-ਬੀਬੀ ਜਗੀਰ ਕੌਰ

ਸਿੱਖ ਧਰਮ ਦੇ ਇਤਿਹਾਸ ਦੇ ਸ਼ਤਾਬਦੀ ਦਿਹਾੜਿਆਂ ਦੀ ਲੜੀ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ 1 ਮਈ ਨੂੰ ਸਿੱਖ ਕੌਮ ਵੱਲੋਂ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਸੰਸਥਾ ਹੋਣ ਨਾਤੇ ਸ਼ਤਾਬਦੀਆਂ ਦੇ ਸਮਾਗਮ ਆਯੋਜਿਤ ਕਰਨ ਦਾ ਮਾਣ ਹਾਸਲ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਵੀ ਗੁਰੂ ਸਾਹਿਬ ਦੀ ਪ੍ਰਕਾਸ਼ ਨਗਰੀ ਹੋਣ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਮਾਗਮ ਕੀਤੇ ਜਾ ਰਹੇ ਹਨ। ਬੇਸ਼ੱਕ ਕੋਰੋਨਾ ਮਹਾਮਾਰੀ ਕਾਰਨ ਸਮਾਗਮਾਂ ਵਿਚ ਭਰਵੀਂ ਸੰਗਤੀ ਸ਼ਮੂਲੀਅਤ ਨਹੀਂ ਕੀਤੀ ਜਾ ਸਕਦੀ ਪਰ ਸੰਕੇਤਕ ਤੌਰ ’ਤੇ ਸ਼ਤਾਬਦੀ ਸਬੰਧੀ ਸਮਾਗਮ ਰੱਖੇ ਗਏ ਹਨ।

ਇਨ੍ਹਾਂ ਸਮਾਗਮਾਂ ਦਾ ਵੱਖ-ਵੱਖ ਮਾਧਿਅਮਾਂ ਰਾਹੀਂ ਸਿੱਧਾ ਪ੍ਰਸਾਰਨ ਕੀਤਾ ਜਾ ਰਿਹਾ ਹੈ ਤਾਂ ਜੋ ਦੇਸ਼-ਦੁਨੀਆ ਦੀ ਸੰਗਤ ਸਮਾਗਮ ਨਾਲ ਜੁੜ ਸਕੇ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਦਰਸ਼ ਸ਼ਖ਼ਸੀਅਤ ਮਾਨਵਤਾ ਨੂੰ ਮੁਕੰਮਲ ਆਜ਼ਾਦੀ ਦੇ ਰਾਹ ਤੋਰਨ ਵਾਲੀ ਹੈ। ਸਿੱਖ ਇਤਿਹਾਸ ਪੜ੍ਹਦਿਆਂ ਉਨ੍ਹਾਂ ਵੱਲੋਂ ਪਾਏ ਪੂਰਨੇ ਮਨੁੱਖਤਾ ਨੂੰ ਇਕ ਰੱਖਿਅਕ ਸ਼ਖ਼ਸੀਅਤ ਦੇ ਰੂਪ ਵਿਚ ਸੁਰੱਖਿਆ ਦਾ ਅਹਿਸਾਸ ਦੇਣ ਵਾਲੇ ਹਨ। ਗੁਰੂ ਸਾਹਿਬ ਦਾ ਜੀਵਨ ਇਤਿਹਾਸ ਮਨੁੱਖਾ ਸ਼੍ਰੇਣੀ ਦੇ ਵਿਚਾਰ ਅਤੇ ਵਿਸ਼ਵਾਸ ਦੀ ਆਜ਼ਾਦੀ ਦੇ ਨਾਲ-ਨਾਲ ਬੁਨਿਆਦੀ ਹੱਕਾਂ ਤੇ ਅਧਿਕਾਰਾਂ ਦੀ ਬਰਕਰਾਰੀ ਦਾ ਲਖਾਇਕ ਹੈ।

ਨੌਵੇਂ ਪਾਤਸ਼ਾਹ ਦੀ ਦੇਣ ਨੂੰ ਮਨੁੱਖਤਾ ਕਦੇ ਵੀ ਅੱਖੋਂ ਓਹਲੇ ਨਹੀਂ ਕਰ ਸਕਦੀ ਕਿਉਂਕਿ ਉਨ੍ਹਾਂ ਨੇ ਧਰਮ ਇਤਿਹਾਸ ਅੰਦਰ ਜਬਰ ਦੇ ਖ਼ਿਲਾਫ਼ ਕੁਰਬਾਨੀ ਦੇ ਕੇ ਜੋ ਪੈੜਾਂ ਪਾਈਆਂ ਉਸ ਦਾ ਕੋਈ ਸਾਨੀ ਨਹੀਂ। ਜ਼ਾਲਮ ਮੁਗ਼ਲ ਹਕੂਮਤ ਦੇ ਕੱਟੜਵਾਦੀ ਬਾਦਸ਼ਾਹ ਔਰੰਗਜ਼ੇਬ ਦੀਆਂ ਉਮੀਦਾਂ ਅਤੇ ਮਾਨਵਤਾ ਵਿਰੋਧੀ ਗਤੀਵਿਧੀਆਂ ਦੇ ਅੰਤ ਲਈ ਗੁਰੂ ਸਾਹਿਬ ਦੀ ਸ਼ਹਾਦਤ ਮਿਸਾਲੀ ਹੈ। ਸਭ ਤੋਂ ਵੱਡੇ ਸਾਮਰਾਜ ਮੁਗ਼ਲ ਸਲਤਨਤ ਦੀ ਰਾਜ ਸ਼ਕਤੀ ਨੂੰ ਗੁਰੂ ਸਾਹਿਬ ਦੀ ਚੁਣੌਤੀ ਮਾਨਵਤਾ ਲਈ ਇਕ ਸੁਖਦ ਅਹਿਸਾਸ ਹੋ ਨਿੱਬੜੀ।

ਔਰੰਗਜ਼ੇਬ ਵੱਲੋਂ ਸਾਰੇ ਹਿੰਦੋਸਤਾਨ ਨੂੰ ਇਸਲਾਮ ਦੇ ਦਾਇਰੇ ਵਿਚ ਲਿਆਉਣ ਲਈ ਜਬਰੀ ਧਰਮ ਤਬਦੀਲੀ ਦੀ ਤੁਅਸਬੀ ਤੇ ਹਿੰਸਕ ਨੀਤੀ ਨੂੰ ਗੁਰੂ ਸਾਹਿਬ ਨੇ ਹੀ ਰੋਕਿਆ। ਪਰਉਪਕਾਰੀ ਭਾਵਨਾ, ਨਿਰਭੈਤਾ ਅਤੇ ਦ੍ਰਿੜ੍ਹਤਾ ਨਾਲ ਔਰੰਗਜ਼ੇਬ ਦੀ ਹੀ ਰਾਜਧਾਨੀ ਦਿੱਲੀ ਵਿਚ ਜਾ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਨਕਲਾਬੀ ਵੰਗਾਰ ਦਿੱਤੀ ਅਤੇ ਉਸ ਦੀ ਧਾਰਮਿਕ ਨੀਤੀ ਨੂੰ ਵੱਡੇ ਸਵਾਲਾਂ ਦੇ ਸਾਹਮਣੇ ਲਿਆਂਦਾ। ਮਾਨਵਤਾ ਦੇ ਹਮਦਰਦ ਨੌਵੇਂ ਪਾਤਸ਼ਾਹ ਸ੍ਰੀ ਗੁਰੁੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਮਾਤਾ ਨਾਨਕੀ ਜੀ ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗ੍ਰਹਿ ਅੰਮ੍ਰਿਤਸਰ ਵਿਖੇ ਗੁਰਦੁਆਰਾ ਗੁਰੂ ਕੇ ਮਹਿਲ ਦੇ ਅਸਥਾਨ ’ਤੇ 1621 ਈ: ਨੂੰ ਹੋਇਆ। ਆਪ ਛੇਵੇਂ ਪਾਤਸ਼ਾਹ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਆਪ ਜੀ ਦੀ ਪੜ੍ਹਾਈ, ਸਿਖਲਾਈ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਨਿਗਰਾਨੀ ਹੇਠ ਪ੍ਰਵਾਨ ਚੜ੍ਹੀ।

ਆਪ ਜੀ ਨੂੰ ਪੜ੍ਹਾਈ ਦੇ ਨਾਲ-ਨਾਲ ਸ਼ਸਤਰਾਂ ਤੇ ਘੋੜ ਸਵਾਰੀ ਦੀ ਸਿਖਲਾਈ ਵੀ ਦਿੱਤੀ ਗਈ। ਆਪ ਜੀ ਨੇ ਮੁਗ਼ਲਾਂ ਨਾਲ ਕਰਤਾਰਪੁਰ ਦੀ ਜੰਗ ਵਿਚ ਵੱਡੇ ਸੂਰਬੀਰਾਂ ਦੀ ਤਰ੍ਹਾਂ ਅਨੋਖੀ ਬਹਾਦਰੀ ਵਿਖਾਈ ਤੇ ਆਪਣੇ-ਆਪ ਨੂੰ ਤੇਗ ਦੇ ਧਨੀ ਸਾਬਤ ਕੀਤਾ। ਆਪ ਜੀ ਦਾ ਵਿਆਹ ਕਰਤਾਰਪੁਰ ਵਾਸੀ ਸ੍ਰੀ ਲਾਲ ਚੰਦ ਜੀ ਦੀ ਸਪੁੱਤਰੀ ਗੁਜਰੀ ਜੀ ਨਾਲ ਹੋਇਆ। ਗੁਰੂ ਪਦਵੀ ਧਾਰਨ ਕਰਨ ਉਪਰੰਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਜਿੱਥੇ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਪ੍ਰਚਾਰ ਦੌਰੇ ਕੀਤੇ, ਓਥੇ ਹੀ ਸ਼ਿਵਾਲਕ ਦੀ ਰਮਣੀਕ ਵਾਦੀ ਵਿਚ ਦਰਿਆ ਸਤਲੁਜ ਦੇ ਕੰਢੇ ’ਤੇ ਸ੍ਰੀ ਅਨੰਦਪੁਰ ਸਾਹਿਬ ਨਗਰ ਦੀ ਸਥਾਪਨਾ ਵੀ ਕੀਤੀ।

ਇਤਿਹਾਸ ਵਿਚ ਦਰਜ ਹੈ ਕਿ ਕਸ਼ਮੀਰੋਂ ਆਏ ਪੰਡਿਤਾਂ ਦੇ ਵਫ਼ਦ ਨੇ ਅਨੰਦਪੁਰ ਸਾਹਿਬ ਵਿਖੇ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਦੀ ਹਕੂਮਤ ਵੱਲੋਂ ਕੀਤੀ ਜਾ ਰਹੀ ਜਬਰੀ ਧਰਮ ਤਬਦੀਲੀ ਦੀ ਦੁੱਖਾਂ ਭਰੀ ਦਾਸਤਾਨ ਸੁਣਾਈ ਤਾਂ ਸਤਿਗੁਰਾਂ ਨੇ ਉੱਤਰ ਦਿੱਤਾ ਕਿ ਕਿਸੇ ਪਵਿੱਤਰ ਆਤਮਾ ਦੀ ਕੁਰਬਾਨੀ ਨਾਲ ਹੀ ਹਕੂਮਤ ਦੇ ਅੱਤਿਆਚਾਰ ਰੁਕ ਸਕਣਗੇ। ਉਸ ਸਮੇਂ ਕੋਲ ਖਲੋਤੇ 9 ਸਾਲਾਂ ਦੇ ਬਾਲਕ ਸ੍ਰੀ ਗੋਬਿੰਦ ਰਾਏ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਨੇ ਆਖਿਆ ਕਿ ਆਪ ਨਾਲੋਂ ਵਧੇਰੇ ਮਹਾਨ ਪੁਰਸ਼ ਹੋਰ ਕੌਣ ਹੋ ਸਕਦਾ ਹੈ? ਪਾਤਸ਼ਾਹ ਨੇ ਬਾਲ ਸ੍ਰੀ ਗੋਬਿੰਦ ਰਾਏ ਨੂੰ ਗਲੇ ਲਾ ਲਿਆ ਅਤੇ ਉਸੇ ਸਮੇਂ ਕਸ਼ਮੀਰੀ ਪੰਡਿਤਾਂ ਨੂੰ ਕਹਿ ਦਿੱਤਾ ਕਿ ਉਹ ਬਾਦਸ਼ਾਹ ਨੂੰ ਜਾ ਕੇ ਆਖ ਦੇਣ ਕਿ ਪਹਿਲਾਂ ਉਨ੍ਹਾਂ ਦੇ ਗੁਰੂ ਤੇਗ ਬਹਾਦਰ ਨੂੰ ਇਸਲਾਮ ਵਿਚ ਲੈ ਆਉਣ, ਫਿਰ ਆਪੇ ਹੀ ਸਭ ਮੁਸਲਮਾਨ ਬਣ ਜਾਣਗੇ। ਇਹ ਇਕ ਧਰਮੀ ਖੇਤਰ ਦੇ ਸੱਚੇ ਪਾਤਸ਼ਾਹ ਦੀ ਦੁਨਿਆਵੀ ਬਾਦਸ਼ਾਹ ਨੂੰ ਵੰਗਾਰ ਸੀ। ਓਧਰ ਜਦੋਂ ਕਸ਼ਮੀਰੀ ਪੰਡਿਤਾਂ ਨੇ ਔਰੰਗਜ਼ੇਬ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੁਨੇਹਾ ਦਿੱਤਾ ਤਾਂ ਉਹ ਮਨ ਹੀ ਮਨ ਬਹੁਤ ਖ਼ੁਸ਼ ਹੋਇਆ ਕਿਉਂਕਿ ਹੁਣ ਤਾਂ ਸਿਰਫ਼ ਇੱਕੋ ਹੀ ਬੰਦੇ ਨੂੰ ਇਸਲਾਮ ਦੇ ਦਾਇਰੇ ਵਿਚ ਲਿਆ ਕੇ ਸਾਰੇ ਹਿੰਦੁਸਤਾਨ ਨੂੰ ਇਸਲਾਮ ਦੇ ਝੰਡੇ ਥੱਲੇ ਲਿਆਉਣਾ ਬਹੁਤ ਹੀ ਸੌਖਾ ਕੰਮ ਸੀ ਪਰ ਉਸ ਨੂੰ ਇਸ ਦੇ ਅੰਦਰ ਛੁਪੀ ਵੰਗਾਰ ਨਜ਼ਰ ਨਹੀਂ ਸੀ ਆਈ। ਔਰੰਗਜ਼ੇਬ ਨੇ ਗੁਰੂ ਸਾਹਿਬ ਦੀ ਗਿ੍ਰਫ਼ਤਾਰੀ ਦਾ ਹੁਕਮ ਜਾਰੀ ਕਰ ਦਿੱਤਾ। ਓਧਰ ਗੁਰੂ ਸਾਹਿਬ ਵੀ ਗੁਰੂ ਪਰਿਵਾਰ ਤੇ ਸਿੱਖ ਸੰਗਤ ਨੂੰ ਉਪਦੇਸ਼ ਦੇ ਕੇ ਕੁਝ ਚੋਣਵੇਂ ਸਿੱਖਾਂ ਸਹਿਤ ਦਿੱਲੀ ਲਈ ਰਵਾਨਾ ਹੋ ਗਏ।

ਆਗਰੇ ਵਿਖੇ ਗਿ੍ਰਫ਼ਤਾਰ ਕਰਨ ਉਪਰੰਤ ਉਨ੍ਹਾਂ ਨੂੰ ਦਿੱਲੀ ਲਿਜਾਇਆ ਗਿਆ। ਹਕੂਮਤ ਨੇ ਪਹਿਲਾਂ ਤਾਂ ਬਹੁਤ ਡਰਾਵੇ ਤੇ ਲਾਲਚ ਦਿੱਤੇ ਕਿ ਉਹ ਮੁਸਲਮਾਨ ਬਣ ਜਾਣ, ਪਰ ਜਦੋਂ ਗੁਰੂ ਸਾਹਿਬ ਨਾ ਮੰਨੇ ਤਾਂ ਉਨ੍ਹਾਂ ਦੇ ਨਾਲ ਗਿ੍ਰਫ਼ਤਾਰ ਕੀਤੇ ਪਿਆਰੇ ਸਿੱਖਾਂ ਨੂੰ ਗੁਰੂ ਸਾਹਿਬ ਜੀ ਦੀਆਂ ਅੱਖਾਂ ਦੇ ਸਾਹਮਣੇ ਬੜੇ ਤਸੀਹੇ ਦਿੱਤੇ ਗਏ ਅਤੇ ਉਹ ਸ਼ਹੀਦੀ ਪਾ ਗਏ। ਅਖ਼ੀਰ ਜ਼ਾਲਮਾਂ ਨੇ ਗੁਰੂ ਸਾਹਿਬ ਨੂੰ ਵੀ ਸ਼ਹੀਦ ਕਰ ਦਿੱਤਾ।

ਸੰਸਾਰ ਵਿਚ ਬਹੁਤ ਪੁਰਸ਼ਾਂ ਨੇ ਆਪਣੇ ਦੇਸ਼, ਕੌਮ ਜਾਂ ਆਪਣੇ ਧਰਮ ਨੂੰ ਬਚਾਉਣ ਲਈ ਕੁਰਬਾਨੀਆਂ ਦਿੱਤੀਆਂ ਹੋਣਗੀਆਂ ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹੋਰਨਾਂ ਦੇ ਧਰਮ ਨੂੰ ਬਚਾਉਣ ਤੇ ਮਨੁੱਖਤਾ ਦੇ ਮੁੱਢਲੇ ਅਧਿਕਾਰਾਂ ਲਈ ਕੁਰਬਾਨੀ ਦਿੱਤੀ। ਨੌਵੇਂ ਪਾਤਸ਼ਾਹ ਦਾ ਜੀਵਨ ਮਨੁੱਖਤਾ ਲਈ ਚਾਨਣ-ਮੁਨਾਰਾ ਹੈ। ਗੁਰੂ ਸਾਹਿਬ ਨੇ ਮਾਨਵ ਧਰਮ ਦੀ ਸੁਰੱਖਿਆ ਭਾਵ ਧਾਰਮਿਕ ਆਜ਼ਾਦੀ ਵਾਲੇ ਬੁਨਿਆਦੀ ਹੱਕਾਂ-ਅਧਿਕਾਰਾਂ ਦੀ ਬਰਕਰਾਰੀ ਲਈ ਸ਼ਹਾਦਤ ਦਿੱਤੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਂਦਿਆਂ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ।

ਪੰਥ ਦੀ ਸੇਵਾਦਾਰ ਹੋਣ ਨਾਤੇ ਮੈਂ ਗੁਰੂ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਦੇਸ਼-ਵਿਦੇਸ਼ ਅੰਦਰ ਵਸਦੀ ਸੰਗਤ ਨੂੰ ਵਧਾਈ ਦਿੰਦੀ ਹੋਈ ਬੇਨਤੀ ਕਰਦੀ ਹਾਂ ਕਿ ਧਰਮ ਦੀਆਂ ਵੱਡਮੁੱਲੀਆਂ ਕਦਰਾਂ-ਕੀਮਤਾਂ ਨੂੰ ਜੀਵਨ ਦਾ ਹਿੱਸਾ ਬਣਾਈਏ। ਮਾਨਵਤਾ ’ਤੇ ਹੁੰਦੇ ਜ਼ੁਲਮਾਂ ਵਿਰੁੱਧ ਆਵਾਜ਼ ਬਣੀਏ ਅਤੇ ਸਮਾਜ ਨੂੰ ਗੁਰੂ ਆਸ਼ੇ ਅਨੁਸਾਰ ਬਿਹਤਰ ਬਣਾਉਣ ਲਈ ਯਤਨਸ਼ੀਲ ਹੋਈਏ।

-(ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ)।

-response0jagran.com

Posted By: Susheel Khanna