-ਮਨਜਿੰਦਰ ਸਿੰਘ ਸਿਰਸਾ

ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਸੰਨ 1621 'ਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ ਹੋਇਆ ਸੀ। ਉਨ੍ਹਾਂ ਦੇ ਬਚਪਨ ਦਾ ਨਾਮ ਤਿਆਗ ਮੱਲ ਸੀ। ਮਹਿਜ਼ 14 ਸਾਲ ਦੀ ਛੋਟੀ ਉਮਰ ਵਿਚ ਹੀ ਗੁਰੂ ਜੀ ਨੇ ਮੁਗਲਾਂ ਵਿਰੁੱਧ ਯੁੱਧ ਵਿਚ ਐਸੀ ਬੇਮਿਸਾਲ ਤੇਗ ਚਲਾਈ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਆਪ ਜੀ ਨੂੰ ਤੇਗ ਬਹਾਦਰ ਕਹਿਣਾ ਸ਼ੁਰੂ ਕਰ ਦਿੱਤਾ। ਸੰਨ 1632 ਵਿਚ ਆਪਜੀ ਦਾ ਆਨੰਦ ਕਾਰਜ ਮਾਤਾ ਗੁਜਰੀ ਨਾਲ ਹੋਇਆ। ਸੰਨ 1644 'ਚ ਛੇਵੇਂ ਪਾਤਸ਼ਾਹ ਦੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਆਪਣੇ ਪੋਤੇ ਹਰਿ ਰਾਇ ਸਾਹਿਬ ਨੂੰ ਬਣਾ ਗਏ ਅਤੇ ਸੰਨ 1661 ਵਿਚ ਸੱਤਵੇਂ ਗੁਰੂ ਜੀ ਨੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਗੁਰਗੱਦੀ ਆਪਣੇ ਛੋਟੇ ਪੁੱਤਰ ਹਰਿਕ੍ਰਿਸ਼ਨ ਜੀ ਨੂੰ ਸੌਂਪ ਦਿੱਤੀ। ਜਿਸ ਸਮੇਂ 1664 ਈਸਵੀ 'ਚ ਗੁਰੂ ਹਰਿ ਕ੍ਰਿਸ਼ਨ ਜੀ ਦਿੱਲੀ ਵਿਖੇ ਚੇਚਕ ਦੀ ਬਿਮਾਰੀ ਕਾਰਨ ਸਖ਼ਤ ਬਿਮਾਰ ਸਨ ਤਾਂ ਉਨ੍ਹਾਂ ਦੇ ਸੰਸਾਰ ਤੋਂ ਜਾਣ ਦਾ ਸਮਾਂ ਦੇਖ ਕੇ ਸੰਗਤ ਨੇ ਉਨ੍ਹਾਂ ਤੋਂ ਅਗਲੇ ਗੁਰੂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕੇਵਲ ਇੰਨਾ ਹੀ ਕਿਹਾ, 'ਬਾਬਾ ਬਕਾਲੇ'। ਇਸ ਪਿੱਛੋਂ ਬਾਬਾ ਬਕਾਲਾ ਅੰਦਰ 22 ਭੇਖੀ (ਨਕਲੀ ਗੁਰੂ) ਆਪਣੇ-ਆਪ ਨੂੰ ਅਗਲਾ ਗੁਰੂ ਐਲਾਨ ਕੇ ਗੱਦੀਆਂ ਲਗਾ ਕੇ ਬੈਠ ਗਏ। ਇਨ੍ਹਾਂ ਹੀ ਦਿਨਾਂ 'ਚ ਪ੍ਰਸਿੱਧ ਵਪਾਰੀ ਮੱਖਣ ਸ਼ਾਹ ਲੁਬਾਣਾ ਦਾ ਬੇੜਾ ਸਮੁੰਦਰੀ ਤੂਫ਼ਾਨ ਵਿਚ ਘਿਰ ਗਿਆ ਤਾਂ ਇਸ ਔਖੀ ਘੜੀ ਵਿਚ ਉਸ ਨੇ ਅਰਦਾਸ ਕੀਤੀ ਕਿ ਨੌਵੇਂ ਪਾਤਸ਼ਾਹ! ਮੇਰਾ ਬੇੜਾ ਬੰਨੇ ਲਗਾ ਦਿਓ। ਮੈਂ ਤੁਹਾਡੇ ਦਰ 'ਤੇ 500 ਸੋਨੇ ਦੀਆਂ ਮੋਹਰਾਂ ਭੇਟ ਕਰਾਂਗਾ। ਮੱਖਣ ਸ਼ਾਹ ਲੁਬਾਣਾ ਦਾ ਬੇੜਾ ਪਾਰ ਲੱਗ ਗਿਆ ਤਾਂ ਉਹ ਮੋਹਰਾਂ ਲੈ ਕੇ ਬਾਬਾ ਬਕਾਲਾ ਪੁੱਜਾ। ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉੱਥੇ ਤਾਂ 22 ਲੋਕ ਆਪਣੇ-ਆਪ ਨੂੰ ਨੌਵਾਂ ਗੁਰੂ ਦੱਸ ਰਹੇ ਸਨ। ਉਸ ਨੂੰ ਇਕ ਤਰਕੀਬ ਸੁੱਝੀ। ਉਸ ਨੇ ਸਾਰੇ ਅਖੌਤੀ ਗੁਰੂਆਂ ਅੱਗੇ ਦੋ-ਦੋ ਮੋਹਰਾਂ ਰੱਖ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਅਤੇ ਮਨ ਵਿਚ ਸੋਚਿਆ ਕਿ ਜਿਹੜਾ ਅਸਲੀ ਗੁਰੂ ਹੋਵੇਗਾ, ਉਹ ਆਪੇ 500 ਮੋਹਰਾਂ ਮੰਗ ਲਵੇਗਾ। ਉਸ ਨੇ ਸਾਰੇ ਅਖੌਤੀ ਗੁਰੂਆਂ ਅੱਗੇ ਮੱਥਾ ਟੇਕ ਦਿੱਤਾ ਪਰ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਤੂੰ 500 ਮੋਹਰਾਂ ਮੰਨੀਆਂ ਸਨ। ਮੱਖਣ ਸ਼ਾਹ ਲੁਬਾਣਾ ਨਿਰਾਸ਼ ਹੋ ਕੇ ਉੱਥੋਂ ਤੁਰ ਪਿਆ ਤੇ ਉਸ ਨੇ ਲੋਕਾਂ ਨੂੰ ਪੁੱਛਿਆ ਕਿ ਕੋਈ ਹੋਰ ਵੀ ਹੈ ਜਿਹੜਾ ਗੁਰੂ ਹੋਣ ਦਾ ਦਾਅਵਾ ਕਰਦਾ ਹੈ ਤਾਂ ਲੋਕਾਂ ਨੇ ਕਿਹਾ ਕਿ ਗੁਰੂ ਹੋਣ ਦਾ ਦਾਅਵਾ ਤਾਂ ਨਹੀਂ ਕਰਦਾ ਪਰ ਗੁਰੂ ਹਰਿਗੋਬਿੰਦ ਸਾਹਿਬ ਦਾ ਸਾਹਿਬਜ਼ਾਦਾ ਤੇਗ ਬਹਾਦਰ ਹੈ ਜੋ ਹਰ ਵੇਲੇ ਪਰਮਾਤਮਾ ਦੀ ਭਗਤੀ ਵਿਚ ਲੀਨ ਰਹਿੰਦਾ ਹੈ। ਮੱਖਣ ਸ਼ਾਹ ਨੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਵੀ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਮੱਖਣ ਸ਼ਾਹ ਜੀ, ਬੇਜ਼ੁਬਾਨ ਕਿਉਂ ਹੋ ਰਹੇ ਹੋ? 500 ਕਹਿ ਕੇ ਦੋ ਰੱਖ ਰਹੇ ਹੋ। ਮੱਖਣ ਸ਼ਾਹ ਲੁਬਾਣਾ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ। ਉਹ ਗੁਰੂ ਸਾਹਿਬ ਦੇ ਚਰਨਾਂ ਵਿਚ ਡਿੱਗ ਪਿਆ ਅਤੇ ਅੱਖਾਂ ਨੀਰ ਨਾਲ ਭਰ ਆਈਆਂ। ਕਹਿੰਦੇ ਹਨ ਕਿ ਉਸ ਨੇ ਛੱਤ 'ਤੇ ਚੜ੍ਹ ਕੇ ਰੌਲਾ ਪਾ ਦਿੱਤਾ, 'ਗੁਰ ਲਾਧੋ ਰੇ, ਗੁਰੂ ਲਾਧੋ ਰੇ'।

ਸੰਨ 1665 'ਚ ਗੁਰੂ ਤੇਗ ਬਹਾਦਰ ਜੀ ਨੇ ਕਹਿਲੂਰ ਦੇ ਰਾਜਾ ਦੀਪ ਚੰਦ ਤੋਂ ਜ਼ਮੀਨ ਖ਼ਰੀਦ ਕੇ ਚੱਕ ਨਾਨਕੀ ਸ਼ਹਿਰ (ਅਨੰਦਪੁਰ ਸਾਹਿਬ) ਵਸਾਇਆ। ਉਸ ਸਮੇਂ ਗੁਰੂ ਜੀ ਦਾ ਪਰਿਵਾਰ ਪਟਨਾ ਸਾਹਿਬ (ਬਿਹਾਰ) ਵਿਚ ਰਹਿ ਰਿਹਾ ਸੀ। ਪਟਨਾ ਸਾਹਿਬ ਵਿਖੇ 1666 ਈਸਵੀ ਨੂੰ ਗੁਰੂ ਜੀ ਦੇ ਘਰ ਪੁੱਤਰ ਨੇ ਜਨਮ ਲਿਆ ਜਿਨ੍ਹਾਂ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ ਜਿਨ੍ਹਾਂ ਨੇ ਅੱਗੇ ਚੱਲ ਕੇ ਸਿੱਖ ਕੌਮ ਨੂੰ ਖ਼ਾਲਸਾ ਪੰਥ ਸਾਜ ਕੇ ਨਵੀਂ ਦਿਸ਼ਾ ਦਿੱਤੀ ਅਤੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ।

ਸੰਨ 1673 ਤੋਂ 1675 ਤਕ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਵਿਖੇ ਆ ਕੇ ਰਹੇ ਅਤੇ ਉਸ ਨੂੰ ਹੀ ਉਨ੍ਹਾਂ ਨੇ ਧਰਮ ਦੇ ਪ੍ਰਚਾਰ ਦਾ ਕੇਂਦਰ ਬਣਾ ਲਿਆ ਸੀ। ਇਨ੍ਹਾਂ ਦਿਨਾਂ ਵਿਚ ਹੀ ਮੁਗਲ ਸ਼ਾਸਕ ਔਰੰਗਜ਼ੇਬ ਨੇ ਹਿੰਦੂ ਧਰਮ ਵਿਰੁੱਧ ਇਕ ਮੁਹਿੰਮ ਆਰੰਭੀ ਹੋਈ ਸੀ। ਉਸ ਨੇ ਐਲਾਨ ਕਰ ਦਿੱਤਾ ਸੀ ਕਿ ਮੈਂ ਦੁਨੀਆ ਤੋਂ ਹਿੰਦੂ ਧਰਮ ਦਾ ਨਾਮੋ-ਨਿਸ਼ਾਨ ਮਿਟਾ ਦੇਵਾਂਗਾ। ਸਭ ਤੋਂ ਵੱਧ ਜ਼ੁਲਮ ਕਸ਼ਮੀਰ ਦੇ ਸੂਬੇਦਾਰ ਵੱਲੋਂ ਕੀਤਾ ਜਾ ਰਿਹਾ ਸੀ। ਦੁਖੀ ਕਸ਼ਮੀਰੀ ਪੰਡਿਤਾਂ ਨੇ ਅਨੰਦਪੁਰ ਸਾਹਿਬ ਪਹੁੰਚ ਕੇ ਗੁਰੂ ਜੀ ਅੱਗੇ ਫਰਿਆਦ ਕੀਤੀ ਕਿ ਉਹ ਸਾਰੇ ਧਰਮ ਆਗੂਆਂ ਕੋਲ ਜਾ ਕੇ ਤਰਲਾ ਕਰ ਚੁੱਕੇ ਹਨ ਪਰ ਔਰਗਜ਼ੇਬ ਨਾਲ ਗੱਲ ਕਰਨ ਦੀ ਕੋਈ ਹਿੰਮਤ ਨਹੀਂ ਕਰਦਾ। ਤੁਸੀਂ ਹੀ ਸਾਨੂੰ ਜ਼ੁਲਮ ਤੋਂ ਬਚਾ ਸਕਦੇ ਹੋ। ਗੁਰੂ ਜੀ ਨੇ ਕਿਹਾ ਕਿ ਇਸ ਵਾਸਤੇ ਤਾਂ ਕਿਸੇ ਮਹਾਨ ਪੁਰਸ਼ ਨੂੰ ਕੁਰਬਾਨੀ ਦੇਣੀ ਪਵੇਗੀ। ਕੋਲ ਬੈਠੇ ਬਾਲ ਗੋਬਿੰਦ ਰਾਇ ਨੇ ਸਹਿਜ ਸੁਭਾਅ ਹੀ ਕਿਹਾ, 'ਪਿਤਾ ਜੀ! ਤੁਹਾਡੇ ਤੋਂ ਮਹਾਨ ਕੌਣ ਹੈ?' ਬਾਲ ਗੋਬਿੰਦ ਰਾਇ ਦੀ ਗੱਲ ਸੁਣ ਕੇ ਗੁਰੂ ਜੀ ਨੇ ਪੰਡਿਤਾਂ ਨੂੰ ਕਿਹਾ, ''ਠੀਕ ਹੈ, ਤੁਸੀਂ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਗੁਰੂ ਤੇਗ ਬਹਾਦਰ ਸਾਡਾ ਆਗੂ ਹੈ। ਜੇ ਉਹ ਇਸਲਾਮ ਕਬੂਲ ਕਰ ਲਵੇ ਤਾਂ ਅਸੀਂ ਵੀ ਕਰ ਲਵਾਂਗੇ।'' ਪੰਡਿਤਾਂ ਨੇ ਮੁਗਲ ਬਾਦਸ਼ਾਹ ਨੂੰ ਇਸੇ ਤਰ੍ਹਾਂ ਕਹਿ ਦਿੱਤਾ। ਔਰੰਗਜ਼ੇਬ ਨੇ ਗੁਰੂ ਜੀ ਨੂੰ ਬੁਲਾ ਲਿਆ ਤੇ ਲੰਬੀ ਗੱਲਬਾਤ ਕੀਤੀ। ਗੁਰੂ ਜੀ ਨੇ ਫਰਮਾਇਆ ਕਿ ਕਿਸੇ ਦਾ ਜਬਰੀ ਧਰਮ ਤਬਦੀਲ ਕਰਨਾ ਮਨੁੱਖੀ ਅਧਿਕਾਰਾਂ ਦਾ ਹਨਨ ਹੈ ਅਤੇ ਅਸੀਂ ਇਸ ਦਾ ਸਖ਼ਤ ਵਿਰੋਧ ਕਰਦੇ ਹਾਂ। ਗੁਰੂ ਜੀ ਦੀਆਂ ਦਲੀਲਾਂ ਸੁਣ ਕੇ ਔਰੰਗਜ਼ੇਬ ਗੁੱਸੇ ਨਾਲ ਲਾਲ-ਪੀਲਾ ਹੋ ਗਿਆ ਤੇ ਉਸ ਨੇ ਗੁਰੂ ਜੀ ਨੂੰ ਪਿੰਜਰੇ ਵਿਚ ਬੰਦ ਕਰਨ ਦਾ ਹੁਕਮ ਦਿੱਤਾ। ਇਸ ਪਿੱਛੋਂ ਗੁਰੂ ਜੀ ਨੂੰ ਡਰਾਉਣ ਲਈ ਨਾਲ ਗਏ ਸਿੱਖਾਂ 'ਚੋਂ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੂੰ ਬੜੀ ਕਰੂਰਤਾ ਨਾਲ ਸ਼ਹੀਦ ਕਰ ਦਿੱਤਾ ਗਿਆ। ਦਿਆਲਾ ਜੀ ਨੂੰ ਉਬਲਦੀ ਦੇਗ ਵਿਚ ਉਬਾਲ ਦਿੱਤਾ ਗਿਆ, ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ ਅਤੇ ਸਤੀ ਦਾਸ ਜੀ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਪਰ ਇਹ ਸਭ ਵੇਖ ਕੇ ਵੀ ਗੁਰੂ ਜੀ ਉਸ ਦੇ ਜ਼ੁਲਮ ਅੱਗੇ ਨਹੀਂ ਝੁਕੇ ਅਤੇ ਭਾਣਾ ਮੰਨਦੇ ਹੋਏ ਰੱਬੀ ਬਾਣੀ ਦਾ ਪਾਠ ਕਰਦੇ ਰਹੇ। ਆਖ਼ਰ ਔਰੰਗਜ਼ੇਬ ਨੇ ਐਲਾਨ ਕਰ ਦਿੱਤਾ ਕਿ ਗੁਰੂ ਤੇਗ ਬਹਾਦਰ ਜੀ ਦਾ ਸੀਸ ਕਲਮ ਕਰ ਕੇ ਸੀਸ ਨੇਜੇ 'ਤੇ ਟੰਗ ਕੇ ਦਿੱਲੀ ਵਿਚ ਘੁਮਾਇਆ ਜਾਵੇਗਾ। ਇਸ ਐਲਾਨ ਮਗਰੋਂ ਭਾਈ ਜੈਤਾ ਜੀ, ਭਾਈ ਲੱਖੀ ਸ਼ਾਹ ਵਣਜਾਰਾ ਅਤੇ ਕੁਝ ਹੋਰ ਸਿੱਖਾਂ ਨੇ ਮੀਟਿੰਗ ਕਰ ਕੇ ਔਰੰਗਜ਼ੇਬ ਦੀ ਸੀਸ ਦੀ ਬੇਅਦਬੀ ਕਰਨ ਵਾਲੀ ਯੋਜਨਾ ਅਸਫਲ ਬਣਾਉਣ ਦਾ ਫ਼ੈਸਲਾ ਕੀਤਾ। ਚਾਂਦਨੀ ਚੌਕ ਦਿੱਲੀ ਵਿਖੇ 1675 ਈਸਵੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ। ਭਾਈ ਜੈਤਾ ਜੀ ਨੇ ਗੁਰੂ ਜੀ ਦਾ ਸੀਸ ਚੁੱਕਿਆ ਤੇ ਅਨੰਦਪੁਰ ਸਾਹਿਬ ਨੂੰ ਚੱਲ ਪਿਆ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਨੇ ਕੁਝ ਹੋਰ ਸਿੱਖਾਂ ਦੀ ਮਦਦ ਨਾਲ ਗੁਰੂ ਜੀ ਦਾ ਧੜ ਚੁੱਕ ਕੇ ਆਪਣੇ ਘਰ ਪਿੰਡ ਰਾਇਸੀਨਾ ਵਿਚ ਲਿਜਾ ਕੇ ਘਰ ਨੂੰ ਅੱਗ ਦੀ ਭੇਟ ਕਰ ਦਿੱਤਾ। ਜਿੱਥੇ ਭਾਈ ਲੱਖੀ ਸ਼ਾਹ ਵਣਜਾਰਾ ਨੇ ਆਪਣੇ ਘਰ ਅੰਦਰ ਗੁਰੂ ਜੀ ਦੇ ਧੜ ਦਾ ਸਸਕਾਰ ਕੀਤਾ ਸੀ ਉੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਅਤੇ ਜਿੱਥੇ ਗੁਰੂ ਜੀ ਦਾ ਸੀਸ ਕੱਟਿਆ ਗਿਆ ਉੱਥੇ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ। -(ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਨਵੀਂ ਦਿੱਲੀ)।

Posted By: Sunil Thapa