ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਿਛਲੇ ਦਿਨੀਂ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਫ਼ਸਲੀ ਚੱਕਰ ਤੋੜਨ ਤੇ ਖੇਤੀ ਵਿਭਿੰਨਤਾ ਲਈ ਇਕ ਮੀਟਿੰਗ ਹੋਈ ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਪੰਜਾਬ ਦੇ ਜ਼ਿਆਦਾਤਰ ਰਕਬੇ ਵਿਚ ਸਾਉਣੀ ਦੌਰਾਨ ਝੋਨੇ ਦੀ ਹੀ ਖੇਤੀ ਕੀਤੀ ਜਾਂਦੀ ਹੈ। ਕਣਕ ਦੀ ਜਗ੍ਹਾ ਤਾਂ ਕਈ ਫ਼ਸਲਾਂ ਦੇ ਬਦਲ ਹਨ ਪਰ ਝੋਨੇ ਦਾ ਬਦਲ ਬਹੁਤ ਘੱਟ ਹੈ। ਝੋਨਾ ਹੀ ਇਕ ਅਜਿਹੀ ਫ਼ਸਲ ਹੈ ਜਿਸ ਨਾਲ ਕਿਸਾਨਾਂ ਨੂੰ ਕੁਝ ਆਰਥਿਕ ਰਾਹਤ ਮਿਲਦੀ ਹੈ। ਝੋਨੇ ਅਤੇ ਕਣਕ ਦੀ ਐੱਮਐੱਸਪੀ ਨਿਰਧਾਰਤ ਹੋਣ ਕਾਰਨ ਕਿਸਾਨ ਇਨ੍ਹਾਂ ਫ਼ਸਲਾਂ ਨੂੰ ਜ਼ਿਆਦਾ ਬੀਜਣਾ ਪਸੰਦ ਕਰਦੇ ਹਨ। ਕਿਸਾਨ ਯੂਨੀਅਨਾਂ ਨੇ ਮੱਕੀ, ਮੂੰਗੀ ਅਤੇ ਬਾਸਮਤੀ, ਝੋਨੇ ’ਤੇ ਐੱਮਐੱਸਪੀ ਦੀ ਮੰਗ ਕੀਤੀ ਹੈ ਤਾਂ ਜੋ ਫ਼ਸਲੀ ਵਿਭਿੰਨਤਾ ਵੱਲ ਵਧਿਆ ਜਾ ਸਕੇ।

ਪਰ ਐੱਮਐੱਸਪੀ ਦੇਣਾ ਕੇਂਦਰ ਸਰਕਾਰ ਦੇ ਹੱਥ ਹੈ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦਾ ਪਾਣੀ ਇੰਨਾ ਥੱਲੇ ਜਾ ਚੁੱਕਾ ਹੈ ਕਿ ਉਹ ਡਾਰਕ ਜ਼ੋਨ ਵਿਚ ਜਾ ਚੁੱਕੇ ਹਨ। ਜੇਕਰ ਝੋਨੇ ਦੀ ਫ਼ਸਲ ਇਸ ਤਰ੍ਹਾਂ ਹੀ ਲੱਗਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਰੇਗਿਸਤਾਨ ਬਣ ਜਾਵੇਗਾ। ਆਪਣੇ ਕੋਲ ਕੁਝ ਹੀ ਸਾਲਾਂ ਦਾ ਪਾਣੀ ਬਚਿਆ ਹੈ। ਪੰਜਾਬ ’ਚ ਆਮ ਤੌਰ ’ਤੇ ਝੋਨੇ ਦੀ ਪੂਸਾ 44 ਕਿਸਮ ਦੀ ਬਿਜਾਈ ਕੀਤੀ ਜਾਂਦੀ ਹੈ ਜੋ ਕਾਫ਼ੀ ਲੰਬਾ ਸਮਾਂ ਲੈਣ ਵਾਲੀ ਕਿਸਮ ਹੈ ਪਰ ਇਸ ਦਾ ਝਾੜ ਬਹੁਤ ਵਧੀਆ ਹੈ। ਇਸ ਦੇ ਬਦਲ ਵਜੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਈ ਸਾਲ ਪਹਿਲਾਂ ਇਕ ਵਰਾਇਟੀ ਵਿਕਸਤ ਕੀਤੀ ਸੀ ਜਿਸ ਦਾ ਝਾੜ ਪੂਸਾ 44 ਦੇ ਬਰਾਬਰ ਸੀ ਪਰ ਸਮਾਂ 20 ਤੋਂ 25 ਦਿਨ ਘੱਟ ਲੈਂਦੀ ਸੀ ਜੋ ਕਿਸਾਨ ਅਤੇ ਪਾਣੀ ਬਚਾਉਣ ਦੇ ਹੱਕ ਵਿਚ ਸੀ ਪਰ ਸਰਕਾਰ ਨੇ ਸ਼ੈੱਲਰ ਸਨਅਤ ਦੇ ਦਬਾਅ ਥੱਲੇ ਆ ਕੇ ਥੋੜ੍ਹੇ ਹੀ ਸਾਲਾਂ ਬਾਅਦ ਇਸ ਕਿਸਮ ’ਤੇ ਰੋਕ ਲਗਾ ਦਿੱਤੀ ਸੀ। ਅਜਿਹਾ ਇਸ ਲਈ ਕਿਉਂਕਿ ਸ਼ੈੱਲਰ ਮਾਲਕਾਂ ਨੂੰ ਇਸ ’ਤੇ ਕਾਫ਼ੀ ਪੋਲਿਸ਼ ਕਰਨੀ ਪੈਂਦੀ ਸੀ। ਪੰਜਾਬ ਵਿਚ ਧਰਤੀ ਹੇਠਲਾ ਪਾਣੀ ਹੁਣ ਆਖ਼ਰੀ ਪੜਾਅ ’ਤੇ ਪਹੁੰਚ ਗਿਆ ਹੈ। ਜੇ ਅਸੀਂ ਝੋਨਾ ਇਸੇ ਤਰ੍ਹਾਂ ਲਗਾਉਂਦੇ ਰਹੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦਾ ਇਕ ਤੁਪਕਾ ਵੀ ਨਹੀਂ ਛੱਡਾਂਗੇ। ਪੰਜਾਬ ਵਿਚ ਝੋਨਾ ਲਗਾਉਣਾ 10 ਜੂਨ ਤੋਂ ਸ਼ੁਰੂ ਹੁੰਦਾ ਹੈ ਜਿਸ ਨਾਲ ਪਾਣੀ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਇਸ ਸਮੇਂ ਦੌਰਾਨ ਪੰਜਾਬ ਦੇ ਮੌਸਮ ਵਿਚ ਇੰਨੀ ਖੁਸ਼ਕੀ ਹੁੰਦੀ ਹੈ ਕਿ ਪਾਣੀ ਭਾਫ਼ ਬਣ ਕੇ ਉੱਪਰ ਨੂੰ ਉੱਡਦਾ ਹੈ। ਜੇ ਇਹੀ ਝੋਨਾ ਇਕ ਜੁਲਾਈ ਤੋਂ ਲਾਇਆ ਜਾਵੇ ਤਾਂ ਪਾਣੀ ਦੀ ਅੱਧੀ ਖਪਤ ਘਟ ਜਾਂਦੀ ਹੈ ਕਿਉਂਕਿ ਉਸ ਸਮੇਂ ਮੌਸਮ ਵਿਚ ਨਮੀ ਵਧ ਜਾਂਦੀ ਹੈ ਅਤੇ ਪਾਣੀ ਉੱਡਣੋਂ ਹਟ ਜਾਂਦਾ ਹੈ ਕਿਉਂਕਿ ਬਾਰਿਸ਼ਾਂ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ। ਖੇਤੀ ਮਾਹਿਰ ਚਾਹੁੰਦੇ ਹਨ ਕਿ ਝੋਨੇ ਦੀ ਬਿਜਾਈ ਦੇਰੀ ਨਾਲ ਸ਼ੁਰੂ ਕੀਤੀ ਜਾਵੇ। ਮੈਂ ਕਿਸਾਨ ਯੂਨੀਅਨਾਂ ਤੇ ਕਿਸਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਸਰਕਾਰ ਤੋਂ ਇਹ ਮੰਗ ਕਰੀਏ ਕਿ ਝੋਨੇ ਦੀ ਲੁਆਈ 1 ਜੁਲਾਈ ਤੋਂ ਕੀਤੀ ਜਾਵੇ। -ਅਰਵਿੰਦਰ ਸਿੰਘ ਚਹਿਲ। (81465-46204)

Posted By: Shubham Kumar