30 ਸਤੰਬਰ 1889 ਨੂੰ ਪਿੰਡ ਘਘਰੋਟ ਜ਼ਿਲ੍ਹਾ ਰਾਵਲਪਿੰਡੀ ਵਿਚ ਹੀਰਾ ਸਿੰਘ ਦਰਦ ਦਾ ਜਨਮ ਭਾਈ ਹਰੀ ਸਿੰਘ ਨਿਰੰਕਾਰੀ ਦੇ ਘਰ ਹੋਇਆ। ਪਰਿਵਾਰ ਦਾ ਕਿੱਤਾ ਕਿਰਸਾਨੀ ਨਾਲ ਸਬੰਧਤ ਸੀ ਪਰ ਜ਼ਮੀਨ ਥੋੜ੍ਹੀ ਹੋਣ ਕਾਰਨ ਪਿਤਾ ਹਿਕਮਤ ਤੇ ਹੋਰ ਕਿਰਤ ਵੀ ਕਰਦੇ ਸਨ। ਆਪ ਦਾ ਪਰਿਵਾਰਕ ਪਿਛੋਕੜ ਪੁੰਛ ਦੇ ਇਕ ਬ੍ਰਾਹਮਣ ਪਰਿਵਾਰ ਨਾਲ ਸਬੰਧਤ ਸੀ। ਹੀਰਾ ਸਿੰਘ ਦਰਦ ਰਾਵਲਪਿੰਡੀ ਵਿਚ ਈਸਾਈ ਮਿਸ਼ਨ ਸਕੂਲ ’ਚ ਪੜ੍ਹੇ। ਮੈਟਿ੍ਰਕ ਤੇ ਗਿਆਨੀ ਪਾਸ ਕਰ ਕੇ ਹਿੰਦੀ, ਉਰਦੂ, ਫਾਰਸੀ ਤੇ ਅੰਗਰੇਜ਼ੀ ਦਾ ਖੁੱਲ੍ਹਾ ਅਧਿਐਨ ਕੀਤਾ। ਮਿਊਂਸੀਪਲ ਕਮੇਟੀ ਰਾਵਲਪਿੰਡੀ ਵਿਚ 1907 ਵਿਚ ਨੌਕਰੀ ਕੀਤੀ ਪਰ ਇਹ ਛੱਡ ਦਿੱਤੀ। ਫਿਰ ਉਸ ਤੋਂ ਬਾਅਦ ਲਾਇਲਪੁਰ ਜ਼ਿਲ੍ਹੇ ਵਿਚ, ਚੱਕ ਨੰ. 73 ਵਿਖੇ ਸਿੰਘ ਸਭਾ ਸਕੂਲ ਵਿਚ ਅਧਿਆਪਕ ਲੱਗ ਗਏ ਤੇ 1908 ਤੋਂ 1919 ਤਕ ਆਪਣੀ ਅਧਿਆਪਨ ਸੇਵਾ ਨਿਭਾਈ। ਸਾਲ 1908 ’ਚ ਨੜਾਲੀ ਪਿੰਡ ਦੇ ਭਾਈ ਅਰਜਨ ਸਿੰਘ ਦੀ ਬੇਟੀ ਹਰ ਕੌਰ ਨਾਲ ਉਨ੍ਹਾਂ ਦਾ ਵਿਆਹ ਹੋਇਆ। ਤੇਰਾਂ ਨਵੰਬਰ 1908 ਨੂੰ ‘ਸਿੰਘ ਸਭਾ ਲਹਿਰ’ ਵੱਲੋਂ ਚੱਕ ਨੰਬਰ-73 ਦੇ ਸਕੂਲ ਦੀ ਸੇਵਾ ਹੀਰਾ ਸਿੰਘ ਨੂੰ ਸੌਂਪੀ ਗਈ ਜੋ ਬਾਅਦ ਵਿਚ ਸਿੱਖੀ ਪ੍ਰਚਾਰ ਦਾ ਕੰਮ ਕਰਨ ਵਾਲਿਆਂ ਦਾ ਇਕ ਜਥਾ ‘ਗੁਰਮਤਿ ਪ੍ਰਚਾਰਕ ਜਥਾ ਝੰਗ ਸ਼ਾਖਾ’ ਬਣਿਆ। ਸੰਨ 1912 ਵਿਚ ‘ਖਾਲਸਾ ਸੇਵਕ’ ਦੇ ਸਬ-ਐਡੀਟਰ ਬਣੇ। ਅੱਠ ਮਾਰਚ 1913 ਨੂੰ ਉਨ੍ਹਾਂ ਨੇ ਜਾਤ-ਪਾਤ ਵਿਰੁੱਧ ਇਕ ਸਮਾਜਿਕ ਕਵਿਤਾ ਅੰਬਾਲਾ ਕਾਨਫਰੰਸ ਮੌਕੇ ‘ਪਹਿਲਾਂ ਆਪਣਾ ਆਪ ਸੁਧਾਰ ਲਈਏ’ ਦੇ ਸਿਰਲੇਖ ਹੇਠ ਪੜ੍ਹੀ। ਉਹ 1913-14 ’ਚ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹੇ ਜਾਣ ਵਿਰੁੱਧ ਅੰਦੋਲਨ ਵਿਚ ਸਰਗਰਮ ਰਹੇ। ਉਹ 1914 ’ਚ ਕਾਮਾਗਾਟਾਮਾਰੂ ਜਹਾਜ਼ ਦੇ ਸ਼ਹੀਦਾਂ ਲਈ ਅਖੰਡ ਪਾਠ ਕਰਵਾਉਣ ਦੇ ਜ਼ੁਰਮ ਵਿਚ ਗਿ੍ਫ਼ਤਾਰ ਹੋਏ। ਹੀਰਾ ਸਿੰਘ ਪਹਿਲਾਂ ‘ਦੁਖੀਆ’ ਉਪਨਾਮ ਹੇਠ ਕਵਿਤਾ ਲਿਖਦੇ ਸਨ। ਸੰਨ 1918 ਤੋਂ ‘ਦਰਦ’ ਉਪਨਾਮ ਵਰਤਣ ਲੱਗ ਪਏ। ਤੇਰਾਂ ਅਕਤੂਬਰ 1919 ਨੂੰ ‘ਤੈਂ ਕੀ ਦਰਦ ਨਾ ਅਇਆ’ ਨਾਂ ਦੀ ਲੰਬੀ ਕਵਿਤਾ ਲਿਖੀ ਜਿਸ ’ਚ ਗੁਰੂ ਨਾਨਕ ਦੇਵ ਦੇ ਉਪਕਾਰਾਂ ਦਾ ਜ਼ਿਕਰ ਕਰਦਿਆਂ ਅਤੇ ਬਾਬਰ ਦੇ ਹਮਲੇ ਨਾਲ ਹੋਈ ਤਬਾਹੀ ਦਾ ਜ਼ਿਕਰ ਕੀਤਾ ਹੈ। ਸੰਨ 1919 ’ਚ ਜਦੋਂ ਅਕਾਲੀ ਲਹਿਰ ਵੇਲੇ ਸਰਕਾਰ ਵੱਲੋਂ ਸਖ਼ਤੀ ਕੀਤੀ ਗਈ ਤਾਂ ਕਵੀ ਦਾ ਕੋਮਲ ਹਿਰਦਾ ਵਿਲਕ ਉੱਠਿਆ ਤੇ ਇਨ੍ਹਾਂ ਨੇ ‘ਦਰਦ ਸੁਨੇਹੇ’ (ਤਿੰਨ ਭਾਗ) ਰਚੇ। ਮਾ. ਸੁੰਦਰ ਸਿੰਘ ਤੇ ਮੰਗਲ ਸਿੰਘ ਨਾਲ ਰਲ ਕੇ 1920 ’ਚ ਲਾਹੌਰ ਤੋਂ ਰੋਜ਼ਾਨਾ ਅਕਾਲੀ ਅਖ਼ਬਾਰ ਕੱਢਿਆ। ਦਰਦ ਜੀ ਇਸ ਦੇ ਪਹਿਲੇ ਸੰਪਾਦਕ ਸਨ। ਸੰਨ 1920 ਵਿਚ ਕੇਂਦਰੀ ਸਿੱਖ ਲੀਗ ਅਤੇ 1921 ਵਿਚ ਹੀਰਾ ਸਿੰਘ ਦਰਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵਜੋਂ ਵੀ ਕੰਮ ਕੀਤਾ।

ਸੰਪਾਦਕ ਦੇ ਤੌਰ ’ਤੇ ਅੰਗਰੇਜ਼ ਸਰਕਾਰ ਵਿਰੁੱਧ ਪ੍ਰਚਾਰ ਦੇ ਦੋਸ਼ ਵਿਚ ਉਨ੍ਹਾਂ ਨੂੰ ਪਹਿਲੀ ਵਾਰ ਜੂਨ 1921 ’ਚ ਗਿ੍ਰਫ਼ਤਾਰ ਕੀਤਾ ਤੇ ਛੇ ਮਹੀਨੇ ਦੀ ਕੈਦ ਹੋਈ। ਸੰਨ 1922 ਵਿਚ ਢਾਈ ਸਾਲ ਦੀ ਕੈਦ ਹੋਈ। ਉਨ੍ਹਾਂ ਨੇ 1924 ’ਚ ‘ਫੁਲਵਾੜੀ’ ਮਾਸਿਕ ਪੱਤਰ ਸ਼ੁਰੂ ਕੀਤਾ ਜੋ 1956 ਤਕ ਪ੍ਰਕਾਸ਼ਿਤ ਹੁੰਦਾ ਰਿਹਾ। ਪੰਜਾਬੀ ਸਾਹਿਤ ਖੋਜੀ ਇਹ ਤੱਥ ਸਵੀਕਾਰਦੇ ਹਨ ਕਿ ‘ਫੁਲਵਾੜੀ’ ਬਿਨਾਂ ਆਧੁਨਿਕ ਪੰਜਾਬੀ ਸਾਹਿਤ ਦਾ ਅਧਿਐਨ ਅਸੰਭਵ ਹੈ। ਸੰਨ 1924-25 ’ਚ ਉਨ੍ਹਾਂ ਨੂੰ ਫਿਰ ਛੇ ਮਹੀਨੇ ਦੀ ਕੈਦ ਹੋਈ ਅਤੇ ਸਰਕਾਰ ਨੇ ਹੀਰਾ ਸਿੰਘ ਦਰਦ ਦਾ ਮਕਾਨ ਤੇ ਜ਼ਮੀਨ ਵੀ ਨਿਲਾਮ ਕਰ ਦਿੱਤੇ। ਦਰਦ ਜੀ ਨੇ 1926 ’ਚ ਮੁਸ਼ਤਾਕ, ਮੌਲਾ ਬਖਸ਼ ਕੁਸ਼ਤਾ ਅਤੇ ਧਨੀ ਰਾਮ ਚਾਤ੍ਰਿਕ ਨਾਲ ਮਿਲ ਕੇ ਪੰਜਾਬੀ ਸਭਾ ਦੀ ਨੀਂਹ ਰੱਖੀ। ਅੱਗੇ ਚੱਲ ਕੇ 1942 ਈ: ਵਿਚ ‘ਹਿੰਦ ਛੋੜ ਜਾਓ’ ਲਹਿਰ ਵਿਚ ਸਰਗਰਮ ਹਿੱਸਾ ਲੈਣ ਕਰ ਕੇ ਹੀਰਾ ਸਿੰਘ ਦਰਦ 1942 ਤੋਂ 1945 ਤਕ ਤਿੰਨ ਸਾਲ ਨਜ਼ਰਬੰਦ ਰਹੇ। ਦਰਦ ਜੀ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਪਹਿਲਾ ਜਨਰਲ ਸਕੱਤਰ ਹੋਣ ਦਾ ਮਾਣ ਵੀ ਪ੍ਰਾਪਤ ਹੈ। ਸੰਨ 1960 ਵਿਚ ਦਰਦ ਨੇ ਪੰਜਾਬੀ ਪ੍ਰਚਾਰ ਕੇਂਦਰ, ਜਲੰਧਰ ਦੀ ਸਥਾਪਨਾ ਕੀਤੀ। ਇਸੇ ਵਰ੍ਹੇ ਹੀ ਹੀਰਾ ਸਿੰਘ ਦਰਦ ਨੂੰ ਸਾਹਿਤਕ ਸੇਵਾਵਾਂ ਬਦਲੇ ਭਾਸ਼ਾ ਵਿਭਾਗ ਵੱਲੋਂ 23 ਮਾਰਚ ਨੂੰ ਹੋਏ ਸਾਲਾਨਾ ਸਮਾਰੋਹ ਸਮੇਂ ਨੂੰ ਸਨਮਾਨਿਤ ਕੀਤਾ ਗਿਆ। ਸੰਨ 1962 ਵਿਚ ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਣਾਏ ਗਏ। ਉਨ੍ਹਾਂ ਦੇ 15 ਕਾਵਿ ਸੰਗ੍ਰਹਿ, ਦੋ ਕਹਾਣੀ ਸੰਗ੍ਰਹਿ ਤੇ ਆਲੋਚਨਾ ਦੀਆਂ ਤਿੰਨ ਪੁਸਤਕਾਂ ਛਪੀਆਂ ਹਨ। ਹੁਣ ਤਕ ਉਨ੍ਹਾਂ ਦੇ ਸਾਹਿਤ ਉੱਤੇ ਤਿੰਨ ਪੀਐੱਚਡੀ ਅਤੇ ਅੱਠ ਐੱਮ.ਫਿਲ ਦੇ ਥੀਸਿਸ ਦਾ ਕੰਮ ਹੋ ਚੁੱਕਾ ਹੈ। ਪੱਤਰਕਾਰੀ ਦੇ ਖੇਤਰ ਵਿਚ ਹੀਰਾ ਸਿੰਘ ਦਰਦ ‘ਅਕਾਲੀ’ ਅਖ਼ਬਾਰ ਤੋਂ ਬਿਨਾਂ ‘ਖਾਲਸਾ ਸੇਵਕ’, ‘ਕੌਮੀ ਦਰਦ’, ‘ਦੇਸ਼ ਭਗਤ’, ‘ਨਵਾਂ ਯੁਗ’, ਤੇ ‘ਲਾਲ ਸਵੇਰਾ’ ਪਰਚਿਆਂ ਆਦਿ ਨੂੰ ਵੀ ਸੰਪਾਦਿਤ ਕਰਦੇ ਰਹੇ। ਸੰਨ 1964 ਦੇ ਅੰਤ ’ਚ ‘ਦਰਦ’ ਜੀ ਨੂੰ ਅਧਰੰਗ ਹੋ ਗਿਆ। ਗਿਆਨੀ ਹੀਰਾ ਸਿੰਘ ‘ਦਰਦ’ ਨੇ 22 ਜੂਨ 1965 ਨੂੰ ਆਖ਼ਰੀ ਸਾਹ ਲਿਆ।

-ਸੁਖਚੈਨ ਸਿੰਘ ਕੁਰੜ

sukhchainsingh88karur@gmail.com

Posted By: Jagjit Singh