ਸੱਥ 'ਚ ਚਰਚਾ ਸ਼ੁਰੂ ਕਰਦਿਆਂ ਗੇਲਾ ਬੋਲਿਆ 'ਬਾਬਾ ਜੀ, ਤੁਸੀਂ ਦੁਨੀਆ ਬਦਲਣ ਬਾਰੇ ਕੀ ਸੋਚਦੇ ਹੋ, ਕਿੰਨੀ ਕੁ ਦੁਨੀਆ ਬਦਲ ਗਈ ਹੁਣ?' ਤਾਂ ਬਾਬੇ ਮੇਹਰੂ ਨੇ ਜਵਾਬ ਦਿੱਤਾ 'ਦੁਨੀਆ ਬਹੁਤ ਬਦਲ' ਗੀ। ਹੁਣ ਪਹਿਲਾਂ ਵਾਲੀਆਂ ਗੱਲਾਂ ਕੋਈ ਨਾ ਰਹਿਗੀਆਂ।' ਬਾਬੇ ਨੇ ਗੇਲੇ ਨੂੰ ਪੁੱਛਿਆ 'ਭਾਈ ਅੱਜ ਕਿਉਂ ਦੁਨੀਆ ਦਾ ਫ਼ਿਕਰ ਜਿਹਾ ਕਰੀ ਜਾਨਾਂ।' ਤਾਂ ਗੇਲਾ ਬੋਲਿਆ 'ਮੈਂ ਪਰਸੋਂ ਕਿਸੇ ਕੰਮ ਲਈ ਸ਼ਹਿਰ ਗਿਆ ਸੀ ਤਾਂ ਬਾਜ਼ਾਰ 'ਚ ਕਿਸੇ ਬੰਦੇ ਦਾ ਬਟੂਆ ਡਿੱਗ ਗਿਆ। ਉਹ ਵਿਚਾਰਾ ਰੌਲਾ ਪਾਈ ਜਾਵੇ ਕਿ ਕਿਸੇ ਨੇ ਮੇਰਾ ਬਟੂਆ ਦੇਖਿਆ ਪਰ ਕਿਸੇ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ।' ਇਹ ਗੱਲ ਸੁਣ ਕੇ ਬਾਬੇ ਨੇ ਕਿਹਾ 'ਹੁਣ ਉਹ ਗੱਲਾਂ ਨਹੀਂ ਕਿ ਪਹਿਲਾਂ ਵਾਂਗੂ ਕਿਸੇ ਦੀ ਡਿੱਗੀ ਚੀਜ਼ ਵਾਪਸ ਕਰ ਦਿੱਤੀ ਜਾਵੇ।' ਏਨੇ ਨੂੰ ਸ਼ਾਮ ਸਿੰਹੁ ਨੇ ਕਿਹਾ 'ਇਹ ਤਾਂ ਪਹਿਲਾਂ ਹੀ ਸੀ ਜਦੋਂ ਲੋਕਾਂ ਦਾ ਸਾਮਾਨ ਖੁੱਲ੍ਹੇਆਮ ਪਿਆ ਰਹਿੰਦਾ ਸੀ। ਹੁਣ ਘਰਾਂ 'ਚ ਵਾਰੀਆਂ, ਬੂਹਿਆਂ ਨੂੰ ਤਾਲੇ ਲਾਉਣੇ ਪੈਂਦੇ ਆ। ਫਿਰ ਵੀ ਪਤਾ ਨਹੀਂ ਲੱਗਦਾ ਕਿ ਕਦੋਂ ਕੀ ਚੋਰੀ ਹੋ ਜਾਵੇ।' ਬਾਬੇ ਮੇਹਰੂ ਨੇ ਕਿਹਾ 'ਗੱਲ ਐਵੇਂ ਆ ਕਿ ਸਾਡੇ ਵੇਲੇ ਤਾਂ ਜਿਹੜੀ ਚੀਜ਼ ਕਿਤੇ ਬਾਹਰ ਰਹਿ ਜਾਂਦੀ ਸੀ ਤਾਂ ਕਿਸੇ ਨੂੰ ਕੋਈ ਫ਼ਿਕਰ ਨਹੀਂ ਸੀ ਹੁੰਦਾ। ਚਾਹੇ ਚਾਰ ਦਿਨ ਬਾਅਦ ਚੁੱਕ ਲਿਆਈਏ, ਉੱਥੇ ਹੀ ਪਈ ਹੁੰਦੀ ਸੀ। ਅਸੀਂ ਫ਼ਸਲਾਂ ਝਾੜ-ਝਾੜ ਕੇ ਰੱਖੀ ਜਾਂਦੇ ਤੇ ਕਈ ਦਿਨਾਂ ਬਾਅਦ ਕੰਮ ਮੁੱਕਦਾ ਤਾਂ ਸਾਰੀ ਫ਼ਸਲ 'ਕੱਠੀ ਚੁੱਕ ਲਿਆਉਂਦੇ ਸਾਂ।' ਏਨੇ ਨੂੰ ਫ਼ੌਜੀ ਮਿੰਦੇ ਨੇ ਕਿਹਾ 'ਦੋਖੋ ਜੀ! ਗੱਲ ਇਹ ਆ ਕਿ ਉਦੋਂ ਲੋਕ ਦਿਲ ਦੇ ਸਾਫ਼ ਹੁੰਦੇ ਸਨ। ਕਿਸੇ ਦੀ ਕੋਈ ਚੀਜ਼ ਕਿਤੇ ਡਿੱਗੀ ਪਈ ਮਿਲਦੀ ਜਾਂ ਵੈਸੇ ਹੀ ਕਿਤੇ ਪਈ ਰਹਿ ਜਾਂਦੀ ਤਾਂ ਜਿਸ ਬੰਦੇ ਦੀ ਨਜ਼ਰ ਪੈਂਦੀ ਉਹ ਸੰਭਾਲ ਕੇ ਰੱਖ ਲੈਂਦਾ ਅਤੇ ਜੀਹਦੀ ਹੁੰਦੀ ਉਸ ਨੂੰ ਦੇ ਦਿੰਦਾ। ਹੁਣ ਕੰਮ ਉਲਟ ਹੋਇਆ ਪਿਐ। ਜਿਹੜੀ ਈਮਾਨਦਾਰੀ ਆਪਣੇ ਆਪ ਬੋਲਦੀ ਸੀ ਉਹ ਹੁਣ ਭਾਲਣੀ ਪੈਂਦੀ ਆ। ਤੁਸੀ ਦੇਖ ਲਓ ਜਦੋਂ ਕੋਈ ਭਲਾਮਾਣਸ ਕਿਸੇ ਦੀ ਕਿਤੋਂ ਲੱਭੀ ਕੋਈ ਕੀਮਤੀ ਚੀਜ਼ ਵਾਪਸ ਕਰਦਾ ਹੈ ਤਾਂ ਉਹ ਬੰਦਾ ਹੈਰਾਨ ਹੁੰਦਾ ਹੈ ਕਿ ਇਹ ਬੰਦਾ ਇੰਨਾ ਚੰਗਾ ਕਿਵੇਂ ਜਿਸ ਨੇ ਬਿਨਾਂ ਲਾਲਚ ਦੇ ਮੇਰੀ ਚੀਜ਼ ਵਾਪਸ ਕਰ ਦਿੱਤੀ।' ਇੰਨੇ ਨੂੰ ਸ਼ਾਮ ਸਿੰਹੁ ਨੇ ਕਿਹਾ 'ਤੁਸੀਂ ਰਾਹ ਡਿੱਗੀ ਚੀਜ਼ ਦੀ ਗੱਲ ਕਰਦੇ ਹੋ, ਇੱਥੇ ਤਾਂ ਲੋਕ ਧਾਰਮਿਕ ਥਾਵਾਂ 'ਤੇ ਜਾ ਕੇ ਲੋਕਾਂ ਦੀਆਂ ਜੇਬਾਂ ਕੱਟਦੇ ਆ। ਆਹ ਜਿਹੜਾ ਨਗਰ ਕੀਰਤਨ ਨਨਕਾਣਾ ਸਾਹਿਬ ਤੋਂ ਆਇਆ, ਪੂਰੇ ਭਾਰਤ 'ਚ ਜਾਣ ਤੋਂ ਬਾਅਦ ਹੁਣ ਪੰਜਾਬ 'ਚ ਚੱਲ ਰਿਹਾ ਹੈ। ਜਿੱਥੋਂ ਦੀ ਨਗਰ ਕੀਰਤਨ ਗੁਜ਼ਰਦਾ ਹੈ, ਉੱਥੇ ਲੋਕਾਂ ਦੀਆਂ ਭੀੜਾਂ ਲੱਗ ਜਾਂਦੀਆਂ ਨੇ ਅਤੇ ਚੋਰ ਇੱਥੇ ਲੋਕਾਂ ਦੇ ਬਟੂਏ, ਮੋਬਾਈਲ ਤੇ ਹੋਰ ਸਾਮਾਨ ਚੋਰੀ ਕਰੀ ਜਾਂਦੇ ਨੇ। ਤੁਸੀਂ ਆਪ ਹੀ ਦੇਖ ਲਵੋ ਲੋਕਾਂ 'ਚ ਹੈ ਕੋਈ ਇਮਾਨਦਾਰੀ।' ਇੰਨੇ ਨੂੰ ਬਾਬੇ ਮੇਹਰੂ ਨੇ ਕਿਹਾ 'ਬਸ! ਹੁਣ ਰੱਬ ਹੀ ਸਮੱਤ ਬਖ਼ਸ਼ੇ ਇਨ੍ਹਾਂ ਲਾਲਚੀਆਂ ਨੂੰ। ਇਹ ਗੱਲ ਖ਼ਤਮ ਹੁੰਦੇ ਹੀ ਸਭ ਆਪੋ-ਆਪਣੇ ਘਰਾਂ ਨੂੰ ਤੁਰ ਪਏ। -ਸੁਖਰਾਜ ਚਹਿਲ (ਧਨੌਲਾ)

ਮੋ: 97810-48055

Posted By: Sukhdev Singh