਸਤ ਵੀ ਕਸ਼ਮੀਰ ਦੇ ਨਾਂ 'ਤੇ ਹੀ ਚੱਲ ਰਹੀ ਹੈ। ਇਨ੍ਹਾਂ ਪਾਕਿਸਤਾਨੀ ਆਗੂਆਂ ਨੇ ਹਮੇਸ਼ਾ ਕਸ਼ਮੀਰ ਬਾਰੇ ਘਟੀਆ ਸਿਆਸਤ ਕੀਤੀ ਹੈ। ਹੁਣ ਭਾਰਤ ਆਪਣੇ ਅਟੁੱਟ ਅੰਗ ਕਸ਼ਮੀਰ ਦੇ ਮਸਲੇ ਨੂੰ ਸੁਲਝਾਉਣ ਵੱਲ ਤੇਜ਼ੀ ਨਾਲ ਅਗਾਂਹ ਵੱਧ ਰਿਹਾ ਹੈ।

ਕਸ਼ਮੀਰ 'ਚ ਜਨਜੀਵਨ ਪਟੜੀ 'ਤੇ ਆ ਰਿਹਾ ਹੈ। ਹੁਣ ਤਾਂ ਮਕਬੂਜ਼ਾ ਕਸ਼ਮੀਰ ਲੈਣ ਦੀਆਂ ਆਵਾਜ਼ਾਂ ਵੀ ਉੱਠ ਰਹੀਆਂ ਹਨ। ਪ੍ਰਧਾਨ ਮੰਤਰੀ ਮੋਦੀ ਦੇ ਮੰਤਰੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਭਾਰਤ ਮਕਬੂਜ਼ਾ ਕਸ਼ਮੀਰ ਵੀ ਲੈ ਕੇ ਰਹੇਗਾ। ਇਮਰਾਨ ਨੂੰ ਤਾਂ ਇਸ ਗੱਲ ਦਾ ਸ਼ੁਰੂ ਤੋਂ ਹੀ ਇਲਮ ਹੈ ਕਿ ਜੰਗ ਦੇ ਮਾਮਲੇ 'ਚ ਪਾਕਿਸਤਾਨ ਭਾਰਤ ਦੇ ਮੁਕਾਬਲੇ ਕਿਤੇ ਵੀ ਨਹੀਂ ਠਹਿਰਦਾ। ਹੁਣ ਪਾਕਿ ਫ਼ੌਜ ਨੂੰ ਵੀ ਮੱਤ ਆ ਗਈ ਹੈ ਕਿ ਉਹ ਭਾਰਤ ਦਾ ਮੁਕਾਬਲਾ ਨਹੀਂ ਕਰ ਸਕਦੀ।

ਸਭ ਨੂੰ ਪਤਾ ਹੈ ਕਿ ਜ਼ੁਬਾਨ ਇਮਰਾਨ ਦੀ ਹੁੰਦੀ ਹੈ ਪਰ ਬੋਲ ਫ਼ੌਜ ਹੀ ਤੈਅ ਕਰਦੀ ਹੈ। ਕੁੱਲ ਮਿਲਾ ਕੇ ਇਮਰਾਨ ਕੋਲ ਪਰਮਾਣੂ ਬੰਬ ਦੀ ਹੀ ਧਮਕੀ ਹੈ ਜਿਹੜੀ ਉਹ ਦਿੰਦੇ ਰਹਿੰਦੇ ਹਨ ਪਰ ਪੂਰੀ ਦੁਨੀਆ ਜਾਣਦੀ ਹੈ ਕਿ ਇਹ ਸਿਰਫ਼ ਗਿੱਦੜ ਭਬਕੀਆਂ ਹੀ ਹਨ। ਇਸ ਸਭ ਨਾਲ ਪਾਕਿਸਤਾਨ ਕੌਮਾਂਤਰੀ ਮੰਚਾਂ 'ਤੇ ਆਪਣੀ ਹੀ ਫਜ਼ੀਹਤ ਕਰਵਾ ਰਿਹਾ ਹੈ। ਸਾਰਿਆਂ ਨੂੰ ਮਕਬੂਜ਼ਾ ਕਸ਼ਮੀਰ ਦੇ ਹਾਲਾਤ ਪਤਾ ਹਨ। ਪਾਕਿਸਤਾਨ ਨੇ ਮਕਬੂਜ਼ਾ ਕਸ਼ਮੀਰ ਨੂੰ ਨਰਕ ਬਣਾਇਆ ਹੋਇਆ ਹੈ।

ਗ਼ੁਰਬਤ ਤੇ ਲਾਚਾਰੀ ਲੋਕਾਂ ਦੀ ਕਿਸਮਤ ਬਣ ਚੁੱਕੀ ਹੈ। ਖ਼ੈਰ! ਇਮਰਾਨ ਖ਼ਾਨ ਚੰਗੀ ਤਰ੍ਹਾਂ ਜਾਣਦੇ ਹਨ ਕਿ ਜੇ ਇਸ ਵਾਰ ਭਾਰਤ ਨਾਲ ਜੰਗ ਹੋਈ ਤਾਂ ਪਾਕਿਸਤਾਨ ਦਾ ਹਾਲ ਪਹਿਲੀਆਂ ਜੰਗਾਂ ਤੋਂ ਵੀ ਮਾੜਾ ਹੋਵੇਗਾ। ਦਰਅਸਲ, ਜਿਸ ਅੱਤਵਾਦ ਦੀ ਪਾਕਿਸਤਾਨ ਨੇ ਪੁਸ਼ਤ-ਪਨਾਹੀ ਕੀਤੀ ਹੈ, ਹੁਣ ਉਹੀ ਜਿਹਾਦ ਦੇ ਨਾਂ 'ਤੇ ਉਸ ਲਈ ਮੁਸੀਬਤਾਂ ਖੜ੍ਹੀਆਂ ਕਰ ਰਿਹਾ ਹੈ। ਸੱਚ ਤਾਂ ਇਹ ਹੈ ਕਿ ਜੇ ਗੁਆਂਢੀ ਮੁਲਕ 'ਚ ਸ਼ਾਂਤੀ ਰਹੇਗੀ ਤਾਂ ਹੀ ਦੋਵੇਂ ਦੇਸ਼ ਤਰੱਕੀ ਕਰਨਗੇ। ਪਾਕਿਸਤਾਨ ਨੂੰ ਹੁਣ ਅੱਤਵਾਦ ਦਾ ਖਹਿੜਾ ਛੱਡ ਦੇਣਾ ਚਾਹੀਦਾ ਹੈ ਤਾਂ ਕਿ ਦੋਵੇਂ ਮੁਲਕਾਂ ਨੂੰ ਦਰਪੇਸ਼ ਸਮੱਸਿਆਵਾਂ ਖ਼ਿਲਾਫ਼ ਜੰਗ ਲੜੀ ਜਾ ਸਕੇ।

Posted By: Jagjit Singh