v> ਜਗਤ ਗੁਰੂ ਬਾਬੇ ਨਾਨਕ ਦਾ ਅੱਜ 550ਵਾਂ ਪ੍ਰਕਾਸ਼ ਪੁਰਬ ਹੈ। ਸਮਾਜ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਸਹੀ ਸੇਧ ਦੇ ਰਹੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ 1469 ਈ. 'ਚ ਹੋਇਆ ਸੀ। ਆਪ ਦੇ ਆਗਮਨ ਸਮੇਂ ਭਾਰਤ ਸਮਾਜਿਕ, ਧਾਰਮਿਕ, ਰਾਜਨੀਤਕ ਤੇ ਸੱਭਿਆਚਾਰਕ ਪੱਖੋਂ ਖ਼ਰਾਬ ਹਾਲਾਤ 'ਚੋਂ ਲੰਘ ਰਿਹਾ ਸੀ। ਗੁਰੂ ਨਾਨਕ ਦੇਵ ਜੀ ਨੇ ਵਿਆਪਕ ਧਾਰਮਿਕ ਅੰਧਕਾਰ, ਸਮਾਜਿਕ ਗਿਰਾਵਟ ਅਤੇ ਰਾਜਸੀ ਕਦਰਾਂ-ਕੀਮਤਾਂ 'ਚ ਗਿਰਾਵਟ ਨੂੰ ਆਪਣੀ ਬਾਣੀ 'ਚ ਬਾਖ਼ੂਬੀ ਚਿਤਰਿਆ। ਜ਼ਾਲਮ ਸ਼ਾਸਕਾਂ ਤੋਂ ਦੁਖੀ ਲੋਕਾਂ ਨੂੰ ਗੁਰੂ ਸਾਹਿਬ ਨੇ ਨਵਾਂ ਰਾਹ ਦਿਖਾਇਆ। ਉਨ੍ਹਾਂ ਫੋਕੇ ਰੀਤੀ-ਰਿਵਾਜਾਂ ਨੂੰ ਛੱਡ ਕੇ ਸਾਰਿਆਂ ਨੂੰ ਮਿਲ-ਜੁਲ ਕੇ ਰਹਿਣ ਦਾ ਸੰਦੇਸ਼ ਦਿੱਤਾ। ਜਿਨ੍ਹਾਂ ਨੂੰ ਉਸ ਸਮੇਂ ਸਮਾਜ ਨੇ ਸ਼ੂਦਰ ਕਹਿ ਕੇ ਠੁਕਰਾਇਆ ਸੀ, ਗੁਰੂ ਸਾਹਿਬ ਨੇ ਉਨ੍ਹਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ। ਗੁਰੂ ਜੀ ਨੇ ਲੋਕਾਂ ਨੂੰ ਮਨੁੱਖਤਾ ਦਾ ਅਸਲੀ ਧਰਮ ਸਮਝਾਇਆ। ਉਨ੍ਹਾਂ ਨੇ ਲੋਕਾਂ ਸਾਹਮਣੇ ਸੱਚੇ ਧਰਮ ਦਾ ਸਰੂਪ ਸਰਲ ਭਾਸ਼ਾ 'ਚ ਰੱਖਿਆ। ਗੁਰੂ ਸਾਹਿਬ ਨੇ ਚੰਗੇ ਸਮਾਜ ਦੇ ਨਿਰਮਾਣ ਲਈ ਤਿੰਨ ਸਿਧਾਂਤ ਦਿੱਤੇ ਸਨ-ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਗੁਰੂ ਨਾਨਕ ਦੇਵ ਜੀ ਨੇ ਸਾਂਝੀਵਾਲਤਾ ਤੇ ਆਪਸੀ ਸੰਵਾਦ ਦਾ ਉਪਦੇਸ਼ ਦਿੱਤਾ। ਉਨ੍ਹਾਂ ਹੱਥੀਂ ਮਿਹਨਤ ਕਰਨ 'ਤੇ ਜ਼ੋਰ ਦਿੱਤਾ ਅਤੇ ਖ਼ੁਦ ਵੀ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਸਾਹਿਬ ਵਿਚ ਰਹਿ ਕੇ ਖੇਤੀਬਾੜੀ ਕੀਤੀ। ਗੁਰੂ ਨਾਨਕ ਦੇਵ ਜੀ ਨੇ ਆਪਣਾ ਪੂਰਾ ਜੀਵਨ ਲੋਕਾਂ ਨੂੰ ਜੀਵਨ-ਜਾਚ ਸਿਖਾਉਣ ਲਈ ਅਰਪਿਤ ਕੀਤਾ। ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਉਨ੍ਹਾਂ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਦੀਆਂ ਯਾਤਰਾਵਾਂ ਕਰ ਕੇ ਗੁਜ਼ਾਰਿਆ ਜਿਨ੍ਹਾਂ ਨੂੰ ਗੁਰੂ ਸਾਹਿਬ ਦੀਆਂ ਉਦਾਸੀਆਂ ਕਿਹਾ ਜਾਂਦਾ ਹੈ। ਬਾਬੇ ਨਾਨਕ ਦੀਆਂ ਉਦਾਸੀਆਂ ਜੀਵਨ-ਜਾਚ ਸਿਖਾਉਂਦੀਆਂ ਹਨ। ਉਨ੍ਹਾਂ ਨੇ ਹਿਮਾਲਿਆ ਦੀਆਂ ਬਰਫੀਲੀਆਂ ਚੋਟੀਆਂ ਤੋਂ ਲੈ ਕੇ ਅਰਬ ਦੇ ਰੇਗਿਸਤਾਨਾਂ ਨੂੰ ਆਪਣੀ ਚਰਨ-ਛੋਹ ਨਾਲ ਪਵਿੱਤਰ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸ਼ਾਮਲ ਵੱਖ-ਵੱਖ ਸੰਤਾਂ ਦੀ ਬਾਣੀ ਨੂੰ ਉਨ੍ਹਾਂ ਵੱਖ-ਵੱਖ ਥਾਵਾਂ 'ਤੋਂ ਇਕੱਠਿਆਂ ਕੀਤਾ ਸੀ। ਉਨ੍ਹਾਂ ਦੀਆਂ ਸਿੱਖਿਆਵਾਂ ਦੁਨੀਆ ਦੇ ਹਰ ਉਸ ਇਨਸਾਨ ਲਈ ਹਨ ਜਿਹੜਾ ਸ਼ਾਂਤੀ ਤੇ ਮਾਨਵ ਏਕਤਾ ਦਾ ਚਾਹਵਾਨ ਹੈ। ਗੁਰੂ ਸਾਹਿਬ ਸਾਰੀ ਸ੍ਰਿਸ਼ਟੀ ਦੇ ਕਲਿਆਣ ਦੀ ਗੱਲ ਕਰਦੇ ਸਨ। ਇਕੱਲੇ ਸਿੱਖ ਹੀ ਨਹੀਂ, ਵੱਖ-ਵੱਖ ਧਰਮਾਂ ਦੇ ਲੋਕ ਉਨ੍ਹਾਂ ਨੂੰ ਆਪਣਾ ਇਸ਼ਟ, ਪੀਰ ਅਤੇ ਗੁਰੂ ਮੰਨਦੇ ਹਨ। ਇਸੇ ਲਈ ਦੁਨੀਆ 'ਚ ਗੁਰੂ ਨਾਨਕ ਦੇਵ ਨੂੰ ਵੱਖ-ਵੱਖ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਸ੍ਰੀਲੰਕਾ 'ਚ ਨਾਨਕ ਅਚਾਰੀਆ, ਤਿੱਬਤ 'ਚ ਨਾਨਕ ਲਾਮਾ, ਸਿੱਕਮ 'ਚ ਗੁਰੂ ਰਿੰਮਪੋਚੀਆ, ਨੇਪਾਲ 'ਚ ਨਾਨਕ ਰਿਸ਼ੀ, ਬਗ਼ਦਾਦ 'ਚ ਨਾਨਕ ਪੀਰ, ਮੱਕਾ 'ਚ ਵਲੀ ਹਿੰਦ, ਮਿਸਰ 'ਚ ਨਾਨਕ ਵਲੀ, ਰੂਸ 'ਚ ਨਾਨਕ ਕਦਮਦਰ, ਇਰਾਕ 'ਚ ਬਾਬਾ ਨਾਨਕ ਕਿਹਾ ਜਾਂਦਾ ਹੈ। ਗੁਰੂ ਸਾਹਿਬ ਦੀ ਬਾਣੀ ਨੇ ਸਦੀਆਂ ਤੋਂ ਧਾਰਮਿਕ ਕਰਮ-ਕਾਂਡਾਂ ਵਿਚ ਜਕੜੇ ਲੋਕਾਂ ਨੂੰ ਨਵੀਂ ਰੁਹਾਨੀ ਸ਼ਕਤੀ ਦਿੱਤੀ ਅਤੇ ਉਨ੍ਹਾਂ 'ਚ ਨਵਾਂ ਆਤਮ-ਵਿਸ਼ਵਾਸ ਪੈਦਾ ਕੀਤਾ। ਸੱਚਾਈ, ਪ੍ਰੇਮ, ਸਿਮਰਨ, ਸੇਵਾ ਤੇ ਸ਼ਕਤੀ ਦੇ ਪੁੰਜ ਗੁਰੂ ਸਾਹਿਬ ਦਾ ਜੀਵਨ ਸਦੀਆਂ ਤੋਂ ਲੱਖਾਂ ਲੋਕਾਂ ਲਈ ਚਾਨਣ ਮੁਨਾਰੇ ਦਾ ਕੰਮ ਕਰਦਾ ਆ ਰਿਹਾ ਹੈ। ਅੱਜ ਸਾਰੀ ਦੁਨੀਆ 'ਤੇ ਵਾਤਾਵਰਨ ਨੂੰ ਲੈ ਕੇ ਗੰਭੀਰ ਖ਼ਤਰਾ ਮੰਡਰਾ ਰਿਹਾ ਹੈ। ਗੁਰੂ ਸਾਹਿਬ ਨੇ ਆਪਣੀ ਬਾਣੀ 'ਚ ਲਿਖਿਆ ਸੀ '“ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ'। ਇਸ ਗੁਰਵਾਕ ਸਮੇਤ ਗੁਰੂ ਸਾਹਿਬ ਦੇ ਬਾਕੀ ਸੰਦੇਸ਼ ਅੱਜ ਵੀ ਸਾਰਥਕ ਹਨ ਤੇ ਸਦਾ ਰਹਿਣਗੇ। ਅੱਜ ਪ੍ਰਕਾਸ਼ ਪੁਰਬ 'ਤੇ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਚੱਲਣ ਦਾ ਪ੍ਰਣ ਲੈ ਕੇ ਸਮਾਜ 'ਚ ਫੈਲੀਆਂ ਬੁਰਾਈਆਂ ਖ਼ਤਮ ਕਰਨ ਦੀ ਲੋੜ ਹੈ।

Posted By: Sukhdev Singh