ਮੇਰਾ ਅੱਠਵੀਂ ਦਾ ਨਤੀਜਾ ਆਉਣ ਤੋਂ ਬਾਅਦ ਪਿਤਾ ਜੀ ਮੇਰੇ ਸਕੂਲ ਪਿੰਡ ਢੁੱਡੀ ਪਹੁੰਚ ਗਏ। ਉਹ ਮੇਰੇ ਇੰਚਾਰਜ ਬਲਵੀਰ ਕੌਰ ਨੂੰ ਕਹਿਣ ਲੱਗੇ ਕਿ ਸੰਤੋਖੇ ਦਾ ਸਰਟੀਫਿਕੇਟ ਕੱਟ ਦਿਉ। ਹੋਰ ਨਹੀਂ ਪੜ੍ਹਾਉਣਾ ਅਸੀਂ ਇਹਨੂੰ। ਭੈਣ ਜੀ ਨੇ ਪਿਤਾ ਜੀ ਨੂੰ ਕਿਹਾ ਇਹ ਤਾਂ ਅੱਠਵੀ 'ਚੋਂ ਫਸਟ ਆਇਆ ਹੈ। ਐਨੇ ਹੁਸ਼ਿਆਰ ਮੁੰਡੇ ਨੂੰ ਤੁਸੀ ਪੜ੍ਹਾਉਂਦੇ ਕਿਉਂ ਨਹੀਂ? ਜਦੋਂ ਮੇਰੇ ਦਾਦੀ ਜੀ ਅਤੇ ਤਾਇਆ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਵੀ ਪਿਤਾ ਜੀ ਨੂੰ ਸਮਝਾਇਆ। ਦਾਦੀ ਜੀ ਅਤੇ ਤਾਇਆ ਜੀ ਦੀ ਹਿੰਮਤ ਅਤੇ ਹੌਸਲੇ ਨਾਲ ਮੈਂ ਦਸਵੀਂ ਕਰ ਲਈ। ਪਾਕਿਸਤਾਨੋਂ ਆਉਣ ਤੋਂ ਬਾਅਦ ਇੱਧਰ ਪਿੰਡ ਭਾਣੇ ਤੋਂ ਇਲਾਵਾ ਦੋ ਹੋਰ ਪਿੰਡਾਂ 'ਚ ਸਾਨੂੰ ਥੋੜ੍ਹੀ-ਥੋੜ੍ਹੀ ਜ਼ਮੀਨ ਅਲਾਟ ਹੋਈ ਸੀ। ਜ਼ਿਆਦਾ ਨਹੀਂ, ਸਿਰਫ਼ ਦੋ-ਤਿੰਨ ਕਿੱਲੇ। ਦਿਨ-ਰਾਤ ਮਿੱਟੀ ਨਾਲ ਮਿੱਟੀ ਹੋ ਕੇ ਵੀ ਪੂਰਾ ਨਹੀਂ ਸੀ ਪੈਂਦਾ।

ਕਦੇ ਰੱਜਵੀਂ ਰੋਟੀ ਨਹੀਂ ਸੀ ਨਸੀਬ ਹੋਈ। ਕਦੇ ਚੱਜ ਦਾ ਕੱਪੜਾ ਨਹੀਂ ਸੀ ਜੁੜਿਆ। ਅਜਿਹੇ 'ਚ ਮੇਰੀ ਪੜ੍ਹਾਈ ਦਾ ਅੱਗੇ ਤੁਰਨਾ ਮੁਸ਼ਕਿਲ ਹੋ ਗਿਆ ਸੀ। ਦਸਵੀਂ ਤੋਂ ਬਾਅਦ ਪੜ੍ਹਨ ਨੂੰ ਬੜਾ ਮਨ ਕਰਦਾ ਸੀ ਪਰ ਘਰ ਦੀ ਮੰਦਹਾਲੀ ਅੱਗੇ ਕੋਈ ਸੋਚ ਧੌਣ ਨਹੀਂ ਸੀ ਚੁੱਕਦੀ। ਸਾਡੇ ਆਪਣੇ ਸਕਿਆਂ 'ਚੋਂ ਬਾਬੇ ਪਿਆਰੇ ਕੇ, ਜਿਨ੍ਹਾਂ ਨੂੰ ਅਸੀਂ ਬਾਹਰਲੇ ਘਰ ਵਾਲੇ ਵੀ ਕਹਿੰਦੇ ਸਾਂ, ਉਹ ਦੁੱਧ ਦੇ ਦਿੰਦੇ ਜਾਂ ਹੋਰ ਨਿੱਕੀ-ਮੋਟੀ ਮਦਦ ਕਰ ਦਿੰਦੇ ਸਨ। ਬੀਬੀ ਜੀ ਇਕ ਦਿਨ ਮਾਂ ਜੀ ਕੋਲ ਗਏ ਅਤੇ ਇਹ ਗੱਲ ਪੱਕੀ ਕਰ ਆਏ ਕਿ ਸੰਤੋਖਾ ਹੁਣ ਦਸਵੀਂ ਕਰ ਕੇ ਵਿਹਲਾ ਈ ਐ। ਤੁਸੀਂ ਅਵਤਾਰ ਅਤੇ ਮਿੰਦਰ ਨੂੰ ਕਹਿਣਾ ਕਿ ਉਹ ਇਹ ਨੂੰ ਵੀ ਹਾੜ੍ਹੀ ਵੱਢਣ ਨਾਲ ਲੈ ਜਾਇਆ ਕਰਨ। ਲੋਕਾਂ ਨੂੰ ਥੋੜ੍ਹਾ ਪਤਾ ਲੱਗਣਾ ਕਿ ਇਹ ਦਿਹਾੜੀਆਂ ਕਰਦਾ ਹੈ। ਉਨ੍ਹਾਂ ਤਾਂ ਇਹੋ ਸਮਝਣਾ ਕਿ ਇਨ੍ਹਾਂ ਦਾ ਆਪਣਾ ਮੁੰਡਾ ਐ ਅਤੇ ਵਿਹਲਾ ਹੋਣ ਕਾਰਨ ਆਪਣੇ ਚਾਚਿਆਂ ਨਾਲ ਕੰਮ ਕਰਾਉਦੈਂ। ਬਾਬੇ ਪਿਆਰੇ ਦੇ ਘਰੇ ਕੰਮ ਦਾ ਇਹ ਸਿਲਸਿਲਾ ਲਗਾਤਾਰ ਚੱਲ ਪਿਆ ਅਤੇ ਮੇਰੇ ਛੋਟੇ ਭੈਣਾਂ-ਭਰਾਵਾਂ ਨੂੰ ਪੇਟ ਭਰ ਰੋਟੀ ਮਿਲਣ ਲੱਗ ਪਈ। ਦਸਵੀਂ ਕਰਨ ਤੋਂ ਦੋ ਕੁ ਸਾਲ ਬਾਅਦ ਦੀ ਗੱਲ ਹੈ। ਸਵੇਰੇ-ਸਵੇਰੇ ਮੈਂ ਪਸ਼ੂਆਂ ਲਈ ਪੱਠੇ ਚੁੱਕੀ ਆ ਰਿਹਾ ਸੀ। ਗਲੀ 'ਚ ਸੁਖਮਿੰਦਰ ਮਿਲ ਗਿਆ। ਕਹਿੰਦਾ, 'ਸੰਤੋਖ! ਯਾਰ ਆਪਾਂ ਇਲੈਕਟ੍ਰੀਸ਼ਨ ਨਾ ਕਰ ਲਈਏ..? ਉਹਦੀ ਗੱਲ ਸੁਣ ਕੇ ਮੈਨੂੰ ਇਕਦਮ ਚਾਅ ਚੜ੍ਹ ਗਿਆ ਅਤੇ ਦੂਜੇ ਪਲ ਹੀ ਮੈਂ ਢਿੱਲਾ ਜਿਹਾ ਹੋ ਕੇ ਕਿਹਾ, 'ਯਾਰ ਮੈਂ ਜਾਇਆ ਕਾਹਦੇ 'ਤੇ ਕਰੂੰ? ਸਾਈਕਲ ਤਾਂ ਹੈ ਨਹੀਂ ਮੇਰੇ ਕੋਲ।' ਉਸ ਨੇ ਹੌਸਲਾ ਦਿੰਦਿਆਂ ਕਿਹਾ ਕਿ ਆਪਾਂ ਇਕੱਠੇ ਜਾਂਦੇ ਰਿਹਾ ਕਰਾਂਗੇ ਮੇਰੇ ਸਾਈਕਲ 'ਤੇ।


ਅਸੀਂ ਅਗਲੇ ਦਿਨ ਹੀ ਇਲੈਕਟ੍ਰੀਸ਼ਨ ਦੀ ਇੰਟਰਵਿਊ ਦੇ ਆਏ ਅਤੇ ਸਿਲੈਕਟ ਵੀ ਹੋ ਗਏ। ਉਨ੍ਹਾਂ ਸਾਨੂੰ ਅਗਲੇ ਦਿਨ ਤੋਂ ਹੀ ਆਉਣ ਲਈ ਕਹਿ ਦਿੱਤਾ ਅਤੇ ਨਾਲ ਹੀ ਦਸ ਰੁਪਏ ਫੀਸ ਜਮ੍ਹਾ ਕਰਾਉਣ ਲਈ ਆਖ ਦਿੱਤਾ। ਘਰ ਆ ਕੇ ਮੈਂ ਪਿਤਾ ਜੀ ਨੂੰ ਪੁੱਛਿਆ ਤਾਂ ਉਨ੍ਹਾਂ ਹੱਥ ਖੜ੍ਹੇ ਕਰ ਦਿੱਤੇ। ਤਾਇਆ ਜੀ ਨੂੰ ਪੁੱਛਿਆ ਤਾਂ ਤਾਈ ਦੀ ਘੂਰ ਕਾਰਨ ਉਨ੍ਹਾਂ ਦੀਆਂ ਅੱਖਾਂ 'ਚ ਬੇਵਸੀ ਵੇਖ ਕੇ ਮੈਂ ਚੁੱਪ ਕਰ ਗਿਆ। ਹੁਣ ਆਖ਼ਰੀ ਆਸ ਸੀ ਦਾਦੀ ਜੀ। ਦਾਦੀ ਜੀ ਨੇ ਮੇਰਾ ਸਿਰ ਪਲੋਸਿਆ ਤੇ ਅਫਸਰ ਲੱਗਣ ਦੀਆਂ ਅਸੀਸਾਂ ਦਿੰਦਿਆਂ ਦਸ ਰੁਪਏ ਦੇ ਦਿੱਤੇ ਅਤੇ ਨਾਲ ਹੀ ਇਕ ਵੱਖਰੀ ਚੁਆਨੀ ਵੀ ਦੇ ਦਿੱਤੀ। ਇਕ ਕਾਪੀ ਤਾਇਆ ਜੀ ਨੇ ਲੈ ਦਿੱਤੀ।ਇਲੈਕਟ੍ਰੀਸ਼ਨ ਕਰਦਿਆਂ ਇਕ ਦਿਨ ਬਾਹਰ ਘਾਹ 'ਤੇ ਬੈਠਿਆਂ ਇਕ ਫ਼ੌਜੀ ਦਿਸਣ ਵਾਲਾ ਆਦਮੀ ਸਾਡੇ ਕੋਲ ਆਇਆ।

ਉਹ ਕਹਿਣ ਲੱਗਾ, 'ਜਵਾਨੋਂ! ਹੋਮਗਾਰਡ 'ਚ ਭਰਤੀ ਹੋਣੈ? ਅਸੀਂ ਪੁੱਛਿਆ, 'ਉੱਥੇ ਕਰਨਾ ਕੀ ਐ ਅਸੀਂ?' ਉਸ ਨੇ ਕਿਹਾ ਕਿ ਹਰ ਮੰਗਲਵਾਰ ਪਰੇਡ ਕਰਨ ਆ ਜਾਇਆ ਕਰੋ। ਇਕ ਪਰੇਡ ਦੇ ਚਾਰ ਰੁਪਏ ਮਿਲਿਆ ਕਰਨਗੇ। ਮੈਂ ਤੇ ਦੋ ਤਿੰਨ ਮੁੰਡੇ ਹੋਰ ਤਿਆਰ ਹੋ ਗਏ। ਹਫ਼ਤੇ ਪਿੱਛੋਂ ਮਿਲੇ ਚਾਰ ਰੁਪਇਆਂ ਨਾਲ ਮੇਰਾ ਖ਼ਰਚਾ ਨਿਕਲਣ ਲੱਗ ਪਿਆ। ਇਕ ਪੁਰਾਣਾ ਜਿਹਾ ਸਾਈਕਲ ਮੱਲਣ ਵਾਲੀ ਭੂਆ ਨੇ ਭੇਜ ਦਿੱਤਾ ਸੀ।

ਇਲੈਕਟ੍ਰੀਸ਼ਨ ਕੋਰਸ ਕਰਨ ਤੋਂ ਬਾਅਦ ਚੱਕ ਸ਼ੇਰੇਵਾਲ (ਮੁਕਤਸਰ) ਵਾਟਰ ਵਰਕਸ 'ਚ ਪੰਪ ਆਪ੍ਰੇਟਰ ਦੀ ਨੌਕਰੀ ਮਿਲ ਗਈ। ਇੱਥੇ ਕੰਮ ਕਰਦਿਆਂ ਹੀ ਪਤਾ ਲੱਗਾ ਕਿ ਬਿਜਲੀ ਬੋਰਡ ਵਿਚ ਲਾਈਨਮੈਨ ਦੀਆਂ ਅਸਾਮੀਆਂ ਨਿਕਲੀਆਂ ਹਨ। ਮੈਂ ਫਾਰਮ ਭਰ ਦਿੱਤੇ ਤੇ ਇੰਟਰਵਿਊ 'ਚ ਸਿਲੈਕਟ ਹੋ ਗਿਆ। ਪਹਿਲੀ ਨਿਯੁਕਤੀ ਰਮਦਾਸ (ਅੰਮ੍ਰਿਤਸਰ) ਦੀ ਸੀ। ਇਕ ਸਾਲ ਪਿੱਛੋਂ ਮੈਂ ਬਦਲੀ ਕਰਵਾ ਕੇ ਫਿਰੋਜ਼ਪੁਰ ਅਤੇ ਫਿਰ ਫਰੀਦਕੋਟ ਪਹੁੰਚ ਗਿਆ। ਥੋੜ੍ਹੇ ਸਾਲਾਂ ਪਿੱਛੋਂ ਮੇਰੀ ਜੂਨੀਅਰ ਇੰਜੀਨੀਅਰ ਦੇ ਤੌਰ 'ਤੇ ਤਰੱਕੀ ਹੋ ਗਈ। ਉਹ ਵੀ ਆਪਣੇ ਇਸ ਸ਼ਹਿਰ ਵਿਚ।ਅੱਜ ਘਰ 'ਚ ਖ਼ੁਸ਼ੀਆਂ ਭਰੀ ਜ਼ਿੰਦਗੀ ਬਸਰ ਕਰਦਿਆਂ ਕਦੇ-ਕਦੇ ਸੋਚਾਂ ਦੇ ਸੁਨਹਿਰੀ ਫਰੇਮ 'ਚ ਜੜਿਆ ਦਾਦੀ ਜੀ ਦਾ ਸਨੇਹਮਈ, ਮਮਤਾ ਭਰਿਆ ਦਇਆਵਾਨ ਚਿਹਰਾ ਆਣ ਪ੍ਰਤੱਖ ਹੁੰਦਾ ਹੈ ਤਾਂ ਜ਼ਿੰਦਗੀ ਦਾ ਹਿੱਸਾ ਬਣੀ ਇਹ ਗੱਲ ਵੀ ਉੱਭਰਦੀ ਹੈ ਕਿ ਉਸ ਵੇਲੇ ਜੇ ਦਾਦੀ ਜੀ ਵੀ ਦਸ ਰੁਪਏ ਨਾ ਦਿੰਦੇ ਤਾਂ ਹੁਣ ਤਕ ਬਾਬੇ ਪਿਆਰੇ ਕਿਆਂ ਦੇ ਖੇਤਾਂ ਵਿਚ ਹੀ ਇਹ ਸੰਤੋਖਾ ਕਿਧਰੇ ਗੁਆਚ ਗਿਆ ਹੋਣਾ ਸੀ।

ਸੰਤੋਖ ਸਿੰਘ ਭਾਣਾ

98152-96475

Posted By: Sarabjeet Kaur