-ਸੰਜੇ ਗਲੋਰੀ

ਬਹੁਤ ਘੱਟ ਲੋਕਾਂ ਨੂੰ ਰੱਬ ਕਾਮਯਾਬੀ ਦੀਆਂ ਬੁਲੰਦੀਆਂ 'ਤੇ ਪਹੁੰਚਣ ਦੀ ਸਮੱਰਥਾ ਬਖ਼ਸ਼ਦਾ ਹੈ। ਉਨ੍ਹਾਂ 'ਚੋਂ ਕੁਝ ਵਿਰਲੇ ਹੀ ਹੁੰਦੇ ਨੇ ਜੋ ਸਫ਼ਲਤਾ ਦੇ ਨਸ਼ੇ ਵਿਚ ਚੂਰ ਨਹੀਂ ਹੁੰਦੇ। ਇਹ ਮੇਰੀ ਖ਼ੁਸ਼ਨਸੀਬੀ ਹੈ ਕਿ ਮੈਨੂੰ ਇਕ ਅਜਿਹੀ ਸ਼ਖ਼ਸੀਅਤ ਨੂੰ ਕਰੀਬ ਤੋਂ ਜਾਣਨ ਦਾ ਮੌਕਾ ਮਿਲਿਆ ਹੈ। ਇਹ ਸ਼ਖ਼ਸੀਅਤ ਹੈ ਭਾਰਤ ਦੀ ਵਿਸ਼ਵ ਕੱਪ ਜੇਤੂ ਕ੍ਰਿਕਟ ਟੀਮ ਦੇ ਮੈਂਬਰ ਅਰਜਨ ਐਵਾਰਡੀ ਅਤੇ ਪਦਮਸ੍ਰੀ ਹਰਭਜਨ ਸਿੰਘ ਪਲਾਹਾ। ਹਰਭਜਨ ਨੂੰ ਮਿਲਣ ਤੋਂ ਪਹਿਲਾਂ ਮੇਰੇ ਦਿਮਾਗ ਵਿਚ ਉਸ ਦੀ ਤਸਵੀਰ ਇਕ ਹਮਲਾਵਰ ਅਤੇ ਖੁੰਧਕੀ ਜਿਹੇ ਇਨਸਾਨ ਦੀ ਸੀ ਜੋ ਖੇਡ ਦੇ ਮੈਦਾਨ ਵਿਚ ਵਿਰੋਧੀਆਂ ਨਾਲ ਹਰ ਰੰਗ-ਢੰਗ ਨਾਲ ਨਜਿੱਠਣ ਲਈ ਤਿਆਰ ਰਹਿੰਦਾ ਹੈ। ਜਦੋਂ ਮੈਂ ਹਰਭਜਨ ਨੂੰ ਮਿਲਿਆ ਤਾਂ ਉਹ ਮੇਰੀ ਸੋਚ ਤੋਂ ਬਿਲਕੁਲ ਉਲਟ ਇਕ ਬਹੁਤ ਹੀ ਸੰਜੀਦਾ ਅਤੇ ਠੰਢੇ ਸੁਭਾਅ ਦਾ ਮਾਲਕ ਨਿਕਲਿਆ। ਉਸ ਵਿਚ ਦੇਸ਼ ਭਗਤੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ, ਪਰਿਵਾਰ ਅਤੇ ਦੋਸਤਾਂ ਲਈ ਉਹਦੀ ਰਗ-ਰਗ ਵਿਚ ਪਿਆਰ ਭਰਿਆ ਹੋਇਆ ਹੈ। ਉਸ ਦੀ ਦੁਨੀਆ ਉਹਦਾ ਪਰਿਵਾਰ ਅਤੇ ਪੁਰਾਣੇ ਦੋਸਤ ਹਨ ਜਿਨ੍ਹਾਂ ਲਈ ਉਹ ਹਰ ਵੇਲੇ ਕੁਝ ਵੀ ਕਰਨ ਲਈ ਤਿਆਰ ਰਹਿੰਦਾ ਹੈ।

ਸੰਨ 2010 ਵਿਚ ਮੈਂ ਇਕ ਗੀਤ ਲਿਖਿਆ ਸੀ 'ਮੇਰੀ ਮਾਂ' ਜਿਸ ਵਿਚ ਇਕ ਪੁੱਤ ਰੱਬ ਨਾਲ ਗੱਲ ਕਰਦਾ ਹੋਇਆ ਉਸ ਦਾ ਸ਼ੁਕਰੀਆ ਅਦਾ ਕਰਦਾ ਹੈ ਕਿ ਉਸ ਨੇ ਉਸ ਨੂੰ ਹਰ ਦਾਤ ਬਖ਼ਸ਼ੀ ਹੈ। ਫਿਰ ਵੀ ਉਸ ਦੇ ਦਿਲ ਵਿਚ ਰੱਬ ਤੋਂ ਉੱਚੀ ਥਾਂ ਉਹਦੀ ਮਾਂ ਦੀ ਹੀ ਹੈ। ਇਹ ਗੀਤ ਲਖਵਿੰਦਰ ਲੱਕੀ ਦੀ ਆਵਾਜ਼ ਵਿਚ ਰਿਕਾਰਡ ਕੀਤਾ ਗਿਆ। ਜਦੋਂ ਇਸ ਗੀਤ ਦਾ ਵੀਡੀਓ ਬਣਾਉਣ ਦੀ ਵਾਰੀ ਆਈ ਤਾਂ ਮੈਨੂੰ ਲੱਗਾ ਕਿ ਕੋਈ ਵੀ ਮਾਡਲ ਇਸ ਦੇ ਬੋਲਾਂ ਨਾਲ ਇਨਸਾਫ਼ ਨਹੀਂ ਕਰ ਸਕਦਾ। ਮੇਰੇ ਦਿਮਾਗ ਵਿਚ ਇਕ ਹੀ ਨਾਂ ਸੀ ਜੋ ਇਸ ਸੰਦੇਸ਼ ਨੂੰ ਦੇਣ ਦੀ ਕਾਬਲੀਅਤ ਰੱਖਦਾ ਸੀ। ਉਹ ਨਾਂ ਸੀ ਹਰਭਜਨ। ਉਨ੍ਹੀਂ ਦਿਨੀਂ ਹਰਭਜਨ ਭਾਰਤੀ ਕ੍ਰਿਕਟ ਟੀਮ ਦਾ ਮੈਂਬਰ ਸੀ ਅਤੇ ਬਹੁਤ ਵੱਡੀ ਅਤੇ ਰੁਝੇਵੇਂ ਵਾਲੀ ਸ਼ਖ਼ਸੀਅਤ ਸੀ। ਮੈਂ ਲਗਪਗ 2 ਸਾਲ ਬਹੁਤ ਲੋਕਾਂ ਨੂੰ ਮਿਲਿਆ ਕਿ ਮੈਨੂੰ ਹਰਭਜਨ ਨਾਲ ਮਿਲਾ ਦਿਉ। ਕੋਈ ਪੁੱਛਦਾ, 'ਕੀ ਕੰਮ ਹੈ?' ਮੇਰੇ ਇਹ ਕਹਿਣ 'ਤੇ ਕਿ ਉਸ ਨੂੰ ਵੀਡੀਓ ਵਿਚ ਲੈਣਾ ਹੈ ਤਾਂ ਪੁੱਛਦੇ ਕਿ ਕਿੰਨੇ ਪੈਸੇ ਦੇ ਸਕਦੇ ਹੋ? ਮੈਂ ਕਹਿੰਦਾ ਕਿ ਹਰਭਜਨ ਦੀ ਹੈਸੀਅਤ ਮੁਤਾਬਕ ਪੈਸੇ ਤਾਂ ਮੇਰੇ ਕੋਲ ਨਹੀਂ ਹਨ। Àੇਹ ਹੱਸ ਕੇ ਕਹਿੰਦੇ ਕਿ ਤੇਰਾ ਦਿਮਾਗ ਖ਼ਰਾਬ ਹੋ ਗਿਆ ਹੈ। ਐਡਾ ਵੱਡਾ ਬੰਦਾ ਜਿਸ ਨੂੰ ਵਿਗਿਆਪਨ ਕਰਨ ਲਈ ਮੂੰਹ ਮੰਗੇ ਪੈਸੇ ਮਿਲਦੇ ਹਨ, ਉਹ ਤੇਰੇ ਵਰਗੇ ਇਕ ਅਨਜਾਣ ਗੀਤਕਾਰ ਦੇ ਗੀਤ ਵਿਚ ਬਿਨਾਂ ਪੈਸਿਆਂ ਦੇ ਕਿਉਂ ਕੰਮ ਕਰੇਗਾ? ਮੈਂ ਵੀ ਇਸ ਗੱਲ ਨੂੰ ਸਮਝਦਾ ਸੀ। ਮੈਂ ਹਰਭਜਨ ਦਾ ਖ਼ਿਆਲ ਦਿਲ 'ਚੋਂ ਕੱਢ ਦਿੱਤਾ ਪਰ ਹੋਰ ਕਿਸੇ ਨੂੰ ਲੈਣ ਲਈ ਵੀ ਮੇਰਾ ਦਿਲ ਨਹੀਂ ਮੰਨਿਆ। ਇਕ ਦਿਨ ਮੈਂ ਟੀਵੀ 'ਤੇ ਪੰਜਾਬ ਬਨਾਮ ਯੂਪੀ ਦਾ ਲਾਈਵ ਮੈਚ ਦੇਖਿਆ ਜੋ ਕਿ ਮੋਹਾਲੀ ਵਿਖੇ ਖੇਡਿਆ ਜਾ ਰਿਹਾ ਸੀ। ਹਰਭਜਨ ਗੇਂਦਬਾਜ਼ੀ ਕਰ ਰਿਹਾ ਸੀ। ਮੈਂ ਉਸੇ ਵਕਤ ਲਖਵਿੰਦਰ ਲੱਕੀ ਨੂੰ ਨਾਲ ਲੈ ਕੇ ਫਿਲੌਰ ਤੋਂ ਮੋਹਾਲੀ ਲਈ ਨਿਕਲ ਪਿਆ। ਸਟੇਡੀਅਮ 'ਚ ਪਹੁੰਚ ਕੇ ਅਸੀਂ ਰਿਸੈਪਸ਼ਨ 'ਤੇ ਭੱਜੀ ਨੂੰ ਮਿਲਣ ਲਈ ਬੇਨਤੀ ਕੀਤੀ ਪਰ ਜਵਾਬ ਮਿਲਿਆ ਕਿ ਖਿਡਾਰੀਆਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਹੈ। ਅਸੀਂ ਵਾਪਸ ਆਉਣ ਲੱਗੇ ਤਾਂ ਮੈਂ ਸੋਚਿਆ ਕਿ ਇੰਨੀ ਦੂਰ ਆਏ ਹਾਂ ਤਾਂ ਇਕ ਆਖ਼ਰੀ ਕੋਸ਼ਿਸ਼ ਹੋਰ ਕਰ ਲਈਏ। ਮੈਂ ਹਰਭਜਨ ਦੇ ਨਾਂ ਇਕ ਪਰਚੀ ਲਿਖ ਕੇ ਰਿਸੈਪਸ਼ਨ 'ਤੇ ਦੇ ਕੇ ਕਿਹਾ ਕਿ ਭਾਜੀ ਨੂੰ ਦੇ ਦਿਉ। ਦੋ ਮਿੰਟ ਬਾਅਦ ਹੀ ਜਵਾਬ ਆ ਗਿਆ ਕਿ ਮੈਚ ਤੋਂ ਬਾਅਦ ਮਿਲ ਲੈਣਾ। ਅਸੀਂ ਦੋਵੇਂ ਖ਼ੁਸ਼ੀ ਨਾਲ ਝੂਮ ਉੱਠੇ। ਮੈਚ ਤੋਂ ਬਾਅਦ ਰਿਸੈਪਸ਼ਨ ਤੋਂ ਇਕ ਲੜਕਾ ਸਾਨੂੰ ਅੰਦਰ ਲੈ ਗਿਆ ਜਿੱਥੇ ਹਰਭਜਨ ਲੈਪਟਾਪ 'ਤੇ ਆਪਣੀ ਉਸ ਦਿਨ ਦੀ ਗੇਂਦਬਾਜ਼ੀ ਦੇਖਣ 'ਚ ਰੁੱਝਾ ਹੋਇਆ ਸੀ। ਅਸੀਂ ਸਤਿ ਸ੍ਰੀ ਅਕਾਲ ਕਹਿ ਕੇ ਕੋਲ ਬੈਠ ਗਏ ਅਤੇ ਪੁੱਛਣ 'ਤੇ ਆਪਣੇ ਆਉਣ ਦਾ ਮਕਸਦ ਦੱਸਿਆ। ਉਸ ਵੇਲੇ ਤਕ ਸਾਨੂੰ 100 ਫ਼ੀਸਦੀ ਯਕੀਨ ਸੀ ਕਿ ਸਾਨੂੰ ਨਾਂਹ ਹੀ ਹੋਣੀ ਹੈ। ਸਾਡੇ ਲਈ ਉਨ੍ਹਾਂ ਨੂੰ ਮਿਲ ਲੈਣਾ ਵੀ ਬਹੁਤ ਵੱਡੀ ਉਪਲਬਧੀ ਸੀ। ਹਰਭਜਨ ਨੂੰ ਮੈਂ ਕਿਹਾ ਕਿ ਮੈਂ ਗੀਤ ਦੀਆਂ ਕੁਝ ਸਤਰਾਂ ਸੁਣਾ ਦੇਵਾਂ ਤਾਂ ਉਸ ਨੇ ਹਾਂ ਵਿਚ ਸਿਰ ਹਿਲਾ ਦਿੱਤਾ ਪਰ ਮੈਂ ਦੇਖਿਆ ਕਿ ਉਸ ਦਾ ਧਿਆਨ ਮੇਰੇ ਵੱਲ ਨਹੀਂ ਬਲਕਿ ਲੈਪਟਾਪ 'ਤੇ ਹੀ ਸੀ। ਮੈਂ ਸ਼ੁਰੂ ਹੋ ਗਿਆ।

''ਮਾਫ ਕਰੀਂ ਮੇਰੇ ਰੱਬਾ ਮੈਨੂੰ, ਬੁਰਾ ਕਿਤੇ ਜੇ ਲੱਗਿਆ ਤੈਨੂੰ

ਰਾਤੀਂ ਦਿਨੇ ਧਿਆਇਆ ਤੈਨੂੰ, ਦਿਲ ਦੇ ਵਿਚ ਵਸਾਇਆ ਤੈਨੂੰ

ਦੂਰ ਕਦੇ ਨਾ ਮੈਥੋਂ ਹੋਈਂ, ਜੋ ਮੰਗਿਆ ਮੈਂ ਪਾਇਆ ਤੈਥੋਂ

ਜਗ ਵਿਚ ਮੇਰਾ ਨਾਂ ਚਮਕਾਇਆ, ਮੈਨੂੰ ਫਰਸ਼ੋਂ ਅਰਸ਼ ਪੁਚਾਇਆ

ਪਰ ਇਕ ਗ਼ਲਤੀ ਮੈਥੋਂ ਹੋਈ, ਮੇਰੇ ਦਿਲ ਦੇ ਵਿਚ ਹੈ ਕੋਈ

ਬੈਠਾ ਤੈਥੋਂ ਉੱਚੀ ਥਾਂ, ਮੇਰੀ ਮਾਂ, ਮੇਰੀ ਮਾਂ, ਮੇਰੀ ਮਾਂ!''

ਹਰਭਜਨ ਨੇ ਕੋਈ ਪ੍ਰਤੀਕਰਮ ਨਹੀਂ ਦਿੱਤਾ। ਬਸ ਲੈਪਟਾਪ ਵੱਲ ਦੇਖਦਾ ਰਿਹਾ। ਮੈਂ ਹੌਲੀ-ਹੌਲੀ ਪੂਰਾ ਗੀਤ ਸੁਣਾ ਦਿੱਤਾ। ਜਦੋਂ ਮੈਂ ਚੁੱਪ ਹੋਇਆ ਤਾਂ ਉਸ ਨੇ ਮੇਰੇ ਵੱਲ ਵੇਖਿਆ ਅਤੇ ਕਿਹਾ ਕਿ ਮੇਰੇ ਰੌਂਗਟੇ ਖੜ੍ਹੇ ਹੋ ਗਏ ਨੇ। ਉਸ ਨੇ ਪੂਰੀ ਪੰਜਾਬ ਦੀ ਟੀਮ ਨੂੰ ਬੁਲਾ ਕੇ ਪੂਰਾ ਗੀਤ ਸੁਣਾਇਆ। ਲੋਕ ਜਿਸ ਗੱਲ ਤੋਂ ਡਰਦੇ ਸਨ ਕਿ ਉਸ ਨੇ ਬਹੁਤ ਪੈਸੇ ਲੈਣੇ ਨੇ, ਉਸ ਨੇ ਆਪਣੇ ਖ਼ਰਚੇ 'ਤੇ ਪੂਰਾ ਵੀਡੀਓ ਬਣਵਾ ਕੇ ਵੀਨਸ ਕੰਪਨੀ ਤੋ ਰਿਲੀਜ਼ ਕਰਵਾਇਆ। ਚਾਰ ਦਿਨ ਦੀ ਸ਼ੂਟਿੰਗ ਵਿਚ ਭੱਜੀ ਦੇ ਮਾਤਾ ਜੀ ਨੇ ਵੀ ਹਿੱਸਾ ਲਿਆ। ਇਸੇ ਦੌਰਾਨ ਮੈਂ ਉਸ ਨੂੰ ਬਹੁਤ ਨਜ਼ਦੀਕ ਤੋਂ ਦੇਖਿਆ। ਹਰਭਜਨ ਸਿੰਘ ਦੇ ਪੰਜਾਬੀ ਬੋਲੀ ਪ੍ਰਤੀ ਬਹੁਤ ਪਿਆਰ ਅਤੇ ਸ਼ਹੀਦੇ ਆਜ਼ਮ ਭਗਤ ਸਿੰਘ ਵਰਗੇ ਯੋਧਿਆਂ ਲਈ ਉਸ ਦੇ ਦਿਲ ਵਿਚ ਅਥਾਹ ਸਤਿਕਾਰ ਸਦਕਾ ਅਸੀਂ 'ਇਕ ਸੁਨੇਹਾ' ਅਤੇ 'ਇਕ ਸੁਨੇਹਾ-2' ਵੀ ਲੋਕਾਂ ਦੇ ਸਨਮੁੱਖ ਰੱਖੇ।

ਸਫ਼ਲਤਾ ਨੂੰ ਹਰਭਜਨ ਨੇ ਆਪਣੇ ਦਿਮਾਗ 'ਤੇ ਭਾਰੂ ਨਹੀਂ ਹੋਣ ਦਿੱਤਾ। ਉਹ ਇਕ ਭਾਵੁਕ ਅਤੇ ਬੇਹੱਦ ਸੰਜੀਦਾ ਇਨਸਾਨ ਹੈ ਜੋ ਕਿਸੇ ਦਾ ਦੁੱਖ ਵੇਖ ਕੇ ਇਕਦਮ ਪਿਘਲ ਜਾਂਦਾ ਹੈ ਅਤੇ ਜੋ ਕੁਝ ਉਹਦੇ ਕੋਲੋ ਹੋ ਸਕਦਾ ਹੈ ਬਿਨਾਂ ਕਿਸੇ ਨੂੰ ਦੱਸੇ ਕਰਦਾ ਰਹਿੰਦਾ ਹੈ। ਜਦੋਂ ਉਹ ਪੰਜਾਬ 'ਚ ਹੁੰਦਾ ਹੈ ਤਾਂ ਉਸ ਦੇ ਘਰ ਦੇ ਦਰਵਜ਼ੇ ਉਨ੍ਹਾਂ ਪੁਰਾਣੇ ਯਾਰਾਂ ਲਈ ਖੁੱਲ੍ਹੇ ਰਹਿੰਦੇ ਨੇ ਜੋ ਉਸ ਨੂੰ ਭੱਜੂ ਕਹਿ ਕੇ ਆਵਾਜ਼ ਮਾਰਦੇ ਹਨ। ਵਾਹਿਗੁਰੂ ਇਸ ਕੋਹੇਨੂਰ ਹੀਰੇ ਨੂੰ ਹਮੇਸ਼ਾ ਖ਼ੁਸ਼ ਅਤੇ ਚੜ੍ਹਦੀ ਕਲਾ ਵਿਚ ਰੱਖੇ।

-ਮੋਬਾਈਲ ਨੰ. : 98140-31691

Posted By: Sukhdev Singh