-ਪ੍ਰੋ. ਬਸੰਤ ਸਿੰਘ ਬਰਾੜ : ਕਿਹਾ ਜਾਂਦਾ ਹੈ ਕਿ ਇਮਾਨਦਾਰੀ ਸਭ ਤੋਂ ਵਧੀਆ ਨੀਤੀ ਹੈ। ਮੀਡੀਆ ਵਿਚ ਇਮਾਨਦਾਰੀ ਦੀਆਂ ਇੱਕਾ-ਦੁੱਕਾ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਕੁੱਲ ਮਿਲਾ ਕੇ ਅੱਜ ਦੇ ਪਦਾਰਥਵਾਦੀ ਦੌਰ 'ਚ ਹਰ ਪਾਸੇ ਲਾਲਚ ਅਤੇ ਹੇਰਾਫੇਰੀ ਦਾ ਹੀ ਬੋਲਬਾਲਾ ਜਾਪਦਾ ਹੈ। ਭ੍ਰਿਸ਼ਟਾਚਾਰ, ਚੋਰੀਆਂ, ਠੱਗੀਆਂ, ਝਪਟਮਾਰੀ, ਦਾਜ ਦਾ ਲੋਭ, ਏਟੀਐਮਾਂ 'ਤੇ ਲੁੱਟਾਂ ਆਦਿ ਬਾਰੇ ਪੜ੍ਹ-ਸੁਣ ਕੇ ਮਨ ਉਚਾਟ ਹੋ ਜਾਂਦਾ ਹੈ ਪਰ ਦਸੰਬਰ 2018 'ਚ ਵਾਪਰੀ ਇਕ ਘਟਨਾ ਨੇ ਮੇਰਾ ਇਹ ਵਿਸ਼ਵਾਸ ਬਹਾਲ ਕਰ ਦਿੱਤਾ ਕਿ ਇਮਾਨਦਾਰੀ ਅਜੇ ਪੂਰੀ ਤਰ੍ਹਾਂ ਲੋਪ ਨਹੀਂ ਹੋਈ।

ਇਸ ਘਟਨਾ ਤੋਂ ਪਹਿਲਾਂ ਜਿੱਥੇ ਵੀ ਇਮਾਨਦਾਰੀ ਦੀ ਗੱਲ ਚਲਦੀ ਤਾਂ ਮੇਰੇ ਦਿਮਾਗ਼ 'ਚ ਕੁਝ ਪੁਰਾਣੀਆਂ ਘਟਨਾਵਾਂ ਹੀ ਆਉਂਦੀਆਂ ਸਨ। ਉਨ੍ਹਾਂ 'ਚੋਂ ਮੈਂ ਕੁਝ ਘਟਨਾਵਾਂ ਦਾ ਖ਼ਾਸ ਤੌਰ 'ਤੇ ਜ਼ਿਕਰ ਕਰਨਾ ਚਾਹਾਂਗਾ। ਪਹਿਲੀ ਘਟਨਾ ਮੈਨੂੰ ਮੁਕਤਸਰ ਦੇ ਇਕ ਦੁਕਾਨਦਾਰ ਨੇ ਸੁਣਾਈ ਸੀ। ਉਸ ਦੀ ਦਰਬਾਰ ਸਾਹਿਬ ਕੋਲ ਸ਼ੀਸ਼ੇ, ਚੀਨੀ ਆਦਿ ਦੇ ਭਾਂਡਿਆਂ ਦੀ ਕਾਫੀ ਵੱਡੀ ਦੁਕਾਨ ਸੀ। ਉਸ ਨੇ ਦੱਸਿਆ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਉਹ ਅਤੇ ਕੁਝ ਹੋਰ ਦੁਕਾਨਦਾਰ ਮਿਲ ਕੇ ਕਰਾਚੀ ਦੀ ਇਕ ਮਸ਼ਹੂਰ ਫ਼ਰਮ ਤੋਂ ਰੇਲਵੇ ਰਾਹੀਂ ਇਕੱਠਾ ਸਾਮਾਨ ਮੰਗਵਾਉਂਦੇ ਸਨ। ਪੈਸੇ ਭੇਜ ਦਿੰਦੇ ਅਤੇ ਬਿਲਟੀ ਛੁਡਵਾ ਲੈਂਦੇ। ਜੁਲਾਈ 1947 'ਚ ਉਹ ਪੈਸੇ ਤਾਂ ਭੇਜ ਚੁੱਕੇ ਸਨ ਪਰ ਸਾਮਾਨ ਨਹੀਂ ਆਇਆ ਸੀ। ਸਭ ਉਥਲ-ਪੁਥਲ ਹੋ ਗਿਆ ਅਤੇ ਸਾਮਾਨ ਜਾਂ ਪੈਸੇ ਮਿਲਣ ਦੀ ਕੋਈ ਆਸ ਨਾ ਰਹੀ। ਕੁਝ ਸਾਲਾਂ ਬਾਅਦ ਪਤਾ ਲੱਗਾ ਕਿ ਉਹ ਫ਼ਰਮ ਦਿੱਲੀ ਆ ਗਈ ਹੈ। ਚਿੱਠੀ ਲਿਖੀ ਤਾਂ ਜਵਾਬ ਆਇਆ ਕਿ ਤੁਹਾਡਾ ਰਿਕਾਰਡ ਸਾਡੇ ਕੋਲ ਹੈ ਅਤੇ ਜਲਦੀ ਹੀ ਸਾਰਾ ਸਾਮਾਨ ਭੇਜ ਦਿੱਤਾ ਜਾਵੇਗਾ। ਥੋੜ੍ਹੇ ਦਿਨਾਂ 'ਚ ਵਾਅਦਾ ਪੂਰਾ ਹੋ ਗਿਆ।

ਦੂਸਰੀ ਘਟਨਾ ਵੀ ਮੁਕਤਸਰ ਨਾਲ ਸਬੰਧਤ ਹੈ ਜੋ ਮੈਂ ਮਹਿੰਦਰ ਸਿੰਘ ਰੰਧਾਵਾ ਦੀ ਕਿਤਾਬ 'ਆਪ-ਬੀਤੀ'’ਵਿਚ ਪੜ੍ਹੀ ਸੀ। ਰੰਧਾਵਾ ਸਾਹਿਬ ਦੇ ਪਿਤਾ ਜੀ ਉੱਥੇ ਤਹਿਸੀਲਦਾਰ ਸਨ। ਅਕਸਰ ਦੌਰਿਆਂ 'ਤੇ ਬਾਹਰ ਜਾਣਾ ਪੈਂਦਾ ਸੀ। ਇਸ ਲਈ ਪਰਿਵਾਰ ਦੇ ਸਾਰੇ ਗਹਿਣੇ ਇਕ ਮਹਾਜਨ ਨੂੰ ਸੰਭਲੇ ਹੋਏ ਸਨ। ਘਰ 'ਚ ਕਿਸੇ ਨੂੰ ਪਤਾ ਨਹੀਂ ਸੀ ਕਿ ਉਹ ਕਿਸ ਕੋਲ ਹਨ। ਉਹ ਅਚਾਨਕ ਬਿਮਾਰ ਹੋਏ ਅਤੇ ਲੈਣ-ਦੇਣ ਦੱਸੇ ਬਿਨਾਂ ਸਵਰਗਵਾਸ ਹੋ ਗਏ। ਕੁਝ ਦਿਨਾਂ ਬਾਅਦ ਉਸ ਮਹਾਜਨ ਨੇ ਉਹ ਸਾਰੇ ਗਹਿਣੇ ਪਰਿਵਾਰ ਨੂੰ ਵਾਪਸ ਕਰ ਦਿੱਤੇ। ਜਦ ਮੈਂ ਉਸ ਮਹਾਜਨ ਦੇ ਪਰਿਵਾਰ ਨੂੰ ਇਸ ਘਟਨਾ ਬਾਰੇ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਤਾਂ ਇਸ ਬਾਰੇ ਕਦੇ ਗੱਲ ਹੀ ਨਹੀਂ ਕੀਤੀ ਸੀ। ਉਸ ਵੇਲੇ ਇਮਾਨਦਾਰੀ ਇਕ ਨੀਤੀ’ ਨਹੀਂ ਬਲਕਿ ਸੁਭਾਵਕ ਅਸੂਲ ਸੀ।

ਤੀਜੀ ਘਟਨਾ ਚੰਡੀਗੜ੍ਹ ਦੀ ਹੈ। ਮੇਰੇ ਇਕ ਦੋਸਤ ਦਾ ਲੜਕਾ ਕੰਪਿਊਟਰ ਸਾਇੰਸ ਦਾ ਮਾਹਿਰ ਹੈ ਅਤੇ ਇਕ ਅਮਰੀਕਨ ਕੰਪਨੀ ਲਈ ਰਾਤ ਦੀ ਸ਼ਿਫ਼ਟ 'ਚ ਕੰਮ ਕਰਦਾ ਹੈ। ਮਿਹਨਤੀ ਹੈ ਅਤੇ ਚੰਗੀ ਕਮਾਈ ਕਰਦਾ ਹੈ। ਜਨਵਰੀ ਦੀ ਠੰਢ 'ਚ ਇਕ ਸਵੇਰ ਉਹ ਆਟੋ-ਰਿਕਸ਼ਾ 'ਚ ਘਰ ਆਇਆ। ਕਿਣਮਿਣ ਹੋ ਰਹੀ ਸੀ। ਕੁਝ ਦੇਰ ਬਾਅਦ ਆਟੋ ਵਾਲੇ ਨੇ ਘੰਟੀ ਵਜਾਈ। ਮੇਰਾ ਦੋਸਤ ਬਾਹਰ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਦਾ ਲੜਕਾ ਹਿਸਾਬ ਕੀਤੇ ਬਿਨਾ ਪੰਜ ਸੌ ਦਾ ਨੋਟ ਦੇ ਕੇ ਚਲਾ ਗਿਆ ਸੀ ਅਤੇ ਵਾਪਸ ਨਹੀਂ ਸੀ ਆਇਆ। ਕਾਫੀ ਬਕਾਇਆ ਦੇਣ ਵਾਲਾ ਸੀ। ਉਸ ਨੂੰ ਫੋਨ ਤੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਬਾਕੀ ਪੈਸੇ ਉਸ ਨੇ ਜਾਣਬੁੱਝ ਕੇ ਉਸ ਗ਼ਰੀਬ ਆਦਮੀ ਨੂੰ ਛੱਡ ਦਿੱਤੇ ਸਨ। ਉਸ ਨੂੰ ਕਹਿ ਵੀ ਆਇਆ ਸੀ ਪਰ ਸ਼ਾਇਦ ਉਸ ਨੇ ਸੁਣਿਆ ਨਹੀਂ। ਮੇਰੇ ਦੋਸਤ ਨੇ ਵੀ ਆਟੋ ਵਾਲੇ ਦੀ ਇਮਾਨਦਾਰੀ ਤੋਂ ਖ਼ੁਸ਼ ਹੋ ਕੇ ਇਨਾਮ ਵਜੋਂ ਬਕਾਇਆ ਉਸ ਨੂੰ ਛੱਡ ਦਿੱਤਾ।

ਕੁਝ ਸਾਲ ਪਹਿਲਾਂ ਪਾਕਿਸਤਾਨ ਦੀ ਯਾਤਰਾ ਸਮੇਂ ਮੈਨੂੰ ਇਮਾਨਦਾਰੀ ਦੇ ਕਈ ਦਿਲ ਛੂਹਣ ਵਾਲੇ ਅਨੁਭਵ ਹੋਏ। ਅਸੀਂ ਕੱਪੜਾ ਖ਼ਰੀਦਣ ਲਈ ਅਨਾਰਕਲੀ ਬਾਜ਼ਾਰ ਦੀ ਇਕ ਵੱਡੀ ਦੁਕਾਨ 'ਚ ਚਲੇ ਗਏ। ਦੁਕਾਨਦਾਰ ਨੇ ਸਾਨੂੰ ਸਾਫ਼ ਕਹਿ ਦਿੱਤਾ ਕਿ ਇੱਥੋਂ ਕੱਪੜਾ ਖ਼ਰੀਦਣਾ ਤੁਹਾਨੂੰ ਮਹਿੰਗਾ ਪਵੇਗਾ। ਉਸ ਨੇ ਸਾਨੂੰ ਪੂਰੀ ਜਾਣਕਾਰੀ ਲਿਖਵਾ ਕੇ ਰੰਗ ਮਹਿਲ’ਬਾਜ਼ਾਰ 'ਚ ਥੋਕ ਕੱਪੜੇ ਦੀ ਆਜ਼ਮ ਮਾਰਕੀਟ’'ਚ ਭੇਜ ਦਿੱਤਾ। ਉਸ ਨੇ ਕਿਸੇ ਦੁਕਾਨ ਦੀ ਸਿਫ਼ਾਰਸ਼ ਵੀ ਨਹੀਂ ਕੀਤੀ। ਬਾਅਦ 'ਚ ਜਦ ਅਸੀਂ ਡਰਾਈ ਫ਼ਰੂਟ ਖ਼ਰੀਦਣ ਲਈ ਦਿੱਲੀ ਗੇਟ ਕੋਲ ਅਕਬਰੀ ਮੰਡੀ’ਵਿਖੇ ਗਏ ਤਾਂ ਉੱਥੇ ਵੀ ਇਸੇ ਤਰ੍ਹਾਂ ਦੀ ਇਮਾਨਦਾਰੀ ਵੇਖੀ। ਉੱਥੇ ਹਰ ਤਰ੍ਹਾਂ ਦੇ ਮੇਵੇ ਦੇ ਵੱਡੇ-ਵੱਡੇ ਖੁੱਲ੍ਹੇ ਮੂੰਹ ਵਾਲੇ ਬੋਰੇ ਭਰੇ ਪਏ ਸਨ। ਇਕ ਯਾਤਰੀ ਨੇ ਖੁਰਮਾਨੀਆਂ ਦੀਆਂ ਗਿਰੀਆਂ ਨੂੰ ਬਦਾਮ ਸਮਝ ਲਿਆ ਤਾਂ ਦੁਕਾਨਦਾਰ ਨੇ ਸਾਫ਼ ਦੱਸ ਦਿੱਤਾ ਕਿ ਇਹ ਬਦਾਮ ਨਹੀਂ ਹਨ। ਜਦ ਅਸੀਂ ਕਾਲ਼ੀਆਂ ਮਿਰਚਾਂ ਮੰਗੀਆਂ ਤਾਂ ਉਸ ਨੇ ਦੱਸ ਦਿੱਤਾ ਕਿ ਇਹ ਭਾਰਤ 'ਚ ਸਸਤੀਆਂ ਅਤੇ ਜ਼ਿਆਦਾ ਅੱਛੀਆਂ ਮਿਲਦੀਆਂ ਹਨ। ਉਸ ਨੇ ਕਾਲੀ ਖਸਖਸ ਦੇਣ ਤੋਂ ਵੀ ਇਨਕਾਰ ਕਰਦੇ ਹੋਏ ਦੱਸਿਆ ਕਿ ਭਾਰਤ 'ਚ ਇਸ ਨੂੰ ਲੈ ਕੇ ਜਾਣ 'ਤੇ ਪਾਬੰਦੀ ਹੈ। ਪਾਕਿਸਤਾਨ 'ਚ ਸਾਨੂੰ ਸਾਰੇ ਦੁਕਾਨਦਾਰ ਇਮਾਨਦਾਰ ਮਿਲੇ। ਪਤਾ ਨਹੀਂ ਉਹ ਆਪਣੇ ਦੇਸ਼ ਦੇ ਗਾਹਕਾਂ ਨਾਲ ਵੀ ਅਜਿਹਾ ਕਰਦੇ ਹਨ ਕਿ ਨਹੀਂ!

ਦਸੰਬਰ 2018 ਵਾਲੀ ਘਟਨਾ ਲੁਧਿਆਣਾ ਦੀ ਹੈ। ਉਸ ਤੋਂ ਇਕ ਸਾਲ ਪਹਿਲਾਂ ਮੇਰੀ ਲੁਧਿਆਣੇ ਵਿਆਹੀ ਧੀ ਅਤੇ ਉਸ ਦੀ ਇਕ ਸਹੇਲੀ ਨੇ ਇਕ ਵੱਡੇ ਬਾਜ਼ਾਰ 'ਚੋਂ ਮਸ਼ਹੂਰ ਕੰਪਨੀ ਦੀ ਦੁਕਾਨ ਤੋਂ ਕੁਝ ਗਰਮ ਕੱਪੜੇ ਖ਼ਰੀਦੇ ਜਿਵੇਂ ਕਿ ਕੋਟੀਆਂ, ਸਵੈਟਰ ਅਤੇ ਇਕ ਮਹਿੰਗੀ ਸਵੈੱਟ-ਸ਼ਰਟ। ਕਾਫੀ ਭੀੜ-ਭੜੱਕੇ ਵਾਲੇ ਬਾਜ਼ਾਰਾਂ 'ਚੋਂ ਸਕੂਟਰ 'ਤੇ ਘਰ ਵਾਪਸ ਆ ਕੇ ਉਨ੍ਹਾਂ ਨੇ ਜਦ ਲਿਫ਼ਾਫ਼ੇ ਸੰਭਾਲੇ ਤਾਂ ਪਤਾ ਲੱਗਾ ਕਿ ਸਵੈੱਟ-ਸ਼ਰਟ ਵਾਲਾ ਲਿਫ਼ਾਫ਼ਾ ਕਿਤੇ ਹੱਥੋਂ ਤਿਲ੍ਹਕ ਗਿਆ ਸੀ। ਅਫ਼ਸੋਸ ਤਾਂ ਹੋਇਆ ਪਰ ਕੁਰਬਲ-ਕੁਰਬਲ ਕਰਦੇ ਬਾਜ਼ਾਰਾਂ 'ਚ ਉਸ ਨੂੰ ਲੱਭਣ ਜਾਣਾ ਫ਼ਜ਼ੂਲ ਸੀ। ਗੱਲ ਆਈ-ਗਈ ਹੋ ਗਈ। ਇਕ ਸਾਲ ਬਾਅਦ ਦੁਬਾਰਾ ਜਾਣ 'ਤੇ ਬੇਟੀ ਨੇ ਮੈਨੇਜਰ ਨੂੰ ਵੈਸੇ ਹੀ ਪਿਛਲੇ ਸਾਲ ਹੋਏ ਨੁਕਸਾਨ ਬਾਰੇ ਦੱਸਿਆ। ਉਹ ਮੁਸਕਰਾਇਆ ਅਤੇ ਥੋੜ੍ਹੀ ਪੁੱਛਗਿੱਛ ਕੀਤੀ ਤੇ ਤਸੱਲੀ ਕਰ ਕੇ ਅੰਦਰ ਸੰਭਾਲ ਕੇ ਰੱਖਿਆ ਹੋਇਆ ਲਿਫ਼ਾਫ਼ਾ ਮੰਗਵਾ ਕੇ ਦੇ ਦਿੱਤਾ। ਜਿਸ ਸਕੂਟਰ ਵਾਲੇ ਨੂੰ ਉਹ ਮਿਲਿਆ ਸੀ ਉਹ ਦੁਕਾਨ ਦਾ ਪਤਾ ਪੜ੍ਹ ਕੇ ਲਿਫ਼ਾਫ਼ਾ ਦੇ ਗਿਆ ਸੀ। ਉਸ ਦੁਕਾਨਦਾਰ ਅਤੇ ਖ਼ਾਸ ਤੌਰ 'ਤੇ ਅਣਜਾਣ ਸਕੂਟਰ ਵਾਲੇ ਦੀ ਇਮਾਨਦਾਰੀ ਬਾਰੇ ਸੁਣ ਕੇ ਮਨੁੱਖੀ ਸੁਭਾਅ 'ਚ ਇਹ ਵਿਸ਼ਵਾਸ ਪੱਕਾ ਹੋ ਜਾਂਦਾ ਹੈ ਕਿ ਇਮਾਨਦਾਰੀ ਜ਼ਿੰਦਾ ਹੈ।

Posted By: Sukhdev Singh