v>ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਨਾਲ ਜੂਝ ਰਹੇ ਭਾਰਤ ਵੱਲ ਅਮਰੀਕਾ, ਰੂਸ, ਬਰਤਾਨੀਆ, ਫਰਾਂਸ, ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ ਸਮੇਤ ਲਗਪਗ 40 ਦੇਸ਼ਾਂ ਨੇ ਮਦਦ ਦਾ ਜੋ ਹੱਥ ਵਧਾਇਆ, ਉਹ ਸੰਕਟ ਦੀ ਗੰਭੀਰਤਾ ਨੂੰ ਬਿਆਨ ਕਰਨ ਦੇ ਨਾਲ ਹੀ ਵਿਸ਼ਵ ਭਾਈਚਾਰੇ ਦੀ ਚਿੰਤਾ ਨੂੰ ਵੀ ਪ੍ਰਗਟ ਕਰ ਰਿਹਾ ਹੈ। ਇਸ ਮਦਦ ਨਾਲ ਇਹ ਵੀ ਰੇਖਾਂਕਿਤ ਹੁੰਦਾ ਹੈ ਕਿ ਵਿਸ਼ਵ ਭਾਈਚਾਰਾ ਇਸ ਕੋਰੋਨਾ ਕਾਲ ਵਿਚ ਭਾਰਤ ਦੀ ਉਸ ਸਹਾਇਤਾ ਨੂੰ ਭੁੱਲਿਆ ਨਹੀਂ ਹੈ ਜੋ ਉਸ ਨੇ ਦੁਨੀਆ ਦੇ ਤਮਾਮ ਦੇਸ਼ਾਂ ਨੂੰ ਦਿੱਤੀ ਸੀ-ਪਹਿਲਾਂ ਕੁਝ ਦਵਾਈਆਂ ਦੀ ਸਪਲਾਈ ਕਰ ਕੇ ਅਤੇ ਫਿਰ ਵੈਕਸੀਨ ਭੇਜ ਕੇ। ਭਾਰਤ ਨੇ 90 ਤੋਂ ਵੱਧ ਮੁਲਕਾਂ ਨੂੰ ਵੈਕਸੀਨ ਭੇਜੀ। ਇਨ੍ਹਾਂ ਵਿਚੋਂ ਕੁਝ ਦੇਸ਼ਾਂ ਨੂੰ ਤਾਂ ਮੁਫ਼ਤ ਜਾਂ ਰਿਆਇਤੀ ਦਰਾਂ ’ਤੇ ਦਿੱਤੀ। ਇਸ ਦੇ ਇਲਾਵਾ ਵੀ ਭਾਰਤ ਸਮੇਂ-ਸਮੇਂ ’ਤੇ ਸੰਕਟ ਵਿਚ ਫਸੇ ਦੇਸ਼ਾਂ ਦੀ ਮਦਦ ਕਰਦਾ ਰਿਹਾ ਹੈ। ਇਕ ਤਰ੍ਹਾਂ ਨਾਲ ਹੁਣ ਜੋ ਮਦਦ ਮਿਲ ਰਹੀ ਹੈ, ਉਸ ਦੇ ਪਿੱਛੇ ਭਾਰਤ ਦੀ ਸਾਖ਼ ਵੀ ਕੰਮ ਕਰ ਰਹੀ ਹੈ। ਇਸ ਸਭ ਦੇ ਇਲਾਵਾ ਦੁਨੀਆ ਦੇ ਵੱਡੇ ਦੇਸ਼ ਇਹ ਵੀ ਜਾਣ ਰਹੇ ਹਨ ਕਿ ਭਾਰਤ ਵਿਸ਼ਵ ਅਰਥਚਾਰੇ ਦਾ ਇਕ ਮਹੱਤਵਪੂਰਨ ਹਿੱਸਾ ਹੈ ਅਤੇ ਜੇਕਰ ਉਹ ਸੰਕਟ ਵਿਚ ਫਸਿਆ ਰਿਹਾ ਤਾਂ ਇਸ ਨਾਲ ਉਨ੍ਹਾਂ ਦੇ ਆਰਥਿਕ ਹਿੱਤਾਂ ਨੂੰ ਵੀ ਭਾਰੀ ਢਾਅ ਲੱਗੇਗੀ। ਭਾਰਤ ਇਕ ਅਰਸੇ ਤੋਂ ਵਿਸ਼ਵ ਅਰਥਚਾਰੇ ਨੂੰ ਬਲ ਦੇਣ ਵਿਚ ਨਾ ਸਿਰਫ਼ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ ਬਲਕਿ ਤਮਾਮ ਮੁਸ਼ਕਲਾਂ ਤੋਂ ਬਾਅਦ ਵੀ ਇਸ ਸੰਭਾਵਨਾ ਨਾਲ ਭਰਪੂਰ ਹੈ ਕਿ ਉਸ ਦਾ ਅਰਥਚਾਰਾ ਸਭ ਤੋਂ ਤੇਜ਼ੀ ਨਾਲ ਵਧੇਗਾ। ਇਨਫੈਕਸ਼ਨ ਦੀ ਦੂਜੀ ਲਹਿਰ ਦੌਰਾਨ ਹੀ ਏਸ਼ਿਆਈ ਵਿਕਾਸ ਬੈਂਕ ਨੇ ਇਹ ਕਿਹਾ ਕਿ ਚਾਲੂ ਵਿੱਤੀ ਸਾਲ ਵਿਚ ਭਾਰਤ ਦਾ ਅਰਥਚਾਰਾ 11 ਫ਼ੀਸਦੀ ਵਧਣ ਦੀ ਸੰਭਾਵਨਾ ਹੈ। ਇਹ ਸਹੀ ਹੈ ਕਿ ਭਾਰਤ ਨੂੰ ਲੰਬੇ ਸਮੇਂ ਬਾਅਦ ਵਿਦੇਸ਼ ਤੋਂ ਸਹਾਇਤਾ ਨਾ ਲੈਣ ਦੀ ਆਪਣੀ ਨੀਤੀ ਬਦਲਣੀ ਪਈ ਹੈ ਪਰ ਹਾਲਾਤ ਦੇ ਹਿਸਾਬ ਨਾਲ ਫ਼ੈਸਲੇ ਲੈਣਾ ਹੀ ਨੀਤੀਸੰਗਤ ਹੁੰਦਾ ਹੈ। ਹੁਣ ਜਦ ਵਿਦੇਸ਼ ਤੋਂ ਡਾਕਟਰੀ ਸਾਜ਼ੋ-ਸਾਮਾਨ ਅਤੇ ਦਵਾਈਆਂ ਦੇ ਰੂਪ ਵਿਚ ਮਦਦ ਮਿਲਣੀ ਸ਼ੁਰੂ ਹੋ ਗਈ ਹੈ ਉਦੋਂ ਫਿਰ ਇਹ ਦੇਖਿਆ ਜਾਣਾ ਚਾਹੀਦਾ ਹੈ ਕਿ ਉਹ ਸਮਾਂ ਰਹਿੰਦੇ ਪ੍ਰਭਾਵਿਤ ਖੇਤਰਾਂ ਅਤੇ ਲੋਕਾਂ ਤਕ ਸਹੀ ਤਰ੍ਹਾਂ ਪੁੱਜੇ। ਇਸ ਲਈ ਢੁੱਕਵਾਂ ਤੰਤਰ ਬਣਾ ਕੇ ਉਸ ਦੀ ਨਿਗਰਾਨੀ ਵੀ ਕੀਤੀ ਜਾਣੀ ਚਾਹੀਦੀ ਹੈ। ਕਿਉਂਕਿ ਇਕ ਮਈ ਤੋਂ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਦਾ ਟੀਕਾਕਰਨ ਵੀ ਸ਼ੁਰੂ ਹੋ ਰਿਹਾ ਹੈ, ਇਸ ਲਈ ਭਾਰਤ ਦੀ ਤਰਜੀਹ ਵਿਦੇਸ਼ਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਟੀਕੇ ਹਾਸਲ ਕਰਨ ਦੀ ਵੀ ਹੋਣੀ ਚਾਹੀਦੀ ਹੈ ਕਿਉਂਕਿ ਘੱਟ ਸਮੇਂ ਵਿਚ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰ ਕੇ ਹੀ ਮੌਜੂਦਾ ਸੰਕਟ ਤੋਂ ਉਭਰਨ ਦੇ ਨਾਲ ਹੀ ਇਨਫੈਕਸ਼ਨ ਦੀ ਤੀਜੀ ਲਹਿਰ ਦੇ ਖ਼ਦਸ਼ੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਇਹ ਸਮਾਂ ਟੀਕਾਕਰਨ ਮੁਹਿੰਮ ਦੇ ਹਰ ਅੜਿੱਕੇ ਨੂੰ ਦੂਰ ਕਰਨ ਅਤੇ ਨਾਲ ਹੀ ਇਹ ਸਮਝਣ ਦਾ ਵੀ ਹੈ ਕਿ ਜਦ ਸਰਕਾਰ ਅਤੇ ਸਮਾਜ ਇਕਜੁੱਟ ਹੋਣਗੇ, ਉਦੋਂ ਹੀ ਸੰਕਟ ਤੋਂ ਆਸਾਨੀ ਨਾਲ ਪਾਰ ਪਾਇਆ ਜਾ ਸਕੇਗਾ। ਇਸ ਸੰਕਟ ਨਾਲ ਨਜਿੱਠਣ ਵਿਚ ਜੇਕਰ ਕਿਸੇ ਵੀ ਪੱਧਰ ’ਤੇ ਕੋਤਾਹੀ ਹੋਈ ਤਾਂ ਇਹ ਸੰਕਟ ਹੋਰ ਵਿਕਰਾਲ ਰੂਪ ਧਾਰਨ ਕਰਦਾ ਜਾਵੇਗਾ। ਜਨਤਾ ਨੂੰ ਚਾਹੀਦਾ ਹੈ ਕਿ ਉਹ ਇਸ ਔਖੀ ਘੜੀ ਵਿਚ ਸਰਕਾਰ ਦਾ ਪੂਰਾ ਸਾਥ ਦੇਵੇ। ਕੋਰੋਨਾ ਸਬੰਧੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੇ ਅਤੇ ਸਭ ਤੋਂ ਜ਼ਰੂਰੀ ਗੱਲ ਇਹ ਕਿ ਨੀਮ-ਹਕੀਮਾਂ ਦੀਆਂ ਸਲਾਹਾਂ ਤੋਂ ਬਚੇ।

Posted By: Susheel Khanna