-ਪਰਮਜੀਤ ਸਿੰਘ ਪਰਵਾਨਾ

ਮੈਂ ਦਿੱਲੀ ਤੋਂ ਅੰਮ੍ਰਿਤਸਰ ਤਕ ਜਾਂਦੀ ਕੌਮੀ ਸ਼ਾਹ-ਰਾਹ ਵਾਲੀ ਵੱਡੀ ਸੜਕ ਬੋਲ ਰਹੀ ਹਾਂ। ਪਹਿਲਾਂ ਮੈਂ ਕਦੇ ਨਹੀਂ ਬੋਲੀ। ਸੈਂਕੜੇ ਮੀਲ ਪੈਦਲ ਚੱਲਣ ਵਾਲੇ ਲਾਚਾਰ ਪਰਵਾਸੀਆਂ ਦੇ ਪੈਰਾਂ ਵਿਚ ਪੈ ਰਹੇ ਛਾਲਿਆਂ ਨੂੰ ਵੇਖ ਕੇ ਵੀ ਮੈਂ ਮੂਕ ਦਰਸ਼ਕ ਬਣੀ ਰਹੀ। ਕਰੜੇ ਜਿਗਰੇ ਨਾਲ ਸਭ ਕੁਝ ਵੇਖਦੀ ਰਹੀ। ਆਪਣੇ ਜਜ਼ਬਾਤ ਨੂੰ ਹਮੇਸ਼ਾ ਆਪਣੇ ਅੰਦਰ ਹੀ ਲੁਕੋਈ ਅਫ਼ਸੋਸ ਕਰਦੀ ਰਹੀ ਪਰ ਹੁਣ ਮੈਥੋਂ ਨਹੀਂ ਰਿਹਾ ਜਾ ਰਿਹਾ। ਮੈਂ ਅੱਕ ਕੇ ਬੋਲਣ ਲੱਗੀ ਹਾਂ। ਮੇਰੇ ਪਿੰਡੇ 'ਤੇ ਜਿੰਨਾ ਖ਼ੂਨ ਡੁੱਲ੍ਹਿਆ ਹੈ, ਓਨਾ ਸ਼ਾਇਦ ਵੱਡੀਆਂ-ਵੱਡੀਆਂ ਜੰਗਾਂ ਵਿਚ ਵੀ ਨਾ ਡੁੱਲ੍ਹਿਆ ਹੋਵੇ। ਆਲਮੀ ਸਿਹਤ ਸੰਗਠਨ ਦੇ ਇਕ ਸਰਵੇਖਣ ਮੁਤਾਬਕ ਹਰ ਸਾਲ ਵਿਸ਼ਵ ਭਰ ਵਿਚ 13.5 ਲੱਖ ਲੋਕ ਸੜਕ ਹਾਦਸਿਆਂ ਵਿਚ ਮਰਦੇ ਨੇ ਜਿਨ੍ਹਾਂ ਵਿਚ 5 ਤੋਂ 29 ਸਾਲ ਉਮਰ ਤਕ ਦੇ ਵਿਅਕਤੀਆਂ ਦੀ ਗਿਣਤੀ ਵੱਧ ਹੁੰਦੀ ਹੈ। ਮੇਰੇ ਦੇਸ਼ ਭਾਰਤ ਵਿਚ ਵੀ ਹਰ ਸਾਲ ਡੇਢ ਲੱਖ ਵਿਅਕਤੀ ਸੜਕਾਂ 'ਤੇ ਦਮ ਤੋੜਦੇ ਹਨ। ਅਨੇਕਾਂ ਪਰਿਵਾਰਾਂ ਦੇ ਵੈਣ ਮੇਰੇ ਕੰਨਾਂ ਵਿਚ ਗੂੰਜਦੇ ਰਹਿੰਦੇ ਹਨ।

ਮੈਂ ਤਾਂ ਵਿਛੜਿਆਂ ਨੂੰ ਮਿਲਾਉਂਦੀ ਰਹੀ ਹਾਂ ਪਰ ਮੇਰੇ ਸਾਹਮਣੇ ਜਦੋਂ ਕੋਈ ਆਪਣਿਆਂ ਨੂੰ ਤੋੜ-ਵਿਛੋੜਾ ਦੇ ਜਾਂਦਾ ਹੈ ਤਾਂ ਮੇਰੀ ਹੂਕ ਅੰਬਰਾਂ ਤਕ ਜਾਂਦੀ ਹੈ। ਮੈਂ ਲਾਚਾਰ ਹਾਂ, ਕਰ ਕੁਝ ਨਹੀਂ ਸਕਦੀ। ਮੇਰੇ ਰਾਹੀਆਂ ਨੂੰ ਬਹੁਤ ਸਮਝਾਇਆ ਜਾਂਦਾ ਹੈ। ਨਸੀਹਤਾਂ ਦਿੱਤੀਆਂ ਜਾਂਦੀਆਂ ਹਨ ਪਰ ਉਨ੍ਹਾਂ ਦੀ ਨਾਸਮਝੀ ਕਾਰਨ ਜਦੋਂ ਕੋਈ ਮੇਰੇ ਪਿੰਡੇ 'ਤੇ ਤੜਫ਼-ਤੜਫ਼ ਕੇ ਇਸ ਦੁਨੀਆ ਨੂੰ ਅਲਵਿਦਾ ਕਹਿੰਦਾ ਹੈ ਤਾਂ ਸੱਚ ਮੰਨਿਓ, ਸਭ ਤੋਂ ਵੱਧ ਦੁੱਖ ਮੈਨੂੰ ਹੁੰਦੈ। ਠੀਕ ਹੈ ਕਿ ਮੇਰੇ ਰਾਹੀ ਵੀ ਬਹੁਤ ਹੱਦ ਤਕ ਕਸੂਰਵਾਰ ਹਨ ਪਰ ਸਮੇਂ ਦੀਆਂ ਸਰਕਾਰਾਂ ਤੇ ਉਹ ਅਧਿਕਾਰੀ ਜਿਨ੍ਹਾਂ ਦੇ 'ਮੂੰਹ ਨੂੰ ਖ਼ੂਨ' ਲੱਗ ਚੁੱਕਾ ਹੈ, ਕੋਈ ਘੱਟ ਕਸੂਰਵਾਰ ਨਹੀਂ। ਮੇਰੇ ਜਿਸਮ 'ਤੇ ਬੜੇ ਵੱਡੇ-ਵੱਡੇ ਜ਼ਖ਼ਮ (ਟੋਏ) ਇਨ੍ਹਾਂ ਸਰਕਾਰਾਂ ਅਤੇ ਅਧਿਕਾਰੀਆਂ ਨੂੰ ਕਈ ਸਾਲਾਂ ਤੋਂ ਵਾਸਤੇ ਪਾ ਰਹੇ ਨੇ, ਲੋਕ ਧਰਨੇ ਲਾ ਕੇ ਅਤੇ ਪੱਤਰਕਾਰ ਖ਼ਬਰਾਂ ਰਾਹੀਂ ਇਨ੍ਹਾਂ ਜ਼ਖ਼ਮਾਂ ਨੂੰ ਠੀਕ ਕਰਨ ਦੇ ਵਾਸਤੇ ਪਾ ਰਹੇ ਨੇ ਪਰ ਸਰਕਾਰਾਂ ਅਤੇ ਅਧਿਕਾਰੀਆਂ ਦੇ ਕੰਨਾਂ 'ਤੇ ਕਦੇ ਜੂੰ ਨਹੀਂ ਸਰਕੀ। ਕੌਣ ਪ੍ਰਵਾਹ ਕਰਦਾ ਹੈ ਸੜਕ 'ਤੇ ਚੱਲਣ ਵਾਲੇ ਆਮ ਲੋਕਾਂ ਦੀ? ਅਧਿਕਾਰੀ, ਮੰਤਰੀਆਂ ਦੇ ਘਰਾਂ ਨੂੰ ਜਾਂਦੀਆਂ ਸੜਕਾਂ ਲਿਸ਼ਕਾਉਣ ਲਈ ਤਰਲੋਮੱਛੀ ਹੁੰਦੇ ਵੇਖੇ ਨੇ ਪਰ ਆਮ ਲੋਕਾਂ ਦੀਆਂ ਸੜਕਾਂ ਦੀ ਸਾਰ ਲੈਣ ਲਈ ਕਿਸੇ ਸਰਕਾਰ ਕੋਲ਼ ਨਾ ਕੋਈ ਵਕਤ ਹੈ ਅਤੇ ਨਾ ਹੀ ਕੋਈ ਪੈਸਾ! ਮੇਰੀਆਂ ਛੋਟੀਆਂ ਭੈਣਾਂ (ਲਿੰਕ ਸੜਕਾਂ) ਦੀ ਹਾਲਤ ਮੇਰੇ ਤੋਂ ਵੇਖੀ ਨਹੀਂ ਜਾਂਦੀ। ਕੀ ਦੱਸਾਂ, ਕੌਮੀ ਸ਼ਾਹ-ਰਾਹ 'ਤੇ ਕਈ ਥਾਈਂ ਮੇਰੀ ਹਾਲਤ ਵੀ ਬਹੁਤ ਤਰਸਯੋਗ ਹੈ। ਛੋਟੇ ਟੋਏ ਤਾਂ ਹੈ ਈ ਨੇ, ਬਾਰਸ਼ਾਂ ਦੇ ਸਮੇਂ ਦੌਰਾਨ ਮੈਨੂੰ ਕਈ ਵਾਰ ਛੱਪੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚਿੱਕੜ ਮੇਰਾ ਬੁਰਾ ਹਾਲ ਕਰ ਦਿੰਦਾ ਹੈ। ਪਾਣੀ 'ਚ ਡੁੱਬੀ ਮੈਂ ਦਮ ਤੋੜ ਜਾਂਦੀ ਹਾਂ। ਗੱਲੀਂ-ਬਾਤੀਂ ਤਾਂ ਦੇਸ਼ ਦੀ ਤੁਲਨਾ ਵਿਕਸਤ ਦੇਸ਼ਾਂ ਨਾਲ ਕੀਤੀ ਜਾਂਦੀ ਹੈ ਪਰ ਕਦੇ ਦੇਸ਼ ਦੀ ਯੋਜਨਾ ਵੀ ਉਨ੍ਹਾਂ ਦੇਸ਼ਾਂ ਦੇ ਹਾਣ ਦੀ ਹੋਵੇਗੀ? ਪਟਿਆਲਾ ਜ਼ਿਲ੍ਹੇ ਵਿਚਲੀ ਮੇਰੀ ਛੋਟੀ ਭੈਣ (ਲਿੰਕ ਸੜਕ) ਬੇਹੱਦ ਦੁਖੀ ਹੋ ਕੇ ਦੱਸ ਰਹੀ ਸੀ ਕਿ ਉਸ ਦੀ ਪਿਛਲੇ ਅੱਠ ਸਾਲਾਂ ਤੋਂ ਕਿਸੇ ਨੇ ਸਾਰ ਨਹੀਂ ਲਈ। ਡੇਢ-ਡੇਢ ਫੁੱਟ ਦੇ ਡੂੰਘੇ ਟੋਏ ਪੈ ਗਏ ਨੇ।ਉੱਸ 'ਤੇ। ਸਕੂਲੀ ਬੱਚੇ ਤਾਂ ਜ਼ਖ਼ਮੀ ਹੁੰਦੇ ਹੀ ਰਹਿੰਦੇ ਹਨ, ਪਿੱਛੇ ਜਿਹੇ ਇਕ ਅਧਖੜ ਉਮਰ ਦੇ ਵਿਅਕਤੀ ਦੀ ਸਾਈਕਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਪਤਾ ਲੱਗਾ ਹੈ ਕਿ 'ਕਮਿਸ਼ਨ' ਜ਼ਿਆਦਾ ਸੀ, ਮੈਟੀਰੀਅਲ ਬਹੁਤ ਘਟੀਆ ਲੱਗਾ। ਲੁੱਕ ਦੀ ਥਾਂ ਬਸ 'ਥੁੱਕ' ਹੀ ਲੱਗਾ।

ਤਾਂ ਹੀ ਤਾਂ ਕੁਝ ਮਹੀਨਿਆਂ 'ਚ ਉਹ ਖੰਡਰ ਬਣ ਗਈ। ਲੋਕਾਂ ਨੇ ਇਸ ਜਾਨਲੇਵਾ ਰਸਤੇ ਦਾ ਖਹਿੜਾ ਛੱਡ ਕੇ ਨੇੜਿਉਂ ਹੋਰ ਸ਼ਾਰਟ ਕੱਟ ਰਾਹ ਬਣਾ ਲਿਆ ਹੈ। ਉਸੇ ਦਿਨ ਤੋਂ ਮੈਂ ਬਹੁਤ ਉਦਾਸ ਹਾਂ। ਇਕੱਲਤਾ ਮਹਿਸੂਸ ਕਰ ਰਹੀ ਹਾਂ। ਆਪਣਿਆਂ ਨਾਲ ਹੀ ਰੌਣਕਾਂ ਹੁੰਦੀਆਂ ਨੇ ਨਾ! ਮੈਂ ਅਕਸਰ ਸੋਚਦੀ ਹਾਂ ਕਿ ਮੇਰਾ ਦੇਸ਼ 'ਵੈੱਲਫੇਅਰ ਸਟੇਟ' ਕਦੋਂ ਬਣੇਗਾ? ਮੇਰੇ ਰਾਹੀ ਹਰ ਵਾਹਨ ਖ਼ਰੀਦਣ 'ਤੇ ਰੋਡ ਟੈਕਸ ਭਰਦੇ ਹਨ। ਇਹ ਟੈਕਸ ਭਰਨ ਤੋਂ ਬਾਅਦ ਕੀ ਵਧੀਆ ਸੜਕਾਂ ਮੁਹੱਈਆ ਕਰਵਾਉਣਾ ਸਰਕਾਰਾਂ ਦਾ ਫ਼ਰਜ਼ ਨਹੀਂ? ਟੋਲ ਟੈਕਸ ਕਿਉਂ ਉਗਰਾਹਿਆ ਜਾਂਦਾ ਹੈ? ਮੈਂ ਪਹਿਲਾਂ ਵੀ ਕਿਹਾ ਹੈ ਕਿ ਮੇਰੇ ਪਿੰਡੇ ਨੂੰ ਲਹੂ-ਲੁਹਾਣ ਕਰਨ 'ਚ ਮੇਰੇ ਰਾਹੀ ਵੀ ਕੋਈ ਘੱਟ ਕਸੂਰਵਾਰ ਨਹੀਂ।ਹਨ। ਮੇਰੀ ਖ਼ਰਾਬ ਹਾਲਤ ਕਾਰਨ ਕਈ ਵਾਰ ਕਿਸੇ ਹਾਦਸੇ ਵੇਲੇ ਉਨ੍ਹਾਂ ਦਾ ਕੋਈ ਦੋਸ਼ ਨਹੀਂ ਹੁੰਦਾ ਪਰ ਬਹੁਤੇ ਕੇਸਾਂ ਵਿਚ ਉਹ ਖ਼ੁਦ ਦੋਸ਼ੀ ਹੁੰਦੇ ਨੇ। ਜਦੋਂ ਮੇਰੇ ਰਾਹੀ ਲਾਲ ਬੱਤੀ ਦੀ ਉਲੰਘਣਾ ਕਰਦੇ ਨੇ, ਸ਼ਰਾਬ ਪੀ ਕੇ ਕੋਈ ਵਾਹਨ ਚਲਾਉਂਦੇ ਨੇ, ਗੱਡੀ ਚਲਾਉਂਦੇ ਹੋਏ ਮੋਬਾਈਲ ਫੋਨ 'ਤੇ ਗੱਲਾਂ ਕਰਦੇ ਨੇ, ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਂਦੇ ਨੇ ਤਾਂ ਉਹ ਘੱਟ ਕਸੂਰਵਾਰ ਨਹੀਂ। ਮੈਂ ਹੈਰਾਨ ਹੁੰਦੀ ਹਾਂ ਕਿ ਲੋਕਾਂ ਨੂੰ ਆਪਣੀ ਜਾਨ ਦੀ ਪਰਵਾਹ ਹੀ ਨਹੀਂ ਰਹੀ। ਗੱਡੀ ਏਨੀ ਤੇਜ਼ ਚਲਾਉਣਗੇ ਕਿ ਜਿਵੇਂ ਕਿਤੇ ਜਾ ਕੇ ਅੱਗ ਬੁਝਾਉਣੀ ਹੋਵੇ। ਰੱਬ ਦਾ ਵਾਸਤਾ ਜੇ ਮੇਰੇ ਪਿਆਰਿਓ! ਤੁਹਾਡੇ ਪਰਿਵਾਰ ਨੂੰ ਤੁਹਾਡੀ ਬਹੁਤ ਲੋੜ ਹੈ। ਜ਼ਿੰਦਗੀ ਭਰ ਤੜਫਾਉਣ ਵਾਲਾ ਸੱਲ ਨਾ ਦੇਣਾ ਆਪਣੇ ਪਰਿਵਾਰ ਨੂੰ। ਜ਼ਿੰਦਗੀ ਨੂੰ ਸੰਜਮ ਅਤੇ ਠਰੰਮੇ ਨਾਲ ਬਿਤਾਉਣ ਦੀ ਜਾਚ ਸਿੱਖੋ। ਅਨੁਸ਼ਾਸਿਤ ਜੀਵਨ ਤੁਹਾਨੂੰ ਕਦੇ ਵੀ ਕਿਸੇ ਸੰਕਟ ਵਿਚ ਨਹੀਂ ਪਾਉਂਦਾ। ਇਹ ਗੱਲ ਯਾਦ ਰੱਖਿਓ ਮੇਰੀ, ਨਿਯਮ ਤੋੜਨਾ ਕਦੇ ਵੀ ਆਪਣੀ ਸ਼ਾਨ ਨਾ ਸਮਝਣਾ। ਸੜਕਾਂ 'ਤੇ ਫੁਕਰਪੁਣਾ ਅਤੇ ਨਿਯਮ ਤੋੜਨੇ ਬਹੁਤ ਮਹਿੰਗੇ ਪੈਂਦੇ ਹਨ। ਕਦੇ ਵੀ ਲਾਪਰਵਾਹ ਨਾ ਬਣਨਾ।

ਮੈਂ ਜਾਣਦੀ ਹਾਂ ਕਿ ਰਾਤ ਸਮੇਂ ਗੱਡੀ ਚਲਾਉਣਾ ਕਾਫ਼ੀ ਔਖਾ ਹੈ ਪਰ ਤੁਹਾਡੀ ਲਾਪਰਵਾਹੀ ਤੁਹਾਡੀ ਅਤੇ ਹੋਰਨਾਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ। ਵਾਹਨਾਂ ਦੇ ਜ਼ਿਆਦਾਤਰ ਚਾਲਕ ਸੜਕੀ ਨਿਯਮਾਂ ਤੋਂ ਅਨਜਾਣ ਹਨ ਜਾਂ ਜਾਣਬੁੱਝ ਕੇ ਉਨ੍ਹਾਂ ਦੀ ਪਾਲਣਾ ਨਹੀਂ ਕਰਦੇ। ਅਜਿਹੇ ਨਾਸਮਝ ਦੂਜਿਆਂ ਦੀ ਜਾਨ ਦਾ ਖੌਅ ਬਣਦੇ ਹਨ। ਰਾਤ ਸਮੇਂ ਲਾਈਟਾਂ ਡਾਊਨ ਕਰ ਕੇ ਵਾਹਨ ਚਲਾਉਣਾ ਚਾਹੀਦਾ ਹੈ ਪਰ ਭਾਰਤ ਦੇ 90 ਫ਼ੀਸਦੀ ਤੋਂ ਵੱਧ ਚਾਲਕ ਅਜਿਹਾ ਨਹੀਂ ਕਰਦੇ। ਲਾਈਟਾਂ ਬਹੁਤ ਤੇਜ਼ ਹੁੰਦੀਆਂ ਹਨ। ਅੱਗੋਂ ਕੁਝ ਵੀ ਨਜ਼ਰ ਨਹੀਂ ਆਉਂਦਾ। ਜਿੰਨਾ ਮਰਜ਼ੀ ਤੁਸੀਂ ਡਿੱਪਰ ਦੀ ਵਰਤੋਂ ਕਰ ਲਵੋ, ਸਾਹਮਣੇ ਵਾਲੇ ਵਾਹਨ ਦਾ ਚਾਲਕ ਮਜਾਲ ਹੈ ਕਿ ਆਪਣਾ ਹੱਥ ਹਿਲਾਵੇ। ਅਜਿਹੇ ਡਰਾਈਵਰ ਹੀ ਤੁਹਾਡੇ ਸੰਕਟ ਦਾ ਕਾਰਨ ਬਣਦੇ ਹਨ। ਮੈਂ ਬੇਹੱਦ ਦਰਦਨਾਕ ਹਾਦਸਿਆਂ ਦੀ ਚਸ਼ਮਦੀਦ ਹਾਂ। ਜਦੋਂ ਜ਼ਰਾ ਜਿੰਨੀ ਅਣਗਹਿਲੀ ਕਾਰਨ ਸੈਂਕੜੇ-ਹਜ਼ਾਰਾਂ ਪਰਿਵਾਰਾਂ ਦੇ ਜੀਅ ਮੌਤ ਦੇ ਮੂੰਹ ਵਿਚ ਜਾ ਪਏ, ਜਦੋਂ ਮੈਂ ਰਾਹੀਆਂ ਤੋਂ ਅਣਗਹਿਲੀ ਦਾ ਕਾਰਨ ਪੁੱਛਦੀ ਹਾਂ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੁੰਦਾ। ਰੱਬ ਦਾ ਵਾਸਤਾ ਹੈ, ਅਨੁਸ਼ਾਸਨ ਧਾਰਨ ਕਰੋ ਅਤੇ ਨਿਯਮਾਂ ਦੀ ਪਾਲਣਾ ਵੀ ਕਰੋ ਤਾਂ ਕਿ ਸੜਕਾਂ 'ਤੇ ਜ਼ਿੰਦਗੀ ਮਹਿਕੇ ਨਾ ਕਿ ਸਹਿਕੇ। ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੀ ਫਰਿਆਦ 'ਤੇ ਜ਼ਰੂਰ ਗ਼ੌਰ ਕਰਨਾ ਅਤੇ ਅਪਨਾਉਣ ਦੀ ਕੋਸ਼ਿਸ਼ ਵੀ ਕਰਨਾ। ਬਹੁਤ-ਬਹੁਤ ਧੰਨਵਾਦੀ ਹੋਵਾਂਗੀ। ਤੁਹਾਡਾ ਸਫ਼ਰ ਹਮੇਸ਼ਾ ਸੁਹਾਵਣਾ ਰਹੇ।ਤੁਹਾਡੀ ਅਤੇ ਤੁਹਾਡੇ ਪਰਿਵਾਰ ਲਈ ਫ਼ਿਕਰਮੰਦ, ਕੌਮੀ ਸ਼ਾਹ-ਰਾਹ ਵਾਲੀ ਵੱਡੀ ਸੜਕ...।

-ਮੋਬਾਈਲ ਨੰ. : 98722-09399

Posted By: Susheel Khanna