21ਵੀਂ ਸਦੀ ਦਾ ਤੀਜਾ ਦਹਾਕਾ ਚੱਲ ਰਿਹਾ ਹੈ ਪਰ ਭਾਰਤ ਵਿਚ ਕੁਝ ਲੋਕ ਅਜੇ ਵੀ ਜਾਗੀਰੂ ਯੁੱਗ ਵਿਚ ਹੀ ਰਹਿ ਰਹੇ ਹਨ। ਆਧੁਨਿਕ ਯੁੱਗ ਵਿਚ ਵੀ ਰੂੜੀਵਾਦੀ ਸੋਚ ਨਾਲ ਵਿਚਰਦੇ ਹੋਏ ਉਸੇ ਤਰ੍ਹਾਂ ਵਿਵਹਾਰ ਵੀ ਕਰ ਰਹੇ ਹਨ। ਇਸ ਦੀ ਮਿਸਾਲ ਮਿਲਦੀ ਹੈ ਅਬੋਹਰ ਨੇੜਲੇ ਪਿੰਡ ਸੱਪਾਂਵਾਲੀ ’ਚ ਜਿੱਥੇ ਬੀਤੇ ਕੱਲ੍ਹ ਝੂਠੀ ਸ਼ਾਨ ਖ਼ਾਤਰ ਇਕ ਨਵਵਿਆਹੇ ਜੋੜੇ ਦੀ ਹੱਤਿਆ ਕਰ ਕੇ ਲਾਸ਼ਾਂ ਚੌਰਾਹੇ ’ਤੇ ਸੁੱਟ ਦਿੱਤੀਆਂ ਗਈਆਂ।

ਪਿੰਡ ਦੇ ਇਕ 25 ਸਾਲਾ ਨੌਜਵਾਨ ਤੇ 23 ਸਾਲਾ ਕੁੜੀ ’ਚ ਪ੍ਰੇਮ ਸਬੰਧ ਸਨ। ਮੁੰਡਾ ਅਨੁਸੂਚਿਤ ਜਾਤੀ ਨਾਲ ਸਬੰਧਤ ਸੀ ਜਦਕਿ ਕੁੜੀ ਜ਼ਿਮੀਂਦਾਰ ਪਰਿਵਾਰ ’ਚੋਂ ਸੀ। ਦੋਵਾਂ ਨੇ 28 ਸਤੰਬਰ ਨੂੰ ਘਰੋਂ ਭੱਜ ਕੇ ਅਦਾਲਤੀ ਵਿਆਹ ਕਰ ਲਿਆ। ਕੁੜੀ ਵਾਲਿਆਂ ਨੇ ਦੋਵਾਂ ਨੂੰ ਅਗਵਾ ਕਰ ਕੇ ਕਤਲ ਕਰਨ ਤੋਂ ਬਾਅਦ ਲਾਸ਼ਾਂ ਪਿੰਡ ਦੇ ਚੌਰਾਹੇ ’ਤੇ ਸੁੱਟ ਦਿੱਤੀਆਂ। ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਰੋਜ਼ ਧਮਕੀਆਂ ਦਿੰਦੇ ਸਨ ਕਿ ਜਾਂ ਤਾਂ ਉਨ੍ਹਾਂ ਦੋਵਾਂ ਬਾਰੇ ਦੱਸ ਦਿਓ ਜਾਂ ਅਸੀਂ ਉਨ੍ਹਾਂ ਨੂੰ ਲੱਭ ਕੇ ਪਿੰਡ ਦੇ ਚੌਰਾਹੇ ’ਤੇ ਲਿਆ ਕੇ ਮਾਰਾਂਗੇ। ਆਖ਼ਰ ਉਨ੍ਹਾਂ ਅਜਿਹਾ ਕਰ ਹੀ ਦਿੱਤਾ।

ਹਾਲਾਂਕਿ ਸੋਮਵਾਰ ਨੂੰ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ 16 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਤਿੰਨ ਨੂੰ ਗਿ੍ਰਫ਼ਤਾਰ ਕਰ ਲਿਆ ਹੈ ਪਰ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਨਵੇਂ ਵਿਆਹੇ ਜੋੜੇ ਨੂੰ ਧਮਕੀਆਂ ਮਿਲ ਰਹੀਆਂ ਸਨ ਉਦੋਂ ਉਨ੍ਹਾਂ ਨੂੰ ਬਚਾਉਣ ਲਈ ਕੀ ਉਪਰਾਲੇ ਕੀਤੇ ਗਏ? ਇਸ ਨਾਲ ਨਾ ਸਿਰਫ਼ ਸਮਾਜਿਕ ਪ੍ਰਬੰਧ ਸਵਾਲਾਂ ਦੇ ਘੇਰੇ ਵਿਚ ਆਉਂਦਾ ਹੈ ਬਲਕਿ ਕਾਨੂੰਨ-ਵਿਵਸਥਾ ਦੀ ਹਾਲਤ ਵੀ ਬਿਆਨ ਹੁੰਦੀ ਹੈ।

ਪੰਜਾਬ ਤੇ ਹਰਿਆਣਾ ਹਾਈ ਕੋਰਟ ਸਮੇਤ ਦੇਸ਼ ਦੀਆਂ ਕਈ ਅਦਾਲਤਾਂ ਨੇ ਅਜਿਹੇ ਕੇਸਾਂ ਨੂੰ ਲੈ ਕੇ ਪਹਿਲਾਂ ਤੋਂ ਹੁਕਮ ਜਾਰੀ ਕੀਤੇ ਹੋਏ ਹਨ ਕਿ ਅਜਿਹੇ ਜੋੜਿਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਲਈ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਸ਼ੈਲਟਰ ਹੋਮ ਬਣਾਏ ਜਾਣੇ ਚਾਹੀਦੇ ਹਨ। ਭਾਵੇਂ ਅਦਾਲਤਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਜਿਹੇ ਜੋੜਿਆਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ ਅਤੇ ਹੋਰ ਵਾਜਿਬ ਕਦਮ ਵੀ ਚੁੱਕੇ ਜਾਂਦੇ ਹਨ ਪਰ ਇਹ ਨਾਕਾਫ਼ੀ ਹਨ। ਇਸ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਦਰਅਸਲ, ਜਾਗੀਰੂ ਯੁੱਗ ਵਿਚ ਔਰਤ ਨੂੰ ਜਾਇਦਾਦ ਸਮਝਿਆ ਜਾਂਦਾ ਸੀ। ਇਸ ’ਚੋਂ ਹੀ ਔਰਤਾਂ ਲਈ ਬਹੁਤ ਸਾਰੀਆਂ ਬੰਦਿਸ਼ਾਂ ਨਿਕਲਦੀਆਂ ਸਨ।

ਸਮਾਂ ਬਦਲਿਆ, ਉਤਪਾਦਨ ਦੇ ਸਾਧਨ ਬਦਲ ਗਏ, ਪ੍ਰਬੰਧ ਬਦਲੇ, ਸਿੱਖਿਆ ਦਾ ਪਸਾਰ ਵਧਿਆ। ਲਗਪਗ ਸਾਰੇ ਖੇਤਰਾਂ ਵਿਚ ਔਰਤਾਂ-ਮਰਦਾਂ ਨੂੰ ਬਰਾਬਰ ਦੇ ਮੌਕੇ ਮਿਲਣ ਲੱਗੇ। ਇੱਥੋਂ ਤਕ ਕਿ ਕਈ ਖੇਤਰਾਂ ਵਿਚ ਔਰਤਾਂ ਮਰਦਾਂ ਤੋਂ ਅੱਗੇ ਨਿਕਲ ਗਈਆਂ ਪਰ ਇਸ ਸਭ ਦੇ ਬਾਵਜੂਦ ਬਹੁਤ ਕੁਝ ਨਹੀਂ ਬਦਲਿਆ। ਔਰਤ ਨੂੰ ਜੁੱਤੀ ਤੇ ਕੁੜੀਆਂ ਨੂੰ ਘਰ ਦੀ ਇੱਜ਼ਤ ਵਗੈਰਾ-ਵਗੈਰਾ ਪਤਾ ਨਹੀਂ ਕੀ ਕੁਝ ਸਮਝਿਆ ਜਾਂਦਾ ਹੈ। ਜਾਗੀਰੂ ਯੁੱਗ ਦੀ ਗਲੀਆਂ-ਸੜੀਆਂ ਰਵਾਇਤਾਂ ਨੂੰ ਤਿਲਾਂਜਲੀ ਦੇਣ ਦੀ ਲੋੜ ਹੈ ਜਿਸ ਕਾਰਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਮਰਦ ਪ੍ਰਧਾਨ ਸਮਾਜ ਵਿਚ ਔਰਤਾਂ ਨੂੰ ਅਮਲੀ ਆਜ਼ਾਦੀ ਉਸ ਪੱਧਰ ’ਤੇ ਹਾਲੇ ਵੀ ਹਾਸਲ ਨਹੀਂ ਹੋਈ, ਜਿਸ ਦੀ ਕਲਪਨਾ ਕੀਤੀ ਜਾ ਰਹੀ ਹੈ।

ਅਜਿਹੀ ਸੋਚ ਨੂੰ ਬਦਲਣ ਦੀ ਲੋੜ ਹੈ ਜਿਸ ’ਚੋਂ ਅਜਿਹੀਆਂ ਰੂੜ੍ਹੀਆਂ ਪੈਦਾ ਹੁੰਦੀਆਂ ਹਨ। ਇਸ ਵਾਸਤੇ ਅਜੇ ਹੋਰ ਠੋਸ ਉਪਰਾਲੇ ਕੀਤੇ ਜਾਣ ਦੀ ਲੋੜ ਹੈ। ਉੱਚੀਆਂ ਜਾਤਾਂ-ਨੀਵੀਆਂ ਜਾਤਾਂ ਦੇ ਪਾਖੰਡ ਖ਼ਤਮ ਕਰਨ ਦੀ ਵੀ ਲੋੜ ਹੈ। ਅਜਿਹੇ ਕਤਲਾਂ ਨੂੰ ਰੋਕਣ ਲਈ ਨਾ ਸਿਰਫ਼ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਬਲਕਿ ਨਿਆਂਪਾਲਿਕਾ ਨੂੰ ਵੀ ਹੋਰ ਵੱਡੇ ਕਦਮ ਚੁੱਕਣ ਦੀ ਜ਼ਰੂਰਤ ਹੈ।

Posted By: Jagjit Singh