-ਅਮਰਜੀਤ ਸਿੰਘ ਹੇਅਰ

ਮੈਂ ਫਿਲਮਾਂ ਵਿਚ ਦੇਖਿਆ ਜਦ ਕੋਈ ਕੁੜੀ ਆਪਦੇ ਬਾਪੂ ਨੂੰ ਕਹਿੰਦੀ ਹੈ ਕਿ ਉਹ ਕਿਸੇ ਮੁੰਡੇ ਨੂੰ ਪਿਆਰ ਕਰਦੀ ਹੈ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਤਾਂ ਉਸ ਦਾ ਬਾਪ ਮੁੰਡੇ ਦੇ ਬਾਪ ਨੂੰ ਮਿਲਣਾ ਚਾਹੇਗਾ। ਅਜਿਹਾ ਅਕਸਰ ਇਸ ਲਈ ਕਿਉਂਕਿ ਮੁੰਡੇ ਦਾ ਪਰਿਵਾਰ ਕੁੜੀ ਦੇ ਪਰਿਵਾਰ ਦੇ ਬਰਾਬਰ ਦੇ ਸਮਾਜਿਕ ਰੁਤਬੇ ਵਾਲਾ ਨਹੀਂ ਸਮਝਿਆ ਜਾਂਦਾ। ਇਸੇ ਕਰਕੇ ਮੁੰਡਾ ਕੋਈ ਪੜਿ੍ਹਆ-ਲਿਖਿਆ ਵਧੀਆ ਸ਼ਖ਼ਸੀਅਤ ਵਾਲਾ ਨਕਲੀ ਬਾਪੂ ਬਣਾ ਲੈਂਦਾ ਹੈ। ਸਕੂਲ ਵਿਚ ਸਾਡਾ ਇਕ ਜਮਾਤੀ ਸੀ ਜੋ ਪੜ੍ਹਾਈ ਵੱਲ ਬਿਲਕੁਲ ਧਿਆਨ ਨਹੀਂ ਸੀ ਦਿੰਦਾ। ਘਰ ਲਈ ਦਿੱਤਾ ਗਿਆ ਸਕੂਲ ਦਾ ਕੰਮ ਵੀ ਨਹੀਂ ਕਰਦਾ ਸੀ। ਇਕ ਦਿਨ ਮਾਸਟਰ ਜੀ ਨੇ ਕਿਹਾ ਕਿ ਉਹ ਆਪਦੇ ਬਾਪੂ ਨੂੰ ਸਕੂਲ ਲੈ ਕੇ ਆਵੇ। ਮੁੰਡੇ ਨੂੰ ਪਤਾ ਸੀ ਕਿ ਜੇ ਉਸ ਨੇ ਆਪਦੇ ਬਾਪੂ ਨੂੰ ਸੱਚੀ ਗੱਲ ਦੱਸੀ ਤਾਂ ਬਾਪ ਨੇ ਛਤਰੌਲ ਕਰਨੀ ਸੀ।

ਨਾਲੇ ਮਾਸਟਰ ਨੂੰ ਆ ਕੇ ਕਹਿਣਾ ਸੀ ਕਿ ਉਸ ਨੂੰ ਚੰਡਿਆ ਕਰੇ। ਡਰ ਦੇ ਮਾਰੇ ਨੇ ਇਕ ਹੋਰ ਬੰਦੇ ਨੂੰ ਨਕਲੀ ਬਾਪ ਬਣਾ ਕੇ ਮੌਕਾ ਲੰਘਾ ਲਿਆ। ਮੁਹਿੰਦਰ ਮੇਰੇ ਨਾਲ ਬਰਜਿੰਦਰਾ ਕਾਲਜ, ਫਰੀਦਕੋਟ ਵਿਚ ਬੀਟੀ ਵਿਚ ਪੜ੍ਹਦਾ ਸੀ। ਪੜ੍ਹਨ ਨੂੰ ਬਹੁਤ ਹੁਸ਼ਿਆਰ ਅਤੇ ਉੱਚਾ-ਲੰਮਾ, ਸੋਹਣਾ-ਸਨੁੱਖਾ ਸੀ। ਉਹ ਮੇਰਾ ਪੱਕਾ ਆੜੀ ਸੀ। ਸਾਡਾ ਇਕ ਹੋਰ ਜਮਾਤੀ ਪ੍ਰਦੁਮਨ ਸੀ। ਉਸ ਦੀ ਭੂਆ ਆਪਦੀ ਕੁੜੀ ਨੂੰ ਨਾਲ ਲੈ ਕੇ ਕੀਨੀਆ ਤੋਂ ਪ੍ਰਦੁਮਨ ਨੂੰ ਮਿਲਣ ਲਈ ਫਰੀਦਕੋਟ ਆਈ। ਉਸ ਦਾ ਮੰਤਵ ਆਪਦੀ ਧੀ ਲਈ ਕੋਈ ਵਰ ਲੱਭਣ ਦਾ ਸੀ। ਪ੍ਰਦੁਮਨ ਨੇ ਉਨ੍ਹਾਂ ਨੂੰ ਮੁਹਿੰਦਰ ਦਿਖਾ ਦਿੱਤਾ। ਉਸ ਦੀ ਧੀ ਪ੍ਰੀਤੀ ਨੂੰ ਮੁਹਿੰਦਰ ਪਹਿਲੀ ਤੱਕਣੀ ’ਤੇ ਹੀ ਪਸੰਦ ਆ ਗਿਆ। ਉਨ੍ਹਾਂ ਦਾ ਵਿਆਹ ਵੀ ਇਕ ਹਫ਼ਤੇ ਅੰਦਰ ਹੀ ਹੋ ਗਿਆ ਕਿਉਂਕਿ ਕੁੜੀ ਅਤੇ ਉਸ ਦੀ ਮਾਂ ਨੇ ਛੇਤੀ ਮੁੜ ਕੇ ਕੀਨੀਆ ਜਾਣਾ ਸੀ।

ਬੀਟੀ ਕਰ ਕੇ ਸਾਲ ਦੇ ਅੰਦਰ ਹੀ ਮੁਹਿੰਦਰ ਵੀ ਕੀਨੀਆ ਚਲਿਆ ਗਿਆ। ਮੇਰਾ ਉਸ ਨਾਲ ਚਿੱਠੀ ਪੱਤਰ ਚੱਲਦਾ ਰਿਹਾ। ਕੁਝ ਸਾਲਾਂ ਪਿੱਛੋਂ ਜਦ ਕੀਨੀਆ ਵਿਚ ਭਾਰਤੀਆਂ ਲਈ ਮੁਸ਼ਕਲ ਆਉਣ ਲੱਗੀ ਤਾਂ ਉਹ ਇੰਗਲੈਂਡ ਚਲੇ ਗਏ। ਮੁਹਿੰਦਰ ਦਾ ਪੁੱਤ ਹਰਬਿੰਦਰ ਵੀ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਮਾਪਿਆਂ ਵਾਂਗ ਸੁਨੱਖਾ ਸੀ ਅਤੇ ਪਿਉ ਵਾਂਗੂ ਛੇ ਫੁੱਟ ਤੋਂ ਵੱਧ ਲੰਬਾ ਸੀ। ਉਸ ਦੇ ਮਾਪੇ ਤਾਂ ਅੱਗੇ ਕੈਨੇਡਾ ਚਲੇ ਗਏ ਪਰ ਉਸ ਨੂੰ ਰੌਡਜ਼ ਵਜ਼ੀਫ਼ਾ ਮਿਲ ਗਿਆ ਅਤੇ ਉਸ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਐੱਮਬੀਏ ਕੀਤੀ ਅਤੇ ਇਕ ਅੰਤਰਰਾਸ਼ਟਰੀ ਕੰਪਨੀ ਵਿਚ ਉੱਚ ਅਹੁਦੇ ’ਤੇ ਲੱਗ ਗਿਆ। ਹਰਬਿੰਦਰ ਦਾ ਛੋਟਾ ਨਾਂ ਹੈਰੀ ਸੀ। ਉਸ ਨਾਲ ਇਕ ਗੋਰੀ ਕੁੜੀ ਮੈਰੀ ਪੜ੍ਹਦੀ ਸੀ। ਉਹ ਆਇਰਲੈਂਡ ਤੋਂ ਸੀ ਅਤੇ ਉਨ੍ਹਾਂ ਦਾ ਪਰਿਵਾਰ ਰੋਮਨ ਕੈਥੋਲਿਕ ਸੀ। ਮੈਰੀ ਅਤੇ ਹੈਰੀ ਦਾ ਪ੍ਰੇਮ ਹੋ ਗਿਆ ਅਤੇ ਉਨ੍ਹਾਂ ਨੇ ਵਿਆਹ ਦਾ ਫ਼ੈਸਲਾ ਕਰ ਲਿਆ ਪਰ ਮੈਰੀ ਦੇ ਮਾਪੇ ਇਕ ਵਿਦੇਸ਼ੀ ਅਤੇ ਹੋਰ ਧਰਮ ਦੇ ਮੁੰਡੇ ਨੂੰ ਆਪਦਾ ਜਵਾਈ ਸਵੀਕਾਰ ਕਰਨ ਤੋਂ ਇਨਕਾਰੀ ਸਨ। ਮੁੰਡਾ-ਕੁੜੀ ਦੋਵੇਂ ਬਾਲਗ ਸਨ। ਇਸ ਕਾਰਨ ਉਨ੍ਹਾਂ ਨੇ ਕਚਹਿਰੀ ਵਿਚ ਜਾ ਕੇ ਸਿਵਲ ਵਿਆਹ ਕਰਵਾ ਲਿਆ। ਇਸ ਸ਼ਾਦੀ ਵਿਚ ਦੋਵਾਂ ਦੇ ਮਾਪਿਆਂ ਵਿੱਚੋਂ ਉਨ੍ਹਾਂ ਨੂੰ ਆਸ਼ੀਰਵਾਦ ਦੇਣ ਲਈ ਕੋਈ ਵੀ ਹਾਜ਼ਰ ਨਹੀਂ ਸੀ।

ਮੈਰੀ ਨੇ ਤਾਂ ਆਪਣੇ ਮਾਪਿਆਂ ਨੂੰ ਦੱਸਿਆ ਹੀ ਨਾ ਪਰ ਹੈਰੀ ਨੇ ਆਪਦੇ ਮਾਪਿਆਂ ਨੂੰ ਚਿੱਠੀ ਲਿਖੀ ਕਿ ਉਸ ਨੇ ਆਪਦੀ ਮਰਜ਼ੀ ਨਾਲ ਇਕ ਗੋਰੀ ਨਾਲ ਵਿਆਹ ਕਰਵਾ ਲਿਆ ਹੈ। ਪ੍ਰੀਤੀ ਦਾ ਅਰਮਾਨ ਸੀ ਕਿ ਆਪਦੇ ਪੁੱਤ ਦਾ ਪੰਜਾਬ ਜਾ ਕੇ ਕਿਸੇ ਜੱਟ ਸਿੱਖ ਕੁੜੀ ਨਾਲ ਸ਼ਾਨਦਾਰ ਵਿਆਹ ਕਰੇਗੀ। ਉਸ ਦੇ ਅਰਮਾਨਾਂ ’ਤੇ ਪਾਣੀ ਫਿਰ ਗਿਆ।

ਉਹ ਆਪਦੇ ਪੁੱਤ ਦੇ ਫ਼ੈਸਲੇ ਨੂੰ ਬਦਲ ਤਾਂ ਸਕਦੀ ਨਹੀਂ ਸੀ ਪਰ ਉਸ ਨੇ ਪੁੱਤ ਨੂੰ ਮਨਾ ਲਿਆ ਕਿ ਉਹ ਵੈਨਕੂਵਰ ਆ ਕੇ ਸਿੱਖ ਮਰਿਆਦਾ ਨਾਲ ਵਿਆਹ ਕਰਵਾਏ ਤਾਂ ਕਿ ਲੋਕਾਂ ਵਿਚ ਉਸ ਦੇ ਮਾਪਿਆਂ ਦਾ ਵੱਕਾਰ ਬਣਿਆ ਰਹੇ। ਜੂਨ ਦੇ ਮਹੀਨੇ ਵਿਚ ਕੈਨੇਡਾ ਵਿਚ ਮੌਸਮ ਸੁਹਾਵਣਾ ਹੁੰਦਾ ਹੈ। ਇਸ ਲਈ ਵਿਆਹ ਦੀ ਤਰੀਕ ਨਿਸ਼ਚਿਤ ਹੋ ਗਈ। ਉਨ੍ਹਾਂ ਨੇ ਪੰਜਾਬ ਤੋਂ ਆਪਦੇ ਰਿਸ਼ਤੇਦਾਰਾਂ ਨੂੰ ਸੱਦਾ ਭੇਜਿਆ। ਮੈਨੂੰ ਤਾਂ ਮੁਹਿੰਦਰ ਨੇ ਵਿਆਹ ਦਾ ਕਾਰਡ ਭੇਜਿਆ, ਨਾਲੇ ਹਵਾਈ ਜਹਾਜ਼ ਦੀ ਵਾਪਸੀ ਟਿਕਟ ਵੀ ਭੇਜ ਦਿੱਤੀ। ਨਾਲ ਇਕ ਸਪਾਂਸਰਸ਼ਿਪ ਦੀ ਚਿੱਠੀ ਭੇਜ ਦਿੱਤੀ ਤਾਂ ਕਿ ਮੈਂ ਕੈਨੇਡਾ ਦਾ ਵੀਜ਼ਾ ਲੈ ਸਕਾਂ। ਮੈਨੂੰ ਬੜੇ ਪਿਆਰ ਅਤੇ ਇੱਜ਼ਤ-ਮਾਣ ਨਾਲ ਬੁਲਾਇਆ ਗਿਆ ਸੀ। ਇਸ ਲਈ ਮੈਂ ਤਾਂ ਬੜੇ ਚਾਅ ਨਾਲ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਅਤੇ ਆਪਦੇ ਪੁਰਾਣੇ ਮਿੱਤਰ ਨੂੰ ਮੁਬਾਰਕਬਾਦ ਦੇਣ ਲਈ ਕੈਨੇਡਾ ਚਲਿਆ ਗਿਆ। ਵਿਆਹ ਦੀ ਰਸਮ ਗੁਰਦੁਆਰੇ ਵਿਚ ਹੋਈ। ਆਨੰਦ ਕਾਰਜ ਵੇਲੇ ਅਰਦਾਸ ਵਿਚ ਮੁੰਡਾ-ਕੁੜੀ ਖੜ੍ਹੇ ਹੋਏ। ਵਹੁਟੀ ਪੰਜਾਬੀ ਲਹਿੰਗੇ ਵਿਚ ਪਰੀਆਂ ਵਰਗੀ ਲੱਗਦੀ ਸੀ। ਜੋੜੀ ਖ਼ੂਬ ਫੱਬਦੀ ਸੀ।

ਮੁੰਡੇ ਦੇ ਮਾਪੇ ਖੜ੍ਹੇ ਹੋਏ। ਕੁੜੀ ਦਾ ਇਕੱਲਾ ਪਿਉ ਹੀ ਖੜ੍ਹਾ ਹੋਇਆ ਅਤੇ ਉਸੇ ਨੇ ਹੀ ਕੁੜੀ ਦਾ ਪੱਲਾ ਮੁੰਡੇ ਦੇ ਹੱਥ ਵਿਚ ਫੜਾਇਆ। ਲੋਕਾਂ ਸਮਝਿਆ ਕਿ ਉਸ ਦੀ ਮਾਂ ਮਰੀ ਹੋਈ ਹੋਵੇਗੀ। ਅਨੰਦ ਕਾਰਜ ਪਿੱਛੋਂ ਮੈਂ ਉਸ ਗੋਰੇ ਨੂੰ ਜਦੋਂ ਕਿਹਾ, Congratulations on your daughter’s wedding. (ਬੇਟੀ ਦੀ ਸ਼ਾਦੀ ਦੀਆਂ ਮੁਬਾਰਕਾਂ) I am not the real father.ਉਸ ਨੇ ਉੱਤਰ ਦਿੱਤਾ। I am only the substitute father. (ਮੈਂ ਅਸਲੀ ਬਾਪ ਨਹੀਂ ਹਾਂ, ਨਕਲੀ ਬਾਪ ਹਾਂ)। ਮੈਂ ਬਾਅਦ ਵਿਚ ਆਪਦੇ ਮਿੱਤਰ ਨੂੰ ਪੁੱਛਿਆ ਤਾਂ ਉਸ ਨੇ ਕਿਹਾ ‘‘ਅਮਰਜੀਤ ਕੁੜੀ ਦੇ ਮਾਪੇ ਤਾਂ ਇਸ ਵਿਆਹ ਦੇ ਹੱਕ ਵਿਚ ਹੀ ਨਹੀਂ ਸਨ, ਵਿਆਹ ਤਾਂ ਇਨ੍ਹਾਂ ਨੇ ਅਦਾਲਤ ’ਚ ਇੰਗਲੈਂਡ ’ਚ ਹੀ ਕਰਵਾ ਲਿਆ ਸੀ।

ਇਹ ਤਾਂ ਤੇਰੀ ਭਾਬੀ ਨੇ ਜ਼ਿੱਦ ਕੀਤੀ ਕਿ ਜਿੰਨਾ ਚਿਰ ਮੈਂ ਏਥੇ ਸਿੱਖ ਮਰਿਆਦਾ ਅਨੁਸਾਰ ਗੁਰਦੁਆਰੇ ਵਿਚ ਆਨੰਦ ਕਾਰਜ ਨਹੀਂ ਕਰਵਾਉਂਦੀ, ਮੇਰਾ ਤਾਂ ਭਾਈਚਾਰੇ ਵਿਚ ਨੱਕ ਨਹੀਂ ਰਹਿਣਾ। ਇਸ ਲਈ ਸਾਨੂੰ ਇਹ ਸਭ ਕੁਝ ਕਰਨਾ ਪਿਆ। ਇਹ ਗੋਰਾ ਤਾਂ ਮੇਰਾ ਮਿੱਤਰ ਹੈ।’’ ਮੇਰਾ ਤਾਂ ਹਾਸਾ ਬੰਦ ਨਾ ਹੋਵੇ ਅਤੇ ਮੈਂ ਕਿਹਾ, ‘‘ਯਾਰ! ਮੈਂ ਫਿਲਮਾਂ ਵਿਚ ਤਾਂ ਨਕਲੀ ਬਾਪ ਬਣਦੇ ਦੇਖੇ ਸਨ। ਸਕੂਲ ਵੇਲੇ ਵੀ ਮੇਰੇ ਇਕ ਜਮਾਤੀ ਨੇ ਨਕਲੀ ਪਿਉ ਮਾਸਟਰ ਨੂੰ ਮਿਲਾਇਆ ਸੀ। ਭਾਬੀ ਨੇ ਤਾਂ ਕਮਾਲ ਕਰਤਾ। ਕੁੜੀ ਦਾ ਨਕਲੀ ਬਾਪ ਖੜ੍ਹਾ ਕਰ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਨੂੰਹ ਦਾ ਪੱਲਾ ਉਸ ਤੋਂ ਫੜਵਾ ਦਿੱਤਾ।’’ ਬਾਬਲ ਆਪਣੀ ਧੀ ਨੂੰ ਫੇਰਿਆਂ ਵੇਲੇ ਪੱਲਾ ਫੜਾਉਣ ਜਾਂ ਉਸ ਦੀ ਡੋਲੀ ਤੋਰਨ ਲੱਗਿਆਂ ਅਕਸਰ ਭਾਵੁਕ ਹੋ ਜਾਇਆ ਕਰਦਾ ਸੀ। ਬਾਬਲ ਨੂੰ ‘ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ’ ਲੋਕ ਗੀਤ ਯਾਦ ਆਉਂਦਾ ਤਾਂ ਉਸ ਦੀਆਂ ਅੱਖਾਂ ਵਿਚ ਅੱਥਰੂਆਂ ਦਾ ਹੜ੍ਹ ਆ ਜਾਇਆ ਕਰਦਾ ਸੀ। ਕੁਦਰਤੀ ਹੈ ਕਿ ਨਕਲੀ ਬਾਪ ਕੋਲੋਂ ਅਜਿਹੀ ਭਾਵੁਕਤਾ ਦੀ ਆਸ ਨਹੀਂ ਕੀਤੀ ਜਾ ਸਕਦੀ।

-ਮੋਬਾਈਲ : 94170-06625

Posted By: Jagjit Singh