ਕਸ਼ਮੀਰ ਵਿਚ ਬਚੇ-ਖੁਚੇ ਘੱਟ-ਗਿਣਤੀ ਭਾਈਚਾਰਿਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਏ ਜਾਣ ਦੀਆਂ ਹਾਲੀਆ ਘਟਨਾਵਾਂ ਤੋਂ ਬਾਅਦ ਅੱਤਵਾਦੀਆਂ, ਉਨ੍ਹਾਂ ਦੇ ਹਮਾਇਤੀਆਂ ਅਤੇ ਹੋਰ ਸ਼ੱਕੀ ਅਨਸਰਾਂ ਦੀ ਫੜੋ-ਫੜੀ ਜ਼ਰੂਰੀ ਹੈ ਪਰ ਇਸ ਦੇ ਨਾਲ ਹੀ ਇਹ ਵੀ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਉਸ ਤਰ੍ਹਾਂ ਦੀਆਂ ਘਟਨਾਵਾਂ ਫਿਰ ਨਾ ਹੋ ਸਕਣ ਜਿਹੋ ਜਿਹੀਆਂ ਬੀਤੇ ਕੁਝ ਦਿਨਾਂ ਵਿਚ ਸ੍ਰੀਨਗਰ ਵਿਚ ਹੋਈਆਂ ਹਨ।

ਇਹ ਇਸ ਲਈ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਕਸ਼ਮੀਰ ਵਿਚ ਰਹਿ ਰਹੇ ਹਿੰਦੂਆਂ ਅਤੇ ਸਿੱਖਾਂ ਦੇ ਨਵੇਂ ਸਿਰੇ ਤੋਂ ਪਲਾਇਨ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਇਸ ਖ਼ਤਰੇ ਦਾ ਸਾਹਮਣਾ ਹਰ ਹਾਲਤ ਵਿਚ ਕੀਤਾ ਜਾਣਾ ਚਾਹੀਦਾ ਹੈ। ਇਹ ਸ਼ੁਭ ਸੰਕੇਤ ਨਹੀਂ ਕਿ ਹੋਰ ਸੂਬਿਆਂ ਦੇ ਕਾਮੇ ਕਸ਼ਮੀਰ ਛੱਡਣ ਲਈ ਮਜਬੂਰ ਦਿਸ ਰਹੇ ਹਨ। ਇਨ੍ਹਾਂ ਕਾਮਿਆਂ ਦੇ ਨਾਲ-ਨਾਲ ਉੱਥੇ ਰਹਿ ਰਹੇ ਹਿੰਦੂਆਂ ਤੇ ਸਿੱਖਾਂ ਨੂੰ ਸਿਰਫ਼ ਢੁੱਕਵੀਂ ਸੁਰੱਖਿਆ ਦੇਣ ਦੀ ਹੀ ਜ਼ਰੂਰਤ ਨਹੀਂ ਬਲਕਿ ਇਕ ਅਜਿਹਾ ਮਾਹੌਲ ਬਣਾਉਣ ਦੀ ਵੀ ਲੋੜ ਹੈ ਜਿਸ ’ਚ ਉਹ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰਨ।

ਅਜਿਹਾ ਮਾਹੌਲ ਬਣਾਉਣ ਵਿਚ ਸਫਲਤਾ ਉਦੋਂ ਮਿਲੇਗੀ ਜਦ ਅੱਤਵਾਦੀਆਂ ਨੂੰ ਕੁਚਲਣ ਦੀ ਮੁਹਿੰਮ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਆਮ ਕਸ਼ਮੀਰੀ ਸਮਾਜ ਅਤੇ ਖ਼ਾਸ ਤੌਰ ’ਤੇ ਉੱਥੋਂ ਦਾ ਮੁਸਲਿਮ ਸਮਾਜ ਸਰਗਰਮ ਭੂਮਿਕਾ ਨਿਭਾਵੇਗਾ। ਉਸ ਨੂੰ ਇਹ ਸਰਗਰਮੀ ਇਸ ਲਈ ਦਿਖਾਉਣੀ ਹੋਵੇਗੀ ਕਿਉਂਕਿ ਹਿੰਦੂਆਂ ਅਤੇ ਸਿੱਖਾਂ ਦੇ ਕਤਲਾਂ ਕਾਰਨ ਕਸ਼ਮੀਰੀਅਤ ਕਲੰਕਿਤ ਹੋ ਰਹੀ ਹੈ। ਅਜਿਹੇ ਸਵਾਲ ਉੱਠ ਰਹੇ ਹਨ ਕਿ ਕੀ ਕਸ਼ਮੀਰੀਅਤ ਵਿਚ ਹਿੰਦੂਆਂ ਤੇ ਸਿੱਖਾਂ ਲਈ ਕੋਈ ਜਗ੍ਹਾ ਨਹੀਂ ਹੈ। ਕਸ਼ਮੀਰੀ ਸਮਾਜ ਇਸ ਸਵਾਲ ਤੋਂ ਮੂੰਹ ਨਹੀਂ ਮੋੜ ਸਕਦਾ। ਜੇਕਰ ਕਸ਼ਮੀਰ ਤੋਂ ਕਿਸੇ ਵੀ ਹਿੰਦੂ-ਸਿੱਖ ਦਾ ਪਲਾਇਨ ਹੁੰਦਾ ਹੈ ਤਾਂ ਇਸ ਤੋਂ ਇਹੀ ਸਾਬਿਤ ਹੋਵੇਗਾ ਕਿ ਕਸ਼ਮੀਰੀਅਤ ਇਕ ਭਰਮ ਹੀ ਹੈ।

ਸ੍ਰੀਨਗਰ ਦੇ ਇਕ ਸਰਕਾਰੀ ਸਕੂਲ ਦੀ ਸਿੱਖ ਪਿ੍ਰੰਸੀਪਲ ਤੇ ਇਕ ਹਿੰਦੂ ਅਧਿਆਪਕ ਦੀ ਹੱਤਿਆ ਤੋਂ ਬਾਅਦ ਜਿਸ ਤਰ੍ਹਾਂ ਵੱਡੀ ਗਿਣਤੀ ਵਿਚ ਅੱਤਵਾਦੀਆਂ ਦੇ ਮਦਦਗਾਰ, ਪਾਬੰਦੀਸ਼ੁਦਾ ਸੰਗਠਨਾਂ ਦੇ ਮੈਂਬਰ ਅਤੇ ਪੱਥਰਬਾਜ਼ ਗਿ੍ਰਫ਼ਤਾਰ ਕੀਤੇ ਗਏ ਹਨ, ਉਸ ਤੋਂ ਇਹੀ ਪਤਾ ਲੱਗਦਾ ਹੈ ਕਿ ਵਾਦੀ ਵਿਚ ਅੱਤਵਾਦ ਤੇ ਵੱਖਵਾਦ ਦੀ ਪਿੱਠ ਥਾਪੜਨ ਵਾਲੇ ਅਜੇ ਵੀ ਸਰਗਰਮ ਹਨ। ਇਸ ਦੀ ਵੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਅਜਿਹੇ ਅਨਸਰਾਂ ਨੂੰ ਸ਼ਹਿ ਦੇਣ ਦਾ ਕੰਮ ਕਈ ਨੇਤਾ ਵੀ ਕਰ ਰਹੇ ਹਨ। ਇਨ੍ਹਾਂ ਨੂੰ ਵੀ ਨੱਥ ਪਾਉਣ ਦੀ ਲੋੜ ਹੈ।

ਇਸ ਤੋਂ ਇਲਾਵਾ ਪਾਕਿ ਤੋਂ ਹੋਣ ਵਾਲੀ ਅੱਤਵਾਦੀਆਂ ਦੀ ਘੁਸਪੈਠ ਨੂੰ ਵੀ ਰੋਕਣਾ ਪਵੇਗਾ। ਇਹ ਸਭ ਕਰਨ ਨਾਲ ਹੀ ਅੱਤਵਾਦ ਦੀ ਕੌੜੀ ਵੇਲ ਦੀ ਜੜ੍ਹ ਪੁੱਟਣ ’ਚ ਮਦਦ ਮਿਲੇਗੀ। ਕਸ਼ਮੀਰ ’ਚ ਘੱਟ-ਗਿਣਤੀ ਭਾਈਚਾਰਿਆਂ ਨੂੰ ਬਾਕੀ ਦੇਸ਼ ਤੋਂ ਵੀ ਇਹ ਸੰਦੇਸ਼ ਜਾਣਾ ਜ਼ਰੂਰੀ ਹੈ ਕਿ ਪੂਰਾ ਭਾਰਤ ਉਨ੍ਹਾਂ ਦੇ ਨਾਲ ਹੈ। ਇਹ ਸੁਨੇਹਾ ਸਹੀ ਤਰੀਕੇ ਨਾਲ ਉਨ੍ਹਾਂ ਤਕ ਪੁੱਜੇ, ਇਸ ਵਾਸਤੇ ਸਾਰੀਆਂ ਸਿਆਸੀ ਪਾਰਟੀਆਂ ਅੱਤਵਾਦ ਵਿਰੁੱਧ ਇਕਜੁੱਟ ਹੋਣ।

Posted By: Jagjit Singh