ਪਿਛਲੇ ਸਮੇਂ ਦੌਰਾਨ ਆਸਟ੍ਰੇਲੀਆ ਦੇ ਮੰਦਰਾਂ ’ਤੇ ਹੋਏ ਹਮਲਿਆਂ ਤੇ ਭਾਰਤੀ ਸਫ਼ਾਰਤਖ਼ਾਨਿਆਂ ਅਤੇ ਹੋਰ ਸੰਸਥਾਵਾਂ ’ਤੇ ਗਰਮ ਖ਼ਿਆਲੀ ਅਨਸਰਾਂ ਦੀਆਂ ਸਰਗਰਮੀਆਂ ਬਾਰੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਕੋਲ ਚਿੰਤਾ ਪ੍ਰਗਟ ਕੀਤੀ ਹੈ।

ਇਸ ਤੋਂ ਪਤਾ ਲੱਗਦਾ ਹੈ ਕਿ ਵਿਦੇਸ਼ੀ ਧਰਤੀ ’ਤੇ ਭਾਰਤ ਤੇ ਭਾਰਤਵੰਸ਼ੀਆਂ ਵਿਰੁੱਧ ਹੋਣ ਵਾਲੀ ਕਿਸੇ ਵੀ ਸਰਗਰਮੀ ਨੂੰ ਭਾਰਤ ਹਲਕੇ ਵਿਚ ਲੈਣ ਦੇ ਰੌਂਅ ਵਿਚ ਨਹੀਂ ਹੈ। ਇਨ੍ਹਾਂ ਹਮਲਿਆਂ ਵਿਰੁੱਧ ਮੋਦੀ ਵੱਲੋਂ ਸਖ਼ਤ ਸਟੈਂਡ ਲੈ ਕੇ ਆਸਟ੍ਰੇਲੀਆ ਕੋਲ ਜੋ ਸਖ਼ਤ ਇਤਰਾਜ਼ ਪ੍ਰਗਟ ਕੀਤਾ ਗਿਆ ਹੈ, ਉਸ ਨਾਲ ਦੁਨੀਆ ਭਰ ਵਿਚ ਇਹ ਸੰਦੇਸ਼ ਗਿਆ ਹੈ ਕਿ ਭਾਰਤ ਆਸਟ੍ਰੇਲੀਆ ਜਾਂ ਕਿਸੇ ਹੋਰ ਮੁਲਕ ਵਿਚ ਅਜਿਹੀਆਂ ਹਰਕਤਾਂ ਹਰਗਿਜ਼ ਬਰਦਾਸ਼ਤ ਨਹੀਂ ਕਰੇਗਾ।

ਪ੍ਰਧਾਨ ਮੰਤਰੀ ਮੋਦੀ ਨੇ ਆਸਟ੍ਰੇਲੀਆ ਨੂੰ ਇਹ ਸਪਸ਼ਟ ਕਰ ਦਿੱਤਾ ਹੈ ਕਿ ਭਾਰਤ ਵਰਗੇ ਬਹੁ-ਧਰਮੀ ਤੇ ਵੱਖ-ਵੱਖ ਸੱਭਿਆਚਾਰਾਂ ਵਾਲੇ ਦੇਸ਼ ਵਿਚ ਹਰ ਧਰਮ ਤੇ ਸੱਭਿਆਚਾਰ ਦਾ ਸਤਿਕਾਰ ਕੀਤਾ ਜਾਂਦਾ ਹੈ ਤੇ ਭਾਰਤ ਦੂਜੇ ਮੁਲਕਾਂ ਖ਼ਾਸ ਤੌਰ ’ਤੇ ਆਸਟ੍ਰੇਲੀਆ ਤੋਂ ਵੀ ਇਹ ਆਸ ਰੱਖਦਾ ਹੈ ਕਿ ਉੱਥੇ ਸਥਿਤ ਮੰਦਰਾਂ ਤੋਂ ਇਲਾਵਾ ਭਾਰਤੀ ਸੰਸਥਾਵਾਂ ’ਤੇ ਸਮੇਂ-ਸਮੇਂ ਕੱਟੜਪੰਥੀਆਂ ਵੱਲੋਂ ਕੀਤੇ ਜਾਂਦੇ ਹਮਲਿਆਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ।

ਓਧਰ ਭਾਰਤ ਦੀਆਂ ਚਿੰਤਾਵਾਂ ਨੂੰ ਸਮਝਦਿਆਂ ਪੀਐੱਮ ਐਂਥਨੀ ਅਲਬਨੀਜ਼ ਨੇ ਵੀ ਜਿਸ ਤਰ੍ਹਾਂ ਮੋਦੀ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਆਸਟ੍ਰੇਲੀਆ ਵਿਚ ਭਾਰਤ ਵਿਰੋਧੀ ਕਿਸੇ ਵੀ ਹਰਕਤ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਉਸ ਤੋਂ ਜ਼ਾਹਰ ਹੈ ਕਿ ਦੁਨੀਆ ਭਰ ਵਿਚ ਭਾਰਤ ਦੀ ਆਵਾਜ਼ ਨੂੰ ਕਿੰਨੀ ਗੰਭੀਰਤਾ ਨਾਲ ਸੁਣਿਆ ਜਾਂਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਵਿਦੇਸ਼ਾਂ ਵਿਚ ਰਹਿੰਦੇ ਭਾਰਤ ਵਿਰੋਧੀ ਅਨਸਰ ਅਕਸਰ ਉੱਥੇ ਜਿੱਥੇ ਭਾਰਤੀ ਸਫ਼ਾਰਤਖ਼ਾਨਿਆਂ ਤੇ ਵਣਜ ਦੂਤਘਰਾਂ ਅੱਗੇ ਰੋਸ ਪ੍ਰਦਰਸ਼ਨ ਅਤੇ ਹਿੰਸਕ ਮੁਜ਼ਾਹਰੇ ਕਰਦੇ ਰਹਿੰਦੇ ਹਨ ਓਥੇ ਹੀ ਕਈ ਵਾਰ ਗਰਮ ਖ਼ਿਆਲੀ ਅਨਸਰਾਂ ਵੱਲੋਂ ਭਾਰਤੀ ਸੰਸਥਾਵਾਂ ਦੀ ਭੰਨ-ਤੋੜ ਵੀ ਕਰ ਦਿੱਤੀ ਜਾਂਦੀ ਹੈ। ਇੰਗਲੈਂਡ, ਆਸਟ੍ਰੇਲੀਆ ਤੇ ਅਮਰੀਕਾ ਆਦਿ ਮੁਲਕਾਂ ਵਿਚ ਸਥਿਤ ਭਾਰਤੀ ਅਦਾਰਿਆਂ ਦੇ ਸਾਹਮਣੇ ‘ਸਿੱਖਸ ਫਾਰ ਜਸਟਿਸ’ ਨਾਂ ਦੀ ਸੰਸਥਾ ਦੇ ਕਾਰਕੁਨ ਧਰਨੇ/ਮੁਜ਼ਾਹਰੇ ਆਦਿ ਕਰਦੇ ਰਹਿੰਦੇ ਹਨ।

ਇਨ੍ਹਾਂ ਕਾਰਵਾਈਆਂ ਕਾਰਨ ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਅਨੇਕਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਤਸੱਲੀ ਵਾਲੀ ਗੱਲ ਹੈ ਕਿ ਪਿਛਲੇ ਅਰਸੇ ਦੌਰਾਨ ਭਾਰਤ ਅਜਿਹੀਆਂ ਕਾਰਵਾਈਆਂ ਵਿਰੁੱਧ ਕਾਫ਼ੀ ਸਖ਼ਤ ਸਟੈਂਡ ਲੈ ਰਿਹਾ ਹੈ। ਭਾਰਤ ਦੀ ਸਿਫ਼ਾਰਸ਼ ’ਤੇ ਕਈ ਵੱਡੇ ਮੁਲਕਾਂ ਵੱਲੋਂ ਗਰਮ ਖ਼ਿਆਲੀਆਂ ਤੇ ਕੱਟੜਪੰਥੀਆਂ ਦੇ ਨਾਂ ’ਤੇ ਕਾਲੀ ਸੂਚੀ ਵਿਚ ਪਾਏ ਜਾ ਚੁੱਕੇ ਹਨ। ਅਪਰਾਧਕ ਸਰਗਰਮੀਆਂ ਵਿਚ ਹਿੱਸਾ ਲੈਣ ਵਾਲੇ ਕਈ ਲੋਕਾਂ ਦੀਆਂ ਤਾਂ ਗਿ੍ਰਫ਼ਤਾਰੀਆਂ ਵੀ ਹੋ ਚੁੱਕੀਆਂ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋੋਦੀ ਨੇ ਜਿਸ ਤਰ੍ਹਾਂ ਆਸਟ੍ਰੇਲੀਆ ਵਿਚ ਮੰਦਰਾਂ ’ਤੇ ਹੋਏ ਹਮਲਿਆਂ ਤੇ ਭਾਰਤ ਵਿਰੋਧੀ ਸਰਗਰਮੀਆਂ ਦਾ ਮੁੱਦਾ ਆਸਟ੍ਰੇਲੀਆ ਦੇ ਆਪਣੇ ਹਮਰੁਤਬਾ ਐਂਥਨੀ ਅਲਬਨੀਜ਼ ਕੋਲ ਜ਼ੋਰਦਾਰ ਢੰਗ ਨਾਲ ਚੁੱਕਿਆ ਹੈ, ਉਸ ਨਾਲ ਹੋਰ ਮੁਲਕਾਂ ਵਿਚ ਬੈਠੇ ਸ਼ਰਾਰਤੀ ਅਨਸਰਾਂ ਨੂੰ ਵੀ ਕੰਨ ਹੋ ਗਏ ਹੋਣਗੇ ਕਿ ਭਾਰਤ ਵਿਰੋਧੀ ਕਾਰਵਾਈਆਂ ਉਨ੍ਹਾਂ ਨੂੰ ਮਹਿੰਗੀਆਂ ਪੈਣਗੀਆਂ। ਮੋਦੀ ਦਾ ਇਹ ਸਟੈਂਡ ਜਿੱਥੇ ਸਵਾਗਤਯੋਗ ਹੈ, ਉੱਥੇ ਹੀ ਆਸਟ੍ਰੇਲੀਆਈ ਪੀਐੱਮ ਅਲਬਨੀਜ਼ ਵੱਲੋਂ ਸਖ਼ਤੀ ਵਰਤਣ ਦੇ ਦਿੱਤੇ ਗਏ ਭਰੋਸੇ ਦੀ ਵੀ ਤਾਰੀਫ਼ ਕਰਨੀ ਬਣਦੀ ਹੈ।

Posted By: Jagjit Singh