-ਭਾਈ ਗੋਬਿੰਦ ਸਿੰਘ ਲੌਂਗੋਵਾਲ

ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਜਾਗਤ-ਜੋਤਿ ਗੁਰੂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਾਵਨ ਗੁਰਬਾਣੀ ਮਨੁੱਖ ਨੂੰ ਅਧਿਆਤਮਿਕਤਾ ਅਤੇ ਮਾਨਵਤਾ ਦਾ ਉਪਦੇਸ਼ ਦ੍ਰਿੜ੍ਹ ਕਰਵਾਉਂਦੀ ਹੈ ਜਿਸ ’ਤੇ ਚੱਲ ਕੇ ਮਨੁੱਖੀ ਜੀਵਨ ਸਫ਼ਲ ਬਣਾਇਆ ਜਾ ਸਕਦਾ ਹੈ। ਗੁਰਬਾਣੀ ਅੰਦਰ ਮਨੁੱਖ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਮੌਜੂਦ ਹੈ। ਗੁਰਬਾਣੀ ਦੀ ਇਹ ਵੀ ਵਡਿਆਈ ਹੈ ਕਿ ਇਹ ਸਮੁੱਚੀ ਲੋਕਾਈ ਨੂੰ ਇਕ ਧਾਗੇ ਵਿਚ ਪਰੋਣ ਦਾ ਅਮਲ ਪੇਸ਼ ਕਰਦੀ ਹੈ। ਇਸ ਦਾ ਸੁਨੇਹਾ ਸਮੁੱਚੀ ਮਨੁੱਖਤਾ ਦੇ ਕਲਿਆਣ ਅਤੇ ਉਦਾਰ ਲਈ ਹੈ। ਇਹ ਚਹੁੰ ਵਰਣਾਂ ਲਈ ਸਾਂਝਾ ਉਪਦੇਸ਼ ਹੈ। ਇਸ ਸਬੰਧੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ:

ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥

(ਪੰਨਾ 748)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਰਮੇਸ਼ਰ/ਨਿਰੰਕਾਰ ਦੇ ਬੋਲ ਹਨ ਜੋ ਉਸ ਦੀ ਕਿਰਪਾ-ਦ੍ਰਿਸ਼ਟੀ ਸਦਕਾ ਬਾਣੀਕਾਰਾਂ ਦੇ ਮਾਧਿਅਮ ਰਾਹੀਂ ਸੰਸਾਰੀ ਜੀਵਾਂ ਨੂੰ ਪ੍ਰਾਪਤ ਹੋਏ ਹਨ। ਇਸ ਬਾਰੇ ਗੁਰੂ ਸਾਹਿਬ ਵੱਲੋਂ ਪਾਵਨ ਗੁਰਬਾਣੀ ਅੰਦਰ ਸਪੱਸ਼ਟ ਕੀਤਾ ਗਿਆ ਹੈ:

-ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥

(ਪੰਨਾ 763)

-ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥

(ਪੰਨਾ 308)

ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਛੇ ਗੁਰੂ ਸਾਹਿਬਾਨ ਸਮੇਤ ਭਗਤਾਂ, ਭੱਟਾਂ ਅਤੇ ਮਹਾਪੁਰਸ਼ਾਂ ਦੀ ਮੁਬਾਰਕ ਬਾਣੀ ਸ਼ਾਮਲ ਹੈ। ਧੁਰ ਕੀ ਬਾਣੀ ਦੇ ਅਨਮੋਲ ਖ਼ਜ਼ਾਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਕਰਵਾਈ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਲਈ ਅੰਮ੍ਰਿਤਸਰ ਦੀ ਦੱਖਣ ਦਿਸ਼ਾ ਵੱਲ ਰਮਣੀਕ ਤੇ ਸੁਹਾਵਣਾ ਥਾਂ ਜਿੱਥੇ ਅੱਜਕੱਲ੍ਹ ਗੁਰਦੁਆਰਾ ਰਾਮਸਰ ਸਥਿਤ ਹੈ, ਨੂੰ ਚੁਣਿਆ। ਸੰਮਤ 1660 (1603 ਈ:) ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਦੇ ਸਥਾਨ ’ਤੇ ਸੰਪਾਦਨਾ ਦਾ ਕਾਰਜ ਗੁਰੂ ਸਾਹਿਬ ਨੇ ਆਰੰਭ ਕਰਵਾਇਆ ਅਤੇ ਲਿਖਣ ਦੀ ਸੇਵਾ ਦਾ ਮਾਣ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੋਇਆ। ਸੰਮਤ 1661 (1604 ਈ:) ਨੂੰ ਇਹ ਕਾਰਜ ਸੰਪੂਰਨ ਹੋਇਆ ਅਤੇ ਇਸੇ ਸਾਲ ਹੀ ਭਾਦੋਂ ਸੁਦੀ ਏਕਮ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ। ਸੇਵਾ-ਸੰਭਾਲ ਕਰਨ ਲਈ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਪਹਿਲੇ ਮੁੱਖ ਗ੍ਰੰਥੀ ਥਾਪਿਆ।

ਮੁਗਲਾਂ ਨਾਲ ਲੰਬੀ ਜੱਦੋਜਹਿਦ ਮਗਰੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ (ਤਖ਼ਤ ਸ੍ਰੀ ਦਮਦਮਾ ਸਾਹਿਬ) ਵਿਖੇ ਟਿਕੇ ਤਾਂ ਉਨ੍ਹਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕਰਦਿਆਂ ਇਸ ਵਿਚ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਦਰਜ ਕੀਤਾ ਅਤੇ ਬਾਣੀ ਲਿਖਣ ਦੀ ਮਹਾਨ ਸੇਵਾ ਉਸ ਸਮੇਂ ਦੇ ਮਹਾਨ ਵਿਦਵਾਨ ਭਾਈ ਮਨੀ ਸਿੰਘ ਪਾਸੋਂ ਲਈ। ਤੀਹ ਰਾਗਾਂ ਵਿਚ ਇਕ ਹੋਰ ਰਾਗ ਜੈਜਾਵੰਤੀ ਸ਼ਾਮਲ ਹੋਣ ਨਾਲ ਬਾਣੀ ਇਕੱਤੀ ਰਾਗਾਂ ਵਿਚ ਹੋ ਗਈ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਜ਼ੂਰ ਸਾਹਿਬ, ਨਾਂਦੇੜ (ਮਹਾਂਰਾਸ਼ਟਰ) ਵਿਖੇ ਅਕਤੂਬਰ 1708 ਈ: ਨੂੰ ਜੋਤੀ-ਜੋਤਿ ਸਮਾਉਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਸਿੱਖਾਂ ਨੂੰ ਸ਼ਬਦ ਗੁਰੂ ਨਾਲ ਅਮਲੀ ਰੂਪ ਵਿਚ ਜੋੜ ਦਿੱਤਾ:

ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ।

ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।

ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ।

ਜੋ ਪ੍ਰਭੁ ਕੋ ਮਿਲਬੋ ਚਹੈ, ਖੋਜ ਸ਼ਬਦ ਮੈਂ ਲੇਹ।

(ਪੰਥ ਪ੍ਰਕਾਸ਼, ਗਿਆਨੀ ਗਿਆਨ ਸਿੰਘ)

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲੇ ਪ੍ਰਕਾਸ਼ ਦਾ ਇਤਿਹਾਸਕ ਹਵਾਲਾ ਇਸ ਮਹਾਨ ਗ੍ਰੰਥ ਦੀ ਵਡਿਆਈ ਨੂੰ ਸਪੱਸ਼ਟ ਕਰਨ ਵਾਲਾ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਵੱਲੋਂ ਸੰਪਾਦਨਾ ਦੇ ਕਾਰਜ ਦੀ ਸੰਪੂਰਨਤਾ ਉਪਰੰਤ ਭਾਦੋਂ ਸੁਦੀ ਇਕ ਸੰਮਤ 1661 (1604 ਈ:) ਨੂੰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਤਾਂ ਇਸ ਮੌਕੇ ਵਿਸ਼ੇਸ਼ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਵਿਚ ਸੰਗਤਾਂ ਹੁੰਮ-ਹੁਮਾ ਕੇ ਸ਼ਾਮਲ ਹੋਈਆਂ। ਇਹ ਦ੍ਰਿਸ਼ ਅਲੌਕਿਕ ਸੀ। ਸੰਗਤਾਂ ਵਿਚ ਸ਼ਰਧਾ ਤੇ ਸਤਿਕਾਰ ਦੀ ਸਿਖ਼ਰ ਸੀ। ਸਾਰਾ ਵਾਤਾਵਰਨ ਰੱਬੀ ਰੰਗ ਵਿਚ ਰੰਗਿਆ ਹੋਇਆ ਸੀ। ਇਹ ਪ੍ਰੰਪਰਾ ਹੁਣ ਵੀ ਬਰਕਰਾਰ ਹੈ ਅਤੇ ਹਰ ਸਾਲ ਪਹਿਲੇ ਪ੍ਰਕਾਸ਼ ਪੁਰਬ ਵਾਲੇ ਦਿਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਦੇ ਅਸਥਾਨ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ। ਇਸ ਸਮੇਂ ਅਲੌਕਿਕ ਨਜ਼ਾਰਾ ਦੇਖਣਯੋਗ ਹੁੰਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਅਦੁੱਤੀ ਹੈ। ਇਸ ਦੀ ਸੰਪਾਦਨਾ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਨ ਦੀ ਵਿਸ਼ਾਲਤਾ, ਹਰ ਧਰਮ ਦੇ ਲੋਕਾਂ ਵਿਚ ਪਰਸਪਰ ਪਿਆਰ ਰੱਖਣ ਦੇ ਉਪਰਾਲੇ, ਜਾਤ-ਪਾਤ, ਇਲਾਕਾਵਾਦ ਅਤੇ ਬੋਲੀ ਦੇ ਝਗੜਿਆਂ ਤੋਂ ਉੱਚਾ ਉੱਠਣ ਦਾ ਪ੍ਰਤੱਖ ਸਬੂਤ ਮਿਲਦਾ ਹੈ। ਗੁਰੂ ਸਾਹਿਬ ਜੀ ਵੱਲੋਂ ਬਾਣੀ ਦੀ ਚੋਣ ਕਰਦੇ ਸਮੇਂ ਰਚਨਾਕਾਰ ਦੀ ਜਾਤ-ਪਾਤ, ਰੰਗ, ਨਸਲ, ਧਰਮ, ਦੇਸ਼ ਆਦਿ ਕਿਸੇ ਵੀ ਕਿਸਮ ਦਾ ਵਿਚਾਰ ਨਹੀਂ ਰੱਖਿਆ ਗਿਆ। ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੀ ਵਿਚਾਰਧਾਰਾ ਦੀ ਗੱਲ ਕਰੀਏ ਤਾਂ ਇਹ ਮਨੁੱਖਤਾ ਲਈ ਸਾਵੇਂ-ਸੁਖਾਵੇਂ ਜੀਵਨ ਦਾ ਮਾਰਗ ਦਰਸਾਉਣ ਵਾਲੀ ਅਤੇ ਸਮੁੱਚੇ ਸੰਸਾਰ ਵਿਚ ਪਰਸਪਰ ਪਿਆਰ, ਏਕਤਾ ਅਤੇ ਸ਼ਾਂਤੀ ਦਾ ਮਾਹੌਲ ਸਥਾਪਤ ਕਰਨ ਵਾਲੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗਿਆਨ ਦਾ ਵਡਮੁੱਲਾ ਸੋਮਾ ਹੈ ਜੋ ਅਗਿਆਨ ਰੂਪੀ ਹਨੇਰੇ ਤੋਂ ਛੁਟਕਾਰੇ ਦਾ ਮਾਰਗ ਦਰਸਾਉਂਦੀ ਹੈ। ਅਸਲ ਵਿਚ ਗਿਆਨਵਾਨ ਮਨੁੱਖ ਹੀ ਜੀਵਨ ਮਾਰਗ ’ਤੇ ਚੱਲਦਿਆਂ ਆਪਣੀ ਅਸਲ ਮੰਜ਼ਿਲ ’ਤੇ ਪਹੁੰਚ ਸਕਦਾ ਹੈ ਜਦਕਿ ਦੂਸਰੇ ਪਾਸੇ ਅਗਿਆਨੀ ਮਨੁੱਖ ਭਰਮਜਾਲ ਵਿਚ ਫਸ ਕੇ ਆਪਣਾ ਜੀਵਨ ਬੇਅਰਥ ਗੁਆ ਲੈਂਦਾ ਹੈ। ਸੋ ਗਿਆਨ ਪ੍ਰਾਪਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਆਸਰਾ ਬੇਹੱਦ ਜ਼ਰੂਰੀ ਹੈ:

ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥

(ਪੰਨਾ 67)

ਸਮੁੱਚੀ ਗੁਰਬਾਣੀ ਵਿਚ ਮਨੁੱਖਤਾ ਨੂੰ ਇਕਜੁੱਟ ਰਹਿਣ ਦਾ ਸੰਦੇਸ਼ ਹੈ। ਮਾਨਵਤਾ ਨੂੰ ਚੜ੍ਹਦੀ ਕਲਾ, ਸਵੈ-ਵਿਸ਼ਵਾਸ, ਸਰਬ-ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਹਿੱਤ ਜਿਊਣ ਦਾ ਰਸਤਾ ਦਿਖਾਇਆ ਗਿਆ ਹੈ। ਗੁਰਬਾਣੀ ਅੰਦਰ ਸਮੁੱਚੀ ਮਾਨਵਤਾ ਨੂੰ ਇਕ ਸਮਾਨ ਸਮਝਣ, ਆਪਸੀ ਵਿਤਕਰਿਆਂ, ਭਿੰਨ-ਭੇਦਾਂ ਤੋਂ ਉੱਪਰ ਉੱਠਣ ਦਾ ਵਾਰ-ਵਾਰ ਸੰਦੇਸ਼ ਹੈ:

ਸਭੈ ਘਟ ਰਾਮੁ ਬੋਲੈ ਰਾਮਾ ਬੋਲੈ॥ ਰਾਮ ਬਿਨਾ ਕੋ ਬੋਲੈ ਰੇ॥

(ਪੰਨਾ 988)

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ’ਤੇ ਮੈਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਧਾਈ ਦਿੰਦਾ ਹਾਂ। ਇਸ ਮੁਬਾਰਕ ਦਿਹਾੜੇ ’ਤੇ ਸਾਡਾ ਸਭ ਦਾ ਸਾਂਝਾ ਫ਼ਰਜ਼ ਹੈ ਕਿ ਗੁਰਬਾਣੀ ਦੀ ਵਿਚਾਰਧਾਰਾ ਨੂੰ ਵੱਧ ਤੋਂ ਵੱਧ ਪ੍ਰਚਾਰਨ ਲਈ ਯਤਨਸ਼ੀਲ ਹੋਈਏ। ਗੁਰਬਾਣੀ ਸਾਡੇ ਜੀਵਨ ਨੂੰ ਸਫਲ ਬਣਾਉਣ ਵਿਚ ਅਗਵਾਈ ਕਰਦੀ ਹੈ ਅਤੇ ਜੇਕਰ ਅਸੀਂ ਗੁਰਬਾਣੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿਚ ਕਮਾਵਾਂਗੇ ਤਾਂ ਯਕੀਨਨ ਆਪਣੇ ਜੀਵਨ ਦੇ ਮਕਸਦ ਨੂੰ ਪੂਰਾ ਕਰ ਲਵਾਂਗੇ। ਇੱਥੇ ਮੈਂ ਸੰਗਤ ਨੂੰ ਇਕ ਅਪੀਲ ਵੀ ਕਰਨੀ ਚਾਹਾਂਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਅਤਿਅੰਤ ਸਤਿਕਾਰਯੋਗ ਹਨ ਅਤੇ ਸਾਡਾ ਫ਼ਰਜ਼ ਬਣਦਾ ਹੈ ਕਿ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ-ਸੰਭਾਲ ਸਮੇਂ ਕੋਈ ਉਕਾਈ ਨਾ ਰਹੇ। ਗੁਰੂਘਰਾਂ ਅੰਦਰ ਬਿਜਲਈ ਉਪਕਰਨਾਂ ਦੁਆਰਾ ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨੁਕਸਾਨੇ ਜਾਣ ਦੀਆਂ ਘਟਨਾਵਾਂ ਆਮ ਵਰਤਾਰਾ ਬਣ ਰਿਹਾ ਹੈ। ਅਜਿਹੀਆਂ ਹਿਰਦੇਵੇਦਕ ਘਟਨਾਵਾਂ ਵਿਚ ਪ੍ਰਬੰਧਕੀ ਅਣਗਹਿਲੀ ਹੀ ਮੁੱਖ ਕਾਰਨ ਹੈ। ਮੈਂ ਗੁਰੂਘਰਾਂ ਦੇ ਪ੍ਰਬੰਧਕਾਂ ਅਤੇ ਸਮੂਹ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਗੁਰੂਘਰਾਂ ਦੀ ਸੁਚੱਜੀ ਸੇਵਾ-ਸੰਭਾਲ ਲਈ ਸੁਹਿਰਦ ਪਹੁੰਚ ਅਪਣਾਈਏ ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰਨ। ਇਹ ਬੇਹੱਦ ਜ਼ਰੂਰੀ ਹੈ। ਇਸ ਦੇ ਨਾਲ ਹੀ ਮੈਂ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਵੰਬਰ 2019 ਵਿਚ ਮਨਾਏ ਜਾ ਰਹੇ 550 ਸਾਲਾ ਪ੍ਰਕਾਸ਼ ਪੁਰਬ ਦੀ ਹਾਰਦਿਕ ਵਧਾਈ ਵੀ ਦਿੰਦਾ ਹਾਂ। ਇਹ ਮੁਬਾਰਕ ਦਿਹਾੜਾ ਸਾਡੇ ਸਮਿਆਂ ਅੰਦਰ ਆਉਣਾ ਸਾਡੀ ਖ਼ੁਸ਼ਕਿਸਮਤੀ ਹੈ। ਸੋ ਆਓ, ਇਸ ਇਤਿਹਾਸਕ ਮੌਕੇ ’ਤੇ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਦਾ ਹਿੱਸਾ ਬਣ ਕੇ ਗੁਰੂ ਦੀਆਂ ਖ਼ੁਸ਼ੀਆਂ ਹਾਸਲ ਕਰੀਏ।

-(ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ)।

Posted By: Sukhdev Singh