ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਦਾ ਕਿਸਾਨ ਅੰਦੋਲਨ ਬਾਰੇ ਦਿੱਤਾ ਗਿਆ ਬਿਆਨ ਡੂੰਘੇ ਅਰਥ ਰੱਖਦਾ ਹੈ। ਇਹ ਪਹਿਲੀ ਵਾਰ ਹੈ ਕਿ ਉਨ੍ਹਾਂ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਸਪਸ਼ਟ ਤੌਰ ’ਤੇ ਅਪੀਲ ਕੀਤੀ ਹੈ ਕਿ ਉਹ ਪੰਜਾਬ ’ਚ ਹੋ ਰਹੇ ਰੋਸ ਮੁਜ਼ਾਹਰੇ ਤੇ ਧਰਨੇ ਖ਼ਤਮ ਕਰਨ ਕਿਉਂਕਿ ਇਨ੍ਹਾਂ ਨਾਲ ਸੂਬੇ ਦਾ ਅਰਥਚਾਰਾ ਲੜਖੜਾ ਰਿਹਾ ਹੈ। ਤਿੰਨੇ ਖੇਤੀ ਕਾਨੂੰਨਾਂ ਦੀ ਵਕਾਲਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕਿਸਾਨ ਸੰਘਰਸ਼ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੀ ਬਜਾਏ ਹਰਿਆਣਾ ਤੇ ਦਿੱਲੀ ਦੀ ਸਰਹੱਦ ’ਤੇ ਅੰਦੋਲਨ ਕਰੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ’ਚ 113 ਥਾਵਾਂ ’ਤੇ ਕਿਸਾਨਾਂ ਦੇ ਧਰਨੇ ਲੱਗੇ ਹੋਏ ਹਨ ਜਿਸ ਕਾਰਨ ਆਮ ਲੋਕਾਂ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜ੍ਹੀਆਂ ਹੋ ਰਹੀਆਂ ਹਨ। ਕਿਸਾਨ ਧਰਨਿਆਂ ਦਾ ਸੇਕ ਮਹਿਸੂਸ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਅੰਦੋਲਨ ਨਾਲ ਪੰਜਾਬ ਵਾਸੀਆਂ ਨੂੰ ਦਿੱਕਤਾਂ ਆ ਰਹੀਆਂ ਹਨ। ਕਿਸਾਨਾਂ ਦੇ ਹਿਤੈਸ਼ੀ ਹੋਣ ਦਾ ਦਾਅਵਾ ਤਾਂ ਸਮਝ ਆਉਂਦਾ ਹੈ ਪਰ ਉਨ੍ਹਾਂ ਨੂੰ ਉਕਸਾ ਕੇ ਦੂਜੇ ਸੂਬੇ ਦਾ ਰਾਹ ਦੱਸਣਾ ਵਾਜਿਬ ਨਹੀਂ ਲੱਗਦਾ। ਟਿਕਰੀ ਤੇ ਸਿੰਘੂ ਬਾਰਡਰ ’ਤੇ ਧਰਨੇ ਲਗਾਉਣ ਤੋਂ ਕਈ ਮਹੀਨੇ ਪਹਿਲਾਂ ਕਿਸਾਨ ਅੰਦੋਲਨ ਪੰਜਾਬ ’ਚੋਂ ਹੀ ਸ਼ੁਰੂ ਹੋਇਆ ਸੀ। ਗੰਨੇ ਦਾ ਵੱਧ ਮੁੱਲ ਲੈਣ ਲਈ ਵੀ ਕਿਸਾਨਾਂ ਵੱਲੋਂ ਪੰਜਾਬ ਵਿਚ ਚੱਕਾ ਜਾਮ ਕੀਤਾ ਗਿਆ ਸੀ। ਹਰਿਆਣਾ ਦੇ ਮੁੱਖ ਮੰਤਰੀ ਤੇ ਭਾਜਪਾ ਨੇਤਾਵਾਂ ਨੇ ਪਹਿਲਾਂ ਵੀ ਕਈ ਵਾਰ ਇਲਜ਼ਾਮ ਲਗਾਏ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਕਿਸਾਨਾਂ ਨੂੰ ਉਕਸਾ ਰਹੇ ਹਨ। ਪੰਜਾਬ ’ਚ ਕਈ ਥਾੲੀਂ ਕਿਸਾਨਾਂ ਵੱਲੋਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸਮਾਗਮਾਂ ਦਾ ਜ਼ਬਰਦਸਤ ਵਿਰੋਧ ਵੀ ਹੋਇਆ ਹੈ। ਕਈ ਥਾੲੀਂ ਤਾਂ ਇਸ ਨੇ ਹਿੰਸਕ ਰੂਪ ਵੀ ਅਖ਼ਤਿਆਰ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 100 ਦਿਨਾ ਪੰਜਾਬ ਦਾ ਸਿਆਸੀ ਗੇੜਾ ਵੀ ਮਨਸੂਖ ਕਰਨਾ ਪਿਆ ਸੀ। ਸਿਆਸੀ ਪਾਰਟੀਆਂ, ਖ਼ਾਸ ਤੌਰ ’ਤੇ ਸੱਤਾਧਾਰੀ ਧਿਰ ਨੂੰ ਜਦੋਂ ‘ਕਿਸਾਨ ਕਚਹਿਰੀ’ ਅੱਗੇ ਪੇਸ਼ ਹੋ ਕੇ ਉਨ੍ਹਾਂ ਦੇ ਮਸ਼ਵਰੇ ਤੇ ਹਦਾਇਤਾਂ ਮੰਨਣ ਲਈ ਕਿਹਾ ਗਿਆ ਤਾਂ ਇਹ ਉਨ੍ਹਾਂ ਸਭ ਲਈ ਇਮਤਿਹਾਨ ਦੀ ਘੜੀ ਸੀ। ਅੰਦੋਲਨ ਕਰਨ ਵਾਲੀਆਂ 32 ਕਿਸਾਨ ਯੂਨੀਅਨਾਂ ਨੇ ਸਰਬਸੰਮਤੀ ਨਾਲ ਸਿਆਸੀ ਆਗੂਆਂ ਨੂੰ ਪੰਜਾਬ ’ਚ ਆਪੋ-ਆਪਣੀਆਂ ਸਿਆਸੀ ਸਰਗਰਮੀਆਂ ਬੰਦ ਕਰਨ ਲਈ ਕਿਹਾ ਗਿਆ ਸੀ। ਇਤਿਹਾਸ ’ਚ ਅਜਿਹਾ ਪਹਿਲਾਂ ਕਦੇ ਨਹੀਂ ਵਾਪਰਿਆ। ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਜਿਹਾ ਮੰਨਣਾ ਉਨ੍ਹਾਂ ਲਈ ਬੇਹੱਦ ਮੁਸ਼ਕਲ ਜਾਪ ਰਿਹਾ ਹੈ। ‘ਸਿਆਸੀ ਰੈਲੀਆਂ ਕਰਨ ਵਾਲੇ ਮੰਨੇ ਜਾਣਗੇ ਕਿਸਾਨ ਵਿਰੋਧੀ’ ਵਰਗੇ ਫ਼ੈਸਲੇ ਤੋਂ ਬਾਅਦ ਸੱਤਾਧਾਰੀ ਕਾਂਗਰਸ ਪਾਰਟੀ ਤੇ ਕੁਝ ਹੋਰ ਸਿਆਸੀ ਜਮਾਤਾਂ ਵੱਲੋਂ ਸਰਗਰਮੀਆਂ ਜਾਰੀ ਹਨ। ਇਨ੍ਹਾਂ 32 ਕਿਸਾਨ ਜਥੇਬੰਦੀਆਂ ’ਚੋਂ ਇਕ ਜਥੇਬੰਦੀ ਦੇ ਨੇਤਾ ਨੇ 10 ਸਤੰਬਰ ਦੀ ‘ਕਿਸਾਨ ਅਦਾਲਤ’ ਤੋਂ ਵੱਖਰੀ ਸੁਰ ਅਲਾਪਦਿਆਂ ਕਿਹਾ ਹੈ ਕਿ ਉਹ ਸਾਰੀਆਂ ਸਿਆਸੀ ਪਾਰਟੀਆਂ ਦੇ ਵਿਰੋਧ ਦੇ ਹੱਕ ’ਚ ਨਹੀਂ ਹਨ। ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਆਪਣਾ ਨਿੱਜੀ ਫ਼ੈਸਲਾ ਸੁਣਾਉਂਦਿਆਂ ਇੱਥੋਂ ਤਕ ਕਹਿ ਦਿੱਤਾ ਹੈ ਕਿ ਬੁੱਧੀਜੀਵੀਆਂ ਨਾਲ ਮਿਲ ਕੇ ਕਿਸਾਨ ਪੰਜਾਬ ’ਚ ਆਗਾਮੀ ਵਿਧਾਨ ਸਭਾ ਚੋਣਾਂ ਲੜਨਗੇ। ਦੂਜੇ ਪਾਸੇ ਉਨ੍ਹਾਂ ਨੇ ਇਹ ਸਪਸ਼ਟ ਕੀਤਾ ਹੈ ਕਿ ਉਹ ਖ਼ੁਦ ਪੰਜਾਬ ਦੀਆਂ ਚੋਣਾਂ ਨਹੀਂ ਲੜਨਗੇ। ਭਾਵੇਂ ਦੂਜੀਆਂ ਕਿਸਾਨ ਜਥੇਬੰਦੀਆਂ ਨੇ ਚੜੂਨੀ ਦੇ ਬਿਆਨ ਨਾਲ ਅਸਹਿਮਤੀ ਪ੍ਰਗਟਾਈ ਹੈ ਪਰ ਅੰਦਰਖਾਤੇ ਕੁਝ ਨਾ ਕੁਝ ਜ਼ਰੂਰ ਰਿੱਝ ਰਿਹਾ ਹੈ।

Posted By: Jatinder Singh