-ਜੋਗਿੰਦਰ ਭਾਟੀਆ

ਮੇਰੀ ਬਦਲੀ ਧੂਰੀ ਤੋਂ ਲੁਧਿਆਣੇ ਹੋ ਗਈ ਸੀ। ਮਾਡਲ ਟਾਊਨ ਡਾਕਖਾਨੇ ਵਿਚ ਮੈਂ ਆ ਕੇ ਹਾਜ਼ਰੀ ਲਾਈ। ਮੇਰੇ ਲਈ ਸਾਰਾ ਸਟਾਫ਼ ਨਵਾਂ ਸੀ। ਜਗ੍ਹਾ ਵੀ ਨਵੀਂ ਸੀ ਪਰ ਪਹਿਲਾਂ ਨਾਲੋਂ ਘਰ ਨੇੜੇ ਹੋ ਗਿਆ ਸੀ। ਮੈਂ ਖੰਨੇ ਤੋਂ ਲੁਧਿਆਣੇ ਤਕ ਗੱਡੀ ਦਾ ਪਾਸ ਬਣਾ ਲਿਆ ਅਤੇ ਹਰ ਰੋਜ਼ ਸ਼ਾਮ ਨੂੰ ਘਰ ਆ ਜਾਂਦਾ ਸਾਂ। ਉਨ੍ਹਾਂ ਦਿਨਾਂ ਵਿਚ ਮੇਰੇ ਪਿਤਾ ਜੀ ਅਕਸਰ ਬਿਮਾਰ ਰਹਿੰਦੇ ਸਨ। ਇਸ ਲਈ ਉਨ੍ਹਾਂ ਕੋਲ ਰਹਿਣਾ ਮੇਰੇ ਲਈ ਅਤੀ ਜ਼ਰੂਰੀ ਸੀ। ਦੂਜਾ, ਵੱਡਾ ਸ਼ਹਿਰ ਹੋਣ ਦੇ ਨਾਤੇ ਇੱਥੇ ਉਨ੍ਹਾਂ ਦੀ ਦਵਾ-ਦਾਰੂ ਚੰਗੀ ਤਰ੍ਹਾਂ ਹੋ ਸਕਦਾ ਸੀ ਪਰ ਦੋ ਸਾਲ ਬਿਮਾਰ ਰਹਿਣ ਪਿੱਛੋਂ ਉਹ ਉੱਨੀ ਸੌ ਛਿਆਹਠ ਵਿਚ ਮੈਨੂੰ ਹਮੇਸ਼ਾ ਲਈ ਰੋਂਦਿਆਂ ਛੱਡ ਕੇ ਚਲੇ ਗਏ। ਉਦੋਂ ਮੇਰਾ ਵਿਆਹ ਵੀ ਨਹੀਂ ਸੀ ਹੋਇਆ। ਇਸ ਲਈ ਮੈਂ ਆਪਣੀ ਮਾਂ ਨੂੰ ਆਪਣੇ ਕੋਲ ਲੈ ਆਂਦਾ ਤਾਂ ਜੋ ਰੋਟੀ-ਪਾਣੀ ਤੋਂ ਔਖਾ ਨਾ ਹੋਵਾਂ। ਮੇਰਾ ਵੱਡਾ ਭਰਾ ਲੁਧਿਆਣੇ ਹੀ ਰਹਿੰਦਾ ਸੀ ਤੇ ਅਸੀਂ ਵੀ ਉਸ ਕੋਲ ਕਿਰਾਏ ਉੱਤੇ ਮਕਾਨ ਲੈ ਲਿਆ। ਇਹ ਸੋਚ ਕੇ ਕਿ ਦੋਵੇਂ ਭਰਾ ਇਕੱਠੇ ਤਾਂ ਹੋਵਾਂਗੇ, ਦੁੱਖ-ਸੁੱਖ ਤਾਂ ਵਕਤ ਨਹੀਂ ਵੇਖਦਾ। ਕਿੱਥੇ ਜੋਧੇਵਾਲ ਬਸਤੀ ਦਾ ਪੈਟਰੋਲ ਪੰਪ ਤੇ ਕਿੱਥੇ ਮਾਡਲ ਟਾਊਨ ਡਿਊਟੀ ਉੱਤੇ ਜਾਣਾ। ਇੰਨਾ ਲੰਬਾ ਫ਼ਾਸਲਾ ਮੈਂ ਸਾਈਕਲ ਉੱਤੇ ਹੀ ਕਰਦਾ। ਚਾਰ ਦਹਾਕੇ ਪਹਿਲਾਂ ਸਕੂਟਰ ਜਾਂ ਕਾਰ ਕਿਸੇ ਵਿਰਲੇ ਕੋਲ ਹੀ ਹੁੰਦੀ ਸੀ।

ਮੇਰੀ ਮਾਂ ਸਵੇਰੇ-ਸਵੇਰੇ ਉੱਠਦੀ। ਸਭ ਤੋਂ ਪਹਿਲਾਂ ਉਹ ਪੱਕੇ ਕੋਲਿਆਂ ਦੀ ਅੰਗੀਠੀ ਭਖਾਂਦੀ। ਸਾਰੇ ਗਲੀ-ਮੁਹੱਲੇ ਦੀਆਂ ਤੀਵੀਆਂ ਇਸ ਤਰ੍ਹਾਂ ਹੀ ਕਰਦੀਆਂ। ਪਾਥੀਆਂ ਅਤੇ ਲੱਕੜਾਂ ਲਾ ਕੇ ਮਿੱਟੀ ਦੇ ਤੇਲ ਨਾਲ ਅੱਗ ਲਗਾਉਂਦੀਆਂ ਅਤੇ ਉਨ੍ਹਾਂ ੳੁੱਤੇ ਪੱਥਰੀ ਕੋਲੇ ਪਾ ਦੇਂਦੀਆਂ। ਆਲੇ-ਦੁਆਲੇ ਸਾਰਾ ਗਲੀ-ਗੁਆਂਢ ਧੂੰਏਂ ਦੀ ਕਾਲੀ-ਨੀਲੀ ਚਾਦਰ ਨਾਲ ਢਕਿਆ ਜਾਂਦਾ। ਇਹ ਉਨ੍ਹਾਂ ਦਾ ਰੋਜ਼ ਦਾ ਕੰਮ ਸੀ। ਉਦੋਂ ਗੈਸ ਚੁੱਲ੍ਹੇ ਨਹੀਂ ਸਨ ਹੁੰਦੇ। ਬਸ ਕੋਲਿਆਂ ਦੀ ਅੰਗੀਠੀ ਜਾਂ ਸਟੋਵ ਹੁੰਦੇ ਸਨ। ਘਰ ਦਾ ਖਾਣਾ ਬਣਾਉਣ ਲਈ ਲੋਕ ਲੱਕੜਾਂ, ਕੋਲੇ ਜਾਂ ਮਿੱਟੀ ਦਾ ਤੇਲ ਹੀ ਵਰਤਦੇ ਸਨ। ਕਈ ਵਾਰ ਤਾਂ ਉਨ੍ਹਾਂ ਦੀ ਵੀ ਕਿੱਲਤ ਆ ਜਾਂਦੀ ਸੀ। ਕਦੇ ਕੋਈ ਚੀਜ਼ ਮੁੱਕੀ ਰਹਿੰਦੀ ਤੇ ਕਦੇ ਕੋਈ। ਉਨ੍ਹਾਂ ਦਿਨਾਂ ਵਿਚ ਰਾਸ਼ਨ ਡੀਪੂ ਹੋਇਆ ਕਰਦੇ ਸਨ। ਘਰ ਦੇ ਜੀਆਂ ਅਨੁਸਾਰ ਚੀਨੀ, ਘਿਓ ਤੇ ਮਿੱਟੀ ਦਾ ਤੇਲ ਮਿਲਦਾ ਸੀ ਪਰ ਕਦੇ-ਕਦੇ ਤਾਂ ਉੱਥੋਂ ਵੀ ਜਵਾਬ ਮਿਲ ਜਾਂਦਾ ਸੀ। ਅਮੀਰ ਲੋਕਾਂ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਸੀ ਪੈਂਦਾ ਪਰ ਆਮ ਆਦਮੀ ਨੂੰ ਤਾਂ ਡਾਹਢੀ ਮਾਰ ਪੈਂਦੀ ਸੀ। ਮੇਰਾ ਰਾਸ਼ਨ ਕਾਰਡ ਕਲਗੀਧਰ ਗੁਰਦੁਆਰਾ ਸਾਹਿਬ ਦੇ ਨੇੜੇ ਡੀਪੂ ਦਾ ਬਣਿਆ ਹੋਇਆ ਸੀ। ਉਸ ਦਾ ਮਾਲਕ ਅਮਰੀਕ ਸਿੰਘ ਛੀਂਟ ਦੀ ਪੱਗ ਬੰਨ੍ਹੀ ਵਾਹਵਾ ਫੱਬਦਾ-ਬਣਦਾ ਅੱਧਖੜ ਉਮਰ ਦਾ ਬੰਦਾ ਸੀ। ਉਹ ਸ਼ਾਇਦ ਰਾਵਲਪਿੰਡੀ ਦੇ ਪਾਸੇ ਦਾ ਹੋਵੇਗਾ। ਇਸ ਬਾਰੇ ਮੈਂ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਹਾਵ-ਭਾਵ ਤੋਂ ਉਹ ਬੜਾ ਚੁਸਤ-ਫੁਰਤ ਦੁਕਾਨਦਾਰ ਲੱਗਦਾ ਸੀ। ਮੈਂ ਅਕਸਰ ਉਸ ਕੋਲ ਰਾਸ਼ਨ ਲੈਣ ਲਈ ਜਾਂਦਾ ਸਾਂ। ਸਾਡੇ ਦਫ਼ਤਰ ਵਿਚ ਮੇਰੀ ਬ੍ਰੋਕਨ ਡਿਊਟੀ ਲੱਗਦੀ ਸੀ। ਵਿਚ-ਵਿਚਾਲੇ ਦੋ-ਤਿੰਨ ਘੰਟੇ ਡਾਕਖਾਨਾ ਬੰਦ ਹੋ ਕੇ ਫਿਰ ਖੁੱਲ੍ਹਦਾ। ਅਸੀਂ ਉਸ ਵਕਤ ਆਪਣੇ ਘਰ ਦਾ ਰਹਿੰਦਾ-ਖੂੰਹਦਾ ਕੰਮ ਕਰ ਲੈਂਦੇ ਸਾਂ। ਇਕ-ਦੋ ਦਿਨਾਂ ਤੋਂ ਘਰੇ ਚੀਨੀ ਤੇ ਘਿਓ ਲਗਪਗ ਮੁੱਕੇ ਹੋਏ ਸਨ ਪਰ ਮਾਂ ਕੁਝ ਬਚਾਏ ਹੋਏ ਰਾਸ਼ਨ ਨਾਲ ਡੰਗ ਟਪਾ ਰਹੀ ਸੀ। ਉਨ੍ਹਾਂ ਮੈਨੂੰ ਪੂਰੀ ਤਾਕੀਦ ਕੀਤੀ ਸੀ ਕਿ ਦੋਵੇਂ ਚੀਜ਼ਾਂ ਘਰ ਜ਼ਰੂਰ ਆ ਜਾਣ। ਮੈਂ ਦਫ਼ਤਰ ਆਉਂਦਿਆਂ ਰਾਸ਼ਨ ਕਾਰਡ ਆਪਣੇ ਨਾਲ ਲੈ ਗਿਆ। ਘਰ, ਦਫ਼ਤਰ ਤੋਂ ਕਾਫ਼ੀ ਦੂਰ ਸੀ। ਇਸ ਲਈ ਦੁਬਾਰਾ ਆਉਣਾ-ਜਾਣਾ ਮੁਸ਼ਕਲ ਸੀ। ਜਦੋਂ ਮੇਰਾ ਦਫ਼ਤਰ ਬੰਦ ਹੋਇਆ ਤਾਂ ਮੈਂ ਰਾਸ਼ਨ ਲੈਣ ਲਈ ਚਲਿਆ ਗਿਆ। ਅੱਗੇ ਵੇਖਿਆ ਤਾਂ ਲੋਕਾਂ ਦੀ ਇਕ ਲੰਬੀ ਕਤਾਰ ਲੱਗੀ ਹੋਈ ਸੀ। ਕਿਤੇ-ਕਿਤੇ ਆਪਣੀ ਵਾਰੀ ਤੋਂ ਕੋਈ ਝਗੜਾ ਵੀ ਕਰ ਰਿਹਾ ਸੀ ਪਰ ਮੈਂ ਅਡੋਲ ਸ਼ਾਂਤ ਇਕ ਪਾਸੇ ਖਲੋਤਾ ਸਭ ਕੁਝ ਤੱਕ ਰਿਹਾ ਸਾਂ।

ਜੇ ਮੈਂ ਕਤਾਰ ਵਿਚ ਲੱਗ ਜਾਂਦਾ ਤਾਂ ਮੇਰੀ ਵਾਰੀ ਨਹੀਂ ਸੀ ਆਉਣੀ। ਮੈਂ ਦਫ਼ਤਰ ਤੋਂ ਲੇਟ ਹੋ ਜਾਣਾ ਸੀ। ਮੈਂ ਡੀਪੂ ਮਾਲਕ ਅਮਰੀਕ ਸਿੰਘ ਨੂੰ ਇਕ ਪਾਸੇ ਬੁਲਾ ਕੇ ਕਿਹਾ, ‘ਮੈਂ ਮਾਡਲ ਟਾਊਨ ਡਾਕਖਾਨੇ ਵਿਚ ਲੱਗਾ ਹੋਇਆ ਹਾਂ। ਉੱਥੋਂ ਮਸਾਂ ਛੁੱਟੀ ਹੋਈ ਹੈ। ਜੇ ਭਾਅ ਜੀ ਮੈਨੂੰ ਜ਼ਰਾ ਪਹਿਲਾਂ ਫਾਰਗ ਕਰ ਦਿਉ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ।’’ ਉਸ ਨੇ ਕਿਹਾ ਕਿ ਤੁਹਾਡੇ ਵਰਗੇ ਇੱਥੇ ਬੜੇ ਆਉਂਦੇ ਨੇ। ਮੈਂ ਲੋਕਾਂ ਨਾਲ ਲੜਾਈ ਨਹੀਂ ਸਹੇੜਨੀ। ਤੁਸੀਂ ਵੀ ਆ ਕੇ ਲਾਈਨ ਵਿਚ ਖਲੋ ਜਾਓ। ਆਖ਼ਰ ਉਹ ਵੀ ਤਾਂ ਬੰਦੇ ਨੇ। ਆਪੋ-ਆਪਣਾ ਕੰਮ ਛੱਡ ਕੇ ਆਏ ਨੇ। ਤੁਸੀਂ ਕੋਈ ਬਹੁਤੇ ਹੋ? ਨਾਲੇ ਮੈਨੂੰ ਤੁਹਾਡੇ ਨਾਲ ਕੀ ਵਾਸਤਾ ਪੈਣੈ? ਉਸ ਦੀ ਇਸ ਬੇਰੁਖ਼ੀ ਨੇ ਮੈਨੂੰ ਚੁੱਪ ਕਰਾ ਦਿੱਤਾ ਤੇ ਲਾਈਨ ਵਿਚ ਖਲੋ ਕੇ ਆਪਣੀ ਵਾਰੀ ਉਡੀਕਣ ਲੱਗਾ। ਆਖ਼ਰ ਜਦੋਂ ਮੇਰੀ ਵਾਰੀ ਆਈ ਤਾਂ ਡਾਕਖਾਨਾ ਖੁੱਲ੍ਹਣ ਲਈ ਕੁਝ ਮਿੰਟ ਹੀ ਰਹਿੰਦੇ ਸਨ। ਮੈਂ ਰਾਸ਼ਨ ਲੈ ਕੇ ਦਫ਼ਤਰ ਪਹੁੰਚ ਗਿਆ। ਮੈਂ ਰਾਹ ਵਿਚ ਜਾਂਦਾ-ਜਾਂਦਾ ਕਿੰਨਾ ਚਿਰ ਸੋਚਦਾ ਰਿਹਾ ਕਿ ਉਹ ਡੀਪੂ ਵਾਲਾ ਠੀਕ ਤਾਂ ਕਹਿੰਦਾ ਹੈ ਕਿ ਉਸ ਨੂੰ ਮੇਰੇ ਨਾਲ ਕੀ ਵਾਹ ਪੈ ਸਕਦਾ ਹੈ। ਪਰ ਮੈਂ ਸੁਣਿਆ ਜ਼ਰੂਰ ਸੀ ਕਿ ਬੰਦੇ ਦਾ ਬੰਦਾ ਦਾਰੂ ਹੁੰਦਾ ਹੈ। ਕੁਝ ਸਮਾਂ ਲੰਘਿਆ ਤਾਂ ਮੇਰਾ ਤਬਾਦਲਾ ਮਾਡਲ ਟਾਊਨ ਤੋਂ ਲੱਕੜ ਦੇ ਪੁਲ ਕੋਲ ਕਚਹਿਰੀ ਪੋਸਟ ਆਫਿਸ ਵਿਚ ਹੋ ਗਿਆ। ਇਹ ਨਾਨ ਡਲਿਵਰੀ ਆਫਿਸ ਅਤੇ ਕੰਮ ਦੇ ਲਿਹਾਜ਼ ਨਾਲ ਵੀ ਠੀਕ ਸੀ। ਦੂਜਾ ਸਵੇਰ ਦੀ ਡਿਊਟੀ ਤੋਂ ਖਹਿੜਾ ਛੁੱਟਿਆ। ਇਹ ਦਫ਼ਤਰ ਸਵੇਰੇ ਨੌਂ ਵਜੇ ਖੁੱਲ੍ਹਦਾ ਤੇ ਸ਼ਾਮ ਨੂੰ ਪੰਜ ਵਜੇ ਬੰਦ ਹੁੰਦਾ ਸੀ। ਮੇਰੀ ਡਿਊਟੀ ਮਨੀ ਆਰਡਰ ਤੇ ਰਜਿਸਟਰੀ ਕਾਊਂਟਰ ਉੱਤੇ ਲੱਗ ਗਈ। ਕਚਹਿਰੀਆਂ ਦਾ ਸਾਰਾ ਕੰਮ ਇਸ ਦਫ਼ਤਰ ਰਾਹੀਂ ਹੀ ਹੁੰਦਾ ਸੀ। ਇੱਥੇ ਵੀ ਹੋਰ ਡਾਕਖਾਨਿਆਂ ਵਾਂਗ ਲੰਬੀਆਂ ਕਤਾਰਾਂ ਲੱਗੀਆਂ ਹੁੰਦੀਆਂ। ਇਕ ਦਿਨ ਮੈਂ ਆਮ ਵਾਂਗ ਕੰਮ ਕਰ ਰਿਹਾ ਸਾਂ। ਕਾਊਂਟਰ ਅੱਗੇ ਲੋਕਾਂ ਦੀ ਵਾਹਵਾ ਭੀੜ ਲੱਗੀ ਹੋਈ ਸੀ। ਮੈਂ ਜ਼ਰਾ ਦੂਰ ਨਿਗ੍ਹਾ ਮਾਰੀ ਤਾਂ ਵੇਖਿਆ ਕਿ ਅਮਰੀਕ ਸਿੰਘ ਡੀਪੂ ਵਾਲਾ ਬੜੀ ਬੇਚੈਨੀ ਨਾਲ ਇੱਧਰ-ਉੱਧਰ ਘੁੰਮ ਰਿਹਾ ਸੀ। ਮੈਂ ਉਸ ਨੂੰ ਆਪਣੇ ਕੋਲ ਬੁਲਾ ਕੇ ਪੁੱਛਿਆ, ‘‘ਸਰਦਾਰ ਜੀ, ਕਿਵੇਂ ਆਏ ਹੋ? ਆਪਣਾ ਕੰਮ ਦੱਸੋ।’’ ਉਸ ਨੇ ਕਿਹਾ, ‘‘ਇਹ ਦੋ ਰਜਿਸਟਰੀਆਂ ਕਰਾਉਣੀਆਂ ਹਨ। ਕਤਾਰ ਬਹੁਤ ਲੰਬੀ ਹੈ।’’

ਮੈਂ ਉਸ ਨੂੰ ਕਿਹਾ, ‘‘ਕੋਈ ਫ਼ਿਕਰ ਨਾ ਕਰੋ।’’ ਮੈਂ ਪੋਲੇ ਜਿਹੇ ਉਸ ਦੀਆਂ ਰਜਿਸਟਰੀਆਂ ਫੜੀਆਂ ਤੇ ਰਸੀਦਾਂ ਕੱਟ ਕੇ ਉਸ ਨੂੰ ਦੇ ਦਿੱਤੀਆਂ। ਉਸ ਦਾ ਕੰਮ ਵੀ ਹੋ ਗਿਆ ਅਤੇ ਕਿਸੇ ਨੂੰ ਪਤਾ ਵੀ ਨਾ ਲੱਗਣ ਦਿੱਤਾ। ਉਹ ਮੇਰਾ ਧੰਨਵਾਦ ਕਰ ਕੇ ਚਲਿਆ ਗਿਆ ਪਰ ਉਹ ਵਿੱਚੋ-ਵਿਚ ਬਹੁਤ ਸ਼ਰਮਿੰਦਾ ਹੋਇਆ ਕਿ ਮੈਂ ਇਸ ਨਾਲ ਕਿਹੋ ਜਿਹਾ ਵਰਤਾਅ ਕੀਤਾ ਸੀ ਅਤੇ ਇਸ ਬੰਦੇ ਨੇ ਮੈਨੂੰ ਅੱਜ ਤਕ ਜਤਾਇਆ ਤਕ ਨਹੀਂ। ਉਨ੍ਹਾਂ ਦਿਨਾਂ ਵਿਚ ਘਿਓ ਦੀ ਬਹੁਤ ਕਿੱਲਤ ਸੀ। ਜਦੋਂ ਵੀ ਮੈਂ ਡੀਪੂ ’ਤੇ ਜਾਂਦਾ ਤਾਂ ਉਸ ਨੇ ਖਿੜੇ ਮੱਥੇ ਨਾਲ ਮਿਲਣਾ ਤੇ ਕਹਿਣਾ, ‘‘ਸਰਦਾਰ ਜੀ, ਚਾਰ ਕਿੱਲੋ ਦਾ ਡੱਬਾ ਤਾਂ ਹੈ ਨਹੀਂ, ਇਹ ਦੋ ਕਿੱਲੋ ਦਾ ਲੈ ਜਾਓ।’’ ਉਸ ਨੇ ਸਾਰਿਆਂ ਤੋਂ ਪਹਿਲਾਂ ਮੇਰਾ ਕੰਮ ਕਰਨਾ। ਉਨ੍ਹਾਂ ਦਿਨਾਂ ਵਿਚ ਹੀ ਮੇਰਾ ਵਿਆਹ ਆ ਗਿਆ। ਮੈਂ ਦੋ ਟੀਨ ਘਿਓ ਲਈ ਫਾਰਮ ਭਰਿਆ ਸੀ ਅਤੇ ਮੈਨੂੰ ਇਕ ਟੀਨ ਦਾ ਪਰਮਿਟ ਮਿਲਿਆ। ਜਦੋਂ ਅਮਰੀਕ ਸਿੰਘ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਇੰਸਪੈਕਟਰ ਨੂੰ ਕਹਿ ਕੇ ਦੋ ਟੀਨ ਘਿਓ ਦੇ ਦਿਵਾ ਦਿੱਤੇ। ਮੇਰਾ ਉਨ੍ਹਾਂ ਨਾਲ ਸਰ ਗਿਆ। ਹੁਣ ਮੈਨੂੰ ਇੰਜ ਲੱਗਿਆ ਜਿਵੇਂ ਉਸ ਨੇ ਮੇਰਾ ਕਰਜ਼ਾ ਲਾਹ ਦਿੱਤਾ ਹੋਵੇ। ਮੈਂ ਉਸ ਬਾਰੇ ਦਿਲ ’ਚ ਚੰਗੀ ਭਾਵਨਾ ਰੱਖ ਕੇ ਉਸ ਤੋਂ ਆਪਣਾ ਬਦਲਾ ਲੈ ਲਿਆ ਸੀ। ਇਹ ਸ਼ਾਇਦ ਮੇਰੇ ਸੁਭਾਅ ਕਰਕੇ ਹੈ ਕਿ ਮੈਂ ਕਿਸੇ ਬਾਰੇ ਮਾੜਾ ਸੋਚ ਹੀ ਨਹੀਂ ਸਕਦਾ।

-ਮੋਬਾਈਲ ਨੰ. : 99885-90956

Posted By: Susheel Khanna