-ਬਲਜੀਤ ਪਰਮਾਰ


ਮੇਰਾ ਇਕ ਯਾਰ ਸੀ। ਈਸਾ ਮਸੀਹ ਦਾ ਪੈਰੋਕਾਰ। ਪੀਟਰ ਨਾਮ ਸੀ ਉਸ ਦਾ। ਮੁੰਬਈ ਦੇ ਇਕ ਪ੍ਰਸਿੱਧ ਆਰਟਸ ਕਾਲਜ ਤੋਂ ਓਹਨੇ ਹਰਫ ਚਿਤਰਣ ਦਾ ਕੋਰਸ ਕੀਤਾ ਸੀ। ਬਹੁਤ ਹੀ ਖੁਸ਼ਖਤ ਲਿਖਾਈ ਸੀ ਉਸ ਦੀ। ਮੋਤੀਆਂ ਵਰਗੀ। ਉਸ ਦੇ ਕਈ ਮਨਚਲੇ ਦੋਸਤ ਆਪਣੀਆਂ ਗਰਲ ਫਰੈਂਡਜ਼ ਲਈ ਖ਼ਤ ਉਸ ਤੋਂ ਲਿਖਾਉਂਦੇ ਸਨ। ਉਹ ਹਿੰਦੀ, ਮਰਾਠੀ ਅਤੇ ਅੰਗਰੇਜ਼ੀ ਵਿਚ ਇੱਕੋ ਜਿਹੀ ਖ਼ੂਬਸੂਰਤੀ ਨਾਲ ਲਿਖ ਲੈਂਦਾ ਸੀ।

ਕੋਰਸ ਕਰ ਕੇ ਓਹਨੇ ਫਿਲਮ ਇੰਡਸਟਰੀ ਵਿਚ ਪੋਸਟਰ ਅਤੇ ਨਾਲ ਲੱਗਦੀ ਇਬਾਰਤ ਲਿਖਣ ’ਤੇ ਹੱਥ ਅਜਮਾਇਆ। ਸ਼ੁਰੂ-ਸ਼ੁਰੂ ’ਚ ਥੋੜ੍ਹੀ ਕਾਮਯਾਬੀ ਮਿਲੀ ਪਰ ਹੌਲੀ-ਹੌਲੀ ਕੰਮ ਮੱਠਾ ਪੈ ਗਿਆ। ਕੰਪਿਊਟਰ ਆ ਗਏ। ਨਵੇਂ-ਨਵੇਂ ਸਾਫਟਵੇਅਰ ਆ ਗਏ। ਹੱਥੀਂ ਲਿਖੀਆਂ ਹਰਫ ਕਿਰਤਾਂ ਨੂੰ ਕੌਣ ਪੁੱਛਦਾ। ਪਰ ਪੀਟਰ ਨੇ ਹੌਸਲਾ ਨਾ ਛੱਡਿਆ। ਕਿਸੇ ਦੇ ਸਲਾਹ ਦੇਣ ’ਤੇ ਓਹਨੇ ਪੱਥਰਾਂ ’ਤੇ ਹਰਫ ਉਕਰਨ ਦਾ ਕੰਮ ਸਿੱਖ ਲਿਆ। ਓਹਨੇ ਕਈ ਸਾਰੀਆਂ ਛੋਟੀਆਂ-ਵੱਡੀਆਂ ਛੈਣੀਆਂ ਵਰਗੇ ਔਜ਼ਾਰ ਜਿਹੇ ਖ਼ਰੀਦੇ। ਕਈ ਕਿਸਮ ਦੀਆਂ ਹਥੌੜੀਆਂ ਤੇ ਹੋਰ ਬਹੁਤ ਸਾਰਾ ਨਿੱਕ-ਸੁੱਕ। ਛੋਟੇ-ਮੋਟੇ ਬਿਜਲੀ ਨਾਲ ਚੱਲਣ ਵਾਲੇ ਔਜ਼ਾਰ ਵੀ ਖ਼ਰੀਦ ਲਏ। ਬੜਾ ਮਹੀਨ ਕੰਮ ਸੀ ਪਰ ਪੀਟਰ ਨੇ ਮੁਹਾਰਤ ਹਾਸਲ ਕਰ ਹੀ ਲਈ।

ਆਰਟਸ ਕਾਲਜ ਦਾ ਸਿੱਖਿਆ ਹੋਣ ਕਰਕੇ ਓਹਦੀ ਪੁੱਛ ਕੁਝ ਜ਼ਿਆਦਾ ਹੀ ਸੀ। ਸਰਕਾਰੀ ਇਮਾਰਤਾਂ ਦੇ ਨੀਂਹ ਪੱਥਰ ਰੱਖਣ ਤੋਂ ਲੈ ਕੇ ਮੰਤਰੀਆਂ-ਸੰਤਰੀਆਂ ਦੁਆਰਾ ਉਦਘਾਟਨ ਦੇ ਪੱਥਰ ਸਜਾਉਣ ਦਾ ਕੰਮ ਓਹਨੂੰ ਵਾਹਵਾ ਮਿਲਣ ਲੱਗ ਗਿਆ।

ਵਕਤ ਦੇ ਨਾਲ-ਨਾਲ ਓਹ ਧੰਦੇ ਦੇ ਗੁਰ ਵੀ ਸਿੱਖ ਗਿਆ। ਓਹਨੇ ਅਸਾਮੀਆਂ ਨੂੰ ਕਹਿਣਾ ਕਿ ਪੱਥਰ ਆਪਣਾ ਲਿਆਓ। ਉਹ ਵੀ ਇਕ ਨਹੀਂ ਬਲਕਿ ਦੋ। ਕਿਤੇ ਇਕ ਖ਼ਰਾਬ ਹੋ ਜਾਵੇ ਤਾਂ ਦੂਸਰਾ ਕੰਮ ਆ ਜਾਏ। ਪਰ ਉਹਦਾ ਕੰਮ ਇੰਨਾ ਪੁਖਤਾ ਹੁੰਦਾ ਸੀ ਕਿ ਦੂਜੇ ਪੱਥਰ ਦੀ ਲੋੜ ਘੱਟ ਹੀ ਪੈਂਦੀ ਸੀ। ਇਕ ਤੇ ਕੰਮ ਕਰਕੇ ਦੇ ਦੇਣਾ ਤੇ ਦੂਸਰਾ ਕੰਧ ਨਾਲ ਟਿਕਾ ਕੇ ਰੱਖ ਲੈਣਾ। ਅੱਡ-ਅੱਡ ਸਾਈਜ਼ ਦੇ ਸੈਂਕੜੇ ਪੱਥਰ ਓਹਦੀ ਵਰਕਸ਼ਾਪ ਦੀ ਰੌਣਕ ਬਣਾਈ ਰੱਖਦੇ ਸਨ। ਪੈਸੇ ਉਹ ਠੋਕ ਕੇ ਲੈਂਦਾ ਸੀ। ਓਹਨੂੰ ਪਤਾ ਸੀ ਕਿ ਜਿਹੜਾ ਆਪਣੇ ਨਾਂ ਦਾ ਪੱਥਰ ਘੜਵਾ ਰਿਹਾ ਹੈ ਉਹ ਪੈਸੇ ਵਾਲਾ ਤਾਂ ਹੋਣਾ ਹੀ ਹੈ। ਗਰੀਬ ਕੋਲੇ ਤਾਂ ਹੱਥ ’ਤੇ ਓਮ ਉਕਰਾਉਣ ਦੇ ਪੈਸੇ ਨੀ ਹੁੰਦੇ, ਓਹ ਅਕਸਰ ਕਿਹਾ ਕਰਦਾ।

ਸਮਾਂ ਬੀਤਦਾ ਗਿਆ। ਧੰਦਾ ਚੱਲ ਨਿਕਲਿਆ।

ਆਮਦਨ ਵੱਧ ਗਈ ਅਤੇ ਪੀਟਰ ਦੀ ਖ਼ੁਸ਼ੀ ਵੀ। ਆਪਣਾ ਖ਼ਰਚਾ ਕੱਢ ਕੇ ਬਾਕੀ ਦੇ ਪੈਸੇ ਉਹ ਯਾਰਾਂ-ਦੋਸਤਾਂ ਜਾਂ ਚਰਚ ਦੇ ਬਾਹਰ ਖੜ੍ਹੇ ਲੋੜਵੰਦਾਂ ਦੇ ਲੇਖੇ ਲਾ ਦਿੰਦਾ। ਓਹਦੀ ਇਹੀ ਫਿਤਰਤ ਕਰਕੇ ਲੋਕ ਮਖੌਲ ਨਾਲ ਓਹਨੂੰ ਸੇਂਟ ਪੀਟਰ ਵੀ ਕਹਿਣ ਲੱਗ ਪਏ ਸਨ। ਸੰਤ ਤਾਂ ਉਹ ਹੈ ਹੀ ਸੀ ਅਤੇ ਪੀਟਰ ਨਾਮ ਵੀ ਸੀ। ਕੋਈ ਅਤਿਕਥਨੀ ਵੀ ਨਹੀਂ ਸੀ।

ਹਰ ਗੁਣੀ ਬੰਦੇ ਵਾਂਗ ਉਹ ਥੋੜ੍ਹਾ ਜਿਹਾ ਸ਼ੋਖ ਅਤੇ ਸ਼ਰਾਰਤੀ ਵੀ ਸੀ। ਜਿਹੜਾ ਬੰਦਾ ਓਹਨੂੰ ਪਸੰਦ ਨਹੀਂ ਸੀ ਹੁੰਦਾ ਓਹਨੂੰ ਉਹ ਬੜੇ ਤਰੀਕੇ ਨਾਲ ਰਗੜਾ ਲਾਉਂਦਾ ਸੀ।

ਇਕ ਬਹੁਤ ਅਮੀਰ ਸਨਅਤਕਾਰ ਸੀ ਸੇਠ ਮਨਸੁਖਭਾਈ ਚੋਰੜੀਆ। ਇਕ ਵਾਰ ਓਹਦੀ ਫੈਕਟਰੀ ’ਚ ਅੱਗ ਲੱਗ ਗਈ। ਪੰਜ ਵਰਕਰ ਮਰ ਗਏ। ਓਹਨੇ ਕਿਸੇ ਦੇ ਪਰਿਵਾਰ ਦੀ ਮਦਦ ਨਾ ਕੀਤੀ। ਆਪਣੇ ਨਵੇਂ ਬੰਗਲੇ ਦੀ ਨੇਮ ਪਲੇਟ ਲਈ ਓਹਨੇ ਪੀਟਰ ਨੂੰ ਚੁਣਿਆ। ਬਸ ਜਿਵੇਂ ਪੀਟਰ ਵੀ ਏਸੇ ਦਿਨ ਦੀ ਉਡੀਕ ਵਿਚ ਸੀ। ਸੇਠ ਦੀ ਪਲੇਟ ਘੜਦਿਆਂ ਉਹ ਸ਼ਰਾਰਤ ਕਰ ਹੀ ਗਿਆ। ਪੱਥਰ ਖੁਰਚ ਕੇ ਉਹ ਹਰਫਾਂ ਵਿਚ ਇਕ ਮਸਾਲਾ ਜਿਹਾ ਭਰਦਾ ਹੁੰਦਾ ਸੀ ਜੀਹਦੇ ਉੱਤੇ ਉਹ ਅੱਡ-ਅੱਡ ਰੰਗਾਂ ਨਾਲ ਹਰਫਾਂ ਨੂੰ ਪੂਰਦਾ ਸੀ। ਸੇਠ ਦੇ ਨਾਂ ਦੇ ਆਖ਼ਰੀ ਦੋ ਅੱਖਰਾਂ ਵਿਚ ਓਹਨੇ ਘਟੀਆ ਮਸਾਲਾ ਭਰ ਦਿੱਤਾ। ਬੰਗਲੇ ਤੇ ਪੱਥਰ ਲੱਗ ਗਿਆ। ਦੋ ਕੁ ਬਰਸਾਤਾਂ ਤੋਂ ਬਾਅਦ ਉਨ੍ਹਾਂ ਅੱਖਰਾਂ ਦਾ ਮਸਾਲਾ ਖੁਰ ਗਿਆ ਤੇ ਨਾਂ ਰਹਿ ਗਿਆ ਸੇਠ ਮਨਸੁਖਭਾਈ ਚੋਰ।

ਅਜਿਹੇ ਹੋਰ ਵੀ ਬਥੇਰੇ ਕਿੱਸੇ ਪੀਟਰ ਨਾਲ ਜੁੜੇ ਸਨ। ਪਰ ਉਹ ਖ਼ੁਸ਼ ਵੀ ਸੀ। ਅਚਾਨਕ ਦਿਨ ਬਦਲੇ। ਇਕ ਮਹਾਮਾਰੀ ਫੈਲੀ। ਦਿਨੋ-ਦਿਨ ਮਰਨ ਵਾਲਿਆਂ ਦੀ ਗਿਣਤੀ ਵਧਣ ਲੱਗੀ। ਸਰਕਾਰ ਨੇ ਦੁਕਾਨਾਂ, ਦਫ਼ਤਰ, ਕਾਰਖਾਨੇ ਬੰਦ ਕਰਵਾ ਦਿੱਤੇ ਪਰ ਬਿਮਾਰੀ ਸੀ ਕਿ ਰੁਕਣ ਦਾ ਨਾਂ ਨਹੀਂ ਸੀ ਲੈ ਰਹੀ। ਈਸਾਈ ਅਤੇ ਮੁਸਲਮਾਨ ਆਪਣੇ ਤੁਰ ਗਏ ਰਿਸ਼ਤੇਦਾਰਾਂ ਨੂੰ ਦਫਨਾਉਣ ਲਈ ਕਤਾਰਾਂ ’ਚ ਲੱਗੇ ਦਿਸਦੇ। ਕਬਰਾਂ ’ਤੇ ਲਾਉਣ ਵਾਲੇ ਪੱਥਰਾਂ ਦੀ ਮੰਗ ਵੱਧ ਗਈ ਪਰ ਪੱਥਰ ਲਿਖਣ ਵਾਲਾ ਕਿੱਥੋਂ ਮਿਲੇ! ਦੁਕਾਨਾਂ ਤਾਂ ਸਭ ਬੰਦ ਸਨ।

ਪੀਟਰ ਤੋਂ ਇਹ ਮੰਜ਼ਰ ਦੇਖਿਆ ਨਾ ਗਿਆ। ਕਈ ਮਹੀਨਿਆਂ ਤੋਂ ਬੇਕਾਰ ਬੈਠੇ-ਬੈਠੇ ਓਹਦੀ ਜਮ੍ਹਾ ਪੂੰਜੀ ਵੀ ਜਾਂਦੀ ਲੱਗੀ। ਸਾਂਤਾਕਰੂਜ਼ ਇਲਾਕੇ ਵਿਚ ਪੁਲਿਸ ਸਟੇਸ਼ਨ ਦੇ ਬਿਲਕੁਲ ਸਾਹਮਣੇ ਈਸਾਈ ਅਤੇ ਮੁਸਲਿਮ ਕਬਰਿਸਤਾਨ ਹਨ। ਮੋੜ ’ਤੇ ਇਕ ਪਾਨ-ਬੀੜੀ ਸ਼ਾਪ ਹੈ। ਉਹ ਵੀ ਬੰਦ।

ਪੀਟਰ ਆਪਣੇ ਔਜ਼ਾਰ ਲੈ ਕੇ ਉਸ ਦੁਕਾਨ ਦੇ ਬਾਹਰ ਬੈਠ ਗਿਆ। ਮਾਲਕ ਨਾਲ ਗੱਲ ਕਰ ਕੇ ਬਿਜਲੀ ਦੀ ਇਕ ਤਾਰ ਖਿੱਚ ਲਈ ਅਤੇ ਲੱਗ ਗਿਆ ਮਰਿਆਂ ਦੀਆਂ ਕਬਰਾਂ ’ਤੇ ਲਾਉਣ ਵਾਲੇ ਪੱਥਰ ਘੜਨ। ਆਪਣੀ ਦੁਕਾਨ ’ਚ ਪਏ ਪੱਥਰ ਵੀ ਓਹਨੇ ਨੇੜਲੇ ਫੁੱਟਪਾਥਾਂ ’ਤੇ ਟਿਕਾ ਦਿੱਤੇ।

ਪੂਰਾ ਦਿਨ ਤੇ ਅੱਧੀ ਰਾਤ ਓਹਨੇ ਪੱਥਰਾਂ ’ਚ ਸਿਰ ਦੇ ਕੇ ਇਬਾਰਤਾਂ ਉਕਰਦੇ ਰਹਿਣਾ। ਕੋਈ ਪੈਸੇ ਦੇ ਗਿਆ ਤਾਂ ਠੀਕ। ਕਿਸੇ ਨੇ ਨਾ ਦਿੱਤੇ ਤਾਂ ਵੀ ਠੀਕ।

ਕੰਮ ’ਚ ਇੰਨਾ ਖੁੱਭਿਆ ਰਿਹਾ ਕਿ ਓਹਨੂੰ ਪਤਾ ਹੀ ਨਾ ਲੱਗਿਆ ਕਿ ਉਹ ਆਪ ਕਦੋਂ ਬਿਮਾਰ ਹੋ ਗਿਆ। ਜੀਹਨੂੰ ਉਹ ਥਕਾਵਟ ਸਮਝਦਾ ਰਿਹਾ ਉਹ ਤਾਂ ਜਾਨਲੇਵਾ ਬਿਮਾਰੀ ਦੇ ਮਾਰੂ ਲੱਛਣ ਸਨ। ਇਕ ਰਾਤ ਉਹ ਕਦੋਂ ਮਰ ਗਿਆ, ਕਿਸੇ ਨੂੰ ਪਤਾ ਨਾ ਲੱਗਾ।

ਜਦੋਂ ਪਤਾ ਲੱਗਿਆ ਤਾਂ ਲੋਕਾਂ ਦੀ ਭੀੜ ਹੋਣੀ ਸ਼ੁਰੂ ਹੋ ਗਈ। ਕਰਫਿਊ ਦੇ ਬਾਵਜੂਦ ਹਰ ਧਰਮ ਦੇ ਲੋਕ ਓਹਦੇ ਆਖ਼ਰੀ ਸਫ਼ਰ ’ਚ ਸ਼ਾਮਲ ਹੋਏ। ਜਾਣਾ ਵੀ ਕਿਹੜਾ ਦੂਰ ਸੀ। ਕਬਰਿਸਤਾਨ ਦੇ ਗੇਟ ਦੇ ਬਾਹਰੋਂ ਬਸ ਅੰਦਰ ਤਕ।

ਇਕ ਖੂੰਜੇ ’ਚ ਪੀਟਰ ਦੀ ਕਬਰ ਤਿਆਰ ਕੀਤੀ ਗਈ। ਸੇਜਲ ਅੱਖਾਂ ਨਾਲ ਲੋਕਾਂ ਨੇ ਮੁੱਠੀਆਂ ਭਰ-ਭਰ ਕਬਰ ਪੂਰੀ। ਭਾਵੇਂ ਉਸ ਕਬਰ ’ਤੇ ਕੋਈ ਪੱਥਰ ਨਹੀਂ ਜੜਿਆ ਗਿਆ ਪਰ ਸਭ ਜਾਣਦੇ ਨੇ ਇਹ ਪੀਟਰ ਦੀ ਕਬਰ ਹੈ।

ਮੋਬਾਈਲ ਨੰ. : 98701-31868

Posted By: Sunil Thapa