-ਬ੍ਰਿਗੇ. ਕੁਲਦੀਪ ਸਿੰਘ ਕਾਹਲੋਂ

ਅਫ਼ਗਾਨਿਸਤਾਨ ਵਿਚ ਵੱਸੇ ਘੱਟ ਗਿਣਤੀ ਦੇ ਬਾਸ਼ਿੰਦਿਆਂ, ਖ਼ਾਸ ਤੌਰ 'ਤੇ ਸਿੱਖਾਂ 'ਤੇ ਲਗਾਤਾਰ ਕੀਤੇ ਜਾ ਰਹੇ ਤਸ਼ੱਦਦ ਦੀ ਹੁਣ ਇੰਤਹਾ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਕਈ ਸਦੀਆਂ ਤੋਂ ਸਥਾਪਤ ਕਾਰੋਬਾਰ ਅਤੇ ਜਾਇਦਾਦਾਂ ਛੱਡ-ਛਡਾਅ ਕੇ ਦੇਸ਼ਾਂਤਰ ਗਮਨ ਕਰਨ ਵਾਸਤੇ ਮਜਬੂਰ ਹੋਣ ਪੈ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਅਫ਼ਗਾਨਿਸਤਾਨ ਦੇ ਹਿੰਦੂ-ਸਿੱਖ ਭਾਈਚਾਰੇ ਦੇ ਨੇਤਾ ਨਿਦਾਨ ਸਿੰਘ ਦੀ ਹੈ ਜਿਨ੍ਹਾਂ ਨੂੰ ਤਾਲਿਬਾਨ ਅੱਤਵਾਦੀਆਂ ਨੇ ਬੰਧਕ ਬਣਾ ਲਿਆ ਸੀ ਅਤੇ ਜਦੋਂ ਉਹ ਰਿਹਾਈ ਉਪਰੰਤ ਬੀਤੇ ਦਿਨੀਂ ਦਿੱਲੀ ਪੁੱਜਾ ਤਾਂ ਉਸ ਦੀ ਦਰਦ ਭਰੀ ਦਾਸਤਾਨ ਪਤਾ ਲੱਗੀ।

ਨਿਦਾਨ ਸਿੰਘ ਦੀ ਰਿਹਾਈ ਵਾਸਤੇ ਉਸ ਦੀ ਧਰਮ ਪਤਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸਹਿਯੋਗ ਮੰਗਿਆ ਸੀ ਜਿਸ ਸਦਕਾ ਇਕ ਮਹੀਨੇ ਬਾਅਦ ਉਸ ਦੀ ਰਿਹਾਈ ਸੰਭਵ ਹੋਈ ਸੀ। ਦਰਅਸਲ, ਬੀਤੇ ਕੁਝ ਦਹਾਕਿਆਂ ਤੋਂ ਅਫ਼ਗਾਨਿਸਤਾਨ ਵਿਚ ਸਿੱਖ ਭਾਈਚਾਰੇ 'ਤੇ ਅੱਤਵਾਦੀਆਂ ਵੱਲੋਂ ਕਦੇ-ਕਦਾਈਂ ਹਮਲੇ ਹੁੰਦੇ ਰਹੇ ਹਨ ਜਿਵੇਂ ਕਿ ਸੰਨ 1989 ਵਿਚ ਗੁਰੂ ਨਾਨਕ ਦਰਬਾਰ ਗੁਰਦੁਆਰੇ 'ਤੇ ਹਮਲਾ ਹੋਇਆ ਜਿਸ ਵਿਚ 22 ਸਿੱਖ ਮਾਰੇ ਗਏ ਸਨ ਪਰ ਹੁਣ ਤਾਂ ਇਹ ਹਮਲੇ, ਅੱਤਿਆਚਾਰ ਤੇ ਸਿੱਖਾਂ ਦੀ ਲੁੱਟ-ਖਸੁੱਟ ਦੇ ਮਸਲੇ ਵੀ ਸਾਹਮਣੇ ਆਉਂਦੇ ਰਹਿੰਦੇ ਹਨ। ਹੁਣ ਤਾਂ ਇਹ ਵਾਰਦਾਤਾਂ ਜ਼ੋਰ ਫੜਦੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਦੇਸ਼ ਛੱਡਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸੰਨ 2018 ਵਾਲੇ ਲਹੂ-ਭਿੱਜੇ ਜੁਲਾਈ ਵਾਲੇ ਦੁਖਦਾਇਕ ਕਾਂਡ ਦੀ ਯਾਦ ਤਾਜ਼ਾ ਹੈ ਜਦੋਂਕਿ ਸਿੱਖ ਤੇ ਹਿੰਦੂ ਜੱਥੇਬੰਦੀਆਂ ਦੇ ਕੁਝ ਮੈਂਬਰ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨਾਲ ਮੁਲਾਕਾਤ ਕਰਨ ਲਈ ਜਲਾਲਾਬਾਦ ਜਾ ਰਹੇ ਸਨ ਤੇ ਉਨ੍ਹਾਂ 'ਤੇ ਇਸਲਾਮਿਕ ਸਟੇਟ (ਆਈਐੱਸ) ਦੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ ਜਿਸ ਵਿਚ 19 ਨਿਹੱਥੇ ਲੋਕ ਮਾਰੇ ਗਏ ਤੇ 21 ਜ਼ਖ਼ਮੀ ਹੋਏ ਸਨ। ਇਨ੍ਹਾਂ ਵਿਚ ਪਾਰਲੀਮੈਂਟ ਚੋਣਾਂ ਦਾ ਇੱਕੋ-ਇਕ ਸਿੱਖ ਉਮੀਦਵਾਰ ਅਵਤਾਰ ਸਿੰਘ ਖ਼ਾਲਸਾ ਮਾਰਿਆ ਗਿਆ ਸੀ। ਬੀਤੀ 6 ਮਾਰਚ ਨੂੰ ਦੇਸ਼ ਦੀ ਰਾਜਧਾਨੀ ਕਾਬੁਲ ਵਿਚ ਹੀ ਆਈਐੱਸ ਨੇ ਸ਼ੀਆ ਮੁਸਲਮਾਨਾਂ ਦੇ ਇਕੱਠ 'ਤੇ ਹਮਲਾ ਕੀਤਾ ਜਿਸ ਵਿਚ 32 ਲੋਕ ਮਾਰੇ ਗਏ।

ਫਿਰ 25 ਮਾਰਚ ਨੂੰ ਗੁਰਦੁਆਰਾ ਹਰਿ ਰਾਇ ਸਾਹਿਬ ਵਿਖੇ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਅਰਦਾਸ ਵਿਚ ਜੁਟੀ ਨਾਨਕ ਨਾਮ ਲੇਵਾ ਸੰਗਤ 'ਤੇ ਕੀਤਾ ਗਿਆ ਵਹਿਸ਼ੀਆਨਾ ਕਾਰਾ ਕੇਵਲ ਘੱਟ-ਗਿਣਤੀ ਵਾਲਿਆਂ ਤੇ ਉਨ੍ਹਾਂ ਦੀ ਆਸਥਾ 'ਤੇ ਹੀ ਆਤਮਘਾਤੀ ਹਮਲਾ ਨਹੀਂ ਬਲਕਿ ਸਮੁੱਚੀ ਮਨੁੱਖਤਾ ਖ਼ਾਸ ਤੌਰ 'ਤੇ ਸਿੱਖ ਜਗਤ ਲਈ ਇਕ ਲਲਕਾਰ ਵੀ ਹੈ। ਇਸ ਵਿਚ 25 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਬਹੁਤ ਸਾਰੇ ਜ਼ਖ਼ਮੀ ਵੀ ਹੋ ਗਏ ਸਨ। ਵੀਹ ਜੁਲਾਈ ਨੂੰ 4 ਸਾਲਾਂ ਦੀ ਸਲਮੀਤ ਕੌਰ ਨੂੰ ਅਗਵਾ ਕਰ ਕੇ ਜਬਰਨ ਮੁਸਲਮਾਨ ਬਣਾ ਕੇ ਨਿਕਾਹ ਕਰਵਾਇਆ ਜਾ ਰਿਹਾ ਸੀ।

ਹੁਣ ਉਹ ਵੀ ਦਿੱਲੀ ਪਹੁੰਚੀ ਹੈ। ਸਵਾਲ ਤਾਂ ਹੁਣ ਬਹੁਤ ਹਨ। ਕੀ ਹਜ਼ਾਰਾਂ ਦੀ ਘੱਟ ਗਿਣਤੀ ਵਾਲੇ ਅਫ਼ਗਾਨੀ ਨਾਗਰਿਕਾਂ ਵਿਸ਼ੇਸ਼ ਤੌਰ 'ਤੇ ਸਿੱਖਾਂ ਤੇ ਹਿੰਦੂਆਂ 'ਤੇ ਜ਼ੁਲਮ ਢਾਹੇ ਜਾ ਰਹੇ ਹਨ ਅਤੇ ਉਨ੍ਹਾਂ ਦੀਆਂ ਔਰਤਾਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ? ਉਨ੍ਹਾਂ ਦੀ ਸਾਰ ਕੌਣ ਲਊ? ਇਨ੍ਹਾਂ ਹਮਲਿਆਂ ਦਾ ਸਾਜ਼ਿਸ਼ਕਾਰ ਕੌਣ ਹੈ? ਕੀ ਕਿਤੇ ਇਸ ਘਿਨਾਉਣੇ ਕਾਂਡ ਪਿੱਛੇ ਪਾਕਿਸਤਾਨ ਦਾ ਹੱਥ ਤਾਂ ਨਹੀਂ? ਕੀ ਉੱਥੋਂ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕੋਈ ਕਾਰਵਾਈ ਕੀਤੀ? ਇਸ ਤੋਂ ਪਹਿਲਾਂ ਕਿ ਅਫ਼ਗਾਨਿਸਤਾਨ ਵਿਚ ਘੱਟ ਗਿਣਤੀਆਂ ਨਾਲ ਵਾਪਰ ਰਹੀਆਂ ਦਿਲ ਕੰਬਾਊ ਘਟਨਾਵਾਂ ਬਾਰੇ ਵਿਸ਼ਲੇਸ਼ਣ ਕਰ ਕੇ ਕਿਸੇ ਸਿੱਟੇ 'ਤੇ ਪੁੱਜਿਆ ਜਾਵੇ, ਸਾਡੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਿੱਖਾਂ ਤੇ ਹਿੰਦੂਆਂ ਦੀ ਅਫ਼ਗਾਨਿਸਤਾਨ ਨਾਲ ਸਦੀਆਂ ਪੁਰਾਣੀ ਸਾਂਝ ਬਾਰੇ ਝਾਤ ਮਾਰੀ ਜਾਵੇ। ਪ੍ਰਾਚੀਨ ਕਾਲ ਵਿਚ ਜਦੋਂ ਆਰੀਅਨਾਂ ਨੇ ਮੱਧ ਏਸ਼ੀਆ ਤੋਂ ਦੇਸ਼ਾਂਤਰ ਗਮਨ ਕਰਦਿਆਂ ਭਾਰਤ ਦੇ ਮੈਦਾਨੀ ਇਲਾਕਿਆਂ ਵੱਲ ਰੁਖ਼ ਕੀਤਾ ਤਾਂ ਕੁਸ਼ਾਨ ਸਲਤਨਤ ਨੇ ਅਫ਼ਗਾਨਿਸਤਾਨ ਵਿਚ ਆਪਣੀ ਧਾਂਕ ਜਮਾਉਂਦਿਆਂ ਖੁਸਕਲਵਤੀ ਵਿਖੇ ਜੋ ਕਿ ਅੱਜਕੱਲ੍ਹ ਪਿਸ਼ਾਵਰ ਵਾਲਾ ਇਲਾਕਾ ਹੈ, ਉਸ ਨੂੰ ਆਪਣੀ ਰਾਜਧਾਨੀ ਬਣਾ ਲਿਆ। ਉਸ ਸਮੇਂ ਭਾਰਤੀ ਮੂਲ ਦੇ ਕੁਝ ਨਾਗਰਿਕਾਂ ਨੇ ਅਫ਼ਗਾਨਿਸਤਾਨ ਵੱਲ ਪਸਾਰ ਕਰਨਾ ਸ਼ੁਰੂ ਕੀਤਾ ਤੇ ਉਨ੍ਹਾਂ ਵਿਚ ਸਮਾਉਂਦੇ ਚਲੇ ਗਏ। ਇਸ ਵਿਸ਼ਾਲ ਭੂਗੋਲਿਕ ਇਲਾਕੇ ਵਿਚ ਵਸੇ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਸੱਭਿਅਤਾ ਦੇ ਕਈ ਪੱਖ ਭਾਰਤੀ ਸੰਸਕ੍ਰਿਤੀ ਨਾਲ ਮਿਲਦੇ-ਜੁਲਦੇ ਸਨ।

ਜਦੋਂ ਬਾਬਾ ਨਾਨਕ ਨੇ ਆਪਣੇ ਚਰਨ ਅਫ਼ਗਾਨਿਸਤਾਨ ਦੀ ਧਰਤੀ 'ਤੇ ਪਾਏ, ਉਸ ਸਮੇਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਹਲੀਮੀ ਰਾਜ ਸਮੇਂ ਤੇ ਬਾਅਦ ਵਿਚ ਵੀ ਸਿੱਖਾਂ ਤੇ ਅਫ਼ਗਾਨੀਆਂ ਦਰਮਿਆਨ ਵਣਜ-ਵਪਾਰ ਵਧਣਾ-ਫੁੱਲਣਾ ਸ਼ੁਰੂ ਹੋ ਗਿਆ ਤਾਂ ਸਿੱਖ ਵਪਾਰੀਆਂ ਨੇ ਉੱਥੋਂ ਦੇ ਨਾਗਰਿਕ ਬਣਨਾ ਸ਼ੁਰੂ ਕਰ ਦਿੱਤਾ। ਇਸ ਵਪਾਰੀ ਤਬਕੇ ਨੇ ਨਾ ਸਿਰਫ਼ ਮਿਹਨਤ ਤੇ ਇਮਾਨਦਾਰੀ ਨਾਲ ਵਪਾਰ ਕੀਤਾ ਬਲਕਿ ਉੱਥੋਂ ਦੇ ਲੋਕਾਂ ਨਾਲ ਘੁਲ-ਮਿਲ ਗਏ ਅਤੇ ਹੌਲੀ-ਹੌਲੀ ਇਨ੍ਹਾਂ ਦੀ ਗਿਣਤੀ ਲੱਖਾਂ ਤਕ ਪੁੱਜ ਗਈ। ਫਿਰ ਸਿੱਖਾਂ ਨੂੰ ਉੱਥੋਂ ਦੀ ਭਾਸ਼ਾ, ਜੀਵਨ-ਸ਼ੈਲੀ, ਰਸਮੋ-ਰਿਵਾਜ, ਸੱਭਿਅਤਾ ਤੇ ਪਹਿਰਾਵੇ ਨੂੰ ਹੀ ਅਪਣਾ ਲਿਆ। ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਸਮੇਂ ਵਿਸ਼ਵ ਪ੍ਰਸਿੱਧ ਜਨਰਲ ਹਰੀ ਸਿੰਘ ਨਲੂਆ ਦੀ ਚੜ੍ਹਤ ਦਾ ਡਰ ਪਹਿਲਾਂ ਮੁਗ਼ਲਾਂ ਤੇ ਫਿਰ ਅੰਗਰੇਜ਼ਾਂ ਨੂੰ ਵੀ ਸਤਾਉਂਦਾ ਰਿਹਾ। ਉਸ ਦਾ ਖੜਕਾ-ਦੜਕਾ ਇੰਨਾ ਜ਼ਬਰਦਸਤ ਸੀ ਕਿ ਅਫ਼ਗਾਨੀ ਔਰਤਾਂ ਆਪਣੇ ਬੱਚਿਆਂ ਨੂੰ ਇਹ ਕਹਿ ਕੇ ਡਰਾਉਂਦੀਆਂ ਰਹੀਆਂ ''ਦੁੱਧ ਪੀ ਲੈ-ਹਰੂਆ ਆਛੀ।'' ਦੁੱਖ ਦੀ ਗੱਲ ਹੈ ਕਿ ਜਿਨ੍ਹਾਂ ਸਿੱਖਾਂ ਨੇ ਅਫ਼ਗਾਨਿਸਤਾਨ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ, ਅੱਜ ਉਨ੍ਹਾਂ ਦੇ ਹੀ ਪਰਿਵਾਰਾਂ ਨੂੰ ਦੇਸ਼-ਨਿਕਾਲੇ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ 'ਤੇ ਅੱਤਵਾਦੀ ਹਮਲੇ ਜਾਰੀ ਹਨ।

ਅਫ਼ਗਾਨਿਸਤਾਨ ਦੇ ਸਿੱਖਾਂ ਤੇ ਹਿੰਦੂਆਂ ਨੇ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨਾ ਉਸ ਸਮੇਂ ਸ਼ੁਰੂ ਕੀਤਾ ਜਦੋਂ ਤਾਲਿਬਾਨ ਨੇ ਸੰਨ 1996 ਵਿਚ ਪਾਕਿਸਤਾਨ ਦੀ ਸਰਪ੍ਰਸਤੀ ਹੇਠ ਕਾਬੁਲ ਨੂੰ ਆਪਣੇ ਅਧਿਕਾਰ ਹੇਠ ਲੈ ਕੇ ਅਫ਼ਗਾਨਿਸਤਾਨ ਨੂੰ ਇਸਲਾਮਿਕ ਸਟੇਟ ਐਲਾਨ ਦਿੱਤਾ। ਕੀ ਕਿਤੇ ਇਹੋ ਕੁਝ ਹੁਣ ਵੀ ਤਾਂ ਨਹੀਂ ਹੋਣ ਵਾਲਾ? ਉਸ ਸਮੇਂ ਕਈ ਸਿੱਖਾਂ ਨੇ ਭਾਰਤ ਆ ਕੇ ਸ਼ਰਨ ਲਈ ਤੇ ਬਹੁਤਿਆਂ ਨੇ ਇੰਗਲੈਂਡ, ਜਰਮਨੀ, ਕੈਨੇਡਾ ਤੇ ਹਾਲੈਂਡ ਵਰਗੇ ਮੁਲਕਾਂ ਵੱਲ ਵਹੀਰਾਂ ਘੱਤਣੀਆਂ ਸ਼ੁਰੂ ਕੀਤੀਆਂ ਕਿਉਂਕਿ ਤਾਲਿਬਾਨ ਹਕੂਮਤ ਨੇ ਸਿੱਖਾਂ 'ਤੇ ਖ਼ਾਸ ਤੌਰ 'ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਜਦੋਂ 21ਵੀਂ ਸਦੀ ਦੇ ਸ਼ੁਰੂ ਵਿਚ ਅਮਰੀਕਾ ਨੂੰ ਇਹ ਅਹਿਸਾਸ ਹੋਇਆ ਕਿ ਤਾਲਿਬਾਨ ਦੀ ਕੜੀ ਓਸਾਮਾ ਬਿਨ ਲਾਦੇਨ ਤੇ ਅਲ-ਕਾਇਦਾ ਨਾਲ ਜੁੜੀ ਹੋਈ ਹੈ ਤਾਂ ਉਸ ਨੇ ਨਾਟੋ ਮੁਲਕਾਂ ਨਾਲ ਮਿਲ ਕੇ ਆਪਣੀਆਂ ਫ਼ੌਜਾਂ ਅਫ਼ਗਾਨਿਸਤਾਨ ਭੇਜ ਦਿੱਤੀਆਂ। ਫਿਰ ਉੱਥੇ ਕੌਮੀ ਸਰਕਾਰ ਕਾਇਮ ਕਰਵਾ ਕੇ ਤਾਲਿਬਾਨ ਦਾ ਪਿੱਛਾ ਕਰਨਾ ਸ਼ੁਰੂ ਦਿੱਤਾ। ਜਦੋਂ ਤਕਰੀਬਨ 19 ਸਾਲਾਂ ਦੀ ਜੱਦੋਜਹਿਦ ਉਪਰੰਤ ਅਮਰੀਕਾ ਨੂੰ ਪੂਰਨ ਤੌਰ 'ਤੇ ਸਫਲਤਾ ਨਾ ਮਿਲੀ ਤਾਂ ਆਖ਼ਰ ਬੀਤੀ 29 ਫਰਵਰੀ ਨੂੰ ਪਾਕਿਸਤਾਨ ਦੀ ਮਦਦ ਨਾਲ ਤਾਲਿਬਾਨ ਨਾਲ ਸਮਝੌਤਾ ਕਰ ਲਿਆ। ਫਿਰ 2 ਮਾਰਚ ਨੂੰ ਤਾਲਿਬਾਨ ਦੇ ਕੱਟੜਪੰਥੀਆਂ ਨੇ ਜੰਗਬੰਦੀ ਭੰਗ ਕਰਦਿਆਂ ਹਮਲੇ ਸ਼ੁਰੂ ਕਰ ਦਿੱਤੇ। ਛੇ ਮਾਰਚ ਨੂੰ ਸ਼ੀਆ ਮੁਸਲਮਾਨਾਂ ਅਤੇ 25 ਮਾਰਚ ਨੂੰ ਗੁਰਦੁਆਰਾ ਰਾਇ ਸਾਹਿਬ 'ਤੇ ਹਮਲਾ ਕਿਸੇ ਰਣਨੀਤੀ ਤਹਿਤ ਕੀਤਾ ਗਿਆ।

ਸੰਯੁਕਤ ਰਾਸ਼ਟਰ ਦੀ ਅਲਕਾਇਦਾ ਅਤੇ ਆਈਐੱਸਆਈਐੱਲ ਜਿਹੇ ਅੱਤਵਾਦੀ ਸੰਗਠਨਾਂ ਨਾਲ ਸਬੰਧਤ ਵਿਅਕਤੀਆਂ 'ਤੇ ਪਾਬੰਦੀਆਂ ਲਾਉਣ ਬਾਰੇ 26ਵੀਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਉਪ-ਮਹਾਦੀਪ ਵਿਚ ਪਾਕਿਸਤਾਨੀ ਮੂਲ ਦੇ ਨਾਗਰਿਕ ਅਲ ਕਾਇਦਾ (ਏਕਿਊਆਈਐੱਸ) ਇਰਾਕ ਵਿਚ ਇਸਲਾਮਿਕ ਸਟੇਟ ਤੇ ਲੈਵੈਂਟ-ਖੋਰਸਾਨ (ਆਈਐੱਸਆਈਐੱਲਕੇ) ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਪੀਪੀ) ਜਿਹੇ ਅੱਤਵਾਦੀਆਂ ਸੰਗਠਨਾਂ ਦੇ ਮੋਹਰੀ ਬਣੇ ਹੋਏ ਹਨ ਪਰ ਪਾਕਿਸਤਾਨ ਵਿਚ ਇਨ੍ਹਾਂ ਅੱਤਵਾਦੀ ਸੰਗਠਨਾਂ ਦੇ ਨਾਂ ਅਜੇ ਵੀ ਕਾਲੀ ਸੂਚੀ ਵਿਚ ਦਰਜ ਨਹੀਂ। ਇਸ ਤੋਂ ਸਿੱਧ ਹੋ ਜਾਂਦਾ ਹੈ ਕਿ ਅਫ਼ਗਾਨਿਸਤਾਨ ਦੇ ਘੱਟ ਗਿਣਤੀ ਭਾਈਚਾਰਿਆਂ 'ਤੇ ਜੋ ਅੱਤਿਆਚਾਰ ਹੋ ਰਹੇ ਹਨ, ਉਸ 'ਚ ਸਿੱਧਾ ਹੱਥ ਪਾਕਿਸਾਤਨ ਦਾ ਹੈ। ਅਫ਼ਗਾਨਿਸਤਾਨ ਦੇ ਘੱਟ ਗਿਣਤੀ ਭਾਈਚਾਰੇ 'ਚੋਂ ਸਿੱਖ ਐੱਮਪੀ ਨਰਿੰਦਰਪਾਲ ਸਿੰਘ ਖ਼ਾਲਸਾ ਨੇ ਹਾਲ ਹੀ ਵਿਚ ਇਕ ਮੁਲਾਕਾਤ ਦੌਰਾਨ ਇਹ ਸਵੀਕਾਰਿਆ ਕਿ ਪਾਕਿਸਤਾਨ ਨਹੀਂ ਚਾਹੁੰਦਾ ਕਿ ਸਿੱਖ ਅਫ਼ਗਾਨਿਸਤਾਨ ਵਿਚ ਰਹਿਣ। ਇਸ ਕਾਰਨ ਸਿੱਖ ਦਹਿਸ਼ਤ ਵਿਚ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਸਰਕਾਰ ਤੇ ਸਿੱਖ ਜੱਥੇਬੰਦੀਆਂ ਦੇਸ਼ ਪਰਤ ਰਹੇ ਅਫ਼ਗਾਨੀ ਸਿੱਖਾਂ ਨੂੰ ਸੀਏਏ ਤਹਿਤ ਨਾਗਰਿਕਤਾ ਪ੍ਰਦਾਨ ਕਰਨ ਦੀਆਂ ਚਾਹਵਾਨ ਹਨ ਪਰ ਉਨ੍ਹਾਂ ਦੇ ਮੁੜ-ਵਸੇਬੇ ਦਾ ਮਸਲਾ ਗੰਭੀਰ ਹੈ ਜਿਸ ਬਾਰੇ ਧਿਆਨ ਦੇਣ ਦੀ ਲੋੜ ਹੈ।

-ਸੰਪਰਕ : 0172-2740991

ਈਮੇਲ : kahlonks@gmail.com

Posted By: Jagjit Singh