ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡੀ ਗਿਣਤੀ ਵਿਚ ਮਤਦਾਨ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਵੱਖ-ਵੱਖ ਖੇਤਰਾਂ ਦੀਆਂ ਜਾਣੀਆਂ-ਪਛਾਣੀਆਂ ਸ਼ਖ਼ਸੀਅਤਾਂ ਨੂੰ ਵੋਟਾਂ ਪਾਉਣ ਲਈ ਜਾਗਰੂਕਤਾ ਵਧਾਉਣ ਦੀ ਜਿਹੜੀ ਗੁਜ਼ਾਰਿਸ਼ ਕੀਤੀ ਹੈ ਉਸ ਦਾ ਕੁਝ ਨਾ ਕੁਝ ਅਸਰ ਦਿਸਣਾ ਹੀ ਚਾਹੀਦਾ ਹੈ। ਇਹ ਚੰਗਾ ਹੋਇਆ ਕਿ ਉਨ੍ਹਾਂ ਨੇ ਇਹ ਗੁਜ਼ਾਰਿਸ਼ ਆਪਣੇ ਜਿਨ੍ਹਾਂ ਸਿਆਸੀ ਵਿਰੋਧੀਆਂ ਨੂੰ ਕੀਤੀ ਉਨ੍ਹਾਂ ਵਿਚ ਰਾਹੁਲ ਗਾਂਧੀ, ਮਮਤਾ ਬੈਨਰਜੀ ਆਦਿ ਵੀ ਹਨ। ਅਜਿਹਾ ਕਰ ਕੇ ਉਨ੍ਹਾਂ ਇਕ ਸਿਆਸੀ ਆਗੂ ਵਾਲਾ ਕੰਮ ਕੀਤਾ ਹੈ। ਜ਼ਿਆਦਾ ਮਤਦਾਨ ਲੋਕਤੰਤਰ ਨੂੰ ਮਜ਼ਬੂਤੀ ਦੇਣ ਦੇ ਨਾਲ-ਨਾਲ ਜਨਤਾ ਦੀਆਂ ਉਮੀਦਾਂ ਦੀ ਹਕੀਕੀ ਤਸਵੀਰ ਵੀ ਪੇਸ਼ ਕਰਦਾ ਹੈ। ਮਤਦਾਨ ਲੋਕਤੰਤਰ ਵਿਚ ਭਾਗੀਦਾਰੀ ਦਾ ਸਿਰਫ਼ ਮੌਕਾ ਹੀ ਨਹੀਂ, ਦੇਸ਼ ਦੀ ਦਸ਼ਾ-ਦਿਸ਼ਾ ਤੈਅ ਕਰਨ ਵਿਚ ਆਮ ਆਦਮੀ ਦੇ ਯੋਗਦਾਨ ਦਾ ਸਬੂਤ ਵੀ ਹੈ।

ਜ਼ਿਆਦਾ ਮਤਦਾਨ ਲਈ ਮਾਹੌਲ ਬਣਾਉਣ ਦੀ ਜ਼ਰੂਰਤ ਇਸ ਲਈ ਹੈ ਕਿਉਂਕਿ ਦੇਸ਼ ਦੇ ਕੁਝ ਹਿੱਸਿਆਂ ਵਿਚ ਮਤਦਾਨ ਫ਼ੀਸਦ ਉਮੀਦ ਤੋਂ ਕਿਤੇ ਘੱਟ ਹੁੰਦਾ ਹੈ। ਤ੍ਰਾਸਦੀ ਇਹ ਹੈ ਕਿ ਆਮ ਤੌਰ 'ਤੇ ਘੱਟ ਫ਼ੀਸਦ ਮਹਾਨਗਰਾਂ ਵਿਚ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਇਸ ਦਾ ਕੋਈ ਮਤਲਬ ਨਹੀਂ ਕਿ ਸਰਕਾਰਾਂ ਜਾਂ ਸਿਆਸੀ ਪਾਰਟੀਆਂ ਦੇ ਤੌਰ-ਤਰੀਕਿਆਂ ਦੀ ਆਲੋਚਨਾ ਤਾਂ ਵਧ-ਚੜ੍ਹ ਕੇ ਕੀਤੀ ਜਾਵੇ ਪਰ ਵੋਟਾਂ ਪਾਉਣ ਵੇਲੇ ਉਦਾਸੀਨਤਾ ਦਿਖਾਈ ਜਾਵੇ। ਆਮ ਤੌਰ 'ਤੇ ਮਤਦਾਨ ਨਾ ਕਰਨ ਦੇ ਪਿੱਛੇ ਇਹ ਤਰਕ ਜ਼ਿਆਦਾ ਸੁਣਨ ਨੂੰ ਮਿਲਦਾ ਹੈ ਕਿ ਮੇਰੇ ਇਕੱਲੇ ਦੀ ਵੋਟ ਨਾਲ ਕੀ ਫ਼ਰਕ ਪੈਂਦਾ ਹੈ? ਇਕ ਤਾਂ ਇਹ ਤਰਕ ਸਹੀ ਨਹੀਂ ਕਿਉਂਕਿ ਕਈ ਵਾਰ ਦੋ-ਚਾਰ ਵੋਟਾਂ ਨਾਲ ਵੀ ਹਾਰ-ਜਿੱਤ ਹੁੰਦੀ ਹੈ ਅਤੇ ਦੂਜਾ, ਜੇ ਸਾਰੇ ਇਹ ਸੋਚਣ ਲੱਗਣ ਤਾਂ ਫਿਰ ਲੋਕਤੰਤਰ ਕਿਵੇਂ ਮਜ਼ਬੂਤ ਹੋਵੇਗਾ? ਹੁਣ ਤਾਂ ਕਿਸੇ ਵੀ ਉਮੀਦਵਾਰ ਨੂੰ ਵੋਟ ਨਾ ਦੇਣ ਭਾਵ 'ਨੋਟਾ' ਦਾ ਵੀ ਬਦਲ ਹੈ।

ਹਾਲਾਂਕਿ ਇਹ ਬਦਲ ਹਾਲੇ ਬਹੁਤ ਪ੍ਰਭਾਵੀ ਨਹੀਂ, ਫਿਰ ਵੀ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਚੋਣ ਸੁਧਾਰ ਦੀ ਪ੍ਰਕਿਰਿਆ ਅੱਗੇ ਵਧ ਰਹੀ ਹੈ। ਹੁਣ ਅਜਿਹੀ ਵਿਵਸਥਾ ਕਰਨ ਦਾ ਵੀ ਸਮਾਂ ਆ ਗਿਆ ਹੈ ਜਿਸ ਤਹਿਤ ਆਪਣੇ ਪਿੰਡ-ਸ਼ਹਿਰ ਤੋਂ ਦੂਰ ਰਹਿਣ ਵਾਲੇ ਲੋਕ ਉੱਥੇ ਗਏ ਬਿਨਾਂ ਮਤਦਾਨ ਕਰ ਸਕਣ। ਧਿਆਨ ਰਹੇ ਕਿ ਅਜਿਹੇ ਲੋਕਾਂ ਦੀ ਗਿਣਤੀ ਕਰੋੜਾਂ ਵਿਚ ਹੈ।

ਰੋਜ਼ੀ-ਰੋਟੀ ਲਈ ਆਪਣੇ ਪਿੰਡ-ਸ਼ਹਿਰ ਤੋਂ ਦੂਰ ਜਾ ਕੇ ਜੀਵਨ ਬਤੀਤ ਕਰਨ ਵਾਲੇ ਸਾਰੇ ਲੋਕਾਂ ਲਈ ਇਹ ਸੰਭਵ ਨਹੀਂ ਕਿ ਉਹ ਮਤਦਾਨ ਕਰਨ ਲਈ ਆਪਣੇ ਘਰ ਪਰਤ ਸਕਣ। ਕਾਫ਼ੀ ਲੋਕ ਕੰਮ-ਧੰਦੇ ਦੇ ਸਿਲਸਿਲੇ 'ਚ ਮਤਦਾਨ ਦੇ ਸਮੇਂ ਯਾਤਰਾ 'ਤੇ ਵੀ ਹੁੰਦੇ ਹਨ। ਆਖ਼ਰ ਅੱਜ ਦੇ ਡਿਜੀਟਲ ਭਾਰਤ ਵਿਚ ਅਜਿਹੇ ਸਭ ਲੋਕਾਂ ਲਈ ਅਜਿਹੀ ਕੋਈ ਵਿਵਸਥਾ ਕਿਉਂ ਨਹੀਂ ਬਣ ਸਕਦੀ ਜਿਸ ਸਦਕਾ ਜਿਹੜਾ ਜਿੱਥੇ ਹੈ, ਉੱਥੋਂ ਹੀ ਆਪਣੇ ਚੋਣ ਖੇਤਰ ਲਈ ਮਤਦਾਨ ਕਰ ਸਕੇ? ਜੇਕਰ ਫ਼ੌਜ ਅਤੇ ਨੀਮ ਫ਼ੌਜੀ ਬਲਾਂ ਦੇ ਜਵਾਨਾਂ ਦੇ ਨਾਲ-ਨਾਲ ਚੋਣ ਡਿਊਟੀ ਵਿਚ ਸ਼ਾਮਲ ਲੋਕਾਂ ਲਈ ਵੋਟ ਦੇਣ ਦੀ ਵਿਵਸਥਾ ਹੋ ਸਕਦੀ ਹੈ ਤਾਂ ਹੋਰ ਲੋਕਾਂ ਲਈ ਕਿਉਂ ਨਹੀਂ ਹੋ ਸਕਦੀ?

ਇਕ ਅਜਿਹੇ ਸਮੇਂ ਜਦੋਂ ਵਿਦੇਸ਼ ਵਿਚ ਰਹਿ ਰਹੇ ਭਾਰਤੀਆਂ ਨੂੰ ਭਾਰਤ ਆਏ ਬਿਨਾਂ ਵੋਟ ਦੇਣ ਦੀ ਸਹੂਲਤ ਦੇਣ ਦੀ ਤਿਆਰੀ ਹੋ ਰਹੀ ਹੈ ਤਾਂ ਫਿਰ ਅਜਿਹਾ ਕੁਝ ਕੀਤਾ ਹੀ ਜਾਣਾ ਚਾਹੀਦਾ ਹੈ ਜਿਸ ਨਾਲ ਉਹ ਆਮ ਭਾਰਤੀ ਵੀ ਮਤਦਾਨ ਕਰ ਸਕਣ ਜਿਹੜੇ ਆਪਣੇ ਚੋਣ ਹਲਕੇ ਤੋਂ ਬਾਹਰ ਹੁੰਦੇ ਹਨ। ਇਸ ਵਾਰ ਨਾ ਸਹੀ, ਅਗਲੀ ਵਾਰ ਅਜਿਹੀ ਕਿਸੇ ਵਿਵਸਥਾ ਦੇ ਨਿਰਮਾਣ ਲਈ ਚੋਣ ਕਮਿਸ਼ਨ ਦੇ ਨਾਲ-ਨਾਲ ਸਰਕਾਰ ਦਾ ਵੀ ਸਰਗਰਮ ਹੋਣਾ ਸਮੇਂ ਦੀ ਮੰਗ ਹੈ।

Posted By: Jagjit Singh