-ਦਰਬਾਰਾ ਸਿੰਘ ਕਾਹਲੋਂ

ਕੋਵਿਡ-19 ਮਹਾਮਾਰੀ ਪਿਛਲੇ ਸਾਲ ਤੋਂ ਤਾਂਡਵ ਕਰ ਰਹੀ ਹੈ। ਐਸਾ ਅਦ੍ਰਿਸ਼ ਮਾਰੂ ਹਮਲਾ ਕਦੇ ਮਾਨਵ ਸਮਾਜ ਨੇ ਨਹੀਂ ਵੇਖਿਆ ਜਿਸ ਨੇ ਅੱਜ ਪੂਰੀ ਮਾਨਵ ਜਾਤੀ ਨੂੰ ਲਪੇਟ ਵਿਚ ਲਿਆ ਹੋਇਆ ਹੈ। ਪੱਛੜੇ, ਗ਼ਰੀਬ, ਵਿਕਾਸਸ਼ੀਲ ਦੇਸ਼ਾਂ ਨੇ ਤਾਂ ਐਸੀ ਮਹਾਮਾਰੀ ਦਾ ਮੁਕਾਬਲਾ ਕੀ ਕਰਨਾ ਸੀ, ਮਹਾਸ਼ਕਤੀ ਅਮਰੀਕਾ ਸਮੇਤ ਵਿਕਸਤ ਦੇਸ਼ ਜਿਵੇਂ ਕਿ ਬ੍ਰਿਟੇਨ, ਫਰਾਂਸ, ਇਟਲੀ, ਸਪੇਨ, ਕਮਿਊਨਿਸਟ ਦੇਸ਼ ਚੀਨ, ਜਾਪਾਨ, ਆਸਟ੍ਰੇਲੀਆ, ਡੈਨਮਾਰਕ, ਦੱਖਣੀ ਕੋਰੀਆ ਆਦਿ ਇਸ ਤੋਂ ਬੇਹਾਲ ਹਨ।

ਅਜੇ ਤਕ ਕੋਈ ਸਾਇੰਸ, ਵਿਗਿਆਨ, ਮੈਡੀਕਲ ਖੋਜੀ ਇਸ ਦੀ ਦਵਾਈ ਜਾਂ ਟੀਕਾ ਨਹੀਂ ਲੱਭ ਸਕੇ। ਸਮੁੱਚੀ ਸ਼ਕਤੀ, ਗਿਆਨ, ਵਿਗਿਆਨ, ਮੈਡੀਕਲ ਸੇਵਾਵਾਂ ਇਸ ਅੱਗੇ ਬੇਕਾਰ ਸਿੱਧ ਹੋ ਰਹੀਆਂ ਹਨ। ਫਿਰ ਵੀ ਇਸ ਅਦ੍ਰਿਸ਼ ਮਹਾਮਾਰੀ ਦਾ ਅੰਤ ਕਰਨ ਅਤੇ ਮਾਨਵ ਸਮਾਜ ਨੂੰ ਮੁੜ ਉਭਾਰਨ ਵਾਲੀ ਸ਼ਕਤੀ ਆਦਿ ਅਨੰਤ ਕਾਲ ਤੋਂ ਪੂਰੀ ਕਾਇਨਾਤ ਵਿਚ ਸਮਾਈ ਹੋਈ ਹੈ।

ਉਹ ਹੈ ਪਰਮਾਤਮਾ। ਉਸ ਦਾ ਓਟ, ਆਸਰਾ ਅਤੇ ਅਸੀਸ ਪ੍ਰਾਪਤ ਕਰਨ ਲਈ ਵੱਖ-ਵੱਖ ਧਰਮ, ਧਰਮ ਗ੍ਰੰਥ ਅਤੇ ਧਾਰਮਿਕ ਆਗੂ ਮੌਜੂਦ ਹਨ। ਅੱਜ ਲੋੜ ਹੈ ਕਿ ਹਰ ਧਰਮ ਨਾਲ ਸਬੰਧਤ ਧਾਰਮਿਕ ਆਗੂ ਲੋਕਾਂ ਵਿਚ ਵਿਚਰਨ, ਰੇਡੀਓ, ਟੀਵੀ, ਸੋਸ਼ਲ ਮੀਡੀਆ ਅਤੇ ਧਾਰਮਿਕ ਅਸਥਾਨਾਂ ਤੋਂ ਆਪੋ-ਆਪਣੇ ਧਰਮ ਦੇ ਪੈਰੋਕਾਰਾਂ ਨੂੰ ਇਸ ਮਹਾਮਾਰੀ ਦੇ ਮੁਕਾਬਲੇ ਲਈ ਘਰਾਂ ਵਿਚ ਰਹਿਣ, ਸਮਾਜਿਕ ਦੂਰੀ ਦੇ ਪਾਬੰਦ ਹੋਣ, ਮਾਸਕ (ਨਕਾਬ) ਦੀ ਵਰਤੋਂ ਕਰਨ, ਹੱਥਾਂ ਅਤੇ ਸਰੀਰ ਅਤੇ ਆਲੇ-ਦੁਆਲੇ ਦੀ ਸਫ਼ਾਈ ਰੱਖਣ, ਸ਼ਾਸਨ-ਪ੍ਰਸ਼ਾਸਨ ਨਾਲ ਸਹਿਯੋਗ ਕਰਨ, ਲੋੜਵੰਦਾਂ ਦੀ ਮਦਦ ਅਤੇ ਸੇਵਾ ਵਾਸਤੇ ਪ੍ਰੇਰਿਤ ਕਰਨ ਲਈ ਅੱਗੇ ਆਉਣ। ਵੇਦ, ਸ਼ਾਸਤਰ, ਭਗਵਤ ਗੀਤਾ ਆਦਿ ਹਰ ਹਿੰਦੂ ਨੂੰ ਮਾਨਵ ਸੇਵਾ, ਰਕਸ਼ਾ ਅਤੇ ਹੋਂਦ ਲਈ ਮਾਰਗ ਦਰਸ਼ਨ ਕਰਦੇ ਹਨ ਮਸਲਨ ਰਿਗਵੇਦ ਵਿਚ ਕਿਹਾ ਗਿਆ ਹੈ ਕਿ ਆਪਣੇ ਮਨ ਨੂੰ ਕਲਿਆਣਕਾਰੀ ਅਤੇ ਉਦਾਰ ਬਣਾਉ।।ਅਥਰਵ ਵੇਦ ਵਿਚ ਕਿਹਾ ਗਿਆ ਹੈ ਕਿ ਪੂਰੀ ਉਮਰ ਤੁਸੀਂ ਅਤੇ ਅਸੀਂ ਸਭ ਪਰਉਪਕਾਰ ਕਰਦੇ ਹੋਏ ਸੁੰਦਰ ਜੀਵਨ ਦਾ ਜਾਪ ਕਰੀਏ।

ਹਿਤੋਉਪਦੇਸ਼ ਮ੍ਰਿਤਲਾਭ ਵਿਚ ਕਿਹਾ ਗਿਆ ਹੈ ਕਿ ਬੱਚਾ ਹੋਵੇ, ਬੁੱਢਾ ਹੋਵੇ ਜਾਂ ਜਵਾਨ ਹੋਵੇ ਘਰ ਆਏ ਦੀ ਪੂਜਾ ਕਰਨੀ ਚਾਹੀਦੀ ਹੈ ਕਿਉਂਕਿ ਮਹਿਮਾਨ ਦੇਵਤਾ ਸਮਾਨ ਹੁੰਦਾ ਹੈ। ਭਗਵਤ ਗੀਤਾ ਵਿਚ ਭਗਵਾਨ ਸ੍ਰੀ ਕਿਸ਼ਨ ਕਹਿੰਦੇ ਹਨ ਕਿ ਇੰਦਰੀਆਂ ਦਾ ਸੰਜਮੀ, ਸਮਬੁੱਧੀ, ਸਰਵ ਪ੍ਰਾਣੀਆਂ ਦੇ ਹਿਤਕਾਰੀ ਮੈਨੂੰ ਪ੍ਰਾਪਤ ਕਰਦੇ ਹਨ। ਵਿਸ਼ਵ ਦਾ ਸਭ ਤੋਂ ਵੱਡਾ ਈਸਾਈ ਧਰਮ ਅਤੇ ਛੋਟਾ ਜਿਹਾ ਯਹੂਦੀ ਧਰਮ ਵੀ ਆਪਣੇ ਪੈਰੋਕਾਰਾਂ ਨੂੰ ਮਾਨਵ ਸੇਵਾ ਲਈ ਪ੍ਰੇਰਦੇ ਹਨ। ਬਾਈਬਲ ਵਿਚ ਵੀ ਕਿਹਾ ਗਿਆ ਹੈ ਕਿ ਧੰਨ ਹੈ ਉਹ ਜਿਹੜਾ ਗ਼ਰੀਬ ਦੀ ਸੁੱਧ ਲੈਂਦਾ ਹੈ, ਯਹੋਵਾਹ ਉਹ ਨੂੰ ਬੁਰਾਈ ਦੇ ਵੇਲੇ ਛੁਡਾਵੇਗਾ। ਇਸਲਾਮ ਧਰਮ ਮਾਨਵ ਸੇਵਾ, ਰਾਖੀ, ਸੰਭਾਲ ਲਈ ਕਦੇ ਪਿੱਛੇ ਨਹੀਂ ਰਿਹਾ। ਇਸ ਵਿਚ ਜਨਤਕ ਅਤੇ ਮਨੁੱਖੀ ਸੇਵਾ ਲਈ ਵਾਰ-ਵਾਰ ਜ਼ਿਕਰ ਹੁੰਦਾ ਹੈ। ਇਵੇਂ ਹੀ ਭਾਰਤ ਦੇ ਪੁਰਾਤਨ ਸੁਧਾਰਵਾਦੀ ਮਹਾਨ ਜੈਨ ਅਤੇ ਬੁੱਧ ਧਰਮ ਮਨੁੱਖ ਨੂੰ ਮਨੁੱਖਤਾ ਲਈ ਸੱਚੇ, ਅਹਿੰਸਕ ਅਤੇ ਸਮਰਪਿਤ ਭਾਵ ਨਾਲ ਸੇਵਾ, ਸਹਿਯੋਗ, ਪਿਆਰ ਅਤੇ ਤਿਆਗ ਕਰਨ ਲਈ ਪ੍ਰੇਰਦੇ ਹਨ।

ਸਯੁੰਤਨਿਕਾਯ ਵਿਚ ਕਿਹਾ ਗਿਆ ਹੈ ਕਿ ਉਹ ਮਰਨ 'ਤੇ ਵੀ ਨਹੀਂ ਮਰਦੇ ਜੋ ਇਕ ਪੰਧ 'ਤੇ ਚੱਲਦੇ ਹੋਏ ਸਹਿ-ਯਾਤਰੀਆਂ ਦੀ ਤਰ੍ਹਾਂ ਥੋੜ੍ਹੀ ਤੋਂ ਥੋੜ੍ਹੀ ਚੀਜ਼ ਵੀ ਆਪਸ ਵਿਚ ਵੰਡ ਕੇ ਖਾਂਦੇ ਹਨ। ਇਹ ਪਰਸਪਰ ਸਹਿਯੋਗ ਹੀ ਸਨਾਤਨ ਧਰਮ ਹੈ। ਸਥਾਂਨਾਂਗ ਮੁਤਾਬਕ ਜੋ ਬੇਸਹਾਰਾ ਅਤੇ ਬੇਆਸਰਾ ਹਨ, ਉਨ੍ਹਾਂ ਨੂੰ ਸਹਿਯੋਗ ਅਤੇ ਆਸਰਾ ਦੇਣ ਲਈ ਸਦਾ ਤਤਪਰ ਰਹਿਣਾ ਚਾਹੀਦਾ ਹੈ। ਸਿੱਖ ਧਰਮ ਦੀਆਂ ਵੱਖ-ਵੱਖ ਸੰਸਥਾਵਾਂ ਅੱਜ ਪੂਰੇ ਵਿਸ਼ਵ ਵਿਚ ਮਾਨਵ ਸੇਵਾ ਲਈ ਲੰਗਰ ਲਾ ਰਹੀਆਂ ਹਨ, ਲੋੜਵੰਦਾਂ ਲਈ ਕੱਪੜੇ, ਮਾਸਕਾਂ ਦੀ ਸੇਵਾ ਕਰ ਰਹੀਆਂ ਹਨ। ਖ਼ਾਲਸਾ ਏਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਕਮੇਟੀਆਂ ਇਸ ਕਾਰਜ ਵਿਚ ਮੋਹਰੀ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਨ੍ਹਾਂ ਦੀ ਨਿਸ਼ਕਾਮ ਸੇਵਾ ਅੱਗੇ ਸੀਸ ਝੁਕਾਇਆ ਹੈ। ਦਿੱਲੀ ਵਿਖੇ ਜਿਸ ਐੱਸਡੀਐੱਮ ਅਤੇ ਡਿਪਟੀ ਕਮਿਸ਼ਨਰ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁੱਧ ਕੇਸ ਦਰਜ ਕੀਤਾ ਸੀ ਉਸੇ ਦੀ ਮੰਗ 'ਤੇ ਬਗੈਰ ਦਵੈਸ਼ ਭਾਵ ਦੇ ਰੋਜ਼ਾਨਾ 25 ਹਜ਼ਾਰ ਵਿਅਕਤੀਆਂ ਲਈ ਖਾਣਾ ਇਹੋ ਕਮੇਟੀ ਮਾਨਵ ਸੇਵਾ ਲਈ ਭੇਜ ਰਹੀ ਹੈ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੌਣੇ ਦੋ ਲੱਖ ਬੇਸਹਾਰਾ, ਲੋੜਵੰਦ, ਬੇਰੁਜ਼ਗਾਰਾਂ ਅਤੇ ਕੋਰੋਨਾ ਸੰਕਟ ਕਾਰਨ ਘਿਰੇ ਲੋਕਾਂ ਲਈ ਰੋਜ਼ਾਨਾ ਖਾਣਾ ਤਿਆਰ ਕਰ ਰਹੀ ਹੈ। ਇਹੀ ਸੇਵਾ ਅਮਰੀਕਾ, ਕੈਨੇਡਾ, ਬ੍ਰਿਟੇਨ, ਫਰਾਂਸ, ਇਟਲੀ ਜਾਂ ਜਿੱਥੇ-ਜਿੱਥੇ ਵੀ ਸਿੱਖ ਸੰਗਠਨ ਜਾਂ ਗੁਰਦੁਆਰੇ ਹਨ, ਉੱਥੇ ਜਾਰੀ ਹੈ। ਪਰ ਕੁਝ ਸਿੱਖ ਕੋਵਿਡ-19 ਦੀ ਰੋਕਥਾਮ ਲਈ ਸਰਕਾਰਾਂ ਵੱਲੋਂ ਜਾਰੀ ਨਿਰਦੇਸ਼ਾਂ ਦੀ ਉਲੰਘਣਾ ਵੀ ਕਰ ਰਹੇ ਹਨ।

ਸਿੱਖ ਰਹਿਬਰਾਂ, ਡੇਰੇਦਾਰਾਂ ਅਤੇ ਆਗੂਆਂ ਨੂੰ ਅੱਜ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਡੇਰੇਦਾਰਾਂ ਦੀ ਭੂਮਿਕਾ ਕਿਧਰੇ ਨਜ਼ਰ ਨਹੀਂ ਆ ਰਹੀ। ਈਸਾਈ ਧਾਰਮਿਕ ਆਗੂ ਪੋਪ ਫਰਾਂਸਿਸ ਨੇ ਸਮੁੱਚੇ ਪਾਦਰੀ ਅਤੇ ਬਿਸ਼ਪ ਭਾਈਚਾਰੇ ਨੂੰ ਕਿਹਾ ਹੈ, ''ਇਸ ਸਮੇਂ ਹੌਸਲੇ ਅਤੇ ਜੁਅਰਤ ਤੋਂ ਕੰਮ ਲੈਣ ਦੀ ਲੋੜ ਹੈ। ਅੱਜ ਮਰੀਜ਼ਾਂ ਅਤੇ ਬਿਮਾਰਾਂ ਕੋਲ ਜਾ ਕੇ ਪ੍ਰਭੂ ਦੀ ਸੇਵਾ ਕਰੋ। ਸਿਹਤ ਕਰਮਚਾਰੀਆਂ ਦੀ ਮਦਦ ਕਰੋ। ਪੋਪ, ਸ਼੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ, ਮੁਸਲਿਮ ਧਾਰਮਿਕ ਸਰਬਰਾਹਾਂ ਦੇ ਸੰਦੇਸ਼ਾਂ ਕਾਰਨ ਈਸਟਰ, ਵਿਸਾਖੀ ਅਤੇ ਕਈ ਹਿੰਦੂ ਧਰਮ-ਤਿਉਹਾਰ ਸੁੱਖੀਂ-ਸਾਂਦੀ ਲੰਘ ਗਏ ਹਨ। ਆਸ ਹੈ ਕਿ ਰਮਜ਼ਾਨ ਦਾ ਮਹੀਨਾ ਵੀ ਯੋਗ ਧਾਰਮਿਕ ਅਗਵਾਈ ਸਦਕਾ ਸਹੀ ਤੌਰ 'ਤੇ ਲੰਘ ਜਾਵੇਗਾ। ਪੋਪ ਅਤੇ ਹੋਰ ਵੱਖ-ਵੱਖ ਰਾਸ਼ਟਰਾਂ ਦੇ ਈਸਾਈ ਧਾਰਮਿਕ ਆਗੂਆਂ ਦੇ ਨਿਰਦੇਸ਼ਾਂ 'ਤੇ ਚਰਚ ਬੰਦ ਕਰ ਦਿੱਤੇ ਗਏ ਹਨ।

ਜਨਤਕ ਤੌਰ 'ਤੇ ਬੈਥਲਾਹਮ ਪਵਿੱਤਰ ਚਰਚ ਬੰਦ ਕੀਤੀ ਗਈ। ਮੱਕਾ ਅਤੇ ਮਦੀਨਾ ਪਵਿੱਤਰ ਮੁਸਲਿਮ ਅਸਥਾਨ ਆਰਜ਼ੀ ਤੌਰ 'ਤੇ ਬੰਦ ਕਰ ਦਿੱਤੇ ਗਏ, ਯਹੂਦੀ ਪਵਿੱਤਰ ਅਸਥਾਨ ਬੰਦ ਕੀਤੇ ਗਏ ਹਨ। ਸਿੱਧੀ ਵਿਨਾਇਕ ਮੰਦਰ, ਤਿਰੂਪਤੀ ਬਾਲਾਜੀ ਮੰਦਰ, ਪੁਰੀ ਵਿਚ ਜਗਨ ਨਾਥ ਮੰਦਰ ਸਮੇਤ ਅਨੇਕ ਮੰਦਰ ਬੰਦ ਕੀਤੇ ਗਏ ਹਨ।

ਹਰਿਦੁਆਰ ਵਿਖੇ ਗੰਗਾ ਆਰਤੀ ਮੁਲਤਵੀ ਕੀਤੀ ਗਈ ਹੈ। ਕੇਰਲ ਦੇ ਮੁੱਖ ਮੰਤਰੀ ਭਾਵੇਂ ਸੀਪੀਐੱਮ ਨਾਲ ਸਬੰਧਤ ਹਨ ਪਰ ਉਨ੍ਹਾਂ ਦੀ ਅਪੀਲ 'ਤੇ ਹਿੰਦੂ, ਮੁਸਲਿਮ, ਈਸਾਈ ਧਾਰਮਿਕ ਆਗੂਆਂ ਨੇ ਆਪੋ-ਆਪਣੇ ਧਾਰਮਿਕ ਅਦਾਰੇ ਬੰਦ ਰੱਖੇ ਹੋਏ ਹਨ। ਦੁਆਰਕਾ, ਮਾਤਾ ਵੈਸ਼ਨੋ ਦੇਵੀ ਮੰਦਰ ਅਤੇ ਬਦਰੀਨਾਥ ਯਾਤਰਾ ਬੰਦ ਹੈ। ਧਾਰਮਿਕ ਆਗੂਆਂ ਜਿਵੇਂ ਕਿ ਸ੍ਰੀਸ੍ਰੀ ਰਵੀ ਸ਼ੰਕਰ, ਅਮਰਿਤਾਦਾਮਾਈ, ਜੱਗੀ ਵਾਸੂਦੇਵ ਸਮੇਤ ਅਨੇਕਾਂ ਨੇ ਆਪਣੇ ਆਸ਼ਰਮ ਬੰਦ ਕਰ ਦਿੱਤੇ ਹਨ। ਬਾਬਾ ਰਾਮਦੇਵ ਵੱਲੋਂ ਵੱਖ-ਵੱਖ ਟੀਵੀ ਚੈਨਲਾਂ ਤੋਂ ਰੋਜ਼ਾਨਾ ਆਮ ਲੋਕਾਂ ਵਿਚ ਇਮਿਊਨਿਟੀ ਵਧਾਉਣ ਲਈ ਯੋਗਾ ਆਸਣ ਸਿਖਾਏ ਜਾ ਰਹੇ ਹਨ। ਅਜਿਹੇ ਉੱਦਮ ਪੂਰੇ ਵਿਸ਼ਵ ਵਿਚ ਸਲਾਹੇ ਜਾ ਰਹੇ ਹਨ। ਲੇਕਿਨ ਕਈ ਧਾਰਮਿਕ ਅਦਾਰਿਆਂ ਵਿਚ ਕੁਝ ਅੰਧ-ਵਿਸ਼ਵਾਸੀ, ਗੁਮਰਾਹਕੁੰਨ ਅਨਸਰ ਅਕਸਰ ਪ੍ਰਾਰਥਨਾ, ਨਮਾਜ਼, ਧਾਰਮਿਕ ਪੂਜਾ-ਅਰਚਨਾ ਲਈ ਇਕੱਠ ਕਰਦੇ ਨਜ਼ਰ ਆਉਂਦੇ ਹਨ।

ਸਿਰਫ਼ ਭਾਰਤ ਵਿਚ ਹੀ ਨਹੀਂ ਬਲਕਿ ਬਾਹਰ ਵੀ ਇਜ਼ਰਾਈਲ ਦਾ ਇਕ ਮੰਤਰੀ ਕਿਸੇ ਗੈਬੀ ਮਸੀਹੇ ਦੇ ਆਗਮਨ ਦੀ ਗੱਲ ਕਰ ਰਿਹਾ ਹੈ। ਭਾਰਤ ਅੰਦਰ ਤਬਲੀਗੀ ਜਮਾਤ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ। ਇਸ ਗੁਨਾਹ ਤੋਂ ਸਾਰੇ ਧਰਮਾਂ ਅਤੇ ਰਹਿਬਰਾਂ ਨੂੰ ਤੌਬਾ ਕਰਨੀ ਚਾਹੀਦੀ ਹੈ। ਪਰ ਭਾਰਤੀ ਧਾਰਮਿਕ ਰਹਿਬਰਾਂ ਲਈ ਕੋਵਿਡ-19 ਮਹਾਮਾਰੀ ਸਨਮੁੱਖ ਵੱਡੀ ਚਣੌਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਦਾ ਪੁੱਤਰ ਅਤੇ ਸਾਬਕਾ ਮੁੱਖ ਮੰਤਰੀ ਕੁਮਾਰ ਸਵਾਮੀ ਜੋਤਸ਼ੀਆਂ ਦੀ ਸਲਾਹ 'ਤੇ ਆਪਣੇ ਲੜਕੇ ਦੀ ਸ਼ਾਦੀ ਰਚਾਉਂਦਾ ਹੈ। ਸਮਾਜਿਕ ਦੂਰੀ ਅਤੇ ਹੋਰ ਸਰਕਾਰੀ ਆਦੇਸ਼ਾਂ ਦੇ ਪਰਖੱਚੇ ਉਡਾਉਂਦਾ ਹੋਇਆ ਵੱਡਾ ਇਕੱਠ ਕਰਦਾ ਹੈ।

ਮੀਡੀਆ 20 ਕਿਲੋਮੀਟਰ ਦੂਰ ਰੋਕ ਲਿਆ ਜਾਂਦਾ ਹੈ। ਉਸ ਸ਼ਾਦੀ ਸਮਾਗਮ ਵਿਚ 200 ਤੋਂ ਵੱਧ ਲੋਕ ਮੌਜੂਦ ਸਨ। ਕਰਨਾਟਕ ਵਿਚ ਹੀ ਕਲਬੁਰਗੀ ਵਿਖੇ ਲੋਕਾਂ ਨੇ ਰੱਥ ਯਾਤਰਾ ਕੱਢੀ ਜਿਸ ਵਿਚ ਵੱਡੇ ਹਜੂਮ ਨੇ ਭਾਗ ਲਿਆ। ਇਸ ਜ਼ਿਲ੍ਹੇ ਵਿਚ ਤਿੰਨ ਲੋਕ ਕੋਰੋਨਾ ਵਾਇਰਸ ਕਾਰਨ ਮਰ ਚੁੱਕੇ ਹਨ ਅਤੇ 20 ਬਿਮਾਰ ਹਨ। ਕੀ ਟੀਵੀ ਚੈਨਲ ਐਸੇ ਗੁਨਾਹਾਂ ਨੂੰ ਤਬਲੀਗੀ ਗੁਨਾਹ ਵਾਂਗ ਉਛਾਲਣਗੇ? ਖ਼ੈਰ, ਅੱਜ ਲੋੜ ਹੈ ਸਮੂਹ ਧਾਰਮਿਕ ਆਗੂਆਂ ਨੂੰ ਭਾਰਤ ਹੀ ਨਹੀਂ ਬਲਕਿ ਹਰ ਰਾਸ਼ਟਰ ਵਿਚ ਅੱਗੇ ਆ ਕੇ ਆਪੋ-ਆਪਣੇ ਧਰਮ ਦੇ ਪੈਰੋਕਾਰਾਂ ਨੂੰ ਸਮਝਾਉਣ ਦੀ ਕਿ ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਘਰਾਂ ਵਿਚ ਹੀ ਬੈਠ ਕੇ ਰੱਬ ਦੀ ਬੰਦਗੀ ਕਰਨ।

-(ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ)। -ਮੋਬਾਈਲ ਨੰ. : 94170-94034

Posted By: Susheel Khanna