ਭਾਵਨਾ ਪ੍ਰਧਾਨ ਸਮਾਜ ਵਿਚ ਤਰਕ-ਸ਼ਕਤੀ ਕਮਜ਼ੋਰ ਹੁੰਦੀ ਹੈ। ਭਾਰਤ ਵੀ ਇਕ ਭਾਵਨਾ ਪ੍ਰਧਾਨ ਦੇਸ਼ ਹੈ। ਲਿਹਾਜ਼ਾ ਇੱਥੇ ਆਮ ਜੀਵਨ ਦੀ ਗੱਲ ਹੋਵੇ, ਬੌਧਿਕ ਧਰਾਤਲ ’ਤੇ ਚਰਚਾ ਹੋਵੇ ਜਾਂ ਸੱਤਾ ਲਈ ਚੋਣ ਕਰਨੀ ਹੋਵੇ, ਕੁਝ ਦੇਰ ਬਾਅਦ ਤਰਕ ਦੀ ਜਗ੍ਹਾ ਭਾਵਨਾਵਾਂ ਲੈ ਲੈਂਦੀਆਂ ਹਨ। ਇਸ ਦਾ ਵਿਗੜਿਆ ਹੋਇਆ ਰੂਪ ਹੁੰਦਾ ਹੈ ਤਰਕਹੀਣਤਾ ਜਿਸ ਵਿਚ ਭਾਵਨਾ ਦੀ ਪ੍ਰਧਾਨਤਾ ਤਰਕ ਦੇ ਹਰ ਪੈਮਾਨੇ ਨੂੰ ਦਰਕਿਨਾਰ ਕਰਦੀ ਹੋਈ ਆਪਣੇ-ਆਪ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕਰਦੀ ਹੈ। ਅਸੀਂ ਮੰਨੀਏ ਜਾਂ ਨਾ, ਪਾਕਿਸਤਾਨੀ ਫ਼ੌਜ ਦੀ ਖੁੱਲ੍ਹੇਆਮ ਮਦਦ ਨਾਲ ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਮੁੜ ਕਾਬਜ਼ ਹੋਣ ਤੋਂ ਬਾਅਦ ਦੁਨੀਆ ਦੇ ਛੋਟੇ-ਵੱਡੇ ਮੁਲਕਾਂ ਦਾ ਕੂਟਨੀਤੀ ਦੀ ਭਾਸ਼ਾ ਵਿਚ ‘ਦੇਖੋ ਤੇ ਉਡੀਕ ਕਰੋ’ ਦਾ ਭਾਵ ਸੱਭਿਅਤਾ ਨਾਲ ਜਿਊਣ ਦੀਆਂ ਸ਼ਰਤਾਂ ਦੇ ਮੂੰਹ ’ਤੇ ਤਮਾਚਾ ਹੈ। ਕਿਵੇਂ ਕੋਈ ਸੱਭਿਅਕ ਸਮਾਜ ਉਦੋਂ ਇੰਤਜ਼ਾਰ ਕਰੇਗਾ ਜਦ ਤਾਲਿਬਾਨ ਸਕੂਲਾਂ-ਕਾਲਜਾਂ ਵਿਚ ਪੜ੍ਹਨ ਵਾਲੀਆਂ ਜਾਂ ਬਾਹਰ ਨਿਕਲਣ ਵਾਲੀਆਂ ਮਹਿਲਾਵਾਂ ’ਤੇ ਗੋਲ਼ੀਆਂ ਚਲਾ ਰਿਹਾ ਹੋਵੇ। ਮਲਾਲਾ ਯੂਸਫਜ਼ਾਈ ਨੂੰ ਵੀ ਤਾਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੁਆਰਾ ਪਾਕਿਸਤਾਨ ਦੇ ਸਵਾਤ ਇਲਾਕੇ ਵਿਚ ਇਸੇ ਪੜ੍ਹਾਈ ਦੀ ਸਜ਼ਾ ਦਿੱਤੀ ਗਈ ਸੀ। ਅੱਜ 9 ਸਾਲ ਬਾਅਦ ਵੀ ਫਿਰ ਉਸ ਦੇ ਗੁਆਂਢੀ ਦੇਸ਼ ਵਿਚ ਔਰਤਾਂ ਉੱਥੇ ਹੀ ਖੜ੍ਹੀਆਂ ਹਨ ਤਾਂ ਫਿਰ ਮਲਾਲਾ ਨੂੰ ਨੋਬਲ ਪੁਰਸਕਾਰ ਦੇਣ ਦਾ ਮਕਸਦ ਕੀ ਸੀ? ਜਦ ਇਹ ਪੁਰਸਕਾਰ ਦਿੰਦੇ ਹੋ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਦੁਨੀਆ ਨੇ ਇਸਤਰੀ ਸਿੱਖਿਆ ਦੀ ਲਾਜ਼ਮੀਅਤ ਦਾ ਸਨਮਾਨ ਕੀਤਾ ਹੈ ਅਤੇ ਇਕ ਵਾਅਦਾ ਕੀਤਾ ਹੈ ਕਿ ਜਦ ਵੀ ਜ਼ਰੂਰਤ ਪਵੇਗੀ ਤਾਂ ਪੂਰੀ ਦੁਨੀਆ ਸਿੱਖਿਆ ਦੇ ਮੁੱਦੇ ’ਤੇ ਇਨ੍ਹਾਂ ਮਹਿਲਾਵਾਂ ਦੇ ਨਾਲ ਅਤੇ ਤਾਲਿਬਾਨੀ ਸੋਚ ਦੇ ਖ਼ਿਲਾਫ਼ ਖੜ੍ਹੀ ਹੋਵੇਗੀ। ਅਜਿਹੇ ਵਿਚ ਉਹ ਲੋਕ ਜਿਨ੍ਹਾਂ ਦੀ ਦੇਸ਼ ਵਿਚ ਮਕਬੂਲੀਅਤ ਉਨ੍ਹਾਂ ਦੇ ਫਨ ਅਤੇ ਉਨ੍ਹਾਂ ਦੀ ਬੌਧਿਕ ਸਮਰੱਥਾ ਕਾਰਨ ਹੋਵੇ, ਜਦ ਤਰਕ ਦਾ ਸਾਥ ਛੱਡ ਕੇ ਇਕ ਖ਼ਾਸ ਢੰਗ ਦੀ ਜ਼ਹਾਲਤ ਦਾ ਪ੍ਰਦਰਸ਼ਨ ਕਰਦੇ ਹਨ ਤਾਂ ਤਕਲੀਫ਼ ਹੁੰਦੀ ਹੈ। ਉਦੋਂ ਲੱਗਦਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਦਾ ਇਹ ਬੇਵਜ੍ਹਾ ਇਸਤੇਮਾਲ ਹੈ। ਕੀ ਤਾਲਿਬਾਨੀ ਸ਼ਾਸਨ ਵਿਚ ਵੀ ਇਹੀ ਸਭ ਕੁਝ ਬੋਲ ਕੇ ਲੋਕ ਚੈਨ ਨਾਲ ਰਹਿ ਸਕਦੇ ਹਨ? ਮੁੱਦਾ ਸੀ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨੀ ਹਕੂਮਤ ਜਮਹੂਰੀ ਤਰੀਕੇ ਨਾਲ ਨਹੀਂ ਸਗੋਂ ਬੰਦੂਕ ਦੇ ਜ਼ੋਰ ’ਤੇ ਬਣਾਈ ਗਈ ਹੈ। ਜੇਕਰ ਕੋਈ ਆਪਣੇ-ਆਪ ਨੂੰ ਸੱਭਿਅਕ ਕਹਿਣ ਵਾਲਾ ਵਿਅਕਤੀ, ਸੰਸਥਾ ਜਾਂ ਸੰਗਠਨ ਔਰਤਾਂ ਦੀ ਸਿੱਖਿਆ ’ਤੇ ਪਾਬੰਦੀ ਲਾਉਂਦਾ ਹੈ, ਉਨ੍ਹਾਂ ਨੂੰ ਮਰਦਾਂ ਵਰਗੇ ਹੱਕ ਨਹੀਂ ਦਿੰਦਾ, ਉਨ੍ਹਾਂ ਨੂੰ ਗ਼ੁਲਾਮਾਂ ਵਰਗਾ ਜੀਵਨ ਜਿਊਣ ਲਈ ਮਜਬੂਰ ਕਰਦਾ ਹੈ, ਇਲਾਕਾ ਜਿੱਤਣ ’ਤੇ ਔਰਤਾਂ ਨੂੰ ਲੜਾਈ ਦਾ ਤੋਹਫ਼ਾ ਸਮਝ ਕੇ ਭੋਗਣ ਦੀ ਵਸਤੂ ਸਮਝਦਾ ਹੈ ਤੇ ਲੋਕਾਂ ਨੂੰ ਆਪਣੇ ਅਨੁਸਾਰ ਜਿਊਣ ਲਈ ਮਜਬੂਰ ਕਰਦਾ ਹੈ ਤਾਂ ਕਹਿ ਸਕਦੇ ਹਾਂ ਕਿ ਉਸ ਨੇ ਧਰਮ ਨੂੰ ਸਹੀ ਨਹੀਂ ਸਮਝਿਆ।

-ਐੱਨਕੇ ਸਿੰਘ (ਲੇਖਕ ਸਿਆਸੀ ਵਿਸ਼ਲੇਸ਼ਕ ਹੈ)

Posted By: Jatinder Singh