ਅੱਜਕੱਲ੍ਹ ਘਰੋਂ ਬਾਹਰ ਜਾਂਦੇ ਸਮੇਂ ਸਭ ਨੂੰ ਇਕ ਡਰ ਜਿਹਾ ਲੱਗਣ ਲੱਗਾ ਹੈ। ਇਹ ਭੈਅ ਹੈ ਸੜਕ ਹਾਦਸੇ ਵਿਚ ਜ਼ਖ਼ਮੀ ਹੋ ਜਾਣ, ਲੁੱਟੇ ਜਾਣ ਜਾਂ ਟਰੈਫਿਕ ਜਾਮ ਵਿਚ ਫਸਣ ਕਾਰਨ ਵਧੇਰੇ ਪ੍ਰਦੂਸ਼ਣ ਸਦਕਾ ਬਿਮਾਰ ਹੋ ਜਾਣ ਦਾ। ਲੋਕ ਅਸਲ ਵਿਚ ਬਾਹਰਲੇ ਪ੍ਰਦੂਸ਼ਣ ਤੋਂ ਡਰੇ ਹੋਏ ਹਨ ਅਤੇ ਰੋਜ਼ਾਨਾ ਕਿਸੇ ਨਾ ਕਿਸੇ ਰੂਪ ਵਿਚ ਉਸ ਦੇ ਨਤੀਜੇ ਵੀ ਭੁਗਤ ਰਹੇ ਹਨ। ਬੀਤੇ ਕੁਝ ਸਾਲਾਂ ਤੋਂ ਦਿੱਲੀ ਕੀ, ਪੂਰੇ ਦੇਸ਼ ਵਿਚ ਪ੍ਰਦੂਸ਼ਣ ਦਾ ਪੱਧਰ ਬਹੁਤ ਖ਼ਤਰਨਾਕ ਤੌਰ 'ਤੇ ਵਧ ਚੁੱਕਾ ਹੈ ਅਤੇ ਸਮੇਂ-ਸਮੇਂ ਕੀਤੇ ਗਏ ਤਮਾਮ ਅਧਿਐਨ ਦੱਸਦੇ ਰਹਿੰਦੇ ਹਨ ਕਿ ਹਵਾ ਵਿਚ ਵਧਦਾ ਪ੍ਰਦੂਸ਼ਣ ਸਾਡੀ ਜ਼ਿੰਦਗੀ ਨੂੰ ਕਿੰਨੀ ਘੱਟ ਤੇ ਕਿੰਨੀਆਂ ਬਿਮਾਰੀਆਂ ਦਾ ਸ਼ਿਕਾਰ ਬਣਾ ਰਿਹਾ ਹੈ। ਹਾਲਾਂਕਿ ਜਦ ਪ੍ਰਦੂਸ਼ਣ ਦਾ ਜ਼ਿਕਰ ਹੁੰਦਾ ਹੈ ਤਾਂ ਤੁਰੰਤ ਦਿਮਾਗ ਵਿਚ ਵਾਹਨਾਂ ਦਾ ਧੂੰਆਂ, ਇਮਾਰਤਾਂ ਦੇ ਨਿਰਮਾਣ ਕਾਰਨ ਉੱਡਦੀ ਧੂੜ, ਪਾਵਰ ਪਲਾਂਟਾਂ ਦਾ ਧੂੰਆਂ ਸਾਹਮਣੇ ਆ ਜਾਂਦਾ ਹੈ। ਇਨ੍ਹਾਂ ਤੋਂ ਬਚਣ ਲਈ ਅਸੀਂ ਹਰ ਸੰਭਵ ਕੋਸ਼ਿਸ਼ ਵੀ ਕਰਦੇ ਹਾਂ ਪਰ ਇਸ ਸਭ ਦੌਰਾਨ ਇਨਡੋਰ ਭਾਵ ਭਵਨਾਂ ਦੇ ਅੰਦਰੂਨੀ ਹਵਾ ਪ੍ਰਦੂਸ਼ਣ ਬਾਰੇ ਜ਼ਿਆਦਾ ਚਰਚਾ ਨਹੀਂ ਹੋ ਰਹੀ ਪਰ ਇਹ ਜਾਣੇ-ਅਣਜਾਣੇ ਸਾਡੀ ਸਿਹਤ ਨੂੰ ਅੰਦਰੋ-ਅੰਦਰੀ ਖੋਖਲਾ ਕਰ ਰਿਹਾ ਹੈ। ਸ਼ਾਇਦ ਘੱਟ ਹੀ ਲੋਕ ਇਹ ਜਾਣਦੇ ਹੋਣਗੇ ਕਿ ਬਹੁਤ ਵਾਰ ਬਾਹਰਲੇ ਪ੍ਰਦੂਸ਼ਣ ਦੇ ਮੁਕਾਬਲੇ ਇਨਡੋਰ ਪ੍ਰਦੂਸ਼ਣ ਵੱਧ ਘਾਤਕ ਸਿੱਧ ਹੁੰਦਾ ਹੈ। ਹਾਲ ਹੀ ਵਿਚ ਇਨਡੋਰ ਪ੍ਰਦੂਸ਼ਣ 'ਤੇ ਕੁਝ ਅਧਿਐਨਾਂ ਵਿਚ ਕਈ ਹੈਰਾਨਕੁੰਨ ਅਤੇ ਖ਼ੌਫ਼ਨਾਕ ਤੱਥ ਸਾਹਮਣੇ ਆਏ ਹਨ। ਇੰਡੀਅਨ ਪੋਲਿਊਸ਼ਨ ਕੰਟਰੋਲ ਐਸੋਸੀਏਸ਼ਨ ਵੱਲੋਂ ਦਿੱਲੀ ਦੀਆਂ 13 ਇਮਾਰਤਾਂ ਵਿਚ ਕੀਤੇ ਗਏ ਇਕ ਸਰਵੇ ਵਿਚ ਪਤਾ ਲੱਗਾ ਕਿ ਉਨ੍ਹਾਂ ਵਿਚ ਕਾਰਬਨ ਡਾਈਆਕਸਾਈਡ ਦਾ ਪੱਧਰ ਨਿਰਧਾਰਤ ਹੱਦ ਤੋਂ ਬਹੁਤ ਜ਼ਿਆਦਾ ਹੈ ਅਰਥਾਤ ਖ਼ਤਰਨਾਕ ਹੈ। ਇਨ੍ਹਾਂ ਵਿਚ ਕੁਝ ਕਾਰਪੋਰੇਟ ਆਫਿਸ ਵੀ ਸਨ। ਇਹੋ ਨਹੀਂ, ਬਹੁਤ ਸਾਰੇ ਦਫ਼ਤਰਾਂ ਵਿਚ ਹਵਾ ਵਿਚ ਜੀਵਾਣੂ ਅਤੇ ਵਿਸ਼ਾਣੂ ਵੱਡੇ ਪੱਧਰ 'ਤੇ ਪਾਏ ਗਏ। ਇੰਡੀਅਨ ਸਟੇਟ ਲੈਵਲ ਡਿਸੀਜ਼ ਬਰਡਨ ਦੁਆਰਾ ਕੀਤੇ ਗਏ ਇਕ ਅਧਿਐਨ ਵਿਚ ਪਤਾ ਲੱਗਾ ਕਿ ਖਾਣਾ ਪਕਾਉਣ ਅਤੇ ਗਰਮੀ ਲਈ ਜਲਾਏ ਜਾਣ ਵਾਲੇ ਈਂਧਨ ਜਿਵੇਂ ਕਿ ਪਾਥੀਆਂ, ਚਾਰਕੋਲ, ਲੱਕੜੀ ਆਦਿ ਦੇਸ਼ ਵਿਚ 50 ਫ਼ੀਸਦੀ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ। ਇਨ੍ਹਾਂ ਨਾਲ ਕੈਂਸਰ, ਮੋਤੀਆਬਿੰਦ, ਦਿਲ ਦੇ ਰੋਗ, ਦੌਰੇ ਪੈਣ ਵਰਗੀਆਂ ਕਈ ਘਾਤਕ ਬਿਮਾਰੀਆਂ ਦਾ ਬੋਝ ਅਰਥਚਾਰੇ 'ਤੇ ਵਧ ਰਿਹਾ ਹੈ। ਕਈ ਵਾਰ ਸਾਡੀ ਰਸੋਈ ਵਿਚ ਪੀਐੱਮ-2.4 ਦਾ ਪੱਧਰ ਬਾਹਰ ਦੇ ਮੁਕਾਬਲੇ ਦਸ ਗੁਣਾ ਵੱਧ ਰਹਿੰਦਾ ਹੈ। ਸੰਨ 2017 ਵਿਚ 1.24 ਮਿਲੀਅਨ ਸਮੇਂ ਤੋਂ ਪਹਿਲਾਂ ਮੌਤਾਂ ਵਿਚੋਂ 0.48 ਮਿਲੀਅਨ ਮੌਤਾਂ ਲਈ ਘਰਾਂ ਵਿਚ ਬਲਣ ਵਾਲੇ ਈਂਧਨ ਅਤੇ ਇਨਡੋਰ ਪ੍ਰਦੂਸ਼ਣ ਨੂੰ ਜ਼ਿੰਮੇਵਾਰ ਦੱਸਿਆ ਗਿਆ। ਇਕ ਹਾਲੀਆ ਅਧਿਐਨ ਅਨੁਸਾਰ ਜੇ ਅਸੀਂ ਘਰੇਲੂ ਪ੍ਰਦੂਸ਼ਣ 'ਤੇ ਕਾਬੂ ਪਾ ਲਈਏ ਤਾਂ ਆਪਣੀ ਉਮਰ ਨਾਲੋਂ ਸੱਤ ਮਹੀਨੇ ਵੱਧ ਜ਼ਿੰਦਾ ਰਹਿ ਸਕਦੇ ਹਾਂ।

ਅਨੂ ਜੈਨ ਰੋਹਤਗੀ।