ਸੌਵੇਂ ਸਾਲ ਦੀ ਦਹਿਲੀਜ਼ ਟੱਪੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਨਾਂਮੱਤੀ ਤਵਾਰੀਖ਼ ਸੁਨਹਿਰੀ ਜਿਲਦਾਂ ਵਿਚ ਮਹਿਫ਼ੂਜ਼ ਹੈ। ਦੇਸ਼ ਅਤੇ ਕੌਮ ਦੇ ਗਲੋਂ ਗ਼ੁਲਾਮੀ ਦਾ ਜੂਲਾ ਲਾਹੁਣ ਲਈ ਸਿਰਲੱਥ ਅਕਾਲੀ ਯੋਧਿਆਂ ਨੇ ਲਾਸਾਨੀ ਕੁਰਬਾਨੀਆਂ ਕੀਤੀਆਂ। ਜਗਤ ਗੁਰੂ ਬਾਬਾ ਨਾਨਕ ਨੂੰ ਧਿਆਉਂਦੇ ਅਕਾਲੀ ਪਰਵਾਨੇ ਆਜ਼ਾਦੀ ਦੀ ਲਾਟ ਮੂਹਰੇ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਲਈ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ। ਉਨ੍ਹਾਂ ਦੇ ਦਿਲਾਂ 'ਤੇ ਨਾਨਕਬਾਣੀ (ਜਉ ਤਉ ਪ੍ਰੇਮ ਖੇਲਣ ਕਾ ਚਾਉ ।। ਸਿਰ ਧਰਿ ਤਲੀ ਗਲੀ ਮੇਰੀ ਆਉ ।।ਇਤੁ ਮਾਰਗਿ ਪੈਰੁ ਧਰੀਜੈ ਸਿਰੁ ਦੀਜੈ ਕਾਣਿ ਨ ਕੀਜੈ ) ਉੱਕਰਿਆ ਹੋਇਆ ਸੀ। 'ਸਵਾ ਲਾਖ ਸੇ ਏਕ ਲੜਾਊਂ' ਵਾਲਾ ਜੋਸ਼ ਅਤੇ ਜਨੂੰਨ ਉਨ੍ਹਾਂ ਦੇ ਖ਼ੂਨ ਨੂੰ ਉਬਾਲੇ ਦਿੰਦਾ ਰਹਿੰਦਾ। ਯੋਧਿਆਂ ਦਾ ਖ਼ੂਨ ਜਦੋਂ ਉਬਾਲੇ ਖਾਂਦਾ ਹੈ ਤਾਂ ਪਾਣੀ ਵਾਂਗ ਉਸ ਵਿਚੋਂ ਭਾਫ਼ ਨਹੀਂ ਨਿਕਲਦੀ ਪਰ ਇਸ ਦੀ ਰੋਹੀਲੀ ਹਵਾੜ ਜ਼ਾਲਮਾਂ ਦੀ ਨੀਂਦ ਉਡਾ ਦਿੰਦੀ ਹੈ। ਅਕਾਲੀਆਂ ਦਾ ਪਹਿਲਾ ਪੂਰ 'ਮੈਂ ਮਰਾਂ, ਪੰਥ ਜੀਵੇ' ਵਾਲਾ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਗੁਰੂ ਸਾਹਿਬਾਨ ਅਤੇ ਮਰਜੀਵੜੇ ਸਿੰਘਾਂ ਦੀਆਂ ਸੰਦਲੀ ਪੈੜਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ 'ਤੇ ਨਿਸ਼ਾਨ ਸਾਹਿਬ ਗੱਡੇ। ਕੱਚੇ ਘਰਾਂ 'ਚ ਰਹਿਣ ਵਾਲਿਆਂ ਨੇ ਗੁਰੂ ਘਰਾਂ ਨੂੰ ਪੱਕਾ ਕਰਨ ਵੇਲੇ ਵੀ ਵਿਰਾਸਤ ਨਾਲ ਛੇੜਛਾੜ ਨਹੀਂ ਕੀਤੀ। ਬ੍ਰਿਟਿਸ਼ ਸਰਕਾਰ ਦੀ ਸ਼ਹਿ 'ਤੇ ਮਹੰਤਾਂ ਨੇ ਗੁਰਦੁਆਰਿਆਂ ਦੀ ਬੇਹੁਰਮਤੀ ਕੀਤੀ ਤਾਂ ਸਾਰਾ ਪੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰਨ ਲੱਗਾ। ਗੁਰੂ-ਘਰਾਂ ਦੀ ਰਾਖੀ ਕਰਦਿਆਂ ਅਣਗਿਣਤ ਪੰਥ-ਪ੍ਰਸਤੀਆਂ ਤੇ ਦਰਦੀਆਂ ਦੇ ਆਪਣੇ ਘਰ ਢਹਿ-ਢੇਰੀ ਹੋ ਗਏ ਜਿਸ ਦੀ ਉਨ੍ਹਾਂ ਨੇ ਰਤੀ ਭਰ ਪ੍ਰਵਾਹ ਨਾ ਕੀਤੀ। ਜਦੋਂ ਗੋਰੀ ਹਕੂਮਤ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਰਬਰਾਹ ਅਰੂੜ ਸਿੰਘ ਨੇ ਮਨਮੁਖੀ 'ਹੁਕਮਨਾਮੇ' ਜਾਰੀ ਕਰਨੇ ਸ਼ੁਰੂ ਕੀਤੇ ਤਾਂ ਇਸ ਵਰਤਾਰੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਲਈ ਜ਼ਮੀਨ ਤਿਆਰ ਕਰ ਦਿੱਤੀ। ਜਿਉਂ-ਜਿਉਂ ਦਮਨ-ਚੱਕਰ ਵਧਦਾ ਗਿਆ ਤਿਉਂ-ਤਿਉਂ ਗ੍ਰੰਥ ਨੂੰ ਪਰਣਾਏ ਪੰਥ ਦੀਆਂ ਨੀਂਹਾਂ ਪਕੇਰੀਆਂ ਹੁੰਦੀਆਂ ਗਈਆਂ। ਦੇਸ਼ ਅਤੇ ਕੌਮ ਨੂੰ ਆਜ਼ਾਦੀ ਦਿਵਾਉਣ ਤੋਂ ਬਾਅਦ ਪੰਥ ਨੇ ਸੁੱਖ ਦਾ ਸਾਹ ਲਿਆ। ਸੁੱਖ ਦੇ ਡੂੰਘੇ ਸਾਹਾਂ ਤੋਂ ਬਾਅਦ 'ਗੂੜ੍ਹੀ ਨੀਂਦ' ਦੇ ਝੋਂਕੇ ਕੁਦਰਤੀ ਵਰਤਾਰਾ ਹੁੰਦੇ ਹਨ। ਗੁਰਦੁਆਰਾ ਸੁਧਾਰ ਲਹਿਰ ਵੇਲੇ ਅਕਾਲੀਆਂ ਨੇ ਭ੍ਰਿਸ਼ਟਾਚਾਰੀ ਮਹੰਤਾਂ ਕੋਲੋਂ ਗੁਰਧਾਮਾਂ ਦੀਆਂ ਚਾਬੀਆਂ ਤਾਂ ਹਾਸਲ ਕਰ ਲਈਆਂ ਪਰ ਅਗਲੀ ਪੀੜ੍ਹੀ ਵੱਲੋਂ ਇਨ੍ਹਾਂ ਦੇ 'ਜਿੰਦਰੇ' ਬਦਲਣ ਤੋਂ ਬਾਅਦ ਇਹ (ਚਾਬੀਆਂ) ਬੇਕਾਰ ਹੋ ਗਈਆਂ। ਗੁਰਧਾਮਾਂ ਨੂੰ ਪੱਕੇ ਕਰਨ ਵੇਲੇ ਜੋਸ਼ ਅਤੇ ਹੋਸ਼ ਦਾ ਸੁਮੇਲ ਨਾ ਹੋਣ ਕਰਕੇ ਬਹੁਤ ਸਾਰੀ ਅਮੀਰ ਵਿਰਾਸਤ ਸੰਗਮਰਮਰ ਦੀਆਂ ਦੁਧੀਆ ਸਲੈਬਾਂ ਹੇਠ ਦੱਬੀ ਗਈ। ਸ੍ਰੀ ਅਨੰਦਪੁਰ ਸਾਹਿਬ ਦੀ ਉਦਾਹਰਨ ਲਈਏ ਤਾਂ ਗੁਰੂ ਗੋਬਿੰਦ ਸਿੰਘ ਵੱਲੋਂ ਉਸਾਰੇ ਗਏ ਕਈ ਇਤਿਹਾਸਕ ਕਿਲਿਆਂ ਨੂੰ ਢਾਹ ਕੇ ਦੁਬਾਰਾ ਉਸਾਰਿਆ ਗਿਆ। ਅੱਜ ਜੇ ਕੋਈ ਦਸਮੇਸ਼ ਪਿਤਾ ਦੀ ਯੁੱਧ-ਕਲਾ ਅਤੇ ਜੰਗ ਦੇ ਦ੍ਰਿਸ਼ਟੀਕੋਣ ਤੋਂ ਉਸਾਰੇ ਗਏ ਕਿਲਿਆਂ ਨੂੰ ਨਿਹਾਰਨਾ ਚਾਹੇ ਤਾਂ ਉਸ ਸ਼ਰਧਾਲੂ ਦੇ ਪੱਲੇ ਨਿਰਾਸ਼ਾ ਹੀ ਪਵੇਗੀ। ਫਤਹਿਗੜ੍ਹ ਸਾਹਿਬ, ਸ੍ਰੀ ਤਰਨਤਾਰਨ ਸਾਹਿਬ, ਸ੍ਰੀ ਅੰਮ੍ਰਿਤਸਰ ਅਤੇ ਸੁਨਹਿਰੀ ਸਿੱਖ ਇਤਿਹਾਸ ਨਾਲ ਜੁੜੇ ਹੋਰ ਵਿਰਾਸਤੀ ਅਸਥਾਨਾਂ ਨੂੰ ਮੌਲਿਕ ਸਰੂਪ ਵਿਚ ਸੰਭਾਲਣ ਲੱਗਿਆਂ ਕਈ ਬੱਜਰ ਕੁਤਾਹੀਆਂ ਹੋਈਆਂ ਹਨ। ਚੂਨੇ-ਕੇਰੀ ਨਾਲ ਚਿਣੀਆਂ ਨਾਨਕਸ਼ਾਹੀ ਇੱਟਾਂ ਦੇ ਦਰਸ਼ਨ-ਦੀਦਾਰੇ ਦੁਰਲੱਭ ਹੋ ਗਏ ਹਨ। ਸੋਨੇ ਦੀ ਪਾਣ ਚੜ੍ਹੇ ਮੰਦਰ-ਮਾੜੀਆਂ ਨਾਲੋਂ ਕਿਤੇ ਵੱਧ ਅਜ਼ੀਜ਼ ਹੈ ਸ਼ਬਦਾਂ ਦੀ ਦਾਤ। ਸ਼ਬਦਾਂ ਦੀ ਇਹ ਮਹਾਨਤਾ ਹੀ ਹੈ ਕਿ ਉਨ੍ਹਾਂ ਦੀਆਂ ਰਿਸ਼ਮਾਂ ਤਮਾਮ ਪਰਦੇ ਚਾਕ ਕਰ ਕੇ ਸ਼ਰਧਾਲੂਆਂ ਤਕ ਪਹੁੰਚ ਜਾਂਦੇ ਹਨ। ਅਗਲਾ ਪੜਾਅ ਅਮਲਾਂ ਦਾ ਹੁੰਦਾ ਹੈ ਜਿਸ 'ਤੇ ਪਹਿਰਾ ਦੇਣਾ ਵਿਰਲਿਆਂ ਦੇ ਹਿੱਸੇ ਆਉਂਦਾ ਹੈ। ਪੰਥ ਦਰਦੀਆਂ ਲਈ ਇਹ ਗੱਲ ਚਿੰਤਾ ਤੇ ਚਿੰਤਨ ਦਾ ਵਿਸ਼ਾ ਹੈ ਕਿ ਸੌਵੇਂ ਸਾਲ ਵਿਚ ਦਾਖ਼ਲ ਹੋਣ ਵਾਲਾ ਅਕਾਲੀ ਦਲ ਅੱਜ ਖੱਖੜੀ-ਖੱਖੜੀ ਕਿਉਂ ਹੈ? ਗੁਰੂ ਸਾਹਿਬਾਨ ਵੱਲੋਂ ਦਿਖਾਏ ਗਏ ਰਾਹ 'ਤੇ ਚੱਲਣ ਵਾਲੇ ਅੱਜ ਪਗਡੰਡੀਆਂ ਦੇ ਪਾਂਧੀ ਕਿਉਂ ਬਣ ਗਏ ਹਨ? ਉਨ੍ਹਾਂ ਦੀ ਗੁਫ਼ਤਾਰ, ਰਫ਼ਤਾਰ ਅਤੇ ਦਸਤਾਰ ਦਾ ਰੰਗ-ਢੰਗ ਵੱਖਰਾ-ਵੱਖਰਾ ਕਿਉਂ ਹੈ? ਜਰਵਾਣਿਆਂ ਖ਼ਿਲਾਫ਼ ਲੜਨ ਵਾਲੇ ਅਕਾਲੀ ਅੱਜ ਆਪਸ ਵਿਚ ਕਿਉਂ ਲੜ-ਮਰ ਰਹੇ ਹਨ? ਇਤਿਹਾਸ ਗਵਾਹ ਹੈ ਕਿ ਖ਼ਾਨਾਜੰਗੀ ਨੇ ਵੱਡੇ-ਵੱਡੇ ਖਾਨਦਾਨਾਂ, ਜਮਾਤਾਂ ਅਤੇ ਕੌਮਾਂ ਨੂੰ ਮਲੀਆਮੇਟ ਕੀਤਾ ਹੈ। ਸ਼ਸਤਰ ਤੇ ਸ਼ਾਸਤਰ, ਮੀਰੀ-ਪੀਰੀ, ਸੰਤ-ਸਿਪਾਹੀ ਅਤੇ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਵੈਰੀਆਂ 'ਤੇ ਟੁੱਟ ਪੈਣ ਵਾਲੀ ਕੌਮ ਦੀ ਚੜ੍ਹਦੀ ਕਲਾ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਸੁਨਹਿਰੀ ਇਤਿਹਾਸ ਦੀ ਸ਼ਨਾਖ਼ਤ ਕਰਦਿਆਂ ਖੇਰੂੰ-ਖੇਰੂੰ ਹੋ ਚੁੱਕੀ ਸ਼ਕਤੀ ਨੂੰ ਇਕੱਠਾ ਕਰ ਕੇ ਆਪਣੇ ਦੇਸ਼ ਅਤੇ ਕੌਮ ਦੀ ਅਮਲੀ ਸੇਵਾ ਕਰੇ। ਇਹ ਗੱਲ ਬੇਹੱਦ ਚਿੰਤਾ ਵਾਲੀ ਹੈ ਕਿ ਅੱਜ ਸਾਡੀਆਂ ਮਹਾਨ ਪ੍ਰੰਪਰਾਵਾਂ ਅਤੇ ਸੰਸਥਾਵਾਂ 'ਤੇ ਉਂਗਲੀਆਂ ਉੱਠ ਰਹੀਆਂ ਹਨ। ਪਿਛਲੇ ਅਰਸੇ ਦੌਰਾਨ ਤਾਂ ਸਿੰਘ ਸਾਹਿਬਾਨ ਦੇ ਹੁਕਮਨਾਮਿਆਂ ਅਤੇ ਆਦੇਸ਼ਾਂ 'ਤੇ ਵੀ ਉਂਗਲਾਂ ਉੱਠੀਆਂ ਹਨ ਜਿਸ ਲਈ ਸੱਤਾਧਾਰੀ ਅਕਾਲੀ ਦਲ ਆਪਣੇ-ਆਪ ਨੂੰ ਬਰੀ ਨਹੀਂ ਕਰ ਸਕਦਾ। ਸ਼ੁਰੂ ਤੋਂ ਹੀ ਪੰਥ ਅਤੇ ਗ੍ਰੰਥ ਅਕਾਲੀ ਦਲ ਦੀ ਅਨੰਤ ਸ਼ਕਤੀ ਮੰਨਿਆ ਜਾਂਦਾ ਰਿਹਾ ਹੈ। ਅੱਜ ਦੋਨਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀਆਂ ਚੁਣੌਤੀਆਂ ਦਰਪੇਸ਼ ਹਨ। ਇਸੇ ਕਰਕੇ ਕਈ 'ਟਕਸਾਲੀ ਅਕਾਲੀ' ਵਿਰਸੇ ਨੂੰ ਲੱਗੀ ਢਾਹ ਲਈ ਸਿੱਖ ਸੰਸਥਾਵਾਂ 'ਤੇ ਕਾਬਜ਼ ਅਕਾਲੀ ਦਲ ਬਾਦਲ ਨੂੰ ਜ਼ਿੰਮੇਵਾਰ ਗਰਦਾਨਦੇ ਆ ਰਹੇ ਹਨ। ਧੜਿਆਂ ਵਿਚ ਵੰਡੇ ਅਕਾਲੀ ਲੀਡਰ ਇਕ-ਦੂਜੇ ਖ਼ਿਲਾਫ਼ ਇਲਜ਼ਾਮ-ਤਰਾਸ਼ੀ ਕਰ ਰਹੇ ਹਨ। ਉਹ ਇਹ ਭੁੱਲ ਜਾਂਦੇ ਹਨ ਕਿ ਉਹ ਖ਼ੁਦ ਵੀ ਕਿਸੇ ਸਮੇਂ ਅਕਾਲੀ ਦਲ ਦਾ ਹਿੱਸਾ ਰਹੇ ਸਨ ਜਦੋਂ ਪ੍ਰੰਪਰਾਵਾਂ ਨੂੰ ਢਾਹ ਲੱਗਦੀ ਰਹੀ ਸੀ। ਸਾਰੇ ਇਕ-ਦੂਜੇ ਦੇ ਪੋਤੜੇ ਫਰੋਲਦਿਆਂ ਆਪਣੇ ਹੱਥ ਪਲੀਤ ਕਰ ਰਹੇ ਹਨ। ਦਸਤਾਰਧਾਰੀ ਜੇ ਖ਼ੁਦ ਇਕ-ਦੂਜੇ ਦੀ ਦਸਤਾਰ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਨ ਤਾਂ ਮਸਲਾ ਬੇਹੱਦ ਗੰਭੀਰ ਸਮਝਣਾ ਚਾਹੀਦਾ ਹੈ। ਦਸਤਾਰ ਸਾਡੀ ਆਨ-ਸ਼ਾਨ ਅਤੇ ਅਣਖ ਦੀ ਪਛਾਣ ਹੈ। 'ਆਏ ਨੀ ਨਿਹੰਗ, ਬੂਹਾ ਖੋਲ੍ਹ ਦੇ ਨਿਸ਼ੰਗ' ਦੇ ਅਖਾਣ ਨੂੰ ਮੁੜ-ਸੁਰਜੀਤ ਕਰਨ ਦਾ ਵੇਲਾ ਹੈ। ਪਿਛਲੇ ਦੋ ਦਹਾਕਿਆਂ ਦੌਰਾਨ ਅਸੀਂ ਮਹਾਨ ਸਿੱਖ ਸ਼ਤਾਬਦੀਆਂ ਮਨਾਉਣ ਵੇਲੇ ਅਣਗਿਣਤ ਬੱਜਰ ਗ਼ਲਤੀਆਂ ਕੀਤੀਆਂ ਹਨ। ਜੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਸ਼ਤਾਬਦੀ ਗੁਰੂ ਆਸ਼ੇ ਮੁਤਾਬਕ ਮਨਾਉਣ ਵਿਚ ਕਾਮਯਾਬ ਹੋ ਗਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਨਹੀਂ ਕੋਸਣਗੀਆਂ। ਹਰ ਕਿਸੇ ਨੂੰ ਇਹ ਗੱਲ ਆਪਣੇ ਦਿਲ ਵਿਚ ਵਸਾਉਣੀ ਚਾਹੀਦੀ ਹੈ ਕਿ ਅਕਾਲੀ ਦਲ ਦਾ ਜਨਮ ਗੁਰਦੁਆਰਿਆਂ ਦੀ ਸੇਵਾ ਸੰਭਾਲਣ ਲਈ ਹੋਇਆ ਸੀ ਨਾ ਕਿ ਇਨ੍ਹਾਂ 'ਤੇ ਕਾਬਜ਼ ਹੋਣ ਲਈ।

Posted By: Jagjit Singh