-ਬਲਰਾਜ ਸਿੱਧੂ ਐੱਸਪੀ

ਪੰਜਾਬ 'ਚ ਇਸ਼ਕ 'ਚ ਅੰਨ੍ਹੇ ਹੋਏ ਮਰਦ-ਔਰਤਾਂ ਅਤੇ ਅਣਖ ਦੀ ਖ਼ਾਤਰ ਲੜਕੀਆਂ ਦੇ ਮਾਪਿਆਂ ਵੱਲੋਂ ਕੀਤੇ ਜਾ ਰਹੇ ਕਤਲਾਂ 'ਚ ਅਥਾਹ ਵਾਧਾ ਹੋ ਰਿਹਾ ਹੈ। ਤੀਸਰੇ-ਚੌਥੇ ਹਫ਼ਤੇ ਕਿਸੇ ਨਾ ਕਿਸੇ ਬੇਗੁਨਾਹ ਦੀ ਅਜਿਹੀ ਵਾਰਦਾਤ 'ਚ ਭੇਟ ਚੜ੍ਹਨ ਦੀ ਖ਼ਬਰ ਆ ਹੀ ਜਾਂਦੀ ਹੈ। ਨਾਜਾਇਜ਼ ਸਬੰਧਾਂ ਕਾਰਨ ਕੋਈ ਮਰਦ ਜਾਂ ਔਰਤ ਅਜਿਹੇ ਘਿਨਾਉਣੇ ਜੁਰਮ ਕਰਨ ਲਈ ਤਿਆਰ ਹੋ ਜਾਂਦਾ ਹੈ ਜੋ ਆਮ ਇਨਸਾਨ ਸੁਪਨੇ 'ਚ ਵੀ ਨਹੀਂ ਸੋਚ ਸਕਦਾ। ਰਸਤੇ ਦਾ ਰੋੜਾ ਬਣਨ ਵਾਲੇ ਜੀਵਨ ਸਾਥੀ, ਬੱਚੇ, ਸੱਸ-ਸਹੁਰੇ ਅਤੇ ਨਨਾਣਾਂ ਤਕ ਨੂੰ ਕਤਲ ਕਰਵਾ ਦਿੱਤਾ ਜਾਂਦਾ ਹੈ। ਸਾਲ 2018 ਦੌਰਾਨ ਸਮੁੱਚੇ ਭਾਰਤ 'ਚ ਨਾਜਾਇਜ਼ ਸਬੰਧਾਂ ਕਾਰਨ 1800 ਦੇ ਲਗਪਗ ਕਤਲ ਹੋਏ ਸਨ ਜਿਨ੍ਹਾਂ 'ਚੋਂ ਪੰਜਾਬ ਦਾ ਹਿੱਸਾ 150 ਹੈ। ਇਹ ਕੁੱਲ ਕਤਲਾਂ ਦਾ 8 ਫ਼ੀਸਦੀ ਬਣਦਾ ਹੈ ਅਤੇ ਇਹ ਦਰ ਹਰ ਸਾਲ ਵਧਦੀ ਜਾ ਰਹੀ ਹੈ। ਭਾਰਤ 'ਚ ਇਸ ਸਾਲ ਸਤੰਬਰ ਤਕ ਹੀ ਅਜਿਹੇ 1740 ਕਤਲ ਹੋ ਚੁੱਕੇ ਹਨ। ਲੱਗਦਾ ਹੈ ਇਸ ਸਾਲ ਪਿਛਲੀ ਗਿਣਤੀ ਨੂੰ ਮਾਤ ਪੈ ਜਾਵੇਗੀ।

ਸਿਆਣੇ ਸੱਚ ਹੀ ਕਹਿੰਦੇ ਹਨ ਕਿ ਇਸ਼ਕ ਸਿਰ ਚੜ੍ਹ ਕੇ ਬੋਲਦਾ ਹੈ। ਜੇ ਕਿਸੇ ਨੂੰ ਆਪਣੇ ਜੀਵਨ ਸਾਥੀ ਤੋਂ ਕੋਈ ਤਕਲੀਫ਼ ਹੈ ਤਾਂ ਤਲਾਕ ਲੈ ਲੈਣਾ ਚਾਹੀਦਾ ਹੈ, ਕਤਲ ਕਰਨ ਦੀ ਕੀ ਜ਼ਰੂਰਤ ਹੈ? ਮੋਹਾਲੀ ਸ਼ਹਿਰ 'ਚ ਕਈ ਸਾਲ ਪਹਿਲਾਂ ਇਕ ਕੇਸ ਹੋਇਆ ਸੀ। ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਸਬੰਧ ਸਨ ਤੇ ਦੋਹਾਂ 'ਚ ਤਲਾਕ ਦਾ ਕੇਸ ਚੱਲ ਰਿਹਾ ਸੀ। ਪਰ ਪਤਨੀ ਦੇ ਮਨ 'ਚ ਪਤਾ ਨਹੀਂ ਕੀ ਆਇਆ? ਉਸ ਨੇ ਮਿੱਠੀ-ਪਿਆਰੀ ਬਣ ਕੇ ਕੇਸ ਵਾਪਸ ਕਰਵਾ ਲਿਆ ਅਤੇ ਕੁਝ ਦਿਨਾਂ ਬਾਅਦ ਹੀ ਰਾਤ ਨੂੰ ਸੈਰ ਕਰਦੇ ਸਮੇਂ ਪਤੀ ਦਾ ਪ੍ਰੇਮੀ ਹੱਥੋਂ ਗੋਲੀਆਂ ਮਾਰ ਕੇ ਕਤਲ ਕਰਵਾ ਦਿੱਤਾ। ਹੁਣ ਦੋਵੇਂ ਜੇਲ੍ਹ 'ਚ ਬੈਠੇ ਆਪਣੀ ਕਿਸਮਤ ਨੂੰ ਰੋ ਰਹੇ ਹਨ। ਬਹੁਤੇ ਲੋਕ ਅਦਾਲਤੀ ਚੱਕਰਾਂ 'ਚ ਪੈਣ ਦੀ ਬਜਾਏ ਫਟਾਫਟ ਮਸਲਾ ਹੱਲ ਕਰਨਾ ਚਾਹੁੰਦੇ ਹਨ। ਹਰ ਅਪਰਾਧੀ ਇਹੀ ਸੋਚਦਾ ਹੈ ਕਿ ਉਹ ਕਾਬੂ ਨਹੀਂ ਆ ਸਕਦਾ ਪਰ ਪੈਸਾ ਅਤੇ ਰਾਜਨੀਤਕ ਪ੍ਰਭਾਵ ਕਿਸੇ ਨੂੰ ਕਾਨੂੰਨ ਦੀ ਜਕੜ ਤੋਂ ਨਹੀਂ ਬਚਾ ਸਕਦਾ। ਸ਼ੀਨਾ ਬੋਰਾ ਕਤਲ ਕੇਸ ਇਸ ਦੀ ਜਿਊਂਦੀ ਜਾਗਦੀ ਮਿਸਾਲ ਹੈ। ਸ਼ੀਨਾ ਬੋਰਾ ਨੂੰ ਉਸ ਦੀ ਮਾਂ ਅਤੇ ਮਤਰੇਏ ਪਿਉ ਨੇ ਨਾਜਾਇਜ਼ ਸਬੰਧਾਂ ਕਾਰਨ ਕਤਲ ਕਰਵਾ ਦਿੱਤਾ ਸੀ। ਸਾਰੇ ਅਪਰਾਧੀ ਗ੍ਰਿਫ਼ਤਾਰ ਹੋ ਗਏ ਅਤੇ ਹੁਣ ਉਮਰ ਕੈਦ ਭੁਗਤ ਰਹੇ ਹਨ। ਅਜਿਹੇ ਕਤਲ ਬਹੁਤੀ ਵਾਰ ਛਿਪੇ ਹੀ ਰਹਿ ਜਾਂਦੇ ਹਨ, ਇਹ ਸੋਚ ਕੇ ਲਾਸ਼ ਟਿਕਾਣੇ ਲਗਾ ਦਿੱਤੀ ਜਾਂਦੀ ਹੈ। ਪੁਲਿਸ ਦੀ ਨੀਂਦ ਉਦੋਂ ਖੁੱਲ੍ਹਦੀ ਹੈ ਜਦੋਂ ਪਤੀ ਜਾਂ ਪਤਨੀ ਦੇ ਵਾਰਸ ਰੌਲਾ ਪਾਉਂਦੇ ਹਨ ਕਿ ਮਰਨ ਵਾਲੀ ਜਾਂ ਵਾਲੇ ਦੇ ਫਲਾਣੇ ਨਾਲ ਨਾਜਾਇਜ਼ ਸਬੰਧਾਂ ਕਾਰਨ ਇਹ ਕਤਲ ਹੋਇਆ ਹੈ।

ਇਨ੍ਹਾਂ ਕਤਲਾਂ ਦਾ ਮੁੱਖ ਕਾਰਨ ਪਤੀ-ਪਤਨੀ ਦੇ ਸਬੰਧਾਂ 'ਚ ਆਉਣ ਵਾਲੀ ਤਰੇੜ ਅਤੇ ਕਿਸੇ ਇਕ ਦਾ ਘਰ ਤੋਂ ਬਾਹਰ ਨਾਜਾਇਜ਼ ਸਬੰਧ ਰੱਖਣਾ ਬਣਦਾ ਹੈ। ਅਦਾਲਤਾਂ ਅਤੇ ਪੁਲਿਸ ਦੇ ਵੁਮੈੱਨ ਸੈੱਲ ਅਜਿਹੀਆਂ ਸ਼ਿਕਾਇਤਾਂ ਨਾਲ ਭਰੇ ਪਏ ਹਨ। ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਕਾਰਨ ਅਜਿਹੇ ਸਬੰਧਾਂ 'ਚ ਭਾਰੀ ਵਾਧਾ ਹੋਇਆ ਹੈ। ਇਸ ਕਾਰਨ ਘਰੇਲੂ ਜ਼ਿੰਦਗੀ ਤੋਂ ਅੱਕੇ ਮਰਦ-ਔਰਤਾਂ ਆਸਾਨੀ ਨਾਲ ਇਕ-ਦੂਸਰੇ ਦੇ ਸੰਪਰਕ 'ਚ ਆ ਰਹੇ ਹਨ। ਪੁਰਾਣੇ ਸਮੇਂ ਵਾਂਗ ਕਬੂਤਰਾਂ ਹੱਥ ਸੁਨੇਹੇ ਭੇਜਣ ਦੀ ਜ਼ਰੂਰਤ ਨਹੀਂ ਪੈਂਦੀ। ਵ੍ਹਟਸਐੱਪ, ਇੰਸਟਾਗ੍ਰਾਮ, ਮੈਸੇਂਜਰ ਅਤੇ ਫੇਸਬੁੱਕ ਇਹ ਕੰਮ ਆਸਾਨੀ ਨਾਲ ਕਰ ਦਿੰਦੇ ਹਨ।

ਪੰਜਾਬ ਵਿਚ ਦੂਸਰਾ ਵੱਡਾ ਮਸਲਾ ਅਣਖ ਖ਼ਾਤਰ ਕੀਤੇ ਜਾ ਰਹੇ ਕਤਲਾਂ ਦਾ ਖੜ੍ਹਾ ਹੋ ਗਿਆ ਹੈ। ਸ਼ਾਇਦ ਅਣਖ ਖ਼ਾਤਰ ਕੀਤਾ ਜਾਣ ਵਾਲਾ ਕਤਲ ਹੀ ਇਕ ਅਜਿਹਾ ਜੁਰਮ ਹੈ ਜਿਸ ਦੀ ਸਾਡੇ ਸਮਾਜ ਦੇ ਵੱਡੇ ਹਿੱਸੇ ਵੱਲੋਂ ਮੂਕ ਸਹਿਮਤੀ ਦਿੱਤੀ ਜਾਂਦੀ ਹੈ। ਪਾਕਿਸਤਾਨ ਦੇ ਕਬਾਇਲੀ ਇਲਾਕੇ ਵਿਚ ਤਾਂ ਪੰਚਾਇਤ (ਜ਼ਿਰਗੇ) ਵੱਲੋਂ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਹੀ ਉਸ ਦਾ ਕਤਲ ਕਰਨ ਦਾ ਹੁਕਮ ਜਾਰੀ ਕੀਤਾ ਜਾਂਦਾ ਹੈ। ਨਾ ਮੰਨਣ 'ਤੇ ਪਿੰਡ ਛੱਡਣਾ ਪੈਂਦਾ ਹੈ।

99 ਫ਼ੀਸਦੀ ਅਜਿਹੇ ਕਤਲ ਲੜਕੀ ਦੇ ਵਾਰਸਾਂ ਵੱਲੋਂ ਕੀਤੇ ਜਾਂਦੇ ਹਨ। ਤਰਨਤਾਰਨ ਜ਼ਿਲ੍ਹੇ 'ਚ ਕੁਝ ਹੀ ਦਿਨਾਂ ਦੇ ਫ਼ਰਕ ਨਾਲ ਇੱਕੋ ਪਿੰਡ (ਨੌਸ਼ਹਿਰਾ ਢਾਲਾ) ਵਿਚ ਅਣਖ ਖ਼ਾਤਰ ਦੋ ਕਤਲ ਕਾਂਡ ਹੋਏ ਹਨ। ਇਨ੍ਹਾਂ ਦੋਵਾਂ ਕਾਂਡਾਂ 'ਚ ਜੋੜਿਆਂ ਨੇ ਕੁਝ ਦੇਰ ਪਹਿਲਾਂ ਹੀ ਘਰੋਂ ਦੌੜ ਕੇ ਪ੍ਰੇਮ ਵਿਆਹ ਕਰਵਾਇਆ ਸੀ। ਅਣਖ ਖ਼ਾਤਰ ਹੋਣ ਵਾਲੇ ਕਤਲਾਂ ਦਾ ਸਭ ਤੋਂ ਵੱਡਾ ਕਾਰਨ ਅੰਤਰਜਾਤੀ ਵਿਆਹ ਹਨ। ਜਾਤਪਾਤ ਦੀਆਂ ਸਖ਼ਤ ਜ਼ੰਜੀਰਾਂ 'ਚ ਜਕੜਿਆ ਸਾਡਾ ਸਮਾਜ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਉਨ੍ਹਾਂ ਦੇ ਬੱਚੇ ਦੂਸਰੀ ਜਾਤੀ ਵਿਚ ਵਿਆਹ ਕਰਵਾਉਣ। ਬਰਾਦਰੀ ਵੱਲੋਂ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਬੇਅਣਖੇ ਹੋਣ ਦੇ ਤਾਅਨੇ-ਮਿਹਣੇ ਮਾਰੇ ਜਾਂਦੇ ਹਨ। ਕਈ ਵਾਰ ਤਾਂ ਲੋਕਾਂ ਦੀਆਂ ਗੱਲਾਂ ਤੋਂ ਤੰਗ ਆ ਕੇ ਮਜਬੂਰੀ ਵੱਸ ਹੀ ਲੜਕੀ ਦੇ ਵਾਰਸਾਂ ਨੂੰ ਕਤਲ ਕਰਨੇ ਪੈਂਦੇ ਹਨ। ਇਸ ਜੁਰਮ ਦਾ ਸਭ ਤੋਂ ਵੱਡਾ ਕਾਰਨ ਖਾਨਦਾਨ ਦੀਆਂ ਬਾਕੀ ਔਰਤਾਂ ਦੇ ਦਿਲ ਵਿਚ ਡਰ ਬਿਠਾਉਣਾ ਹੈ ਕਿ ਭਵਿੱਖ 'ਚ ਹੋਰ ਕੋਈ ਅਜਿਹੀ ਗ਼ਲਤੀ ਨਾ ਕਰੇ। ਪਰ ਪ੍ਰੇਮ ਦੇ ਡੰਗੇ ਲੋਕ ਕਿੱਥੇ ਮੰਨਦੇ ਹਨ ਕਿ ਹੀਰ ਅਤੇ ਸਾਹਿਬਾਂ ਦੋਵੇਂ ਇਕ ਹੀ ਖ਼ਾਨਦਾਨ ਦੀਆਂ ਸਨ।

ਇਹ ਉਨ੍ਹਾਂ ਕੱਟੜ ਸਮਾਜਾਂ ਦਾ ਵਰਤਾਰਾ ਹੈ ਜਿੱਥੇ ਪ੍ਰੇਮ ਵਿਆਹ ਨੂੰ ਅਜੇ ਵੀ ਗੁਨਾਹ ਸਮਝਿਆ ਜਾਂਦਾ ਹੈ। ਇਹ ਬਰਾਬਰ ਰਵਾਇਤ ਮੁੱਖ ਤੌਰ 'ਤੇ ਅਰਬ ਦੇਸ਼ਾਂ, ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਵਿਚ ਵੇਖਣ ਨੂੰ ਮਿਲਦੀ ਹੈ। ਇਨ੍ਹਾਂ ਦੇਸ਼ਾਂ ਵਿਚ 2018 ਦੌਰਾਨ 15000 ਤੋਂ ਵੱਧ ਔਰਤਾਂ ਅਣਖ ਖ਼ਾਤਰ ਕਤਲ ਕੀਤੀਆਂ ਗਈਆਂ ਸਨ। ਪੰਜਾਬ 'ਚ ਜੇ ਕੋਈ ਆਦਮੀ ਲੜਕੀ ਨੂੰ ਭਜਾ ਕੇ ਲੈ ਆਵੇ ਤਾਂ ਉਸ ਨੂੰ ਅਸਲੀ ਮਰਦ ਸਮਝਿਆ ਜਾਂਦਾ ਹੈ ਪਰ ਜੇ ਕੋਈ ਲੜਕੀ ਉਧਲ ਜਾਵੇ ਤਾਂ ਉਸ ਨੂੰ ਬਦਕਾਰ ਗਰਦਾਨ ਦਿੱਤਾ ਜਾਂਦਾ ਹੈ। ਪੰਜਾਬੀਆਂ ਵਿਚ ਔਰਤਾਂ ਨੂੰ ਮਾਰਨ ਦੀ ਬਿਰਤੀ ਸਦੀਆਂ ਤੋਂ ਪੰਜਾਬ 'ਤੇ ਹੋ ਰਹੇ ਵਿਦੇਸ਼ੀ ਲੁਟੇਰਿਆਂ ਦੇ ਹਮਲਿਆਂ ਕਾਰਨ ਆਈ ਸੀ। ਹਮਲਾਵਰਾਂ ਕੋਲੋਂ ਧੀਆਂ-ਭੈਣਾਂ ਦੀ ਇੱਜ਼ਤ ਬਚਾਉਣ ਖ਼ਾਤਰ ਲੋਕ ਆਪਣੇ ਹੱਥੀਂ ਉਨ੍ਹਾਂ ਦਾ ਕਤਲ ਕਰ ਦਿੰਦੇ ਸਨ। ਭਾਰਤ-ਪਾਕਿ ਵੰਡ ਵੇਲੇ ਵੀ ਦੋਵਾਂ ਪੰਜਾਬਾਂ ਵਿਚ ਅਜਿਹਾ ਹੀ ਹੋਇਆ ਸੀ। ਉਹ ਪਸ਼ੂ ਬਿਰਤੀ ਕਿਸੇ ਨਾ ਕਿਸੇ ਰੂਪ ਵਿਚ ਅੱਜ ਵੀ ਸਾਡੇ ਮਨਾਂ ਵਿਚ ਘਰ ਕਰੀ ਬੈਠੀ ਹੈ।

ਇਹ ਰਵਾਇਤ ਪੰਜਾਬ, ਰਾਜਸਥਾਨ, ਹਰਿਆਣਾ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਪੇਂਡੂ ਖੇਤਰਾਂ ਵਿਚ ਜ਼ਿਆਦਾ ਪਾਈ ਜਾਂਦੀ ਹੈ। ਅਣਖ ਖ਼ਾਤਰ ਕਤਲ ਕਰਨ ਦਾ ਰਿਵਾਜ਼ ਪੰਜਾਬ ਦੇ ਕੁਝ ਖ਼ਾਸ ਇਲਾਕਿਆਂ ਅਤੇ ਜਾਤਾਂ (ਕਿਸਾਨਾਂ) ਵਿਚ ਵੱਧ ਪ੍ਰਚਲਿਤ ਹੈ। ਅਨਪੜ੍ਹਤਾ ਅਤੇ ਫੋਕੀ ਹੈਂਕੜਬਾਜ਼ੀ ਕਾਰਨ ਅਜਿਹੇ ਕਤਲਾਂ ਦੇ ਸਭ ਤੋਂ ਜ਼ਿਆਦਾ ਕੇਸ ਮਾਝੇ ਦੇ ਪੇਂਡੂ ਖੇਤਰ ਵਿਚ ਹੁੰਦੇ ਹਨ। ਉੱਥੇ ਕਈ ਅਜਿਹੇ ਕੇਸ ਸਾਹਮਣੇ ਆਏ ਹਨ ਕਿ ਔਰਤ ਨੂੰ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਪਤੀ, ਪੁੱਤਰ ਅਤੇ ਭਰਾਵਾਂ ਵੱਲੋਂ ਸਾਂਝੇ ਤੌਰ 'ਤੇ ਕਤਲ ਕੀਤਾ ਗਿਆ ਤਾਂ ਕਿ ਬਾਅਦ ਵਿਚ ਕੋਈ ਮੁਕੱਦਮਾ ਨਾ ਦਰਜ ਕਰਵਾ ਸਕੇ। ਅਜਿਹੇ ਕੇਸ ਵਿਚ ਪੰਜਾਬ ਦੀ ਇਕ ਚੋਟੀ ਦੀ ਮਹਿਲਾ ਲੀਡਰ ਦੀ ਕਹਾਣੀ ਸਭ ਦੇ ਸਾਹਮਣੇ ਹੈ। ਉਸ 'ਤੇ ਇਲਜ਼ਾਮ ਲੱਗੇ ਸਨ ਕਿ ਉਸ ਨੇ ਗ਼ੈਰ-ਬਰਦਾਰੀ ਵਿੱਚ ਵਿਆਹ ਕਰਵਾਉਣ ਕਾਰਨ ਆਪਣੀ ਬੇਟੀ ਦਾ ਕਤਲ ਕਰਵਾ ਦਿੱਤਾ ਸੀ। ਫਲਸਰੂਪ ਉਸ ਨੂੰ ਕਈ ਸਾਲ ਅਦਾਲਤਾਂ ਦੇ ਚੱਕਰ ਲਗਾਉਣੇ ਪਏ ਅਤੇ ਭਾਰੀ ਰਾਜਨੀਤਕ ਕੀਮਤ ਵੀ ਅਦਾ ਕਰਨੀ ਪਈ।

ਅੱਜ ਜ਼ਮਾਨਾ ਬਹੁਤ ਬਦਲ ਗਿਆ ਹੈ। ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ ਹੈ ਅਤੇ ਅਸੀਂ ਅਜੇ ਵੀ ਪੁਰਾਣੇ ਰੂੜ੍ਹੀਵਾਦੀ ਰਸਮਾਂ-ਰਿਵਾਜ਼ਾਂ 'ਚ ਫਸੇ ਬੈਠੇ ਹਾਂ। ਜੇ ਬਾਲਗ ਬੱਚਾ ਕਿਸੇ ਖ਼ਾਸ ਜਗ੍ਹਾ ਵਿਆਹ ਕਰਵਾਉਣਾ ਚਾਹੁੰਦਾ ਹੈ ਅਤੇ ਸਮਝਾਉਣ 'ਤੇ ਵੀ ਨਹੀਂ ਸਮਝਦਾ ਤਾਂ ਉਸ ਦੀ ਗੱਲ ਮੰਨਣ 'ਚ ਹੀ ਭਲਾਈ ਹੈ। ਆਖ਼ਰ ਜ਼ਿੰਦਗੀ ਉਸੇ ਨੇ ਕੱਟਣੀ ਹੈ। ਪਰਿਵਾਰ ਵਾਲਿਆਂ ਵੱਲੋਂ ਸਹੇੜੇ ਵਿਆਹ ਵੀ ਕਿਹੜਾ ਸਾਰੇ ਕਾਮਯਾਬ ਹੁੰਦੇ ਹਨ, ਹਰ ਸਾਲ ਹਜ਼ਾਰਾਂ ਤਲਾਕ ਹੋ ਰਹੇ ਹਨ। ਇਸ ਤੋਂ ਇਲਾਵਾ ਭਾਰਤ ਵਿਚ ਹਰੇਕ ਸਾਲ 7000 ਦੇ ਲਗਪਗ ਦਾਜ ਨਾਲ ਸਬੰਧਤ ਹੱਤਿਆਵਾਂ ਹੁੰਦੀਆਂ ਹਨ। ਘੱਟੋ-ਘੱਟ ਪ੍ਰੇਮ ਵਿਆਹ ਕਰਵਾਉਣ ਵਾਲਾ ਲੜਕਾ ਦਾਜ ਦੀ ਮੰਗ ਤਾਂ ਨਹੀਂ ਕਰ ਸਕਦਾ। ਅੱਜਕੱਲ੍ਹ ਅਦਾਲਤਾਂ ਅਣਖ ਖ਼ਾਤਰ ਕੀਤੀਆਂ ਹੱਤਿਆਵਾਂ ਦੇ ਮਾਮਲਿਆਂ ਨੂੰ ਬਹੁਤ ਗੰਭੀਤਰਾ ਨਾਲ ਲੈ ਰਹੀਆਂ ਹਨ। ਅਜਿਹੇ ਜ਼ਿਆਦਾਤਰ ਮਾਮਲਿਆਂ ਵਿਚ ਫਾਂਸੀ ਜਾਂ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਰਹੀ ਹੈ। ਸੁਪਰੀਮ ਕੋਰਟ ਨੇ ਵੀ ਅਜਿਹੇ ਮਾਮਲਿਆਂ ਵਿਚ ਬਹੁਤ ਸਖ਼ਤ ਟਿੱਪਣੀਆਂ ਕੀਤੀਆਂ ਹਨ। ਇਸ ਲਈ ਆਪਣੀ ਅਤੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰਨ ਦੀ ਬਜਾਏ ਸਮੇਂ ਅਨੁਸਾਰ ਚੱਲਣਾ ਚਾਹੀਦਾ ਹੈ। ਅੱਜਕੱਲ੍ਹ ਦੇ ਜ਼ਮਾਨੇ 'ਚ ਕੋਈ ਜਾਤ ਉੱਚੀ-ਨੀਵੀਂ ਨਹੀਂ ਹੈ। ਜਿਸ ਕੋਲ ਉੱਚ ਸਰਕਾਰੀ ਅਹੁਦਾ, ਰਾਜਨੀਤਕ ਪਦਵੀ ਅਤੇ ਪੈਸਾ ਹੈ, ਉਹ ਉੱਚਾ ਹੈ ਅਤੇ ਜੋ ਗ਼ਰੀਬ ਹੈ, ਉਹ ਨੀਵਾਂ ਹੈ। ਹੈਂਕੜਬਾਜ਼ੀ ਦਾ ਕੋਈ ਫ਼ਾਇਦਾ ਨਹੀਂ ਹੈ।

ਮੋਬਾਈਲ ਨੰ. : 95011-00062

Posted By: Jagjit Singh